image caption: -ਰਜਿੰਦਰ ਸਿੰਘ ਪੁਰੇਵਾਲ

ਅਕਾਲ ਤਖਤ ਸਾਹਿਬ ਬਨਾਮ ਅਕਾਲੀ ਸੰਕਟ, ਹੱਲ ਕੀ ਹੋਵੇ?

ਸ਼੍ਰੋਮਣੀ ਅਕਾਲੀ ਦਲ ਦਾ ਨਿਘਾਰ ਇਸ ਸਮੇਂ ਸਿਖ਼ਰ ਤੇ ਹੈ| 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਸ ਨੂੰ ਸਿਰਫ਼ ਇੱਕ ਹਲਕੇ ਬਠਿੰਡਾ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਕਾਮਯਾਬੀ ਮਿਲੀ ਅਤੇ ਦਸ ਹਲਕਿਆਂ ਵਿੱਚ ਉਸ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ| ਪਾਰਟੀ ਨੂੰ ਸਿਰਫ਼ 13.4 ਫ਼ੀਸਦੀ ਵੋਟਾਂ ਪਈਆਂ ਹਨ| ਇਨ੍ਹਾਂ ਨਤੀਜਿਆ  ਤੋਂ ਬਾਅਦ ਪਾਰਟੀ ਅੰਦਰਲੀ ਫੁੱਟ ਹੋਰ ਵਧੀ ਹੈ| ਬਾਗ਼ੀ ਅਕਾਲੀ ਆਗੂਆਂ ਦੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਵਿਚਾਲੇ ਸ੍ਰੀ ਅਕਾਲ ਤਖ਼ਤ ਸਕੱਤਰੇਤ ਨੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਹੈ| ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਅੰਦਰ-ਅੰਦਰ ਨਿੱਜੀ ਤੌਰ ਉੱਤੇ ਪੁੱਜ ਕੇੇ ਲਿਖ਼ਤੀ ਰੂਪ ਵਿੱਚ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਗਿਆ ਹੈ| ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਨਿਮਰਤਾ ਸਹਿਤ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ| ਦਰਅਸਲ 1 ਜੁਲਾਈ ਨੂੰ ਬਾਗ਼ੀ ਧੜੇ ਵਿੱਚ ਸ਼ਾਮਲ ਸੀਨੀਅਰ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ| ਉਨ੍ਹਾਂ ਨੇ ਇਸ ਮੌਕੇ ਚਾਰ ਸਫ਼ਿਆਂ ਦਾ ਮੁਆਫ਼ੀਨਾਮਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਨੂੰ ਸੌਂਪਿਆ ਸੀ| ਉਨ੍ਹਾਂ ਨੇ ਇਹ ਵੀ ਦੋਸ਼ ਲਗਾਏ ਸਨ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥਕ ਭਾਵਨਾਵਾਂ ਦੀ ਪ੍ਰਤੀਨਿਧਤਾ ਨਹੀਂ ਕੀਤੀ|ਆਪਣੇ ਮੁਆਫ਼ੀਨਾਮੇ ਵਿੱਚ ਬਾਗੀ ਅਕਾਲੀਆਂ ਨੇ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਗਲਤੀਆਂ ਦੀ ਮੁਆਫ਼ੀ ਮੰਗੀ ਸੀ|
ਅਕਾਲ ਤਖਤ ਸਾਹਿਬ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਸਾਲ 2015 ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਦੇਣ ਬਾਰੇ ਦਿੱਤੇ ਗਏ 90 ਲੱਖ ਰੁਪਏ ਦੇ ਇਸ਼ਤਿਹਾਰਾਂ ਬਾਰੇ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ| ਜਦੋਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸੌਦਾ ਸਾਧ  ਨੂੰ ਮੁਆਫ਼ੀ ਦਿੱਤੀ ਗਈ ਸੀ ਤਾਂ ਪਹਿਲੀ ਵਾਰ  ਅਕਾਲੀ ਦਲ ਅਤੇ ਪੰਥਕ ਸੰਸਥਾਵਾਂ ਵਿਚ ਆਏ ਨਿਘਾਰ ਖਿਲਾਫ਼ ਸਿਖ ਪੰਥ ਵਿਚ ਰੋਸ ਮੁਹਿੰਮ ਉਠੀ  ਸੀ| ਗ਼ੌਰਤਲਬ ਹੈ ਕਿ 2007 ਵਿਚ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਹਿਨਣ ਦੀਆਂ ਤਸਵੀਰਾਂ ਨਸ਼ਰ ਹੋਣ ਤੋਂ ਬਾਅਦ ਅਕਾਲ ਤਖ਼ਤ ਵੱਲੋਂ ਹੁਕਮਨਾਮਾ ਜਾਰੀ ਕਰ ਕੇ ਸਿੱਖਾਂ ਨੂੰ ਡੇਰਾ ਪ੍ਰੇਮੀਆਂ ਦਾ ਸਮਾਜਿਕ ਬਾਈਕਾਟ ਕਰਨ ਲਈ ਕਿਹਾ ਗਿਆ ਸੀ| ਫਿਰ 2012 ਦੀਆਂ ਵਿਧਾਨ ਸਭਾ ਚੋਣਾਂ ਹੋਣ ਤੋਂ ਪੰਜ ਦਿਨ ਪਹਿਲਾਂ ਰਾਮ ਰਹੀਮ ਖਿਲਾਫ਼ ਪੁਸ਼ਾਕ ਪਹਿਨ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ  ਵਾਲਾ ਧਰਮਨਿੰਦਾ ਦਾ ਕੇਸ ਵਾਪਸ ਲੈ ਲਿਆ ਗਿਆ ਸੀ| 
ਸਤੰਬਰ 2015 ਵਿਚ ਅਕਾਲ ਤਖ਼ਤ ਵੱਲੋਂ ਸੌਦਾ ਸਾਧ ਨੂੰ ਮੁਆਫ਼ੀ ਵੀ ਦੇ ਦਿੱਤੀ ਗਈ ਅਤੇ ਸ਼੍ਰੋਮਣੀ  ਕਮੇਟੀ ਨੇ ਵੱਖ-ਵੱਖ ਅਖ਼ਬਾਰਾਂ ਵਿਚ 90 ਲੱਖ ਰੁਪਏ ਦੇ ਇਸ਼ਤਿਹਾਰ ਦੇ ਕੇ ਇਸ ਫ਼ੈਸਲੇ ਨੂੰ ਵਾਜਬ ਠਹਿਰਾਇਆ ਸੀ| ਇਹ ਸਭ ਸਿਆਸੀ ਲਾਭਤੇ ਡੇਰਾ ਵੋਟ ਪ੍ਰਾਪਤ ਕਰਨ ਦਾ ਮਾਮਲਾ ਸੀ| ਇਸ ਕਾਰਣ ਅਕਾਲ ਤਖਤ ਸਾਹਿਬ, ਸ੍ਰੋਮਣੀ ਕਮੇਟੀ, ਅਕਾਲੀ ਦਲ ਦਾ ਵਾਜੂਦ ਦਾਅ ਉਪਰ ਲਗਿਆ| ਇਹ ਵੀ ਵਰਣਨਯੋਗ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੇ ਸੱਦ ਕੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਈ ਗਈ ਸੀ| ਇਸ ਦਾ ਸਿਖ ਪੰਥ ਵਿਚ ਖਾਸਾ ਰੋਸ ਜਾਗਿਆ ਸੀ|
ਇਸ ਤੋਂ ਮਹੀਨਾ ਕੁ ਬਾਅਦ ਅਕਤੂਬਰ 2015 ਵਿਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ ਜਿਸ ਤੋਂ ਪਹਿਲਾਂ 1 ਜੂਨ ਨੂੰ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ &rsquoਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ| ਸੇਵਾਮੁਕਤ ਡੀ.ਜੀ.ਪੀ. ਮੁਹੰਮਦ ਇਜ਼ਹਾਰ ਆਲਮ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਸਮੇਤ ਕੁਝ ਘਟਨਾਵਾਂ ਨੂੰ ਬਾਗੀ ਅਕਾਲੀਆਂ ਵਲੋਂ ਅਕਾਲ ਤਖਤ ਸਾਹਿਬ ਨੂੰ  ਸੌਂਪੇ ਇਸ ਪੱਤਰ ਵਿਚ ਦਰਜ ਕੀਤਾ ਗਿਆ ਹੈ| ਜਦ ਕਿ ਬਾਗੀ ਅਕਾਲੀ ਆਗੂ  ਵੀ ਬਰਾਬਰ ਦੇ ਕਸੂਰਵਾਰ ਹਨ|  ਪਰ ਅਕਾਲ ਤਖਤ ਸਾਹਿਬ ਉਪਰ ਮਾਮਲਾ ਜਾਣ ਕਰਕੇ ਨਾ ਸਿਰਫ਼ ਸੁਖਬੀਰ ਸਿੰਘ ਬਾਦਲ ਬਲਕਿ ਅਕਾਲ ਤਖ਼ਤ ਦਾ ਸਾਬਕਾ ਜਥੇਦਾਰ ਤੇ ਸ਼੍ਰੋਮਣੀ ਕਮੇਟੀ  ਪੰਥ ਦੇ ਕਟਹਿਰੇ ਵਿਚ ਖੜ੍ਹੇ ਹੋ ਗਏ ਹਨ| ਇਹ ਸਿਰਫ ਅਕਾਲੀ ਦਲ ਦਾ ਸੰਕਟ ਨਹੀਂ ਸਗੋਂ ਸਿਖ ਪੰਥ ਉਪਰ ਗੰਭੀਰ ਸੰਕਟ ਹੈ|
ਅਕਾਲੀ ਦਲ ਵਿਚ ਧੜੇਬੰਦੀ ਜੋ ਰੂਪ ਧਾਰ ਚੁੱਕੀ ਹੈ, ਉਸ ਤੋਂ ਜਾਹਿਰ ਹੈ ਕਿ ਇਨ੍ਹਾਂ ਵਿਚੋਂ ਕੋਈ ਧੜਾ ਸਿਖ ਪੰਥ ਦੀ ਅਗਵਾਈ ਦੇ ਸਮਰਥ ਨਹੀਂ| ਬਾਗ਼ੀ ਧੜੇ ਦੀ ਮੰਗ ਕੇਵਲ ਏਨੀ ਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਤੇਜ਼ ਰਫ਼ਤਾਰ ਨਾਲ ਪਾਰਟੀ  ਲਗਾਤਾਰ ਨਿਘਾਰ ਵਲ ਜਾ ਰਹੀ ਹੈ, ਇਸ ਲਈ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹ ਕੇ ਕਿਸੇ ਇਤਬਾਰ ਯੋਗ ਸਖਸ਼ੀਅਤ ਨੂੰ ਪਾਰਟੀ ਦੀ ਅਗਵਾਈ ਸੌਂਪੀ ਜਾਵੇ| ਇਸ ਮੰਗ ਵਿਚ ਕੋਈ ਗ਼ਲਤ ਗੱਲ ਨਹੀਂ| ਸੁਖਬੀਰ ਬਾਦਲ ਦਾ ਇਹ ਦਾਅਵਾ ਤਰਕਹੀਣ ਹੈ ਕਿ ਅਕਾਲੀ ਦਲ, ਸ੍ਰੋਮਣੀ ਕਮੇਟੀ ਦੇ ਸਾਰੇ ਲੀਡਰ ਤੇ ਵਰਕਰ ਉਸ ਦੇ ਨਾਲ ਹਨ| ਇਹ ਤਰੀਕਾ ਗੈਰ ਸਿਧਾਂਤਕ ਹੈ ਕਿਉਂਕਿ ਇਨ੍ਹਾਂ ਦਾਅਵਿਆਂ ਨਾਲ ਅਕਾਲੀ ਦਲ ਦਾ ਵਾਜੂਦ ਨਹੀਂ ਬਚਾਇਆ ਜਾ ਸਕਦਾ| ਮਸਲਾ ਤਾਂ ਸਿਖ ਪੰਥ ਦੀ ਪ੍ਰਵਾਨਗੀ ਤੇ ਹਮਾਇਤ ਦਾ ਹੈ ਜੋ ਅਕਾਲੀ ਦਲ ਦਾ ਵਾਜੂਦ ਹੈ|
ਜਥੇਦਾਰ ਅਕਾਲ ਤਖ਼ਤ ਕੋਲ ਏਨੀ ਸਮਰਥਾ ਨਹੀਂ ਕਿ ਉਹ ਕਿਸੇ ਇਕ ਵੀ ਧੜੇ ਨੂੰ ਨਾਰਾਜ਼ ਕਰ ਸਕਣ ਤੇ ਇਹ ਮਸਲਾ ਹੱਲ ਕਰ ਸਕਣ? ਜੇ ਜਥੇਦਾਰ ਦੋਹਾਂ ਧੜਿਆਂ ਦੀ ਸੁਲਾਹ-ਸਫ਼ਾਈ ਕਰਵਾ ਦੇਣ ਤਾਂ ਇਸ ਨਾਲ ਮਸਲਾ ਹੱਲ ਨਹੀਂ ਹੋਵੇਗਾ, ਕਿਉਂਕਿ ਸਿਖ ਪੰਥ ਦਾ ਰੋਸ ਕਾਇਮ ਰਹੇਗਾ| ਜਿਵੇਂ ਖਡੂਰ ਸਾਹਿਬ ਅਤੇ ਫ਼ਰੀਦਕੋਟ ਦੀਆਂ ਹਾਲੀਆ ਚੋਣਾਂ ਵਿਚ ਸੰਗਤ ਨੇ ਅਗਵਾਈ ਅਪਣੇ ਹੱਥਾਂ ਵਿਚ ਲੈ ਕੇ, ਸਾਰੀਆਂ ਹੀ ਪਾਰਟੀਆਂ ਨੂੰ ਹਰਾ ਦਿਤਾ ਸੀ, ਉਸੇ ਤਰ੍ਹਾਂ ਅਕਾਲੀ ਦਲ ਦਾ ਪੰਥਕ ਸਰੂਪ ਬਹਾਲ ਕਰਨ ਲਈ ਵੀ ਸੰਗਤ ਨੂੰ ਆਪ ਅਗਵਾਈ ਦੇਣ ਲਈ ਨਿਤਰ ਸਕਦੀ ਹੈ| ਇਹ ਤਜਰਬਾ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੀ ਹੋ ਸਕਦਾ ਹੈ| ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਉਹ ਰਾਹੁਲ ਗਾਂਧੀ ਵਾਂਗ ਕਿਸੇ ਯੋਗ ਸਖਸ਼ੀਅਤ ਨੂੰ ਪ੍ਰਧਾਨ ਬਣਾ ਦੇਣ ਤੇ ਆਪ ਪਿੱਛੇ ਹੋ ਅਕਾਲੀ ਦਲ ਨੂੰ ਮਜਬੂਤ ਕਰਨ| ਰਾਹੁਲ ਵਾਂਗ ਪਿੱਛੇ ਹੱਟ ਕੇ ਤੇ ਆਪਣੀ ਵਾਰੀ ਦੀ ਉਡੀਕ ਕਰ ਕੇ ਹੀ ਉਨ੍ਹਾਂ ਨੂੰ ਸਿਆਸੀ ਸਫਲਤਾ ਮਿਲ ਸਕਦੀ ਹੈ|
-ਰਜਿੰਦਰ ਸਿੰਘ ਪੁਰੇਵਾਲ