ਬਿਨਾਂ ਪੇਪਰ ਲੀਕ ਹੋਏ ਪੰਜਾਬ 'ਚ 43 ਹਜ਼ਾਰ ਨੌਕਰੀਆਂ ਦਿੱਤੀਆਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਬਰਵਾਲਾ ਅਤੇ ਡੱਬਵਾਲੀ ਤੋਂ ਪਰਿਵਰਤਨ ਜਨ ਸੰਵਾਦ ਰੈਲੀ ਦੀ ਸ਼ੁਰੂਆਤ ਕੀਤੀ। ਆਮ ਆਦਮੀ ਪਾਰਟੀ ਅਗਲੇ 15 ਦਿਨਾਂ ਵਿੱਚ ਹਰਿਆਣਾ ਵਿੱਚ 45 ਰੈਲੀਆਂ ਕਰੇਗੀ। ਇਸ ਦੌਰਾਨ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਅਨੁਰਾਗ ਢਾਂਡਾ ਵੀ ਮੌਜੂਦ ਸਨ। ਪਰਿਵਰਤਨ ਜਨਸੰਵਾਦ ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਤੁਹਾਡੇ ਘਰ ਤੋਂ ਚੱਲਿਆ ਹਰ ਕਦਮ ਸਾਡੇ ਸਿਰ ਮੱਥੇ ਹੈ। ਉਨ੍ਹਾਂ ਕਿਹਾ ਕਿ ਤੁਹਾਡਾ ਇੰਨੀ ਵੱਡੀ ਗਿਣਤੀ ਵਿੱਚ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਅੱਜ ਹਰਿਆਣਾ ਵਿੱਚ ਨਵੀਂ ਕਹਾਣੀ ਲਿਖਣਾ ਚਾਹੁੰਦੇ ਹੋ। ਇਨ੍ਹਾਂ ਨੂੰ ਰਾਜ ਕਰਦਿਆਂ ਅਣਗਿਣਤ ਸਾਲ ਹੋ ਗਏ ਹਨ, ਲੋਕਾਂ ਨੇ ਹਰ ਪਾਰਟੀ ਨੂੰ ਵੋਟਾਂ ਪਾਈਆਂ ਪਰ ਇਨ੍ਹਾਂ ਸਾਰਿਆਂ ਨੇ ਹਰਿਆਣੇ ਦਾ ਦਿਲ ਤੋੜਿਆ ਅਤੇ ਹਰਿਆਣੇ ਨੂੰ ਲੁੱਟਿਆ। ਜੇਕਰ ਕਿਸੇ ਡਾਕਟਰ ਤੋਂ ਬਿਮਾਰੀ ਠੀਕ ਨਹੀਂ ਹੁੰਦੀ ਤਾਂ ਡਾਕਟਰ ਨੂੰ ਬਦਲਣਾ ਚਾਹੀਦਾ ਹੈ। ਇਸ ਲਈ ਇਸ ਵਾਰ ਹਰਿਆਣਾ ਦੇ ਲੋਕਾਂ ਨੂੰ ਬਦਲਾਅ ਲਈ ਵੋਟ ਦੇਣਾ ਚਾਹੀਦਾ ਹੈ।