image caption: ਕੁਲਵੰਤ ਸਿੰਘ ਢੇਸੀ

ਗੁਰੂ ਨਾਨਕ ਸਾਹਿਬ ਦੀ ਤਸਵੀਰ ਤੇ ਅਭੈ ਮੁੱਦਰਾ ਦਾ ਮੁੱਦਾ ਭਖਿਆ

 ਚੇਤਨਾ ਦਾ ਦਰਿਆ ਜਦ ਬਸਤੀ ਨੂੰ ਹੋਵੇਗਾ, ਹੱਕ ਸੱਚ ਦਾ ਝੰਡਾ ਨਾ ਤਦ ਕੋਈ ਖੋਹਵੇਗਾ।

ਗੁਰੂ ਨਾਨਕ ਸਾਹਿਬ ਦੀ ਤਸਵੀਰ ਤੇ ਅਭੈ ਮੁੱਦਰਾ ਦਾ ਮੁੱਦਾ ਭਖਿਆ

ਹਾਈ ਜੈਕਰ ਭਾਈ ਗਜਿੰਦਰ ਸਿੰਘ ਦਾ ਅਕਾਲ ਚਲਾਣਾ

ਅੰਮ੍ਰਿਤਪਾਲ ਸਿੰਘ ਦੇ ਖਾਲਿਸਤਾਨੀ ਹੋਣ ਤੇ ਸਵਾਲ

ਰਿਸ਼ੀ ਸੁਨਿਕ ਦੀ ਅਗਵਾਈ ਵਿਚ ਟੋਰੀ ਮੂਧੇ ਮੂੰਹ

ਅਭੈ ਮੁਦਰਾ ਦਾ ਮੁੱਦਾ

ਭਾਰਤ ਵਿਚ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਵਲੋਂ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਸਦਨ ਵਿਚ ਵਿਖਾਉਣ ਤੇ ਸ਼੍ਰੋਮਣੀ ਕਮੇਟੀ ਦੇ ਆਗੂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਿਆਸੀ ਲੋਕਾਂ ਵਲੋਂ ਗੁਰੂ ਸਾਹਿਬ ਦੇ ਪਵਿੱਤਰ ਸਿਧਾਤਾਂ ਅਤੇ ਗੁਰਬਾਣੀ ਦੀ ਵਿਆਖਿਆ ਗਲਤ ਤਰੀਕੇ ਨਾਲ ਕੀਤੀ ਜਾਂਦੀ ਹੋਣ ਕਾਰਨ ਸ਼੍ਰੋਮਣੀ ਕਮੇਟੀ ਇਸ ਦਾ ਵਿਰੋਧ ਕਰਦੀ ਹੈ।

ਰਾਹੁਲ ਗਾਂਧੀ ਵਲੋਂ ਨਾ ਕੇਵਲ ਗੁਰੂ ਨਾਨਕ ਸਾਹਿਬ ਜੀ ਦੀ ਹੀ ਤਸਵੀਰ ਦਿਖਾਈ ਗਈ ਸਗੋਂ ਸ਼ਿਵ ਜੀ, ਈਸਾ ਮਸੀਹ ਅਤੇ ਮਹਾਤਮਾ ਬੁੱਧ ਦੇ ਹਵਾਲੇ ਵੀ ਦਿੱਤੇ ਗਏ ਕਿ ਉਹਨਾ ਪੈਗੰਬਰਾਂ ਨੇ ਨਾ ਕਿਸੇ ਤੋਂ ਡਰਨ ਅਤੇ ਨਾ ਕਿਸੇ ਨੂੰ ਡਰਾਉਣ ਦੇ ਸਿਧਾਂਤ ਤੇ ਪਹਿਰਾ ਦਿੱਤਾ ਪਰ ਭਾਜਪਾ ਆਪਣੇ ਵਿਰੋਧੀਆਂ ਨੂੰ ਡਰਾਉਣ ਲਈ ਲਗਾਤਾਰ ਹਮਲਾਵਰ ਰਹਿੰਦੀ ਹੈ। ਰਾਹੁਲ ਦਾ ਇਤਰਾਜ਼ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੁਕਮ ਤੇ ਉਸ ਤੇ ੨੦ ਤੋਂ ਵੱਧ ਹਮਲੇ ਕੀਤੇ ਗਏ, ਦੋ ਸਾਲ ਤੋਂ ਵੱਧ ਜਿਹਲ ਦੀ ਸਜ਼ਾ ਦਿੱਤੀ ਗਈ ਅਤੇ ਉਸ ਦਾ ਘਰ ਵੀ ਖੋਹ ਲਿਆ ਗਿਆ। ਉਸ ਦਾ ਕਹਿਣਾ ਸੀ ਕਿ ਭਾਜਪਾ ਆਪਣੇ ਵਿਰੋਧੀਆਂ ਤੇ ਦਹਿਸ਼ਤਗਰਦੀ ਨਾਲ ਪੇਸ਼ ਅਉਂਦੀ ਹੈ। ਉਸ ਦਾ ਕਹਿਣਾ ਸੀ ਕਿ ਗੋਦੀ ਮੀਡੀਏ ਨੇ ਉਸ ਉੱਤੇ ਸੱਤੇ ਦਿਨ ਚੌਵੀ ਘੰਟੇ ਹਮਲੇ ਕੀਤੇ ਪਰ ਵਿਰੋਧੀਆਂ ਅੱਗੇ ਡਟੇ ਰਹਿਣ ਦੀ ਪ੍ਰੇਰਨਾ ਉਸ ਨੂੰ ਇਹਨਾ ਪੈਗੰਬਰਾਂ ਦੇ ਹੱਥਾਂ ਤੋਂ ਮਿਲੀ ਜੋ ਕਿ ਅਭੈ ਮੁਦਰਾ ਸਿਖਾਉਂਦੇ ਹਨ। ਅਭੈ ਮੁਦਰਾ ਤੋਂ ਭਾਵ ਨਾ ਕਿਸੇ ਤੋਂ ਡਰਨਾ ਅਤੇ ਨਾ ਹੀ ਕਿਸੇ ਨੂੰ ਡਰਾਊਣਾ ਹੈ।

ਜੇਕਰ ਭਾਰਤੀ ਕਾਂਗਰਸ ਪਾਰਟੀ ਦੀ ਗੱਲ ਕਰਨੀ ਹੋਵੇ ਤਾਂ ਉਹ ਸਿਧਾਂਤਕ ਤੌਰ ਤੇ ਆਪਣੇ ਆਪ ਨੂੰ ਬੇਸ਼ੱਕ ਧਰਮ ਨਿਰਪੱਖ ਕਹਿੰਦੀ ਹੈ ਪਰ ਸਿੱਧੇ ਅਸਿੱਧੇ ਤੌਰ ਤੇ ਸੱਤਾ ਪ੍ਰਾਪਤੀ ਲਈ ਕਾਂਗਰਸ ਨੇ ਹਮੇਸ਼ਾਂ ਹੀ ਧਰਮ ਨੂੰ ਵਰਤਿਆ ਹੈ। ਪੰਜਾਬ ਵਿਚ ੧੯੭੮ ਦੇ ਅਤੇ ੧੯੮੪ ਦੇ ਸਾਕੇ ਮਗਰ ਕਾਂਗਰਸ ਦਾ ਹੀ ਹੱਥ ਰਿਹਾ ਹੈ ਜਿਸ ਨੇ ਹਮੇਸ਼ਾਂ ਹੀ ਦੇਹਧਾਰੀ ਗੁਰੂ ਡੰਮ ਨੂੰ ਸਿੱਖਾਂ ਵਿਰੁੱਧ ਉਤਸ਼ਾਹਤ ਕੀਤਾ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਕਬਜੇ ਵਿਚ ਕਰਨ ਲਈ ਅਨੇਕਾਂ ਸਾਜਸ਼ਾਂ ਕੀਤੀਆਂ। ਸੰਨ ਚੁਰਾਸੀ ਦਾ ਸਾਕਾ ਇੰਦਰਾਂ ਲਈ ਅਤੇ ਕਾਂਗਰਸ ਪਾਰਟੀ ਲਈ ਮਾਰੂ ਸਾਬਤ ਹੋਇਆ ਅਤੇ ਹੁਣ ਤਕ ਕਾਂਗਰਸ ਆਪ ਸਹੇੜੇ ਸੰਕਟ ਵਿਚੋਂ ਬਾਹਰ ਨਹੀਂ ਆ ਸਕੀ।

ਇਸੇ ਤਰਾਂ ਪੰਜਾਬ ਦੇ ਅਕਾਲੀ ਦਲ ਨੇ ਜਿਸ ਤਰਾਂ ਨਾਲ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕਰਕੇ ਸੱਤਾ ਪ੍ਰਾਪਤੀ ਅਤੇ ਸਥਾਪਤੀ ਦਾ ਕਾਲਾ ਇਤਹਾਸ ਸਿਰਜਿਆ ਉਸ ਨੇ ਅਕਾਲੀ ਦਲ ਨੂੰ ਮੂਧੇ ਮੂੰਹ ਕਰ ਦਿਤਾ ਅਤੇ ਸ਼੍ਰੋਮਣੀ ਕਮੇਟੀ ਦੇ ਆਗੂ ਅਤੇ ਪੰਥ ਦੇ ਜਥੇਦਾਰਾਂ ਦਾ ਵਿਕਾਰ ਵੀ ਮਿੱਟੀ ਕਰ ਦਿੱਤਾ।

ਭਾਈ ਗਜਿੰਦਰ ਸਿੰਘ ਦਾ ਅਕਾਲ ਚਲਾਣਾ

ਲਾਲ ਜਗਤ ਨਰਾਇਣ ਦੇ ਕਤਲ ਕੇਸ ਵਿਚ ਜਿਸ ਵੇਲੇ ਸਰਕਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਸ ਵੇਲੇ ਜਿਥੇ ਬੱਬਰ ਖਾਲਸਾ ਨੇ ਖਾੜਕੂ ਕਾਰਵਾਈਆਂ ਕਰਕੇ ਸਰਕਾਰ ਦੇ ਨੱਕ ਵਿਚ ਦਮ ਕਰ ਦਿੱਤਾ ਉਥੇ ਭਾਈ ਗਜਿੰਦਰ ਸਿੰਘ ਅਤੇ ਉਸ ਦੇ ਚਾਰ ਸਾਥੀਆਂ ਭਾਈ ਸਤਨਾਮ ਸਿੰਘ, ਭਾਈ ਤੇਜਇੰਦਰਪਾਲ ਸਿੰਘ, ਜਸਬੀਰ ਸਿੰਘ, ਕਰਨ ਸਿੰਘ ਨੇ ੨੯ ਸਤੰਬਰ ੧੯੮੧ ਨੂੰ ਭਾਰਤੀ ਹਵਾਈ ਜਹਾਜ਼ ਹਾਈ ਜੈਕ ਕਰਕੇ ਪਾਕਿਸਤਾਨ ਜਾ ਉਤਾਰਿਆ ਸੀ। ਇਸ ਐਕਸ਼ਨ ਮਗਰੋਂ ਜਹਾਜ ਵਿਚ ਸਵਾਰ ਲੋਕ ਹਾਈਜੈਕਰਾਂ ਦੇ ਪਿਆਰ ਸਤਿਕਾਰ ਭਰੇ ਮਿਲਵਰਤਣ ਬਾਰੇ ਬਿਆਨ ਦਿੰਦੇ ਰਹੇ ਸਨ। ਪਾਕਿਸਤਾਨ ਵਿਚ ਭਾਈ ਗਜਿੰਦਰ ਸਿੰਘ ਗ੍ਰਿਫਤਾਰ ਕਰਕੇ ਮੁਕੱਦਮਾ ਚਲਿਆ ਅਤੇ ਉਸ ਨੂੰ ੧੪ ਸਾਲ ਦੀ ਸਜ਼ਾ ਮਿਲੀ । ਉਹਨਾ ਦੀ ਸਜ਼ਾ ਪੁਰੀ ਹੋਈ ਤਾਂ ਉਹ ਉਥੇ ਰਹੀ ਰਹਿ ਗਏ। ਭਾਈ ਸਤਨਾਮ ਸਿੰਘ ਅਤੇ ਤੇਜਇੰਦਰਪਾਲ ਸਿੰਘ ੧੯੯੯ ਨੂੰ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਚਲੇ ਗਏ। ਜਸਬੀਰ ਸਿੰਘ ਅਤੇ ਕਰਨ ਸਿੰਘ ਨੂੰ ਸਵਿਟਜ਼ਰਲੈਂਡ ਵਿਚ ਸਿਆਸੀ ਪਨਾਹ ਮਿਲ ਗਈ।

ਭਾਈ ਗਜਿੰਦਰ ਸਿੰਘ ਨੂੰ ਤਿੰਨ ਸਾਲ ਪਹਿਲਾਂ ਵੀ ਦਿਲ ਦਾ ਦੌਰਾ ਪਿਆ ਸੀ ਪਰ ਬਚਾਅ ਹੋ ਗਿਆ ਸੀ ੨੮ ਜੂਨ ਨੂੰ ਫੇਰ ਦਿਲ ਦਾ ਦੌਰਾ ਪਿਆ ਤਾਂ ਡਾਕਟਰਾਂ ਨੇ ਉਹਨਾ ਨੂੰ ਬਾਈਪਾਸ ਦੀ ਸਲਾਹ ਦਿੱਤੀ ਜਿਸ ਤੋਂ ਉਹਨਾ ਨੇ ਇਨਕਾਰ ਕਰ ਦਿੱਤਾ ਤਾਂ ੩ ਜੁਲਾਈ ਨੂੰ ਉਹ ਇਸ ਫਾਨੀ ਸਰਕਾਰ ਨੂੰ ਅਲਵਿਦਾ ਕਹਿ ਗਏ। ਯੂ ਕੇ ਤੋਂ ਉਹਨਾ ਦੀ ਬੇਟੀ ਬਿਕਰਮਜੀਤ ਕੌਰ ਯੂ ਕੇ ਤੋਂ ਪਾਕਿਸਤਾਨ ਪਹੁੰਚੀ ਤਾਂ ੪ ਜੁਲਾਈ ਨੂੰ ਭਾਈ ਸਾਹਿਬ ਦਾ ਸਸਕਾਰ ਨਨਕਾਣਾ ਸਾਹਿਬ ਗੁਰਦੁਆਰਾ ਦੇ ਨੇੜਲੇ ਸ਼ਮਸ਼ਾਨ ਘਾਟ ਵਿਚ ਕਰ ਦਿੱਤਾ ਗਿਆ। ਭਾਈ ਸਾਹਿਬ ਨੇ ੪੩ ਸਾਲ ਜਲਾਵਤਨੀ ਵਿਚ ਗੁਜ਼ਾਰੇ ਉਹਨਾ ਦੇ ਧਰਮ ਪਤਨੀ ਜਰਮਨੀ ਵਿਚ ਹਨ। ਭਾਈ ਸਾਹਿਬ ਦੀਆਂ ਕਵਿਤਾਵਾਂ ਅਕਸਰ ਹੀ ਫੇਸ ਬੁੱਕ ਤੇ ਪੜ੍ਹਨ ਨੂੰ ਮਿਲਦੀਆਂ ਰਹੀਆਂ ਹਨ। ਉਹਨਾ ਦੀ ਇੱਕ ਕਵਿਤਾ ਨੇ ਜੋ ਅੱਜਕਲ ਉਚੇਚਾ ਧਿਆਨ ਲੋਕਾਂ ਦਾ ਖਿੱਚਿਆ ਉਹ ਭਾਈ ਸਾਹਿਬ ਦੇ ਅਕਾਲ ਚਲਾਣੇ ਬਾਰੇ ਹੀ ਸੀ। ਲਿਖਦੇ ਹਨ&mdash

ਹੁਣ ਆਖਰੀ ਸਫਰ ਦੀ ਤਿਆਰੀ ਹੈ

ਅੱਜ ਨਹੀਂ ਤਾਂ ਕਲ੍ਹ ਮੇਰੀ ਵਾਰੀ ਹੈ

ਮੈਂ, ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ

ਭਾਵੇਂ ਅਨਾਮ ਹਾਂ ਜਾਂ, ਨਾਮ ਹਾਂ

ਹਰ ਪਲ ਅਜ਼ਾਦੀ ਲਈ ਤੜਪਦਾ ਹਾਂ

ਇਸੇ ਲਈ ਦਿੱਲੀ ਨੂੰ ਰੜਕਦਾ ਹਾਂ

ਮੈਂ ਇਹੀ ਤੜਪ, ਤੇ ਇਹੀ ਰੜਕ

ਬੱਚਿਆਂ ਨੂੰ ਦੇ ਕੇ ਜਾਣੀ ਹੈ

ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ

ਪਰ ਲੰਮੀ ਬੜੀ ਕਹਾਣੀ ਹੈ

ਮੈਨੂੰ ਆਪਣੇ ਢੰਗ ਨਾਲ ਜੀਅ ਲੈਣ ਦਿਓ

ਮੈਨੂੰ ਆਪਣੇ ਰੰਗ ਵਿਚ ਥੀਅ ਲੈਣ ਦਿਓ

ਗਜਿੰਦਰ ਸਿੰਘ, ਦਲ ਖਾਲਸਾ

੧੩.੦੬.੨੦੨੪

ਅਸੀਂ ਪੰਥ ਦੇ ਜੁਝਾਰੂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕਰਦੇ ਹਾਂ।


ਅੰਮ੍ਰਿਤਪਾਲ ਸਿੰਘ ਦੇ ਖਾਲਿਸਤਾਨੀ ਹੋਣ ਤੇ ਸਵਾਲ

ਅੱਜਕਲ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਦੇ ਬਿਆਨ ਮੀਡੀਏ ਦੀਆਂ ਸੁਰਖੀਆਂ ਬਣੇ ਹੋਏ ਹਨ ਕਿ ਅੰਮ੍ਰਿਤਪਾਲ ਸਿੰਘ ਨੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਇਸ ਕਰਕੇ ਉਹ ਖਾਲਿਸਾਨ ਦਾ ਸਮਰਥਕ ਨਹੀਂ ਹੈ। ਜਦ ਕਿ ਅੰਮ੍ਰਿਤਪਾਲ ਸਿੰਘ ਖੁਦਮੁਖਤਿਆਰ ਸਿੱਖ ਰਾਜ ਭਾਵ ਕਿ ਖਾਲਿਸਤਾਨ ਨੂੰ ਆਪਣਾ ਨਿਸ਼ਾਨਾ ਦੱਸਦਾ ਰਿਹਾ ਹੈ। ਪਰ ਉਸ ਦੀ ਮਾਤਾ ਦਾ ਕਹਿਣਾ ਹੈ ਕਿ ਕਿਓਂਕਿ ਉਸ ਦੇ ਪੁੱਤਰ ਨੇ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਇਸ ਕਰਕੇ ਉਸ ਨੂੰ ਖਾਲਿਸਤਾਨੀ ਨਹੀਂ ਕਹਿਣਾ ਚਾਹੀਦਾ। ਬੀਬੀ ਦਾ ਕਹਿਣਾ ਹੈ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਨਾਲ ਕੋਈ ਖਾਲਿਸਤਾਨੀ ਨਹੀਂ ਹੋ ਜਾਂਦਾ। ਦੂਸਰੇ ਪਾਸੇ ਭਾਰਤ ਦੇ ਸੰਵਿਧਾਨ ਦੀ ਸਹੁੰ ਤਾਂ ਸ: ਸਿਮਰਨਜੀਤ ਸਿੰਘ ਮਾਨ ਵੀ ਚੁੱਕਦੇ ਰਹੇ ਹਨ ਜਦ ਕਿ ਉਹ ਆਪਣੇ ਆਪ ਨੂੰ ਖਾਲਿਸਤਾਨੀ ਸਮਰਥਕ ਕਹਿੰਦੇ ਹਨ। ਮਾਨ ਬਾਰੇ ਤਾ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੇ ਭਾਰਤੀ ਨਿਆਂ ਪਾਲਕਾ ਰਾਹੀਂ ਖਾਲਿਸਤਾਨ ਦੀ ਮੰਗ ਮੰਗਣ ਅਤੇ ਖਾਲਿਸਤਾਨ ਦਾ ਨਾਅਰਾ ਲਉਣ ਦਾ ਹੱਕ ਪ੍ਰਾਪਤ ਕਰ ਲਿਆ ਹੈ। ਪਰ ਇਸ ਸੱਚਾਈ ਤੋਂ ਸਾਰੇ ਜਾਣੂ ਹਨ ਕਿ ਭਾਰਤ ਵਰਗੇ ਦੇਸ਼ ਵਿਚ ਉਸ ਤਰੀਕੇ ਨਾਲ ਪੰਜਾਬ ਦੀ ਅਜ਼ਾਦੀ ਲਈ ਨਹੀਂ ਲੜਿਆ ਜਾ ਸਕਦਾ ਜਿਵੇਂ ਕਿ ਬਰਤਾਨੀਆਂ ਵਿਚ ਸਕੌਟਲੈਂਡ ਦੀ ਅਜ਼ਾਦੀ ਦੀ ਮੰਗ ਸਕੌਟਿਸ਼ ਨੈਸਨਲ ਪਾਰਟੀ ਕਰਦੀ ਹੈ। ਭਾਰਤ ਵਿਚ ਤਾਂ ਅਗਰ ਕਿਸੇ ਸਿੱਖ ਦੇ ਕੋਲੋਂ ਖਾਲਿਸਤਾਨ ਦਾ ਸਾਹਿਤ ਮਿਲ ਜਾਂਦਾ ਹੈ ਤਾਂ ਸਰਕਾਰ ਉਸ ਤੇ ਐਨ ਐਸ ਏ ਲਾ ਕੇ ਸੀਖਾਂ ਪਿੱਛੇ ਡੱਕ ਦਿੰਦੀ ਹੈ।

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਐਸਾ ਕੋਈ ਵੀ ਜ਼ੁਰਮ ਸਿੱਧ ਨਹੀਂ ਹੁੰਦਾ ਜਿਸ ਕਾਰਨ ਉਸ ਨੂੰ ਬਿਨਾ ਮੁਕੱਦਮਾ ਚਲਾਇਆਂ ਐਨ ਐਸ ਏ ਲਾ ਕੇ ਸੀਖਾਂ ਪਿੱਛੇ ਡੱਕਿਆ ਜਾਵੇ ਸਿਵਾਏ ਇਸ ਦੇ ਕਿ ਉਹ ਆਪਣੇ ਭਾਸ਼ਣਾ ਵਿਚ ਸਿੱਖਾਂ ਦੀ ਅਜ਼ਾਦੀ ਦੀ ਗੱਲ ਸ਼ਰੇਆਮ ਕਰਦਾ ਸੀ। ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਐਨ ਐਸ ਏ ੧੯੮੦ ਦੀ ਧਾਰਾ ੧੫ ਤਹਿਤ ਸਹੁੰ ਚੁੱਕਣ ਲਈ ਚਾਰ ਦਿਨ ਲਈ ਡਿਬਰੂਗੜ੍ਹ ਜਿਹਲ ਤੋਂ ਪੈਰੋਲ &lsquoਤੇ ਰਿਹਾ ਕੀਤਾ ਗਿਆ ਹੈ ਤਾਂ ਉਹ ਵੀ ਕੁਝ ਵਿਸ਼ੇਸ਼ ਸ਼ਰਤਾਂ ਤਹਿਤ ਕੀਤਾ ਗਿਆ ਹੈ ਕਿ ਉਸ ਨੂੰ ਕੋਈ ਤਸਵੀਰ ਖਿਚਾਉਣ ਜਾਂ ਵੀਡੀਓ ਰਿਕਾਰਡ ਕਰਨ ਦਾ ਅਧਿਕਾਰ ਨਹੀਂ ਹੋਵੇਗਾ। ਇਹੀ ਕਾਰਨ ਹੈ ਕਿ ਉਸ ਦੇ ਸਹੁੰ ਚੁੱਕ ਸਮਾਗਮ ਸਬੰਧੀ ਉਸ ਦੀ ਉਸ ਕਿਸਮ ਦੀ ਕੋਈ ਵੀ ਤਸਵੀਰ ਸਾਹਮਣੇ ਨਹੀਂ ਆਈ ਜਿਵੇਂ ਕਿ ਸ਼ਹੀਦ ਬਿਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਦੀ ਆਈ ਸੀ।

ਅੰਮ੍ਰਿਤਪਾਲ ਸਿੰਘ ਖਾਲਸਾ ਅਗਸਤ ੨੦੨੨ ਨੂੰ ਡੁੱਬਈ ਤੋਂ ਪੰਜਾਬ ਆ ਕੇ ਅਚਾਨਕ ਹੀ ਮੀਡੀਏ ਵਿਚ ਛਾ ਗਿਆ ਸੀ। ਨਸ਼ਾ ਛਡਾਊ ਲਹਿਰ ਚਲਾਉਣ ਕਾਰਨ ਪੰਜਾਬ ਦੇ ਲੋਕਾਂ ਨੇ ਉਸ ਨੂੰ ਸਿਰ ਤੇ ਚੁੱਕ ਲਿਆ। ਫਿਰ ਉਹ ਮਰਹੂਮ ਸੰਦੀਪ ਸਿੰਘ ਦੀਪ ਸਿੱਧੂ ਦੀ ਜਥੇਬੰਦੀ &lsquoਵਾਰਿਸ ਪੰਜਬ ਦੇ&rsquo ਦਾ ਮੁਖੀ ਬਣ ਗਿਆ ਤਾ ਪੰਜਾਬ ਦੀ ਨੌਜਵਾਨੀ ਉਸ ਦੇ ਮਗਰ ਲੱਗ ਤੁਰੀ। ਪਰ ਜਿਓਂ ਹੀ ਭਾਈ ਅੰਮ੍ਰਿਤਪਾਲ ਸਿੰਘ ਨੇ ਸਿੱਖ ਕੌਮ ਦੀ ਅਜ਼ਾਦੀ ਦੀ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਹ ਪੁਲਸ ਪ੍ਰਸ਼ਾਸਨ ਦੀ ਨਿਗ੍ਹਾ ਵਿਚ ਰੜਕਣ ਲੱਗ ਪਿਆ ਅਤੇ ਆਖ਼ਿਰ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਨੇ ਸਰਕਾਰ ਲਈ ਉਹ ਬਹਾਨਾ ਪੈਦਾ ਕਰ ਦਿੱਤਾ ਜਿਸ ਨੇ ਊਸ ਦੀ ਗ੍ਰਿਫਤਾਰੀ ਲਈ ਰਾਹ ਪੱਧਰਾ ਕੀਤਾ। ਖਡੂਰ ਸਾਹਿਬ ਤੋਂ ਲੋਕ ਸਭਾ ਦੀ ਸੀਟ ਜਿੱਤਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਸਰਕਾਰ ਭਵਿੱਖ ਵਿਚ ਕਿਸ ਤਰਾਂ ਪੇਸ਼ ਆਉਂਦੀ ਹੈ ਅਤੇ ਉਹ ਐਮ ਪੀ ਵਜੋਂ ਆਪਣੇ ਇਲਾਕੇ ਦੇ ਲੋਕਾਂ ਦੀਆਂ ਉਮੀਦਾਂ &lsquoਤੇ ਕਿਵੇਂ ਪੂਰਿਆਂ ਉਤਰਦਾ ਹੈ ਸਮਾਂ ਹੀ ਦੱਸੇਗਾ।


ਟੋਰੀ ਪਾਰਟੀ ਮੂਧੇ ਮੂੰਹ

੧੪ ਸਾਲ ਦੀ ਲੰਬੀ ਉਡੀਕ ਮਗਰੋਂ ਬਰਤਾਨੀਆਂ ਦੇ ਵੋਟਰਾਂ ਨੇ ਲੇਬਰ ਪਾਰਟੀ ਨੂੰ ਧਮਾਕੇ ਦੀ ਜਿੱਤ ਨਾਲ ਰਾਜ ਸਿੰਘਾਸਨ ਤੇ ਬਿਠਾ ਦਿੱਤਾ ਹੈ। ਇਸ ਵਾਰ ਦੀਆਂ ਚੋਣਾਂ ਵਿਚ ਲੇਬਰ ਪਾਰਟੀ ਨੂੰ ੪੧੪ ਸੀਟਾਂ ਹਾਸਲ ਹੋਈਆਂ ਹਨ ਜੋ ਕਿ ਪਿਛਲੀ ਵੇਰ ਨਾਲੋਂ ੨੧੦ ਸੀਟਾਂ ਵੱਧ ਹਨ। ਟੋਰੀ ਪਾਰਟੀ ਨੂੰ੧੨੦ ਸੀਟਾਂ ਮਿਲੀਆਂ ਜੋ ਕਿ ਪਿਛਲੀ ਵੇਰ ਨਾਲੋਂ ੨੫੦ ਸੀਟਾਂ ਘੱਟ ਹਨ। ਲਿਬਰਲ ਡੈਮੋਕਰੇਟ ਨੂੰ ੭੧ ਸੀਟਾਂ ਮਿਲੀਆਂ ਜੋ ਕਿ ਪਿਛਲੀ ਵੇਰ ਨਾਲੋਂ ੬੩ ਸੀਟਾਂ ਵੱਧ ਹਨ। ਸਕੌਟਸ਼ ਨੈਸ਼ਨਲ ਪਾਰਟੀ ਨੂੰ ਕੇਵਲ ੯ ਸੀਟਾਂ ਮਿਲੀਆਂ ਜੋ ਕਿ ਪਿਛਲੀ ਵੇਰ ਨਾਲੋਂ ੩੮ ਸੀਟਾਂ ਘੱਟ ਹਨ ਅਤੇ ਬਾਕੀਆਂ ਨੂੰ ੩੫ ਸੀਟਾਂ ਮਿਲੀਆਂ ਜੋ ਕਿ ਪਿਛਲੀ ਵੇਰ ਨਾਲੋਂ ੧੪ ਸੀਟਾਂ ਵੱਧ ਹਨ।

ਲੇਬਰ ਪਾਰਟੀ ਦੇ ਆਗੂ ਸਰ ਕੀਅਰ ਸਟਾਰਮਰ ਦੇ ਪਰਿਵਾਰ ਦਾ ਪਿਛੋਕੜ ਕਿਰਤੀ ਜਮਾਤ ਨਾਲ ਰਿਹਾ ਹੈ। ਉਸ ਦਾ ਪਿਤਾ ਇੱਕ ਫੈਕਟਰੀ ਵਰਕਰ ਸੀ ਜਦ ਕਿ ਮਾਤਾ ਇੱਕ ਨਰਸ ਸੀ ਜੋ ਕਿ ਖੁਦ ਸਿਲਟਰ ਰੋਗ ਤੋਂ ਪੀੜਤ ਰਹੀ ਸੀ। ਪੇਸ਼ੇ ਦੇ ਤੌਰ ਤੇ ਕੀਅਰ ਸਟਾਰਮਰ ਬੈਰਿਸਟਰ ਰਹੇ ਹਨ ਅਤੇ ਉਸ ਨੂੰ ਮਨੁੱਖੀ ਹੱਕਾਂ ਬਾਰੇ ਚੋਖੀ ਜਾਣਕਾਰੀ ਹੈ। ਕਿਹਾ ਜਾਂਦਾ ਹੈ ਕਿ ਉਸ ਨੇ ਅਫਰੀਕਾ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੈਦੀਆਂ ਦੇ ਵੀ ਕੇਸ ਲੜੇ ਸਨ। ਸੰਨ ੨੦੦੮ ਵਿਚ ਉਹ ਨਿਆਂ ਪਾਲਕਾ ਦੇ ਕਰਿਮੀਨਲ ਪ੍ਰੌਸੀਕਿਊੇਟਰ ਦੇ ਸਭ ਤੋਂ ਉੱਚੇ ਅਹੁਦੇ &lsquoਤੇ ਰਹੇ। ਸੰਨ ੨੦੨੦ ਤੋਂ ਉਹ ਲੇਬਰ ਪਾਰਟੀ ਦੇ ਆਗੂ ਵਜੋਂ ਚਲੇ ਆ ਰਹੇ ਹਨ।

ਇਸ ਵਾਰ ਦੀਆਂ ਚੋਣਾਂ ਮਗਰੋਂ ਹਾਊਸ ਆਫ ਕਾਮਨਜ਼ ਵਿਚ ਸਿੱਖ ਮੈਂਬਰਾਂ ਦੀ ਗਿਣਤੀ ਦੋ ਤੋਂ ਵੱਧ ਕੇ ੧੦ ਹੋ ਗਈ ਅਤੇ ਇਹ ਸਾਰੇ ਹੀ ਲੇਬਰ ਪਾਰਟੀ ਦੀ ਟਿਕਟ ਤੇ ਜਿੱਤੇ ਹਨ।

ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ, ਕਸ਼ਮੀਰ ਅਤੇ ਭਾਰਤ ਦੇ ਹੋਰ ਸੂਬਿਆਂ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਖਿਲਾਫ ਕੀਅਰ ਸਟਾਰਮਰ ਲੇਬਰ ਪਾਰਟੀ ਦੇ ਸਾਬਕਾ ਆਗੂ ਜੇਰਿਮੀ ਕੋਰਬਨ ਵਾਂਗ ਦ੍ਰਿੜ ਸਟੈਂਡ ਨਹੀਂ ਲੈ ਸਕੇਗਾ ਜਦ ਕਿ ਇਸ ਵਾਰ ਦੀਆਂ ਚੋਣਾ ਵਿਚ ਲੇਬਰ ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਭਾਰਤ ਨਾਲ ਬਿਹਤਰ ਵਪਾਰਕ ਸਬੰਧ ਬਣਾਏ ਜਾਣ ਦਾ ਜ਼ਿਕਰ ਹੈ।

ਲੇਬਰ ਪਾਰਟੀ ਸਾਹਮਣੇ ਇਸ ਵੇਲੇ ਜਿਥੇ ਡਿਗ ਰਹੀ ਨੈਸ਼ਨਲ ਹੈਲਥ ਸਰਵਿਸ ਨੂੰ ਪੈਰਾਂ ਤੇ ਕਰਨ ਨਾਲ ਅਨੇਕਾਂ ਹੋਰ ਸਥਾਨਕ ਮੁੱਦੇ ਹਨ ਪਰ ਕੌਮਾਂਤਰੀ ਸਿਆਸਤ ਜਿਸ ਪਾਸੇ ਵਲ ਕਰਵਟ ਲੈ ਰਹੀ ਹੈ ਉਸ ਨੂੰ ਦੇਖਦਿਆਂ ਤੀਸਰੇ ਵਿਸ਼ਵ ਯੁੱਧ ਨੂੰ ਟਾਲਣਾ ਜਾਂ ਯੁੱਧ ਛਿੜ ਪੈਣ &lsquoਤੇ ਬਰਤਾਨੀਆਂ ਦੀ ਹੋਂਦ ਨੂੰ ਬਚਾ ਸਕਣਾ ਪਹਿਲ ਪਲੇਠੀ ਦਾ ਮੁੱਦਾ ਰਹੇਗਾ।

ਲੇਖਕ: ਕੁਲਵੰਤ ਸਿੰਘ ਢੇਸੀ