image caption: ਭਗਵਾਨ ਸਿੰਘ ਜੌਹਲ
ਵਿਸਮਾਦੀ ਸੁਰਾਂ ਦੇ ਮਾਲਕ ਪ੍ਰਸਿੱਧ ਰਾਗੀ ਭਾਈ ਹੀਰਾ ਸਿੰਘ ਨੂੰ ਯਾਦ ਕਰਦਿਆਂ
 6 ਸਤੰਬਰ ਨੂੰ ਬਰਸੀ &lsquoਤੇ ਵਿਸ਼ੇਸ਼
20ਵੀਂ ਸਦੀ ਦੇ ਆਰੰਭ ਵਿਚ ਇਕ ਅਜਿਹਾ ਸੁਰੀਲਾ ਕੀਰਤਨੀਆ ਖ਼ਾਲਸਾ ਪੰਥ ਨੂੰ ਮਿਲਿਆ, ਜਿਸ ਨੇ ਭਰ ਜਵਾਨੀ ਵਿੱਚ ਗੁਰਬਾਣੀ ਕੀਰਤਨ ਦੀਆਂ ਧੁੰਨਾਂ ਨਾਲ ਲੱਖਾਂ ਹਿਰਦਿਆਂ ਨੂੰ ਸ਼ਾਂਤ ਕੀਤਾ । ਭਾਈ ਹੀਰਾ ਸਿੰਘ ਦਾ ਜਨਮ 1879 ਈ: ਨੂੰ ਪੱਛਮੀ ਪੰਜਾਬ ਦੇ ਜ਼ਿਲ੍ਹਾ ਸਰਗੋਧਾ ਦੇ ਪਿੰਡ ਫਰੂਕਾ ਵਿਖੇ ਭਾਈ ਭਾਗ ਸਿੰਘ ਅਤੇ ਮਾਤਾ ਸਭਰਾਈ ਦੇ ਗ੍ਰਹਿ ਵਿਖੇ ਹੋਇਆ । ਜ਼ਿਕਰ ਮਿਲਦਾ ਹੈ ਕਿ ਭਾਈ ਭਾਗ ਸਿੰਘ ਦੀ ਸ਼ਾਦੀ ਹੋਇਆਂ 18 ਵਰੇ੍ਹ ਬੀਤ ਗਏ, ਪਰ ਕੋਈ ਔਲਾਦ ਨਾ ਹੋਈ । ਸੇਵਾ ਪੰਥੀ ਬਾਬਾ ਰਾਮ ਸਿੰਘ ਦੀ ਅਰਦਾਸ ਨਾਲ ਭਾਈ ਹੀਰਾ ਸਿੰਘ ਦਾ ਜਨਮ ਹੋਇਆ । ਮੁੱਢਲੀ ਸਿੱਖਿਆ ਪਿੰਡ ਦੀ ਧਰਮਸ਼ਾਲਾ ਤੋਂ ਪ੍ਰਾਪਤ ਕੀਤੀ । ਇਸ ਤੋਂ ਪਿੱਛੋਂ ਪ੍ਰਾਇਮਰੀ ਦੀ ਪੜ੍ਹਾਈ ਵੀ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ । ਮਿਡਲ ਕਰਨ ਲਈ ਸਾਹੀਵਾਲ ਜਾਣਾ ਪਿਆ । ਇਸ ਤੋਂ ਬਾਅਦ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਸਿੱਖਿਆ ਭਾਈ ਮਾਹਣਾ ਸਿੰਘ ਤੋਂ ਪ੍ਰਾਪਤ ਕੀਤੀ ।
ਭਾਈ ਹੀਰਾ ਸਿੰਘ ਦੇ ਪਿਤਾ ਜੀ ਭਾਈ ਭਾਗ ਸਿੰਘ ਦਾ ਸਾਰੰਗੀ ਤੇ ਤਾਊਸ ਵਜਾਉਣ ਵਿੱਚ ਕੋਈ ਮੁਕਾਬਲਾ ਨਹੀਂ ਸੀ । ਘਰ ਵਿੱਚ ਪਿਤਾ ਜੀ ਤੋਂ ਗੁਰਮਤਿ ਸੰਗੀਤ ਵਿੱਚ ਪ੍ਰਬੀਨਤਾ ਪ੍ਰਾਪਤ ਕਰਨ ਤੋਂ ਬਾਅਦ ਭਾਈ ਹੀਰਾ ਸਿੰਘ ਨੇ ਨਿਰੰਕਾਰੀ ਦਰਬਾਰ ਰਾਵਲਪਿੰਡੀ ਅਤੇ ਨਾਮਧਾਰੀ ਦਰਬਾਰ ਭੈਣੀ ਸਾਹਿਬ ਤੋਂ ਕਲਾਸੀਕਲ ਸੰਗੀਤ ਸਿੱਖ ਕੇ ਮੁਹਾਰਤ ਹਾਸਲ ਕੀਤੀ ।
ਭਾਈ ਹੀਰਾ ਸਿੰਘ ਦੀ ਆਪਣੇ ਜੀਵਨ ਦੀ ਸਭ ਤੋਂ ਵੱਡੀ ਕਮਾਈ ਉਸ ਸਮੇਂ ਨਾਮਬਾਣੀ ਦੇ ਰਸੀਏ ਮਹਾਂਪੁਰਸ਼ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ ਜਥੇ ਵਿੱਚ ਸ਼ਾਮਿਲ ਹੋ ਕੇ ਪ੍ਰਭੂ ਭਗਤੀ ਵਿੱਚ ਲੀਨ ਹੋਣਾ ਅਤੇ ਨਾਲ ਹੀ ਸੰਤ ਬਾਬਾ ਜੀ ਨਾਲ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਨਾ ਸੀ । 1897 ਈ: ਵਿੱਚ ਜਦੋਂ ਸਿੰਘ ਸਭਾ ਲਹਿਰ ਸਿੱਖ ਧਰਮ ਦੇ ਪ੍ਰਚਾਰ ਨੂੰ ਸਿਖਰ &lsquoਤੇ ਪਹੁੰਚਾ ਚੁੱਕੀ ਸੀ, ਉਸ ਸਮੇਂ ਆਪ ਆਪਣੇ ਪਰਿਵਾਰ ਸਮੇਤ ਸ੍ਰੀ ਅੰਮ੍ਰਿਤਸਰ ਆ ਵਸੇ । ਇਥੇ ਆ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਆਪਣੇ ਸਮੇਂ ਉੱਘੇ ਹਜ਼ੂਰੀ ਕੀਰਤਨੀਏ ਭਾਈ ਤਖ਼ਤ ਸਿੰਘ ਤੋਂ ਗੁਰਮਤਿ ਸੰਗੀਤ ਦੀਆਂ ਬਾਰੀਕੀਆਂ ਗ੍ਰਹਿਣ ਕੀਤੀਆਂ ।
ਉਹ ਅਜਿਹਾ ਸਮਾਂ ਸੀ ਜਦੋਂ ਸਿੱਖ ਕੌਮ ਸਿੱਖਿਆ ਦੇ ਖੇਤਰ ਵਿੱਚ ਬਹੁਤ ਪੱਛੜੀ ਹੋਈ ਸੀ । 1908 ਈ: ਵਿੱਚ ਚੀਫ਼ ਖ਼ਾਲਸਾ ਦੀਵਾਨ ਵੱਲੋਂ ਹੋਈ ਵਿੱਦਿਅਕ ਕਾਨਫਰੰਸ ਲਈ ਥਾਂ-ਪੁਰ-ਥਾਂ ਜਾ ਕੇ ਸਿੱਖਿਆ ਦੇ ਪ੍ਰਸਾਰ, ਪ੍ਰਚਾਰ ਤੇ ਵਿਕਾਸ ਲਈ ਰਾਤ-ਦਿਨ ਪ੍ਰਚਾਰ ਮੁਹਿੰਮ ਵਿੱਚ ਯੋਗਦਾਨ ਪਾਇਆ । ਅਸਲ ਵਿੱਚ ਚੀਫ਼ ਖ਼ਾਲਸਾ ਦੀਵਾਨ ਨੇ ਸਿੱਖਿਆ ਦੇ ਪ੍ਰਸਾਰ ਲਈ ਜਿਹੜਾ ਕਾਰਜ ਆਰੰਭਿਆ ਸੀ, ਉਸ ਲਈ ਸਭ ਤੋਂ ਵੱਧ ਨਿੱਠ ਕੇ ਕਾਰਜ ਕਰਨ ਵਾਲਿਆਂ ਵਿੱਚ ਭਾਈ ਹੀਰਾ ਸਿੰਘ ਨੂੰ ਵੱਡਾ ਮਾਣ ਪ੍ਰਾਪਤ ਹੋਇਆ । 
ਭਾਈ ਹੀਰਾ ਸਿੰਘ ਨੇ ਆਪਣੇ ਪਿਤਾ ਜੀ ਨਾਲ ਜਿਹੜਾ ਕੀਰਤਨੀ ਜਥਾ ਬਣਾਇਆ, ਉਸ ਜਥੇ ਨੇ ਅਣਵੰਡੇ ਦੇਸ਼ ਵਿੱਚ ਲੱਖਾਂ ਸਿੱਖ ਸੰਗਤਾਂ ਨੂੰ ਵਿਸਮਾਦੀ ਸੁਰਾਂ ਨਾਲ ਕੀਲਿਆ । ਆਪ ਦੀ ਅਵਾਜ਼ ਵਿੱਚ ਵਿਸ਼ੇਸ਼ ਕਿਸਮ ਦੀ ਰੱਬੀ ਬਖ਼ਸ਼ਿਸ਼ ਸੀ । 1925 ਈ: ਵਿੱਚ ਭਾਈ ਹੀਰਾ ਸਿੰਘ ਗਵਾਲੀਅਰ ਵਿਖੇ ਕੀਰਤਨ ਦੀ ਸੇਵਾ ਨਿਭਾਉਣ ਲਈ ਪ੍ਰਚਾਰ ਦੌਰੇ &lsquoਤੇ ਗਏ ਹੋਏ ਸਨ, ਜਦੋਂ ਉਨ੍ਹਾਂ ਇਲਾਹੀ ਬਾਣੀ ਦੀ ਕੀਰਤਨ ਦੀ ਧੁਨੀ ਦਾ ਰਾਗ-ਬੱਧ ਸੁਰ ਅਲਾਪਿਆ ਅਤੇ ਨਾਲ ਹੀ ਇਤਿਹਾਸ ਦੀ ਕਥਾ ਸਰਵਣ ਕਰਵਾਈ । ਉਥੇ ਪੁੱਜੇ ਹੋਏ ਸਰੋਤਿਆਂ ਵਿੱਚ ਇਕ ਮੁਸਲਮਾਨ ਸ਼ਰਧਾਲੂ ਹਾਜ਼ੀ ਮਸਕੀਨ ਵੀ ਝੂਮਣ ਲੱਗ ਪਿਆ । ਹੁਣ ਉਹ ਭਾਈ ਹੀਰਾ ਸਿੰਘ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰਿਆਂ ਲਈ ਵੀ ਬੜੀ ਸ਼ਰਧਾ ਭਾਵਨਾ ਨਾਲ ਪੁੱਜਾ । ਉਸ ਨੇ ਇਕ ਲੱਖ ਪੰਜਤਾਲੀ ਹਜ਼ਾਰ ਸੰਦਲੀ ਤਾਰਾਂ ਦਾ ਆਪਣੇ ਹੱਥੀਂ ਬਣਾਇਆ ਸੁੰਦਰ ਚੌਰ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਸ੍ਰੀ ਦਰਬਾਰ ਸਾਹਿਬ ਭੇਟ ਕੀਤਾ, ਜੋ ਅੱਜ ਵੀ ਤੋਸ਼ੇਖਾਨੇ ਵਿੱਚ ਸੁਰੱਖਿਅਤ ਹੈ ।
ਇਹ ਵਿਸਮਾਦੀ ਸੁਰਾਂ ਦਾ ਮਾਲਕ ਭਾਈ ਹੀਰਾ ਸਿੰਘ ਗੰਭੀਰ ਬੀਮਾਰੀ ਨਾਲ 6 ਸਤੰਬਰ, 1926 ਈ: ਦੇਹਰਾਦੂਨ ਵਿਖੇ ਆਪਣੇ ਪਿਆਰੇ ਕੀਰਤਨ ਰਸੀਏ ਸਿੱਖ, ਮੁਸਲਮਾਨ ਤੇ ਹਿੰਦੂ ਸਰੋਤਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ । ਸਿੱਖ ਸੰਗਤ ਅਤੇ ਦੂਜੇ ਧਰਮਾਂ ਦੇ ਲੱਖਾਂ ਸਰੋਤਿਆਂ ਵੱਲੋਂ ਜਿਹੜਾ ਮਾਣ ਭਾਈ ਹੀਰਾ ਸਿੰਘ ਨੂੰ ਮਿਲਿਆ, ਉਸ ਦੀ ਗਵਾਹੀ ਉਸ ਸਮੇਂ ਦੇ ਵੱਖ-ਵੱਖ ਭਾਸ਼ਾਵਾਂ ਵਾਲੇ ਛਪਣ ਵਾਲੇ ਅਖ਼ਬਾਰਾਂ ਤੇ ਰਸਾਲਿਆਂ ਨੇ ਆਪਣੇ ਪੰਨਿਆਂ ਵਿੱਚ ਕੀਤਾ ਅਤੇ ਹਿਰਦੇ ਵੇਦਕ ਸ਼ਰਧਾਂਜਲੀਆਂ ਭੇਟ ਕੀਤੀਆਂ । ਅੱਜ ਮਹਾਨ ਕੀਰਤਨੀਏ ਦੀ ਯਾਦ ਹੀ ਬਾਕੀ ਹੈ ।
-ਭਗਵਾਨ ਸਿੰਘ ਜੌਹਲ