ਕੌਮਾਂਤਰੀ ਵਿਦਿਆਰਥੀਆਂ ਨੂੰ ਪੱਕੇ ਨਹੀਂ ਕਰੇਗਾ ਕੈਨੇਡਾ
 ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਈਕ ਮਿੱਲਰ ਨੇ ਕੌਮਾਂਤਰੀ ਵਿਦਿਆਰਥੀਆਂ &rsquoਤੇ ਹੋਰ ਸਖਤੀ ਕਰਦਿਆਂ ਕਿਹਾ ਹੈ ਕਿ ਸਟੱਡੀ ਪਰਮਿਟ ਕਿਸੇ ਨੂੰ ਵੀ ਕੈਨੇਡਾ ਵਿੱਚ ਪੱਕੇ ਹੋਣ ਦੀ ਗਾਰੰਟੀ ਨਹੀਂ ਦਿੰਦਾ ਤੇ ਨਾ ਹੀ ਹੁਣ ਇਸ ਨੂੰ ਪੀਆਰ ਦਾ ਵਸੀਲਾ ਬਣਨ ਦਿੱਤਾ ਜਾਏਗਾ। ਮੰਤਰੀ ਨੇ ਸਖਤ ਭਰੇ ਲਹਿਜ਼ੇ ਵਿਚ ਕਿਹਾ ਕਿ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀ ਇਹ ਸੋਚ ਕੇ ਹੀ ਇੱਥੇ ਆਉਣ। ਮੰਤਰੀ ਨੇ ਕਿਹਾ ਕਿ ਇੱਥੇ ਵੱਡੀ ਗਿਣਤੀ ਵਿਚ ਆਏ ਵਿਦਿਆਰਥੀ ਪਹਿਲਾਂ ਹੀ ਸਰਕਾਰ ਲਈ ਚੁਣੌਤੀ ਬਣੇ ਹੋਏ ਹਨ। ਕਾਮਿਆਂ ਦੀ ਲੋੜ ਬਾਰੇ ਕੀਤੇ ਸਰਵੇਖਣਾਂ ਤੋਂ ਪਤਾ ਲੱਗਿਆ ਹੈ ਕਿ ਇਸ ਪ੍ਰਣਾਲੀ ਦੀ ਵੱਡੇ ਪੱਧਰ &rsquoਤੇ ਦੁਰਵਰਤੋਂ ਹੋ ਰਹੀ ਹੈ ਜਿਸ &rsquoਤੇ ਹੁਣ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਏਗਾ। ਮਾਈਕ ਮਿਲਰ ਨੇ ਸੰਕੇਤ ਦਿੱਤੇ ਕਿ ਇਸ ਪ੍ਰਣਾਲੀ ਵਿਚਲੀਆਂ ਚੋਰ ਮੋਰੀਆਂ ਬੰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਖਤੀ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ ਤੇ ਹੁਣ ਕਈ ਦੇਸ਼ਾਂ ਦੇ ਸਟੱਡੀ ਪਰਮਿਟ &rsquoਤੇ ਆ ਰਹੇ ਵਿਦਿਆਰਥੀਆਂ ਦੀ ਗਿਣਤੀ ਕਾਫੀ ਘੱਟ ਗਈ ਹੈ।
ਇਸ ਸਖਤੀ ਤੋਂ ਪ੍ਰੇਸ਼ਾਨ ਹੋਏ ਕਈ ਲੋਕਾਂ ਨੇ ਮੰਤਰੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਜੇ ਸਰਕਾਰ ਨੇ ਇਸ ਮਾਮਲੇ &rsquoਤੇ ਪਹਿਲਾਂ ਹੀ ਕਾਬੂ ਪਾਇਆ ਹੁੰਦਾ ਤਾਂ ਵਿਦਿਆਰਥੀਆਂ ਦੀਆਂ ਮੁਸੀਬਤਾਂ ਨਾ ਵਧਦੀਆਂ। ਵਿਦਿਆਰਥੀ ਜਥੇਬੰਦੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ 70 ਹਜ਼ਾਰ ਵਿਦਿਆਰਥੀਆਂ ਦੇ ਸਿਰ &rsquoਤੇ ਪਹਿਲਾਂ ਹੀ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ ਜਿਨ੍ਹਾਂ ਵਿਚੋਂ 10 ਹਜ਼ਾਰ ਨੂੰ ਵਾਪਸੀ ਲਈ ਕਹਿ ਵੀ ਦਿੱਤਾ ਗਿਆ ਹੈ।