image caption: -ਰਜਿੰਦਰ ਸਿੰਘ ਪੁਰੇਵਾਲ

ਭਾਜਪਾ ਨੇ ਕੰਗਨਾ ਰਣੌਤ ਨੂੰ ਕਿਉਂ ਕੀਤਾ ਤਲਬ?

ਕਿਸਾਨਾਂ ਬਾਰੇ ਕਾਤਲ, ਬਲਾਤਕਾਰੀ ਵਾਲੇ ਵਿਵਾਦਿਤ ਬਿਆਨ ਦੇਣ ਕਰਕੇ ਭਾਜਪਾ ਨੇ ਕੰਗਨਾ ਰਣੌਤ ਨੂੰ ਤਲਬ ਕੀਤਾ ਹੈ| ਇਸ ਮੀਟਿੰਗ ਵਿਚ ਕੰਗਨਾ ਰਣੌਤ ਨੂੰ ਮੁਲਾਕਾਤ ਲਈ ਸੱਦਿਆ ਗਿਆ ਹੈ| ਭਾਜਪਾ ਨੇ ਕੰਗਨਾ ਰਣੌਤ ਨੂੰ ਸਖ਼ਤ ਹਦਾਇਤ ਦਿੰਦੇ ਹੋਏ ਕਿਹਾ ਸੀ ਕਿ ਉਹ ਭਵਿੱਖ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ| ਕੰਗਨਾ ਦੇ ਫਿਰਕੂ ਬਿਆਨਾਂ ਕਾਰਣ ਭਾਜਪਾ ਘਿਰੀ ਹੋਈ ਹੈ| ਕੰਗਨਾ ਤੇ ਭਾਜਪਾ ਦਾ ਵਿਰੋਧ ਕਿਸਾਨਾਂ ਵਲੋਂ ਜਾਰੀ ਹੈ| ਕੰਗਨਾ ਰਣੌਤ ਨੇ ਹਾਲ ਹੀ &rsquoਚ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ, ਜੋ ਕੁਝ ਬੰਗਲਾਦੇਸ਼ ਵਿਚ ਹੋਇਆ ਹੈ, ਇਹ ਇੱਥੇ (ਭਾਰਤ) ਹੁੰਦੇ ਵੀ ਦੇਰ ਨਹੀਂ ਲੱਗਦੀ ਜੇਕਰ ਸਾਡੀ ਚੋਟੀ ਦੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ| ਕੰਗਨਾ ਨੇ ਬੰਗਲਾਦੇਸ਼ ਵਿੱਚ ਹਾਲ ਹੀ ਦੇ ਅੰਦੋਲਨ ਅਤੇ ਸੱਤਾ ਪਰਿਵਰਤਨ ਨੂੰ ਭਾਰਤ ਵਿੱਚ ਕਿਸਾਨ ਅੰਦੋਲਨ ਨਾਲ ਜੋੜਿਆ ਅਤੇ ਕਿਹਾ, ਇੱਥੇ ਜੋ ਕਿਸਾਨ ਅੰਦੋਲਨ ਹੋਏ, ਉੱਥੇ ਲਾਸ਼ਾਂ ਲਟਕੀਆਂ ਸਨ, ਉੱਥੇ ਬਲਾਤਕਾਰ ਹੋ ਰਹੇ ਸਨ...ਕਿਸਾਨਾਂ ਦੀ ਇੱਕ ਲੰਬੀ ਯੋਜਨਾ ਸੀ, ਜਿਵੇਂ ਬੰਗਲਾਦੇਸ਼ ਵਿੱਚ ਵਾਪਰਿਆ| ਅਜਿਹੀਆਂ ਸਾਜ਼ਿਸ਼ਾਂ... ਤੁਹਾਨੂੰ ਕੀ ਲੱਗਦਾ ਹੈ ਕਿਸਾਨੋਂ...? ਚੀਨ, ਅਮਰੀਕਾ... ਅਜਿਹੀਆਂ ਵਿਦੇਸ਼ੀ ਤਾਕਤਾਂ ਇੱਥੇ ਕੰਮ ਕਰ ਰਹੀਆਂ ਹਨ|
ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਕਿਸੇ ਨਾ ਕਿਸੇ ਵਿਵਾਦਿਤ ਬਿਆਨ ਨੂੰ ਲੈ ਕੇ ਘਿਰੀ ਹੀ ਰਹਿੰਦੀ ਹੈ| ਹੁਣ ਐਮਰਜੈਂਸੀ ਫਿਲਮ ਕਾਰਣ ਕੰਗਨਾ ਦਾ ਸਿਖਾਂ ਵਲੋਂ ਵਿਰੋਧ ਜਾਰੀ ਹੈ| ਸ਼੍ਰੋਮਣੀ ਕਮੇਟੀ ਉਸਨੂੰ ਕਨੂੰਨੀ ਨੋਟਿਸ ਭੇਜ ਚੁਕੀ ਹੈ| 
ਰਾਜ ਸਭ ਮੈਂਬਰ ਰਵਨੀਤ ਬਿੱਟੂ ਨੇ ਦੱਸਿਆ ਕਿ ਹਾਈ ਕਮਾਨ ਵਲੋਂ ਸਪੱਸ਼ਟ ਸ਼ਬਦਾਂ &rsquoਚ ਕਿਹਾ ਗਿਆ ਹੈ ਕਿ ਕੰਗਨਾ ਭਵਿੱਖ ਵਿਚ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ ਕਰੇ| ਜੇਕਰ ਦੁਬਾਰਾ ਅਜਿਹਾ ਕੋਈ ਭੜਕਾਊ ਬਿਆਨ ਸਾਹਮਣੇ ਆਉਂਦਾ ਹੈ ਤਾਂ ਕੰਗਨਾ &rsquoਤੇ ਕਾਰਵਾਈ ਕੀਤੀ ਜਾ ਸਕਦੀ ਹੈ|
ਕੰਗਨਾ ਦੇ ਗਲਤ ਬਿਆਨ ਕਾਰਨ ਹਰਿਆਣਾ ਵਿਚ ਪਾਰਟੀ ਦਾ ਨੁਕਸਾਨ ਹੋਇਆ ਹੈ| ਇਸ ਤੋਂ ਇਲਾਵਾ ਕੰਗਨਾ ਦੀ ਨਵੀਂ ਫ਼ਿਲਮ ਐਮਰਜੈਂਸੀ ਸਬੰਧੀ ਵੀ ਰਵਨੀਤ ਬਿੱਟੂ ਨੇ ਸਪੱਸ਼ਟ ਕੀਤਾ ਹੈ ਕਿ ਅਜਿਹਾ ਕੋਈ ਵੀ ਦ੍ਰਿਸ਼ ਨਹੀਂ ਵਿਖਾਇਆ ਜਾਵੇਗਾ ਜਿਸ ਨਾਲ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ| ਇੱਥੇ ਦੱਸਣਾ ਲਾਜ਼ਮੀ ਹੋਵੇਗਾ ਕਿ ਕੰਗਨਾ ਦੀ ਨਵੀਂ ਫਿਲਮ ਐਮਰਜੈਂਸੀ 6 ਸਤੰਬਰ ਨੂੰ ਸਿਨੇਮਾ ਘਰਾਂ ਚ ਰੀਲੀਜ਼ ਕੀਤੀ ਜਾਵੇਗੀ| ਪਰ ਇਸ ਤੋਂ ਪਹਿਲਾਂ ਹੀ ਐੱਸਜੀਪੀਸੀ ਅਤੇ ਸਿੱਖ ਜਥੇਬੰਦੀਆਂ ਵਲੋਂ ਫ਼ਿਲਮ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ| ਇਸ ਫ਼ਿਲਮ ਨੂੰ ਪਾਬੰਦੀ ਲਗਾਉਣ ਲਈ ਵਕੀਲ ਈਮਾਨ ਸਿੰਘ ਖਾਰਾ ਦੁਆਰਾ ਹਾਈਕੋਰਟ ਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ|
ਸੁਆਲ ਤਾਂ ਇਹ ਹੈ ਕਿ ਭਾਜਪਾ ਕੰਗਨਾ ਦੇ ਜ਼ਹਿਰੀਲੇ ਬਿਆਨਾਂ ਉਪਰ ਚੁੱਪ ਕਿਉਂ ਰਹੀ| ਹੁਣ ਚੋਣਾਂ ਵਿਚ ਭਾਜਪਾ ਦਾ ਨੁਕਸਾਨ ਹੁੰਦਾ ਦਿਖ ਰਿਹਾ ਹੈ ਤਾਂ ਹੀ ਉਹ ਹਰਕਤ ਵਿਚ ਆਈ ਹੈ| ਕੰਗਨਾ ਵਰਗੇ ਫਿਰਕੂ ਅਨਸਰ ਰਾਜਨੀਤੀ ਵਿਚ ਨਹੀਂ ਸ਼ੋਭਦੇ ਜੋ ਮਨੁੱਖਤਾ ਦੇ ਖੂਨ ਤੇ ਦੰਗਿਆਂ ਉਪਰ ਆਪਣੀ ਕੁਰਸੀ ਡਾਹੁਣਾ ਚਾਹੁੰਦੇ ਹਨ| ਇਹਨਾਂ ਦਾ ਲੋਕਾਂ ਵਲੋਂ ਸਖਤ ਵਿਰੋਧ ਹੋਣਾ ਚਾਹੀਦਾ ਹੈ|
ਅੰਮ੍ਰਿਤਧਾਰੀ ਕਿਸਾਨ ਆਗੂਆਂ ਨੂੰ ਘਰੇਲੂ ਹਵਾਈ ਸਫ਼ਰ ਤੋਂ ਰੋਕਣ ਬਾਰੇ ਮੋਦੀ ਸਰਕਾਰ ਸਖਤ ਕਾਰਵਾਈ ਕਰੇ
ਬੀਤੇ ਦਿਨੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ &rsquoਤੇ ਗਾਤਰੇ ਵਾਲੀ ਕ੍ਰਿਪਾਨ (ਸ੍ਰੀ ਸਾਹਿਬ) ਦਾ ਮੁੱਦਾ ਬਣਾ ਕੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਆਗੂਆਂ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਤੇ ਸੁਖਦੇਵ ਸਿੰਘ ਭੋਜਰਾਜ ਨੂੰ ਹਵਾਈ ਸਫ਼ਰ ਕਰਨ ਤੋਂ ਰੋਕਿਆ ਗਿਆ ਸੀ| ਇਹ ਕਿਸਾਨ ਆਗੂ ਇਕ ਕਿਸਾਨੀ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਤਾਮਿਲਨਾਡੂ ਜਾ ਰਹੇ ਸਨ| ਦਿੱਲੀ ਤੋਂ ਤਾਮਿਲਨਾਡੂ ਜਾਣ ਵਾਲੇ ਇਨ੍ਹਾਂ ਆਗੂਆਂ ਨੇ ਗਾਤਰੇ ਵਾਲੀ ਕ੍ਰਿਪਾਨ (ਜਿਸ ਦੀ ਕੁਲ ਲੰਬਾਈ 9 ਇੰਚ) ਪਾਈ ਹੋਈ ਸੀ ਪਰ ਹਵਾਈ ਅੱਡੇ ਵਿਖੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਵਲੋਂ ਇਨ੍ਹਾਂ ਨੂੰ ਹਵਾਈ ਸਫ਼ਰ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ| ਦੱਸਣਯੋਗ ਹੈ ਕਿ ਬਿਉਰੋ ਆਫ਼ ਸਿਵਲ ਐਵੀਏਸ਼ਨ ਸਕਿਉਰਿਟੀ (ਬੀ. ਸੀ. ਏ. ਐਸ.) ਨੇ 4 ਮਾਰਚ, 2022 ਦੇ ਆਪਣੇ ਆਦੇਸ਼ ਵਿਚ ਸਾਫ਼ ਕਿਹਾ ਸੀ ਕਿ ਇਕ ਸਿੱਖ ਯਾਤਰੀ ਆਪਣੇ ਨਾਲ ਛੋਟੀ ਕ੍ਰਿਪਾਨ ਲੈ ਕੇ ਜਾ ਸਕਦਾ ਹੈ ਪਰ ਉਸ ਦੇ ਬਲੇਡ ਦੀ ਲੰਬਾਈ 6 ਇੰਚ ਅਤੇ ਕੁਲ ਲੰਬਾਈ 9 ਇੰਚ ਤੋਂ ਜ਼ਿਆਦਾ ਨਾ ਹੋਵੇ| ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਨੇ ਇਸ ਦਾ ਸਖਤ ਨੋਟਿਸ ਲਿਆ ਹੈ| ਉਨ੍ਹਾਂ ਨੇ ਇਸ ਨੂੰ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਸੰਵਿਧਾਨ ਦੇ ਅਧਿਕਾਰਾਂ ਦੀ ਅਵੱਗਿਆ ਕਰਾਰ ਦਿੱਤਾ ਹੈ| ਗਿਆਨੀ ਰਘਬੀਰ ਸਿੰਘ ਦਾ ਕਹਿਣਾ ਸੀ ਕਿ ਕਿਰਪਾਨ ਸਿੱਖਾਂ ਨੂੰ ਗੁਰੂ ਸਾਹਿਬਾਂ ਵੱਲੋਂ ਦਿੱਤੀ ਹੈ ਅਤੇ ਭਾਰਤੀ ਸੰਵਿਧਾਨ ਦੇ ਮੁਤਾਬਕ ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਪੂਰਾ ਹੱਕ ਹੈ|
ਸੁਆਲ ਤਾਂ ਇਹ ਹੈ ਕਿ ਅੰਮ੍ਰਿਤਧਾਰੀ ਸਿੱਖਾਂ ਨੂੰ ਭਾਰਤ ਦੀਆਂ ਘਰੇਲੂ ਉਡਾਣਾਂ ਵਿਚ ਵੀ ਨਿਰਧਾਰਿਤ ਆਕਾਰ ਦੀ ਕ੍ਰਿਪਾਨ ਪਹਿਨ ਕੇ ਹਵਾਈ ਸਫਰ ਕਰਨ ਦਾ ਕਾਨੂੰਨੀ ਅਧਿਕਾਰ ਦਿੱਤਾ ਗਿਆ ਹੈ ਪਰ ਦਿੱਲੀ ਦੇ ਹਵਾਈ ਅੱਡੇ ਤੇ ਤਿੰਨ ਅੰਮ੍ਰਿਤਧਾਰੀ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ, ਸੁਖਦੇਵ ਸਿੰਘ ਭੋਜਰਾਜ ਅਤੇ ਬਲਦੇਵ ਸਿੰਘ ਸਿਰਸਾ ਨੂੰ ਕ੍ਰਿਪਾਨ ਪਹਿਨ ਕੇ ਸੁਰੱਖਿਆ ਅਧਿਕਾਰੀਆਂ ਵਲੋਂ ਹਵਾਈ ਸਫਰ ਕਰਨ ਤੋਂ ਕਿਉਂ ਰੋਕਿਆ  ਗਿਆ? 
ਇਹ ਨਿੰਦਣਯੋਗ ਅਤੇ ਸਿੱਖਾਂ ਦੇ ਮੌਲਿਕ ਤੇ ਸੰਵਿਧਾਨਿਕ ਅਧਿਕਾਰ ਦੀ ਉਲੰਘਣਾ ਹੈ| ਭਾਰਤ ਸਰਕਾਰ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਦਿੱਲੀ ਹਵਾਈ ਅੱਡੇ ਤੇ ਤਿੰਨ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਹਿਨ ਕੇ ਹਵਾਈ ਸਫਰ ਤੋਂ ਰੋਕ ਕੇ ਸੰਵਿਧਾਨਿਕ ਤੇ ਕਾਨੂੰਨੀ ਉਲੰਘਣਾ ਕਰਨ ਵਾਲੇ ਸੁਰੱਖਿਆ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਹੋਈ ਗਲਤੀ ਲਈ ਹਵਾਈ ਅੱਡਾ ਅਥਾਰਿਟੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ|
ਮਸੂਮ ਲੜਕੀ ਨਾਲ ਰੇਪ ਕਰਨ ਵਾਲਾ ਬਲਾਤਕਾਰੀ ਤਾਂਤਰਿਕ
ਦਿੱਲੀ ਦੇ ਕਾਂਝਵਾਲਾ ਇਲਾਕੇ ਚ 51 ਸਾਲਾ ਵਿਅਕਤੀ ਨੇ 9 ਸਾਲ ਦੀ ਬੱਚੀ ਨੂੰ ਜਾਦੂ ਟੂਣੇ ਦੇ ਬਹਾਨੇ ਬੁਲਾ ਕੇ ਉਸ ਨਾਲ ਬਲਾਤਕਾਰ ਕੀਤਾ| ਲੜਕੀ ਦੀ ਸਿਹਤ ਵਿਗੜਨ ਤੋਂ ਬਾਅਦ ਪੀੜਤ ਪਰਿਵਾਰ ਨੇ ਇਸ ਘਟਨਾ ਦੀ ਸ਼ਿਕਾਇਤ ਥਾਣੇ ਚ ਕੀਤੀ| ਪੁਲਸ ਨੇ ਲੜਕੀ ਨੂੰ ਹਸਪਤਾਲ ਦਾਖਲ ਕਰਵਾ ਕੇ ਮਾਮਲਾ ਦਰਜ ਕਰ ਲਿਆ ਹੈ| ਪੁਲਸ ਨੇ ਇਸ ਮਾਮਲੇ ਤੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ| ਮੁਲਜ਼ਮ ਕਬਰਸਤਾਨ ਵਿੱਚ ਰਹਿੰਦਾ ਹੈ| ਜਾਣਕਾਰੀ ਮੁਤਾਬਕ ਲੜਕੀ ਕਾਂਝਵਾਲਾ ਇਲਾਕੇ ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ| ਉਸਦੇ ਪਰਿਵਾਰ ਵਿੱਚ ਪਿਤਾ, ਵੱਡੀ ਭੈਣ, ਇੱਕ ਛੋਟੀ ਭੈਣ ਅਤੇ ਭਰਾ ਸ਼ਾਮਲ ਹਨ| ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ| ਪਿਤਾ ਨੂੰ ਵੀ ਗੰਭੀਰ ਬੀਮਾਰੀ ਹੈ| ਉਹ ਇਲਾਕੇ ਵਿੱਚ ਫਲ ਦੀ ਰੇਹੜੀ ਲਗਾਉਂਦਾ ਹੈ| ਮੁਲਜ਼ਮ ਇਲਾਕੇ ਦੇ ਕਬਰਸਤਾਨ ਵਿੱਚ ਰਹਿੰਦਾ ਹੈ ਅਤੇ ਪਰਿਵਾਰ ਦਾ ਜਾਣਕਾਰ ਹੈ|
ਲੜਕੀ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਬੀਤੇ ਦਿਨੀਂ ਉਸ ਦੇ ਘਰ ਆਇਆ ਸੀ| ਉਸ ਨੇ ਪਿਤਾ ਨੂੰ ਕਿਹਾ ਕਿ ਲੜਕੀ ਨੂੰ ਰਾਸ਼ਨ ਲੈਣ ਲਈ ਭੇਜ ਦਿਓ| ਉਸ ਦਾ ਝਾੜ ਫੂਕ ਵੀ ਕਰਨਾ ਹੈ| ਪਿਤਾ ਨੇ ਬੱਚੀ ਦੀ ਥਾਂ ਆਪਣੇ ਆਪਣੇ ਬੇਟੇ ਨੂੰ ਤਾਂਤਰਿਕ ਕੋਲ ਭੇਜ ਦਿੱਤਾ| ਬੱਚਾ ਰਾਸ਼ਨ ਲੈ ਕੇ ਆਇਆ ਸੀ| ਪਰ ਮੁਲਜ਼ਮ ਨੇ ਲੜਕੀ ਨੂੰ ਜਾਦਬ ਟੂਣਾ ਕਰਨ ਦੇ ਬਹਾਨੇ ਬੁਲਾਇਆ| ਉਸ ਨੇ ਦੱਸਿਆ ਕਿ ਅਜਿਹਾ ਕਰਨ ਨਾਲ ਉਸ ਦੇ ਪਿਤਾ ਦੀ ਸਿਹਤ ਠੀਕ ਹੋ ਜਾਵੇਗੀ| ਦੋਸ਼ ਹੈ ਕਿ ਉਥੇ ਪਹੁੰਚ ਕੇ ਦੋਸ਼ੀ ਨੇ ਬੱਚੀ ਨਾਲ ਬਲਾਤਕਾਰ ਕੀਤਾ| ਜਦੋਂ ਉਹ ਘਰ ਪਹੁੰਚੀ ਤਾਂ ਉਸ ਦੀ ਸਿਹਤ ਵਿਗੜ ਗਈ| ਵੱਡੀ ਭੈਣ ਨੇ ਪੁੱਛਿਆ ਤਾਂ ਲੜਕੀ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਉਸ ਨੂੰ ਕਿਸੇ ਨੂੰ ਕੁਝ ਨਾ ਦੱਸਣ ਲਈ ਕਿਹਾ ਸੀ| ਉਸਨੇ ਲੜਕੀ ਨੂੰ 51 ਰੁਪਏ ਦਿੱਤੇ ਅਤੇ ਕਿਹਾ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਸਦੇ ਪਿਤਾ ਦੀ ਮੌਤ ਹੋ ਜਾਵੇਗੀ|
ਘਟਨਾ ਦਾ ਪਤਾ ਲੱਗਦਿਆਂ ਹੀ ਆਸ-ਪਾਸ ਦੇ ਲੋਕ ਆ ਗਏ| ਲੋਕਾਂ ਨੇ ਪੀੜਤ ਪਰਿਵਾਰ ਨੂੰ ਬਦਨਾਮੀ ਦੇ ਡਰੋਂ ਸ਼ਿਕਾਇਤ ਨਾ ਕਰਨ ਲਈ ਕਿਹਾ| ਪਰ  ਜਦੋਂ ਬੱਚੀ ਦੀ ਸਿਹਤ ਵਿਗੜ ਗਈ ਤਾਂ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ| ਪੁਲਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦਾ ਇਲਾਜ ਕਰਵਾਉਣ ਤੋਂ ਬਾਅਦ ਉਸ ਦੇ ਬਿਆਨ ਤੇ ਬਲਾਤਕਾਰ ਅਤੇ ਪੋਕਸੋ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ| ਪੁਲਸ ਨੇ ਇਸ ਮਾਮਲੇ &rsquoਤੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ|
ਪਿਛਲੇ ਕੁਝ ਸਾਲਾਂ ਵਿਚ ਪੰਜਾਬ ਵਿਚ ਵੀ ਕਈ ਪਾਖੰਡੀ ਬਾਬਿਆਂ, ਤਾਂਤਰਿਕਾਂ, ਕਥਿਤ ਸਿਆਣਿਆਂ ਵੱਲੋਂ ਕਿਸੇ ਮਾਨਸਿਕ ਰੋਗ ਨਾਲ ਪੀੜਤ ਬੰਦੇ ਵਿੱਚੋਂ ਅਖੌਤੀ ਬੁਰੀ ਆਤਮਾ, ਓਪਰੀ ਸ਼ੈਅ ਜਾਂ ਭੂਤ ਪ੍ਰੇਤ ਕੱਢਣ ਦੀ ਆੜ ਹੇਠ ਕਤਲ, ਔਰਤਾਂ ਨਾਲ ਜ਼ਬਰਦਸਤੀ, ਗਰਮ ਚਿਮਟਿਆਂ ਨਾਲ ਤਸੀਹੇ ਦੇਣ ਅਤੇ ਮਾਸੂਮ ਬੱਚਿਆਂ ਦੀ ਬਲੀ ਦੀਆਂ ਦਿਲ ਕੰਬਾਊ ਅਪਰਾਧਿਕ ਘਟਨਾਵਾਂ ਵਾਪਰ ਚੁੱਕੀਆਂ ਹਨ| ਹਕੂਮਤਾਂ ਦੀ ਘੋਰ ਅਣਗਹਿਲੀ ਕਾਰਨ ਇਹ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ| ਬੇਹੱਦ ਅਫ਼ਸੋਸ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਨੇ ਅਜਿਹੀਆਂ ਵਹਿਸ਼ੀ ਹੱਤਿਆਵਾਂ ਰੋਕਣ ਲਈ ਹੁਣ ਤਕ ਕੋਈ ਅੰਧ-ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਦੀ ਸੰਵਿਧਾਨਿਕ ਜ਼ਿੰਮੇਵਾਰੀ ਨਹੀਂ ਨਿਭਾਈ| ਜਦ ਕਿ ਇਸ ਦੀ ਅਤਿਅੰਤ ਲੋੜ ਹੈ|
-ਰਜਿੰਦਰ ਸਿੰਘ ਪੁਰੇਵਾਲ