image caption:

ਇੰਗਲੈਂਡ ਵਿੱਚ ਹਜ਼ਾਰਾਂ ਡਾਕਟਰ ਹੜਤਾਲ ’ਤੇ ਗਏ

ਇੰਗਲੈਂਡ ਵਿੱਚ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਅਤੇ ਤਨਖ਼ਾਹਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਸਰਕਾਰ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਦੇਸ਼ ਦੇ ਹਜ਼ਾਰਾਂ ਡਾਕਟਰ ਅੱਜ ਤੋਂ 11ਵੀਂ ਵਾਰ ਹੜਤਾਲ &rsquoਤੇ ਚਲੇ ਗਏ ਹਨ ਜਿਸ ਕਾਰਨ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਠੱਪ ਹੋ ਗਈਆਂ। ਡਾਕਟਰਾਂ ਵੱਲੋਂ ਇਹ ਹੜਤਾਲ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦੋਂ ਦੇਸ਼ ਵਿੱਚ 4 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ।

ਜੂਨੀਅਰ ਡਾਕਟਰਾਂ ਦੀ ਪੰਜ ਰੋਜ਼ਾ ਹੜਤਾਲ ਨੇ ਕੌਮੀ ਸਿਹਤ ਸੇਵਾਵਾਂ ਅਤੇ ਬਰਤਾਨੀਆ ਦੇ ਸਰਕਾਰੀ ਸਹਾਇਤਾ ਪ੍ਰਾਪਤ ਜਨਤਕ ਸਿਹਤ ਪ੍ਰਬੰਧ ਲਈ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਹ ਵਿਸ਼ਾ 4 ਜੁਲਾਈ ਨੂੰ ਵੋਟਾਂ ਪਾਉਣ ਵਾਲੇ ਵੋਟਰਾਂ ਲਈ ਗੰਭੀਰ ਚਿੰਤਾ ਦਾ ਮਾਮਲਾ ਹੈ। ਜੂਨੀਅਰ ਡਾਕਟਰ ਹਸਪਤਾਲਾਂ ਤੇ ਕਲੀਨਿਕਾਂ ਦੀ ਰੀੜ੍ਹ ਦੀ ਹੱਡੀ ਹਨ। ਉਹ ਤਨਖ਼ਾਹਾਂ ਦੇ ਮੁੱਦੇ &rsquoਤੇ 2022 ਤੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਜਨਵਰੀ ਮਹੀਨੇ ਛੇ ਦਿਨ ਦੀ ਹੜਤਾਲ ਕੀਤੀ ਸੀ ਜੋ ਕੌਮੀ ਸਿਹਤ ਸੇਵਾਵਾਂ (ਐੱਨਐੱਚਐੱਸ) ਦੇ ਇਤਿਹਾਸ ਵਿੱਚ ਸਭ ਤੋਂ ਲੰਮਾ ਸਮਾਂ ਚੱਲੀ ਸੀ ਜਿਸ ਕਾਰਨ ਹਜ਼ਾਰਾਂ ਰਜਿਸਟ੍ਰੇਸ਼ਨਾਂ ਅਤੇ ਅਪਰੇਸ਼ਨ ਰੱਦ ਕਰਨੇ ਪਏ ਸਨ। ਵੀਰਵਾਰ ਨੂੰ ਸ਼ੁਰੂ ਹੋਈ ਤਾਜ਼ਾ ਹੜਤਾਲ ਮੰਗਲਵਾਰ ਨੂੰ ਖ਼ਤਮ ਹੋਵੇਗੀ। ਇਸ ਤੋਂ ਦੋ ਦਿਨ ਮਗਰੋਂ ਵੋਟਰ ਆਪਣੇ ਨਵੇਂ ਸੰਸਦ ਮੈਂਬਰਾਂ ਦੀ ਚੋਣ ਲਈ 4 ਜੁਲਾਈ ਨੂੰ ਵੋਟਾਂ ਪਾਉਣਗੇ। ਡਾਕਟਰਾਂ ਦੀ ਯੂਨੀਅਨ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਪਿਛਲੇ 15 ਸਾਲਾਂ ਵਿੱਚ ਉਨ੍ਹਾਂ ਦੀਆਂ ਤਨਖ਼ਾਹਾਂ &rsquoਚ ਇੱਕ ਚੌਥਾਈ ਤੱਕ ਗਿਰਾਵਟ ਆਈ ਹੈ। ਉਨ੍ਹਾਂ ਤਨਖ਼ਾਹਾਂ ਵਿੱਚ 35 ਫੀਸਦੀ ਵਾਧੇ ਦੀ ਮੰਗ ਕੀਤੀ। ਯੂਨੀਅਨ ਨੇ ਕਿਹਾ ਕਿ ਨਵ-ਨਿਯੁਕਤ ਡਾਕਟਰਾਂ ਨੂੰ ਲਗਪਗ 15 ਪੌਂਡ (19 ਡਾਲਰ) ਪ੍ਰਤੀ ਘੰਟਾ ਮਿਲ ਰਹੇ ਹਨ ਜੋ ਇੰਗਲੈਂਡ ਦੀ ਘੱਟੋ-ਘੱਟ ਦਸ ਪੌਂਡ ਪ੍ਰਤੀ ਘੰਟੇ ਦੀ ਉਜਰਤ ਤੋਂ ਸਿਰਫ਼ ਕੁੱਝ ਹੀ ਵੱਧ ਹਨ। -ਏਪੀ