image caption: ਭਗਵਾਨ ਸਿੰਘ ਜੌਹਲ
13 ਅਗਸਤ ਨੂੰ ਬਰਸੀ ਤੇ ਵਿਸ਼ੇਸ਼ ਉੱਘੇ ਸਿੱਖ ਬੱੁਧੀਜੀਵੀ ਪ੍ਰਸ਼ਾਸਕ ਤੇ ਸਾਂਸਦ ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ
ਜਦੋਂ ਕਦੇ ਕਿਸੇ ਉੱਘੇ ਸਿੱਖ ਬੁੱਧੀਜੀਵੀ, ਸਿੱਖ ਕੌਮ ਦੀ ਪ੍ਰਭੂਸੱਤਾ ਲਈ ਤਾਅ ਜ਼ਿੰਦਗੀ ਸੰਘਰਸ਼ਸ਼ੀਲ ਰਹਿਣ ਵਾਲੇ, ਯੋਗ ਪ੍ਰਬੰਧਕ ਤੇ ਸਾਂਸਦ ਦੀ ਗੱਲ ਚੱਲਦੀ ਹੈ ਤਾਂ ਸਰਬਗੁਣ ਸੰਪੰਨ ਸਿਰਦਾਰ ਕਪੂਰ ਸਿੰਘ ਆਈ।ਪੀ।ਐੱਸ। ਦਾ ਚਿਹਰਾ ਮੁਹਰਾ ਆਪ ਮੁਹਾਰੇ ਅੱਖਾਂ ਸਾਹਵੇਂ ਆ ਜਾਂਦਾ ਹੈ । ਇਸ ਮਹਾਨ ਬੁੱਧੀਜੀਵੀ ਦਾ ਜਨਮ ਜਗਰਾਉਂ (ਲੁਧਿਆਣਾ) ਦੇ ਇਕ ਨੇੜਲੇ ਪਿੰਡ ਵਿੱਚ 2 ਮਾਰਚ 1909 ਈ: ਨੂੰ ਸ। ਦੀਦਾਰ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਦੀ ਕੁੁੱਖ ਤੋਂ ਹੋਇਆ । ਇਨ੍ਹਾਂ ਦੇ ਜਨਮ ਤੋਂ ਥੋੜ੍ਹੇ ਸਮੇਂ ਤੋਂ ਪਿੱਛੋਂ ਇਹ ਪਰਿਵਾਰ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ: 531 ਵਿੱਚ ਜਾ ਵਸਿਆ । ਬਚਪਨ ਤੋਂ ਤੇਜ਼ ਤਰਾਰ ਬੁੱਧੀ ਦੇ ਮਾਲਕ ਸਿਰਦਾਰ ਕਪੂਰ ਸਿੰਘ ਨੇ ਦੱਸਵੀਂ ਤੱਕ ਦੀ ਸਿੱਖਿਆ ਖ਼ਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ । ਉਚੇਰੀ ਸਿੱਖਿਆ ਆਪ ਨੇ ਲਾਹੌਰ ਤੋਂ ਪ੍ਰਾਪਤ ਕੀਤੀ ।
ਦੇਸ਼ ਦੀ ਅਜ਼ਾਦੀ ਤੋਂ ਪਿੱਛੋਂ ਜਦੋਂ ਦੋ ਦੇਸ਼ ਧਰਮ ਤੇ ਆਧਾਰਿਤ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਪੰਜਾਬ ਦੀ ਧਰਤੀ ਨੂੰ ਵੰਡ ਕੇ ਬੈਠ ਗਏ । ਇਸ ਤੋਂ ਬਾਅਦ ਹਿੰਦੁਸਤਾਨ ਦੀ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਪੱਖਪਾਤੀ ਰਵੱਈਏ ਤੋਂ ਆਪ ਹਮੇਸ਼ਾਂ ਚਿੰਤਤ ਰਹਿੰਦੇ ਸਨ । ਪੰਜਾਬ ਦੇ ਗਵਰਨਰ ਸ਼੍ਰੀ ਚੰਦੂ ਲਾਲ ਤ੍ਰਿਵੇਦੀ ਵੱਲੋਂ 10 ਅਕਤੂਬਰ, 1947 ਨੂੰ ਦੇਸ਼ ਦੇ ਬਟਵਾਰੇ ਤੋਂ ਚੰਦ ਕੁ ਦਿਨਾਂ ਬਾਅਦ ਇਕ ਗਸ਼ਤੀ ਚਿੱਠੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੀ ਗਈ । ਇਸ ਚਿੱਠੀ ਵਿੱਚ ਸਮੁੁੱਚੀ ਸਿੱਖ ਕੌਮ ਨੂੰ ਮੁਜਰਮਾਨਾ ਬਿਰਤੀ ਦੇ ਆਖ ਕੇ ਇਨ੍ਹਾਂ ਦੀਆਂ ਗਤੀਵਿਧੀਆਂ ਨੂੰ ਵਾਚਣ ਲਈ ਕਿਹਾ ਗਿਆ । ਇਸ ਗਸ਼ਤੀ ਪੱਤਰ ਨੇ ਇਨ੍ਹਾਂ ਦੇ ਹਿਰਦੇ ਤੇ ਡੂੰਘੀ ਸੱਟ ਮਾਰੀ । ਬਤੌਰ ਡਿਪਟੀ ਕਮਿਸ਼ਨਰ ਇਨ੍ਹਾਂ ਵੱਲੋਂ ਇਸ ਪੱਤਰ ਦੇ ਉੱਤਰ ਵਜੋਂ ਭਾਰਤ ਸਰਕਾਰ ਪ੍ਰਤੀ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ ਗਿਆ । ਇਸ ਚਿੱਠੀ ਦੇ ਸਖ਼ਤ ਉੱਤਰ ਪਿੱਛੋਂ ਸਿਰਦਾਰ ਕਪੂਰ ਸਿੰਘ &lsquoਤੇ ਨਿਗੂਣੇ ਜਿਹੇ ਦੋਸ਼ ਆਇਦ ਕਰਕੇ ਮੁਕੱਦਮਾ ਚਲਾਇਆ ਗਿਆ । ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ । ਉਸ ਸਮੇਂ ਦੇਸ਼ ਨਵਾਂ-ਨਵਾਂ ਅੰਗ੍ਰੇਜ਼ ਹਕੂਮਤ ਵੱਲੋਂ ਅਜ਼ਾਦ ਹੋਇਆ ਸੀ, ਸਮੁੱਚੇ ਦੇਸ਼ ਵਿੱਚ ਆਈ।ਸੀ।ਐੱਸ। ਵਜੋਂ ਸੇਵਾ ਨਿਭਾਉਣ ਵਾਲੇ ਬਹੁਤ ਥੋੜ੍ਹੇ ਸਿੱਖ ਅਫ਼ਸਰ ਸਨ । ਸਰਕਾਰੀ ਨੌਕਰੀ ਤੋਂ ਬਰਖ਼ਾਸਤ ਹੋਣ ਤੋਂ ਪਿੱਛੋਂ ਆਪ ਨੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਅਤੇ ਬੇਇਨਸਾਫ਼ੀ ਨੂੰ ਖ਼ਤਮ ਕਰਨ ਲਈ ਪੂਰਨ ਰੂਪ ਵਿੱਚ ਖੁਦ ਨੂੰ ਸਮਰਪਿਤ ਕਰਕੇ ਕਾਰਜ ਕਰਨਾ ਆਰੰਭ ਕਰ ਦਿੱਤਾ । ਉਨ੍ਹਾਂ ਜ਼ਿੰਦਗੀ ਭਰ ਸਿੱਖਾਂ ਦੇ ਵਿਰੁੱਧ ਚੱਲ ਰਹੀਆਂ ਕੂਟਨੀਤਿਕ ਚਾਲਾਂ ਵਿੱਚ ਲੜਨ ਦਾ ਮਨ ਬਣਾ ਲਿਆ । ਹੁਣ ਉਨ੍ਹਾਂ ਇਕ ਉੱਘੇ ਸਿੱਖ ਬੁੱਧੀਜੀਵੀ ਵਾਲੀ ਭੂਮਿਕਾ ਨਿਭਾਉਂਦਿਆਂ ਸੰਘਰਸ਼ਸ਼ੀਲ ਤਾਕਤਾਂ ਦੇ ਹੱਕ ਵਿੱਚ ਅਵਾਜ਼ ਉਠਾਉਣ ਲਈ ਬੀੜਾ ਚੁੱਕ ਲਿਆ । 1973 ਈ: ਵਿੱਚ ਸਿਰਦਾਰ ਕਪੂਰ ਸਿੰਘ ਨੂੰ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਦੀ ਉਪਾਧੀ ਨਾਲ ਪੂਰੇ ਸਿੱਖ ਸੰਸਾਰ ਵੱਲੋਂ ਸਨਮਾਨਿਆ ਗਿਆ ।
ਉਨ੍ਹਾਂ ਬਤੌਰ ਡਿਪਟੀ ਕਮਿਸ਼ਨਰ ਕਾਰਜਸ਼ੀਲ ਰਹਿੰਦਿਆਂ ਇਸ ਗੱਲ ਨੂੰ ਭਲੀਭਾਂਤ ਅਨੁਭਵ ਕਰ ਲਿਆ ਕਿ ਰਾਜਨੀਤਿਕ ਵਿਤਕਰੇ ਕਰਕੇ ਸਿੱਖ ਜੀਵਨ ਦੇ ਹਰ ਖੇਤਰ ਵਿੱਚ ਮਾਰ ਖਾ ਰਹੇ ਹਨ । ਇਸੇ ਰਾਜਨੀਤਿਕ ਵਿਤਕਰੇ ਨੂੰ ਦੇਖਦਿਆਂ ਹੀ ਇਸ ਮਹਾਨ ਬੁੱਧੀਜੀਵੀ ਹਸਤੀ ਨੇ 1962 ਈ: ਵਿੱਚ ਲੁਧਿਆਣਾ ਤੋਂ ਅਕਾਲੀ ਦਲ ਦੀ ਟਿਕਟ ਲੈ ਕੇ ਲੋਕ ਸਭਾ ਦੀ ਚੋਣ ਜਿੱਤੀ । ਲੋਕ ਸਭਾ ਦੀ ਕਾਰਵਾਈ ਦੌਰਾਨ ਬੜੇ ਬੇਵਾਕ ਸ਼ਬਦਾਂ ਵਿੱਚ ਸਿੱਖਾਂ ਪ੍ਰਤੀ ਹਰ ਖੇਤਰ ਵਿੱਚ ਹੋ ਰਹੇ ਵਿਤਕਰੇ ਦੇ ਕੱਚੇ ਚਿੱਠੇ ਨੂੰ ਬਾਖੂਬੀ ਪੇਸ਼ ਕੀਤਾ । ਜੋ ਅੱਜ ਵੀ ਲੋਕ ਸਭਾ ਦੇ ਸਰਕਾਰੀ ਰਿਕਾਰਡ ਵਿੱਚ ਵੇਖਿਆ ਜਾ ਸਕਦਾ ਹੈ ।
ਸਿਰਦਾਰ ਕਪੂਰ ਸਿੰਘ ਨੇ ਸਾਹਿਤਕ ਖੇਤਰ ਵਿੱਚ ਵੀ ਵੱਡਾ ਯੋਗਦਾਨ ਪਾਇਆ । ਸਪੱਸ਼ਟਵਾਦੀ ਤੇ ਨਿਧੜਕ ਲੇਖਕ ਵਜੋਂ 1952 ਈ: ਵਿੱਚ ਬਹੁਵਿਸਥਾਰ ਅਤੇ ਪੁੰਦਰੀਕ ਨਾਂਅ ਦੇ ਲੇਖ ਸੰਗ੍ਰਹਿ ਪ੍ਰਕਾਸ਼ਤ ਕੀਤੇ । ਸਪਤਸ੍ਰਿੰਗ ਪੁਸਤਕ ਵਿੱਚ ਉਨ੍ਹਾਂ ਵੱਲੋਂ ਸੱਤ ਉੱਚ ਹਸਤੀਆਂ ਦੀਆਂ ਜੀਵਨੀਆਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀਆਂ ਗਈਆਂ । ਅੰਗ੍ਰੇਜ਼ੀ ਪੁਸਤਕ ਪਰਾਸ਼ਰ ਪ੍ਰਸਨਾ-ਵਿਸਾਖੀ ਆਫ਼ ਗੁਰੂ ਗੋਬਿੰਦ ਸਿੰਘ ਸਿੱਖ ਫਿਲਾਸਫ਼ੀ ਦੀ ਸ਼ਾਹਕਾਰ ਰਚਨਾ ਹੈ । ਸਾਚੀ ਸਾਖੀ ਪੁਸਤਕ ਸਿੱਖ ਕੌਮ ਨਾਲ ਹੋ ਰਹੇ ਰਾਜਨੀਤਿਕ ਵਿਤਕਰੇ ਦੇ ਸੱਚ ਨੂੰ ਪ੍ਰਗਟ ਕਰਦੀ ਹੈ । ਇਸ ਪੁਸਤਕ ਦੇ ਪਾਠਕਾਂ ਦੇ ਸਨਮੁੱਖ ਆਉਣ ਸਮੇਂ ਸਰਕਾਰ ਵੱਲੋਂ ਇਸ ਉੱਪਰ ਪਾਬੰਦੀ ਲਾ ਦਿੱਤੀ ਗਈ । ਅੰਗ੍ਰੇਜ਼ੀ ਦੀਆਂ ਤਿੰਨ ਪੁਸਤਕਾਂ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਪਿੱਛੋਂ ਡਾ: ਪਿਆਰ ਸਿੰਘ ਤੇ ਡਾ: ਮਦਨਜੀਤ ਕੌਰ ਨੇ ਸੰਪਾਦਿਤ ਕੀਤੀਆਂ । ਸਿੱਖ ਬੁੱਧੀਜੀਵੀਆਂ ਵਿੱਚੋਂ ਉਹ ਬਹੁ-ਭਾਸ਼ਾਈ ਵਿਦਵਾਨ ਵਜੋਂ ਰਹਿੰਦੀ ਦੁਨੀਆਂ ਤੱਕ ਸਤਿਕਾਰ ਪ੍ਰਾਪਤ ਕਰਦੇ ਰਹਿਣਗੇ ।
ਇਹ ਮਹਾਨ ਸ਼ਖ਼ਸ਼ੀਅਤ 1984 ਦੇ ਘੱਲੂਘਾਰੇ ਦੇ ਪਿੱਛੋਂ ਹੋ ਰਹੀ ਸਿੱਖ ਨਸਲਕੁਸ਼ੀ ਦੇ ਦਿਨਾਂ ਵਿੱਚ 13 ਅਗਸਤ, 1986 ਈ: ਜਗਰਾਉਂ (ਲੁਧਿਆਣਾ) ਵਿਖੇ ਆਪਣੇ ਸਨੇਹੀਆਂ ਤੇ ਪ੍ਰਸ਼ੰਸਕਾਂ ਨੂੰ ਸਦੀਵੀ ਵਿਛੋੜਾ ਦੇ ਗਏ । ਉਨ੍ਹਾਂ ਦੀ ਯਾਦ ਨੂੰ ਸਾਡਾ ਪ੍ਰਣਾਮ । 
-ਭਗਵਾਨ ਸਿੰਘ ਜੌਹਲ