image caption: ਕੁਲਵੰਤ ਸਿੰਘ ਢੇਸੀ

ਪੰਜਾਬ - ਜ਼ਿਮਨੀ ਚੋਣਾਂ ਪ੍ਰਤੀ ਲੋਕਾਂ ਵਿਚ ਵੱਖਰੀ ਉਤਸੁਕਤਾ, ਯੂ ਕੇ ਚੋਣਾਂ ਵਿਚ ਦੇਸੀ ਉਮੀਦਵਾਰਾਂ ਦੀਆਂ ਝੜਪਾਂ ਤੇ ਬੜ੍ਹਕਾਂ

 ਤਹਿਰੀਕ ਮੇ ਮਹਿਲ ਵੀ ਹੈਂ, ਹਾਕਮ ਵੀ ਔਰ ਤਖਤ ਵੀ, ਗੁਮਨਾਮ ਜੋ ਹੂਏ ਹੈਂ ਵੋ ਲਸ਼ਕਰ ਤਲਾਸ਼ ਕਰ

ਪੰਜਾਬ ਦੇ ਜਿਹਨਾ ਇਲਾਕਿਆਂ ਵਿਚ ਜਿਮਨੀ ਚੋਣਾਂ ਹੋ ਰਹੀਆਂ ਹਨ ਉਹਨਾ ਬਾਬਤ ਇੱਕ ਅਹਿਮ ਗੱਲ ਉਭਰ ਕੇ ਆ ਰਹੀ ਹੈ ਕਿ ਪੰਥਕ ਮੁੱਦਿਆਂ ਤੇ ਕੀ ਖਡੂਰ ਸਾਹਿਬ ਦੇ ਲੋਕ ਸਭਾ ਹਲਕੇ ਦਾ ਅਮਲ ਮੁੜ ਵੀ ਦੁਹਰਾਇਆ ਜਾ ਸਕਦਾ ਹੈ, ਜਿਸ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਨੇ ਪੰਥ ਵਿਚ ਵੱਖਰੀ ਕਿਸਮ ਦਾ ਜੋਸ਼ ਅਤੇ ਚਾਅ ਭਰ ਦਿੱਤਾ ਸੀ। ਪੱਛਮੀ ਜਲੰਧਰ ਤੋਂ ਇਲਾਵਾ ਡੇਰਾ ਬਾਬਾ ਨਾਨਕ, ਗਿੱਦੜਬਾਹਾ, ਬਰਨਾਲਾ ਅਤੇ ਚੱਬੇਵਾਲ ਦੇ ਹਲਕਿਆਂ ਵਿਚ ਹੋਣ ਵਾਲੀਆ ਚੋਣਾਂ ਦੇ ਉਮੀਦਵਾਰਾਂ ਪ੍ਰਤੀ ਵੀ ਵੋਟਰਾਂ ਦੀ ਭਾਰੀ ਉਤਸੁਕਤਾ ਬਣੀ ਰਹੇਗੀ। ਪੰਜਾਬ ਦੇ ਮਾਝਾ, ਮਾਲਵਾ ਅਤੇ ਦੁਆਬਾ ਦੇ ਤਿੰਨ ਇਲਾਕਿਆਂ ਤੋਂ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਚੋਣਾਂ ਲੜਨ ਦੇ ਐਲਾਨ ਕੀਤੇ ਹਨ। ਇਹਨਾ ਹਲਕਿਆਂ ਸਬੰਧੀ ਬਰਨਾਲਾ ਤੋਂ ਕੁਲਵੰਤ ਸਿੰਘ ਰਾਊਕੇ, ਗਿੱਦੜਬਾਹਾ ਤੋਂ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ, ਡੇਰਾ ਬਾਬਾ ਨਾਨਕ ਤੋਂ ਦਲਜੀਤ ਸਿੰਘ ਕਸਲੀ ਦੇ ਨਾਮ ਵਰਨਣ ਯੋਗ ਹਨ।


ਇਹਨਾ ਸਬੰਧੀ ਇਹ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਰਿਹਾ ਹੋ ਕੇ ਇਹਨਾ ਉਮੀਦਵਾਰਾਂ ਦੇ ਹੱਕ ਵਿਚ ਆ ਨਿਤਰਦੇ ਹਨ ਤਾਂ ਨਾ ਕੇਵਲ ਇਹਨਾ ਦੇ ਜਿੱਤਣ ਦੀ ਪੂਰੀ ਉਮੀਦ ਕੀਤੀ ਜਾਵੇਗੀ ਸਗੋਂ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਮੁੜ ਅੰਮ੍ਰਿਤਸੰਚਾਰ ਲਹਿਰ ਜ਼ੋਰ ਫੜ ਜਾਵੇਗੀ ਜਿਸ ਦੇ ਦੂਰ ਰਸ ਪ੍ਰਭਾਵ ਪੰਜਾਬ ਵਾਸੀਆਂ ਤੇ ਸੁਖਾਵੇਂ ਪੈਣ ਦੇ ਇਮਕਾਨ ਹਨ। ਸਿਆਸੀ ਪੰਡਤ ਇਸ ਗੱਲ ਦੇ ਵੀ ਅੰਦਾਜ਼ੇ ਲਾ ਰਹੇ ਹਨ ਕਿ ਇਹਨਾ ਪੰਥਕ ਸੁਰ ਦੇ ਉਮੀਦਵਾਰਾਂ ਦੀ ਚੜ੍ਹਤ ਕੀ ਭਲਕ ਨੂੰ ਅਕਾਲੀ ਦਲ ਦੀ ਦਲਦਲੀ ਜ਼ਮੀਨ ਨੂੰ ਨਿੱਗਰ ਪੰਥਕ ਜ਼ਮੀਨ ਵਿਚ ਬਦਲ ਸਕਦੀ ਹੈ ਕਿ ਨਹੀਂ? ਇਸ ਸਬੰਧੀ ਵੱਖੋ ਵੱਖ ਅੰਦਾਜ਼ੇ ਹਨ ਪਰ ਸਭ ਤੋਂ ਚਿੰਤਾਤੁਰ ਗੱਲ ਇਹਨਾ ਸ਼ਖਸੀਅਤਾਂ &lsquoਤੇ ਲੱਗੇ ਹੋਏ ਐਨ ਐਸ ਏ ਦੀ ਹੈ। ਨੈਸ਼ਨਲ ਸਕਿਓਰਿਟੀ ਐਕਟ ੧੯੮੦ ਨਾਮ ਦੇ ਇਸ ਅਣਮਨੁੱਖੀ ਕਾਨੂੰਨ ਤਹਿਤ ਵਿਅਕਤੀ ਨੂੰ ਇੱਕ ਸਾਲ ਤਕ ਸਲਾਖਾਂ ਪਿੱਛੇ ਡੱਕਿਆ ਜਾ ਸਕਦਾ ਹੈ ਅਤੇ ਫਿਰ ਇੱਕ ਸਾਲ ਪੂਰਾ ਹੋਣ ਬਾਅਦ ਵੀ ਵਿਸ਼ੇਸ਼ ਕਮੇਟੀ ਦੀਆਂ ਸਿਫਾਰਸ਼ਾਂ ਤੇ ਵਿਅਕਤੀ ਦੀ ਮਿਆਦ ਵਧਾਈ ਵੀ ਜਾ ਸਕਦੀ ਹੈ। ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਇਸੇ ਕਾਨੂੰਨ ਤਹਿਤ ਮਾਰਚ ੨੦੨੩ ਤੋਂ ਅਸਾਮ ਦੀ ਡਿਬਰੂਗੜ੍ਹ ਜਿਹਲ ਵਿਚ ਡੱਕੇ ਹੋਏ ਹਨ। ਭਾਰਤੀ ਦੰਡਾਵਲੀ ਮੁਤਾਬਕ ਜਿਥੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ੨੪ ਘੰਟਿਆਂ ਦੇ ਅੰਦਰ ਅੰਦਰ ਅਦਾਲਤ ਵਿਚ ਪੇਸ਼ ਕਰਨਾ ਜਰੂਰੀ ਹੁੰਦਾ ਹੈ ਪਰ ਐਨ ਐਸ ਏ ਦਾ ਕੌਮੀ ਸੁਰੱਖਿਆ ਦਾ ਇਹ ਕਾਨੂੰਨ ਸ਼ਹਿਰੀਆਂ ਦਾ ਇਹ ਹੱਕ ਖੋਹਂਦਾ ਹੈ ਅਤੇ ਇਹ ਰਾਜ ਕਰ ਰਹੀਆਂ ਪਾਰਟੀਆਂ ਦੇ ਹੱਥਾਂ ਵਿਚ ਐਨ ਐਸ ਏ ਇੱਕ ਹਥਿਆਰ ਵਾਂਗ ਕੰਮ ਕਰਦਾ ਹੈ ਕਿ ਇਸ ਜੰਗਲ ਦੇ ਕਾਨੂੰਨ ਤਹਿਤ ਸਰਕਾਰ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਵਾ ਸਕਦੀ ਹੈ

ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਾਈ ਕੁਲਵੰਤ ਸਿੰਘ ਰਾਊਕੇ ਸਿੱਖੀ ਸਰੂਪ ਵਿਚ ਹਨ ਜਿਹਨਾ ਦਾ ਪਰਿਵਾਰਕ ਸਬੰਧ ਖਾੜਕੂ ਲਹਿਰ ਨਾਲ ਰਿਹਾ ਹੈ ਅਤੇ ਭਾਈ ਰਾਊਕੇ ਦੇ ਪਿਤਾ ਜੀ ਖਾੜਕੂ ਲਹਿਰ ਦੌਰਾਨ ਸੰਨ ੧੯੯੩ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਲਾਪਤਾ ਕਰ ਦਿੱਤਾ ਸੀ ਜਿਹਨਾ ਬਾਰੇ ਅੱਜ ਤਕ ਕੁਝ ਪਤਾ ਨਹੀਂ। ਭਾਈ ਰਾਊਕੇ ਐਨ ਐਸ ਏ ਤਹਿਤ ਡਿਬਰੂਗੜ੍ਹ ਜਿਹਲ ਵਿਚ ਬੰਦ ਹਨ।


ਭਾਈ ਅੰਮ੍ਰਿਤਪਾਲ ਸਿੰਘ ਦੇ ਦੂਜੇ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਨੇ ਸੋਸ਼ਲ ਮੀਡੀਏ ਰਾਹੀਂ ਮਜ਼ਾਕੀਆ ਲਹਿਜ਼ੇ ਨਾਲ ਲੋਕਾਂ ਵਿਚ ਆਪਣੀ ਪਛਾਣ ਬਣਾਈ ਅਤੇ ਫਿਰ ਭਾਈ ਅੰਮ੍ਰਿਤਪਾਲ ਸਿੰਘ ਦੇ ਹਿਮਾਇਤੀ ਬਣ ਗਏ ਤਾਂ ਪੁਲਿਸ ਨੇ ਉਸ ਨੂੰ ੧੮ ਮਾਰਚ ੨੦੨੪ ਨੂੰ ਗ੍ਰਿਫਤਾਰ ਕਰ ਲਿਆ। ਭਾਈ ਬਾਜੇਕੇ ਗਰੀਬ ਕਿਸਾਨ ਪਰਿਵਾਰ ਨਾਲ ਜੁੜੇ ਹੋਏ ਹਨ। ਚੋਣਾ ਲਈ ਲੋੜੀਂਦੇ ਹੀਲੇ ਵਸੀਲਿਆਂ ਤੋਂ ਬਿਰਵੇ ਉਮੀਦਵਾਰ ਦੀ ਸਫਲਤਾ ਦਾ ਮੁਨੱਸਰ ਲੋਕ ਲਹਿਰ &lsquoਤੇ ਹੁੰਦਾ ਹੈ।


ਭਾਈ ਅੰਮ੍ਰਿਤਪਾਲ ਸਿੰਘ ਦੇ ਤੀਸਰੇ ਸਾਥੀ ਦਲਜੀਤ ਸਿੰਘ ਕਲਸੀ ਇੱਕ ਫਿਲਮੀ ਅਦਾਕਾਰ ਹਨ ਜੋ ਕਿ ਕਦੀ ਦੀਪ ਸਿੱਧੂ ਦੇ ਬਹੁਤ ਨੇੜਲੇ ਸਾਥੀ ਰਹੇ ਸਨ। ਦਲਜੀਤ ਸਿੰਘ &lsquoਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਨੂੰ ਮਾਇਕ ਸਹਾਇਤਾ ਦੇਣ ਦੇ ਦੋਸ਼ ਹਨ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਹਿਮਾਇਤੀ ਰਹੇ ਦਲਜੀਤ ਸਿੰਘ ਕਲਸੀ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਸ ਜਥੇਬੰਦੀ ਦੀ ਅਗਵਾਈ ਸੰਭਾਲਣ ਵਿਚ ਮੁਖ ਭੂਮਿਕਾ ਨਿਭਾਈ ਸੀ ਅਤੇ ਉਹਨਾ ਦਾ ਸਬੰਦ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਹੈ।

ਯੂ ਕੇ ਚੋਣਾਂ ਵਿਚ ਦੇਸੀ ਉਮੀਦਵਾਰਾਂ ਦੀਆਂ ਝੜਪਾਂ ਤੇ ਬੜ੍ਹਕਾਂ


ਬਰਤਾਨੀਆਂ ਵਿਚ ਚੋਣ ਬੁਖਾਰ ਮਘਦਾ ਜਾ ਰਿਹਾ ਹੈ ਅਤੇ ਇਹਨਾ ਚੋਣਾਂ ਨੂੰ ਕੈਸ਼ ਕਰਨ ਲਈ ਰਾਜਨੀਤਕ ਦਲ ਆਪੋ ਆਪਣੇ ਦਾਅਵੇ ਕਰਨ ਅਤੇ ਵਿਰੋਧੀਆਂ ਨੂੰ ਨਿੰਦਣ ਵਿਚ ਲੱਗੇ ਹੋਏ ਹਨ। ਇਹ ਮੁਕਾਬਲਾ ਪ੍ਰਮੁਖ ਤੌਰ ਤੇ ਦੋ ਧਿਰਾਂ ਦਰਮਿਆਨ ਹੈ। ਇੱਕ ਧਿਰ ਟੋਰੀਆਂ ਦੀ ਹੈ ਅਤੇ ਦੂਜੀ ਲੇਬਰਾਂ ਦੀ। ਪੇਸ਼ਨਗੋਈਆਂ ਇਹ ਹੋ ਰਹੀਆਂ ਹਨ ਕਿ ਆਉਣ ਵਾਲੀਆਂ ਪਾਰਲੀਮੈਂਟਰੀ ਚੋਣਾ ਵਿਚ ਲੇਬਰ ਪਾਰਟੀ ਨੂੰ ਭਾਰੀ ਬਹੁ ਮੱਤ ਮਿਲਣ ਵਾਲਾ ਹੈ ਇਸ ਕਰਕੇ ਟੋਰੀ ਪਾਰਟੀ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਬਰਤਾਨੀਆਂ ਦਾ ਯੂਰਪੀਨ ਯੂਨੀਅਨ ਵਿਚੋਂ ਬਾਹਰ ਆਉਣਾ ਅਤੇ ਫਿਰ ਕੋਵਿਡ ਦੀ ਬਿਮਾਰੀ ਨਾਲ ਮੁਕਾਬਲਾ ਕਰਨ ਮਗਰੋਂ ਇਜ਼ਰਾਈਲ ਫਲਸਤੀਨ ਦੀ ਜੰਗ ਕਾਰਨ ਕਈ ਪੱਖਾਂ ਤੋਂ ਵੋਟਰ ਪ੍ਰਭਾਵਿਤ ਹੋਏ ਹਨ। ਫਲਸਤੀਨ ਦੀ ਜੰਗ ਨੂੰ ਮੁਖ ਰੱਖ ਕੇ ਬਰਤਾਨੀਆਂ ਦਾ ਮੁਸਲਿਮ ਭਾਈਚਾਰਾ ਟੋਰੀਆਂ ਦੀ ਇਜ਼ਰਾਈਲ ਪੱਖੀ ਉਲਾਰ ਨੀਤੀ ਕਾਰਨ ਵੱਡੀ ਗਿਣਤੀ ਵਿਚ ਟੋਰੀਆਂ ਵਿਰੁਧ ਹੋ ਗਿਆ ਹੈ ਅਤੇ ਰਾਜਨੀਤਕ ਪੰਡਤਾਂ ਵਲੋਂ ਇਹ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਹਨਾ ਚੋਣਾ ਵਿਚ ਮੁਸਲਮਾਨਾਂ ਦੀ ਵੱਡੀ ਵੋਟ ਟੋਰੀਆਂ ਵਿਰੁਧ ਭੁਗਤੇਗੀ ਜਦ ਕਿ ਭਾਰਤ ਦਾ ਪੰਜਾਬੀ ਭਾਈਚਾਰਾ ਤਾਂ ਪਹਿਲਾਂ ਹੀ ਵੱਡੀ ਗਿਣਤੀ ਵਿਚ ਲੇਬਰ ਪੱਖੀ ਰਿਹਾ ਹੈ। ਬਰਤਾਨੀਆਂ ਦੇ ਸੱਜੀ ਪੱਖੀ ਲੋਕਾਂ ਵਲੋਂ ਇਹ ਵੀ ਸੰਸਾ ਖੜ੍ਹਾ ਕੀਤਾ ਜਾ ਰਿਹਾ ਹੈ ਕਿ ਲੇਬਰ ਪਾਰਟੀ ਦੀਆਂ ਉਦਾਰਵਾਦੀਆਂ ਨੀਤੀਆਂ ਕਾਰਨ ਮੁਸਲਮਾਨਾ ਦੀਆਂ ਫਿਰਕੂ ਅਤੇ ਉਲਾਰ ਰੁਚੀਆਂ ਨੂੰ ਬਲ ਮਿਲੇਗਾ ਜੋ ਕਿ ਭਵਿੱਖ ਵਿਚ ਦੇਸ਼ ਦੀ ਇਕਸੁਰਤਾ ਨੂੰ ਵੱਡੀ ਸੱਟ ਮਾਰੇਗਾ ਜਿਸ ਕਾਰਨ ਫਿਰਕੂ ਅਤੇ ਨਸਲੀ ਖਿਚਾਅ ਵਧੇਗਾ ਅਤੇ ਹੋ ਸਕਦਾ ਹੈ ਕਿ ਇਸੇ ਕਾਰਨ ਭਵਿੱਖ ਵਿਚ ਵੱਡੀ ਪੱਧਰ &lsquoਤੇ ਫਸਾਦ ਵੀ ਹੋ ਜਾਣ। ਬਰਤਾਨੀਆਂ ਦੇ ਹੇਠਲੇ ਸਦਨ ਹਾਉਸ ਆਫ ਕਾਮਨਜ਼ ਦੀਆਂ ਕੁਲ ੬੫੦ ਸੀਟਾਂ ਹਨ ਜਿਹਨਾ ਵਿਚ ਪੰਜਾਬੀਆਂ ਜਾਂ ਸਿੱਖਾਂ ਦੀ ਗਿਣਤੀ ਤਾਂ ਨਾ ਮਾਤਰ ਹੈ ਪਰ ਮੁਸਲਮਾਨ ਸਾਂਸਦਾ ਦੀ ਗਿਣਤੀ ਵਿਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਇਸ ਵਾਰ ਦੀਆਂ ਚੋਣਾਂ ਵਿਚ ਸਿੱਖ ਉਮੀਦਵਾਰਾਂ ਦੀ ਗਿਣਤੀ ਸ਼ਾਇਦ ੧੦ ਤਕ ਪਹੁੰਚ ਜਾਵੇ ਪਰ ਅਸਲ ਗਿਣਤੀ ਤਾਂ ਪੰਜਾਬੀਆਂ ਦੀ ਵੀ ਪੰਜ ਸੱਤ ਉਮੀਦਵਾਰਾਂ ਦੀ ਦੱਸੀ ਜਾ ਰਹੀ ਹੈ। ਇਹ ਵੀ ਦੇਖਣ ਵਿਚ ਆਇਆ ਹੈ ਕਿ ਭਾਰਤ ਵਿਚ ਸਿੱਖ ਸੰਕਟ ਕਾਰਨ ਬਰਤਾਨੀਆਂ ਦੇ ਹਿੰਦੂ ਉਮੀਦਵਾਰਾਂ ਨੂੰ ਸਿੱਖ ਹਲਕਿਆਂ ਵਿਚ ਪ੍ਰਚਾਰ ਕਰਨ ਵਿਚ ਮੁਸ਼ਕਿਲਾਂ ਆ ਰਹੀਆਂ ਹਨ ਅਤੇ ਇਸ ਮੁੱਦੇ ਤੇ ਵੰਡੇ ਹੋਏ ਪੰਜਾਬੀਆਂ ਨੇ ਪੰਜਾਬੀ ਉਮੀਦਵਾਰਾਂ ਦੀ ਗਿਣਤੀ ਅਤੇ ਸਫਲਤਾ ਨੂੰ ਬੁਰੀ ਤਰਾਂ ਨਾਲ ਪ੍ਰਭਾਵਤ ਕਰਨਾ ਹੈ।

ਪੰਜਾਬੀ ਉਮੀਦਵਾਰਾਂ ਦੇ ਨਾਵਾਂ ਦੇ ਚਰਚੇ

ਤਨਮਨਜੀਤ ਸਿੰਘ ਢੇਸੀ &ndash ੨੦੧੭ ਤੋਂ ਸਲੋਅ ਤੋਂ ਚਲੇ ਆ ਰਹੇ ਲੇਬਰ ਪਾਰਟੀ ਦੇ ਐਮ ਪੀ ਸਰਦਾਰ ਢੇਸੀ ਨੂੰ ਇਸ ਵਾਰ ਫਿਰ ਇਸੇ ਹਲਕੇ ਤੋਂ ਪਾਰਟੀ ਉਮੀਦਵਾਰ ਹਨ: ਢੇਸੀ ਸੁਨਕ ਸਰਕਾਰ ਵਿਚ ਸ਼ੈਡੋ ਨਿਰਯਾਤ ਮੰਤਰੀ ਦੀ ਸੇਵਾ ਨਿਭਾ ਰਹੇ ਹਨ। ਫਲਸਤੀਨ ਦੇ ਮੁੱਦੇ ਤੇ ਸ: ਢੇਸੀ ਗਾਜ਼ਾ ਵਿਚ ਸ਼ਾਂਤੀ ਦੇ ਮੁਦੱਈ ਰਹੇ ਹਨ ਪਰ ਸਮੇਂ ਸਮੇਂ ਉਹਨਾ ਨੂੰ ਲੋਕਾਂ ਦੀਆਂ ਗਲਤ ਫਹਿਮੀਆਂ ਕਾਰਨ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ। ਸ: ਢੇਸੀ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਚੇਅਰਮੈਨ ਵਜੋਂ ਜਾਣੇ ਜਾਂਦੇ ਹਨ ਅਤੇ ਉਹ ਬਰਤਾਨੀਆਂ ਵਿਚ ਸਿੱਖ ਵਾਰ ਮੈਮੋਰੀਅਲ ਲਹਿਰ ਦੀ ਅਗਵਾਈ ਵੀ ਕਰ ਰਹੇ ਹਨ। ਨੌਂ ਸਾਲ ਦੀ ਉਮਰ ਵਿਚ ਬਰਤਾਨੀਆਂ ਆਏ ਸ: ਢੇਸੀ ਦੀ ਪੰਜਾਬੀ ਭਾਸ਼ਾ ਦੀ ਮੁਹਾਰਤ ਅਤੇ ਲਹਿਜ਼ਾ ਬਾ-ਕਮਾਲ ਹੈਹੁਣ ਜੇਕਰ ਇਸ ਵਾਰ ਦੀਆਂ ਚੋਣਾਂ ਵਿਚ ਲੇਬਰ ਪਾਰਟੀ ਨੂੰ ਬਹੁਮੱਤ ਮਿਲ ਜਾਂਦੀ ਹੈ ਤਾਂ ਢੇਸੀ ਕਿਸ ਮਰਾਤਬੇ ਨੂੰ ਪ੍ਰਾਪਤ ਕਰਦੇ ਹਨ ਇਹ ਗੱਲ ਦੇਖਣ ਵਾਲੀ ਹੋਵੇਗੀ।


ਪ੍ਰੀਤ ਕੌਰ ਗਿੱਲ &ndash ੨੦੧੭ ਤੋਂ ਬ੍ਰਮਿੰਘਮ ਦੇ ਐਜਬੈਸਟਨ ਤੋਂ ਚਲੀ ਆ ਰਹੀ ਬੀਬੀ ਗਿੱਲ ਨੂੰ ਮੁੜ ਇਸੇ ਹਲਕੇ ਤੋਂ ਲੇਬਰ ਪਾਰਟੀ ਦੀ ਉਮੀਦਵਾਰ ਹੈ ਅਤੇ ਇਸ ਵਾਰ ਵੀ ਉਸ ਦੇ ਜਿੱਤਣ ਦੀ ਪੂਰੀ ਉਮੀਦ ਕੀਤੀ ਜਾਂਦੀ ਹੈ। ਸੁਨਿਕ ਮੰਤਰਾਲੇ ਵਿਚ ਬੀਬੀ ਗਿੱਲ ਦਾ ਰੁਤਬਾ ਸ਼ੇਡੋ ਪ੍ਰਾਈਮਰੀ ਕੇਅਰ ਦਾ ਰਿਹਾ ਹੈ। ੨੦੨੦ ਵਿਚ ਉਹਨਾ ਨੂੰ ਐਮ ਪੀ ਆਫ ਦਾ ਈਅਰ ਹੋਣ ਦਾ ਮਾਣ ਪ੍ਰਾਪਤ ਹੋਇਆ। ਬੀਬੀ ਗਿੱਲ ਕੋਔਪਰੇਟਿਵ ਪਾਰਟੀ ਪਾਰਲੀਮੈਂਟਰੀ ਗਰੁੱਪ ਦੀ ਚੇਅਰ ਵਜੋਂ ਵੀ ਨਿਯੁਕਤ ਰਹੇ ਹਨ।


ਸੀਮਾ ਮਲਹੋਤਰਾ - ਬੀਬੀ ਸੀਮਾ ਵੀ ਪੰਜਾਬੀ ਮੂਲ ਦੀ ਫੈਲਥਮ ਅਤੇ ਹੇਸਟੋਨ ਤੋਂ ਲੇਬਰ ਐਮ ਪੀ ਹੈ। ਸੀਮਾ ਸਿੱਖਿਆ ਵਿਭਾਗ ਵਿਚ ਸ਼ੈਡੋ ਮੰਤਰੀ ਹੈ। ਪੰਜਾਬ ਦੀ ਰਾਜਨੀਤੀ ਵਿਚ ਵੰਡੀ ਹੋਈ ਪੰਜਾਬੀ ਵੋਟ ਦਾ ਅਤੇ ਫਲਸਤੀਨ ਦੀ ਜੰਗ ਤੋਂ ਪ੍ਰਭਾਵਿਤ ਮੁਸਲਮਾਨਾਂ ਦੀ ਵੋਟ ਦਾ ਵੀ ਬੀਬੀ ਸੀਮਾ ਦੇ ਬੈਲਟ ਬਾਕਸ ਤੇ ਅਸਰ ਪੈਣਾ ਸੁਭਾਵਿਕ ਹੈ। ਪਰ ਬਰਤਾਨੀਆਂ ਦੀ ਮੂਲ ਵਸੋਂ ਕਿਓਂਕਿ ਵਿਅਕਤੀਆਂ ਦੀ ਪਛਾਣ ਨਾਲੋਂ ਰਾਜਨੀਤਕ ਸਿਧਾਂਤਾਂ ਨੂੰ ਪਹਿਲ ਦਿੰਦੀ ਹੋਣ ਕਾਰਨ ਇਸ ਵਾਰ ਫਿਰ ਵੱਡੀ ਲੇਬਰ ਵੋਟ ਬੈਂਕ ਦਾ ਸੀਮਾ ਦੇ ਹੱਕ ਵਿਚ ਭੁਗਤਣ ਦਾ ਇਮਕਾਨ ਹੈ।


ਗਗਨ ਮੁਹਿੰਦਰਾ &ndash ਗਗਨ ਮੁਹਿੰਦਰਾ ਵੀ ਪੰਜਾਬੀ ਮੂਲ ਦੇ ਬਰਤਾਨਵੀ ਐਮ ਪੀ ਹਨ ਜੋ ਕਿ ਟੋਰੀ ਪਾਰਟੀ ਵਲੋਂ ਚੋਣ ਲੜ ਰਹੇ ਹਨਸ਼੍ਰੀ ਮੁਹਿੰਦਰਾ ੨੦੧੯ ਤੋਂ ਵੈਸਟ ਹਰਟਫੋਰਡਸ਼ਾਇਰ ਤੋਂ ਐਮ ਪੀ ਚਲੇ ਆ ਰਹੇ ਹਨ। ਹੁਣ ਫਿਰ ਉਹ ਇਸੇ ਇਲਾਕੇ ਤੋਂ ਟੋਰੀ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਸ਼੍ਰਿ ਮੁਹਿੰਦਰਾ ਦੇ ਕੋਂਸਲਰ ਤੋਂ ਐਮ ਪੀ ਬਣਨ ਦੀ ਕਹਾਣੀ ਦਿਲਸਚਸਪ ਹੈ।


ਦਰਸ਼ਨ ਸਿੰਘ ਅਜ਼ਾਦ &ndash ਇਸ ਵਾਰ ਦੀਆਂ ਚੋਣਾ ਵਿਚ ਸ: ਅਜ਼ਾਦ &lsquoਵਰਕਰਜ਼ ਪਾਰਟੀ ਆਫ ਬ੍ਰਿਟੇਨ&rsquo ਵਲੋਂ ਈਲਿੰਗ ਸਾਊਥਾਲ ਤੋਂ ਉਮੀਦਵਾਰ ਐਲਾਨੇ ਗਏ ਹਨ ਜੋ ਕਿ ਕਿਰਤੀਆਂ ਦੇ ਹੱਕਾਂ ਅਤੇ ਅਧਿਕਾਰਾਂ ਦੀ ਗੱਲ ਕਰਦੇ ਹਨ। ਸ: ਅਜ਼ਾਦ ਵਸੀਲਿਆਂ ਦੀ ਸਾਵੀਂ ਵੰਡ ਦੇ ਦਾਅਵੇਦਾਰ ਹਨ।


ਇਸ ਵਾਰ ਦੀਆਂ ਚੋਣਾ ਵਿਚ ਪਛਾਣ ਪੱਤਰ ਦੀ ਲੋੜ

ਇਸ ਵਾਰ ਦੀਆਂ ਯੂ ਕੇ ਦੀਆਂ ਪਾਰਲੀਮੈਂਟਰੀ ਚੋਣਾ ਵਿਚ ਫੋਟੋ ਆਈ ਡੀ ਦੀ ਲੋੜ ਪਵੇਗੀ ਜਿਵੇਂ ਕਿ ਡਰਾਈਵਿੰਗ ਲਾਇਸੈਂਸ, ਪਾਸਪੋਰਟ ਜਾਂ ਬਲੂ ਬੈਜ ਵਗੈਰਾਹੋ ਸਕਦੇ ਹਨਇਹ ਸ਼ਰਤ ਭਵਿੱਖ ਵਿਚ ਵੀ ਲਾਗੂ ਹੋਣ ਦੇ ਇਮਕਾਨ ਹਨ। ਯੂ ਕੇ ਵਿਚ ਇਹ ਚੋਣਾ ਹਮੇਸ਼ਾਂ ਹੀ ਬੜੇ ਹੀ ਸ਼ਾਂਤਮਈ ਮਹੌਲ ਵਿਚ ਹੁੰਦੀਆਂ ਹਨ ਅਤੇ ਪੰਜਾਬ ਜਾਂ ਭਾਰਤ ਵਾਂਗੂੰ ਮੁਕਾਬਲੇਬਾਜ਼ੀ ਦੀ ਖਿੱਚੋਤਾਣ ਅਤੇ ਕੁੜੱਤਣ ਨਹੀਂ ਹੁੰਦੀ। ਇਹ ਵੱਖਰੀ ਗੱਲ ਹੈ ਕਿ ਸਾਡੇ ਏਸ਼ੀਅਨ ਮੂਲ ਦੇ ਕਈ ਉਮੀਦਵਾਰ ਇਹਨਾ ਚੋਣਾ ਵਿਚ ਫਿਰਕੂ ਪੱਤਾ ਵਰਤਣ ਤੋਂ ਗੁਰੇਜ਼ ਨਹੀਂ ਕਰਦੇ ਅਤੇ ਫਿਰ ਆਪਣੇ ਭਾਈਚਾਰੇ ਨੂੰ ਫਿਰਕੂ ਬੋਲ ਬਾਲੇ ਦੇ ਲਾਰੇ ਵੀ ਲਉਂਦੇ ਹਨ। ਇਹਨਾ ਲੋਕਾਂ ਦੇ ਐਸੇ ਰਵੱਈਏ ਕਾਰਨ ਇਸ ਗੱਲ ਦਾ ਡਰ ਲਗਾਤਾਰ ਬਣਿਆ ਰਹਿੰਦਾ ਹੈ ਕਿ ਅਜੇਹੇ ਅਨਸਰ ਬਰਤਾਨੀਆਂ ਦੇ ਮੂਲ ਵਾਸੀਆਂ ਦੀਆਂ ਅੱਖਾਂ ਵਿਚ ਰੜਕਣਾ ਸ਼ੁਰੂ ਕਰ ਸਕਦੇ ਹਨ ਜਿਸ ਦਾ ਅਸਰ ਸਾਰੇ ਏਸ਼ੀਅਨ ਭਾਈਚਾਰੇ &lsquoਤੇ ਪੈਂਦਾ ਹੈ


ਸਾਊਥਾਲ,ਬ੍ਰੈਡਫੋਰਡ, ਲੈਸਟਰ ਅਤੇ ਬ੍ਰਮਿੰਘਮ ਵਰਗੇ ਸ਼ਹਿਰਾਂ ਦੀ ਏਸ਼ੀਅਨ ਵੋਟ ਹਾਰ ਜਿੱਤ ਨੂੰ ਪ੍ਰਭਾਵਿਤ ਕਰੇਗੀ


ਭਾਰਤ ਦਾ ਹਿੰਦੂ ਮੁਸਲਿਮ ਤਣਾਓ ਨਿਰਸੰਦੇਹ ਬਰਤਾਨੀਆਂ ਦੇ ਭਾਈਚਾਰਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਹਿੰਦੂ ਮੁਸਲਿਮ ਤਣਾਓ ਨੇ ਸੰਨ ੨੦੨੨ ਵਿਚ ਲੇਸਟਰ ਸ਼ਹਿਰ ਦੇ ਸ਼ਾਂਤਮਈ ਮਹੌਲ ਨੂੰ ਅੱਗ ਲਾ ਦਿੱਤੀ ਸੀ। ਬਰਤਾਨੀਆਂ ਵਿਚ ਹਿੰਦੂ, ਮੁਸਲਿਮ ਅਤੇ ਸਿੱਖ ਭਾਈਚਾਰੇ ਆਪਸੀ ਸੱਦਭਾਵਨਾ ਨਾਲ ਵਸਦੇ ਰਹਿਣ ਇਸ ਦਾ ਵੱਡਾ ਨਿਰਭਰ ਜਿਥੇ ਮਦਰਾਂ ,ਮਸੀਤਾਂ ਅਤੇ ਗੁਰਦੁਆਰਿਆਂ ਦੇ ਮੌਲਵੀਆਂ, ਪੁਜਾਰੀਆਂ ਅਤੇ ਗ੍ਰੰਥੀਆਂ ਦੇ ਪ੍ਰਚਾਰ &lsquoਤੇ ਨਿਰਭਰ ਹੈ ਉਥੇ ਇਹਨਾ ਭਾਈਚਾਰਿਆਂ ਨਾਲ ਸਬੰਧਤ ਰਾਜਨੀਤਕ ਆਗੂਆਂ &lsquoਤੇ ਵੀ ਨਿਰਭਰ ਕਰਦਾ ਹੈ।


ਏਸ਼ੀਅਨ ਮੂਲ ਦੇ ਜੋ ਲੋਕ ਫਿਰਕੂ ਰੰਗ ਵਿਚ ਰੰਗੇ ਹੋਏ ਆਪਣੇ ਫਿਰਕੂ ਬੋਲ ਬਾਲੇ ਦਾ ਵੱਧ ਚੜ੍ਹ ਕੇ ਪ੍ਰਚਾਰ ਕਰਦੇ ਹਨ ਉਹ ਇਥੋਂ ਦੇ ਵੱਖਵਾਦੀ ਟੋਲਿਆਂ ਦੇ ਪ੍ਰਚਾਰ ਦਾ ਮਨ ਭਉੰਦਾ ਖਾਜਾ ਹੁੰਦੇ ਰਹੇ ਹਨ। ਧਰਮ ਬਦਲੀ ਕਰਨ ਲਈ ਗੁਮਰਾਹ ਕੁੰਨ ਪ੍ਰਚਾਰ ਕਰਨ ਵਾਲੇ ਅਤੇ ਦੂਜੇ ਧਰਮਾ ਦੀਆਂ ਬਹੂ ਬੇਟੀਆਂ ਨੂੰ ਆਪਣਾ ਨਿਸ਼ਾਨਾ ਬਨਾਉਣ ਵਾਲੇ ਮੂਰਖ ਲੋਕ ਅਗਰ ਆਪਣੇ ਕੂੜ ਪ੍ਰਚਾਰ ਤੋਂ ਵਾਜ ਨਾ ਆਏ ਤਾਂ ਇਹ ਲੋਕ ਸਾਡੇ ਲੋਕਾਂ ਦੇ ਬਰਤਾਨੀਆਂ ਵਿਚ ਵਸੇਬੇ ਲਈ ਵੱਡੀਆਂ ਮੁਸ਼ਕਲਾਂ ਪੈਦਾ ਕਰ ਸਕਦੇ ਹਨ। ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਸਾਡੇ ਗਵਾਂਢੀ ਦੇਸ਼ ਫਰਾਂਸ ਵਿਚ ਸੱਜੇ ਪੱਖੀ ਰਾਜਨੀਤੀ ਜ਼ੋਰ ਫੜ ਚੁੱਕੀ ਹੈ ਅਤੇ ਇਸ ਵਾਰ ਦੀਆਂ ਫਰਾਂਸ ਵਿਚ ਹੋਈਆਂ ਚੋਣਾ ਵਿਚ ਸੱਜਿਆਂ ਦੀ ਹੋ ਰਹੀ ਜਿੱਤ ਦਾ ਬਰਤਾਨੀਆਂ ਤੇ ਵੀ ਪ੍ਰਭਾਵ ਪਵੇਗਾ।ਇਸ ਲਈ ਏਸ਼ੀਅਨ ਮੂਲ ਦੇ ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਫਿਰਕੂ ਬੜਕਾਂ ਨੂੰ ਛੱਡ ਕੇ ਮੁੱਦਿਆਂ ਦੀ ਅਤੇ ਪਾਰਟੀ ਸਿਧਾਂਤਾਂ ਦੀ ਰਾਜਨੀਤੀ ਕਰਦੇ ਹੋਏ ਦੇਸ਼ ਵਿਚ ਇਕਸੁਰਤਾ ਦੇ ਮਹੌਲ ਨੂੰ ਬਣਾਈ ਰੱਖਣ।

ਲੇਖਕ: ਕੁਲਵੰਤ ਸਿੰਘ ਢੇਸੀ