image caption: -ਰਜਿੰਦਰ ਸਿੰਘ ਪੁਰੇਵਾਲ

ਡੇਰਾ ਬਿਆਸ ਦੇ ਦੋ ਗੱਦੀ ਦਾਰ, ਕੀ ਸਿਆਸਤ ਹੈ?

ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਜਾਨਸ਼ੀਨ ਐਲਾਨੇ ਜਾਣ ਮਗਰੋਂ ਵੱਡੀ ਗਿਣਤੀ ਵਿੱਚ ਸੰਗਤ ਡੇਰਾ ਸਤਿਸੰਗ ਬਿਆਸ ਪੁੱਜੀ| ਸਤਿਸੰਗ ਦੌਰਾਨ ਦੋਵਾਂ ਨੇ ਸੰਗਤ ਨੂੰ ਇਕੱਠਿਆਂ ਸੰਬੋਧਨ ਕੀਤਾ| ਡੇਰਾ ਰਾਧਾ ਸੁਆਮੀ ਸਤਿਸੰਗ ਸੁਸਾਇਟੀ ਬਿਆਸ ਦੇ ਸਕੱਤਰ ਦਵਿੰਦਰ ਕੁਮਾਰ ਸੀਕਰੀ ਨੇ ਬੀਤੇ ਦਿਨੀਂ ਪੱਤਰ ਜਾਰੀ ਕੀਤਾ ਸੀ, ਜਿਸ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਸਦੀਪ ਸਿੰਘ ਗਿੱਲ (45) ਨੂੰ ਆਪਣਾ ਜਾਨਸ਼ੀਨ ਨਿਯੁਕਤ ਕਰਨ ਅਤੇ ਸਾਰੀਆਂ ਜ਼ਿੰਮੇਵਾਰੀਆਂ ਅਗਲੇ ਮੁਖੀ ਨੂੰ ਸੌਂਪਣ ਦਾ ਐਲਾਨ ਕੀਤਾ ਸੀ| ਹਾਲਾਂਕਿ, ਇਸ ਤੋਂ ਬਾਅਦ ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਦੁਬਾਰਾ ਸੋਧੇ ਬਿਆਨ ਮੁਤਾਬਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮੁਖੀ ਅਤੇ ਜਸਦੀਪ ਸਿੰਘ ਗਿੱਲ ਨੂੰ ਕਾਰਜਕਾਰੀ ਮੁਖੀ ਥਾਪਿਆ ਗਿਆ ਸੀ| 
ਡੇਰੇ ਦੇ ਇਸ ਅਚਾਨਕ ਲਏ ਫ਼ੈਸਲੇ ਤੋਂ ਸੰਗਤ ਹੈਰਾਨ ਹੈ ਅਤੇ ਉਨ੍ਹਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੋ ਰਹੇ ਸਨ| ਇਸ ਦੇ ਮੱਦੇਨਜ਼ਰ  ਵੱਡੀ ਗਿਣਤੀ ਵਿਚ ਸੰਗਤ ਡੇਰਾ ਬਿਆਸ ਪੁੱਜਣੀ ਸ਼ੁਰੂ ਹੋ ਗਈ| ਡੇਰੇ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਅਨੁਸਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਜਾਨਸ਼ੀਨ ਸਬੰਧੀ ਫ਼ੈਸਲੇ ਤੋਂ ਉਹ ਕਾਫ਼ੀ ਹੈਰਾਨ ਹਨ ਅਤੇ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ| ਉਨ੍ਹਾਂ ਅਨੁਸਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਜਸਦੀਪ ਸਿੰਘ ਗਿੱਲ ਇਕੱਠੇ ਮੰਚ ਤੇ ਪਹੁੰਚੇ ਅਤੇ ਦੋ ਵੱਖ-ਵੱਖ ਗੱਦੀਆਂ &rsquoਤੇ ਬਿਰਾਜਮਾਨ ਹੋਏ| ਸਤਿਸੰਗ ਦਾ ਵਿਸ਼ਾ ਗੁਰੂ ਸੀ| ਹਾਲਾਂਕਿ, ਬਾਬਾ ਗੁਰਿੰਦਰ ਸਿੰਘ ਢਿੱਲੋਂ ਮੰਚ ਤੋਂ ਕੋਈ ਸ਼ਬਦ ਨਹੀਂ ਬੋਲੇ ਪਰ ਆਪਣੇ ਜਾਨਸ਼ੀਨ ਨੂੰ ਪਿੱਠ ਥਾਪੜ ਕੇ ਆਸ਼ੀਰਵਾਦ ਦਿੱਤਾ| 
ਕਿਸੇ ਡੇਰੇ ਵਿਚ ਦੋ ਗੱਦੀਆਂ ਲੱਗਣ ਅਤੇ ਇੱਕ ਮੰਚ ਤੇ ਦੋ ਮੁਖੀਆਂ ਦੇ ਬਿਰਾਜਮਾਨ ਹੋਣ ਦਾ ਇਹ ਪਹਿਲਾ ਮਾਮਲਾ ਹੈ| ਲੋਕਾਂ ਦਾ ਮੰਨਣਾ ਹੈ ਕਿ ਇਹ ਸਰਕਾਰੀ ਦਖਲ ਅੰਦਾਜ਼ੀ ਹੋ ਸਕਦੀ ਹੈ| ਅਜੇ ਤਕ ਡੇਰਾ ਸਿਆਸੀ ਪ੍ਰਭਾਵ ਤੋਂ ਮੁਕਤ ਰਿਹਾ ਹੈ| ਇਨ੍ਹਾਂ ਨੇ ਸਿਖ ਆਗੂਆਂ ਨਾਲ ਵੀ ਨੇੜਤਾ ਵਧਾਈ ਹੈ| ਦਰਬਾਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਝੁਕਕੇ ਬਾਬਾ ਗੁਰਿੰਦਰ ਸਿੰਘ ਨੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਸੀ| ਆਸ ਕਰਦੇ ਹਾਂ ਨਵੇਂ ਮੁਖੀ ਵੀ ਪੰਜਾਬ ਤੇ ਸਿਖਾਂ ਬਾਰੇ ਸਹੀ ਨੀਤੀ ਅਪਨਾਉਣਗੇ|
ਭਗਵੇਂਵਾਦੀਆ ਵਲੋਂ ਦਰਬਾਰ ਸਾਹਿਬ ਦੀ ਨਕਲ ਕਿਉਂ
ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਪੁਣੇ ਦੇ ਕੈਂਪ ਏਰੀਏ ਵਿਚ ਗਣਪਤੀ ਉਤਸਵ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਨਕਲ ਕਰ ਕੇ ਇਕ ਪੰਡਾਲ ਬਣਾਉਣ ਦਾ ਸ਼ਖਤ ਨੋਟਿਸ ਲੈਂਦਿਆਂ ਇਸ ਨੂੰ ਸਿੱਖ ਭਾਵਨਾਵਾਂ ਭੜਕਾਉਣ ਦੀ ਕਾਰਵਾਈ ਕਰਾਰ ਦਿੱਤਾ ਹੈ|
ਸਾਡੀ ਜਾਣਕਾਰੀ ਅਨੁਸਾਰ ਪੂਣੇ ਸ਼ਹਿਰ ਦੇ ਕੈਂਪ ਏਰੀਆ &rsquoਚ ਗਣਪਤੀ ਪੂਜਾ ਲਈ ਇਹ ਪੰਡਾਲ ਬਣਾਇਆ ਗਿਆ ਹੈ, ਜੋ ਬਿਲਕੁਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਤਰਜ਼ ਉੱਤੇ ਹੈ|  ਪੂਣੇ ਦੀ ਸਿੱਖ ਸੰਗਤ ਅਨੁਸਾਰ ਇਸ ਕੰਮ ਵਿਚ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਕੈਂਪ ਏਰੀਆ ਦੀ ਪ੍ਰਬੰਧਕ ਕਮੇਟੀ ਵੱਲੋਂ ਮੋਹਰੀ ਰੋਲ ਅਦਾ ਕੀਤਾ ਜਾ ਰਿਹਾ ਹੈ, ਜੋ ਹੋਰ ਵੀ ਦੁਖਦਾਈ ਹੈ| ਕੁੱਝ ਲੋਕਾਂ ਵਲੋਂ ਜਾਣਬੁੱਝ ਕੇ ਸਿੱਖ ਧਰਮ ਨਾਲ ਸਬੰਧਤ ਇਤਿਹਾਸਕ ਅਸਥਾਨਾਂ ਦੀ ਨਕਲ ਕੀਤੀ ਜਾਂਦੀ ਹੈ, ਜਿਸ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ| ਇਹ ਕਾਰਵਾਈ ਸਿੱਖ ਰਵਾਇਤਾਂ, ਪ੍ਰੰਪਰਾਵਾਂ ਅਤੇ ਸਿਧਾਂਤਾਂ ਦੇ ਉਲਟ ਹੈ ਅਤੇ ਇਸ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜਦੀ ਹੈ| ਦਰਬਾਰ ਸਾਹਿਬ ਦੀ ਨਕਲ ਨਹੀਂ ਕੀਤੀ ਜਾ ਸਕਦੀ| 
ਅਜਿਹਾ ਕਰਨ ਵਾਲਿਆਂ ਨੂੰ ਸਿੱਖ ਰਵਾਇਤਾਂ, ਮਾਨਤਾਵਾਂ ਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਸੀ| ਇਹ ਚੰਗੀ ਗੱਲ ਹੈ ਕਿ ਐਡਵੋਕੇਟ ਧਾਮੀ ਨੇ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵਲੋਂ ਪੁਣੇ ਵਿਖੇ ਇਕ ਟੀਮ ਨੂੰ ਪੜਤਾਲ ਲਈ ਭੇਜਿਆ ਹੈ| ਐਡਵੋਕੇਟ ਧਾਮੀ ਅਨੁਸਾਰ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ ਅਤੇ ਜੇਕਰ ਗੁਰਦੁਆਰਾ ਕਮੇਟੀ ਵੀ ਦੋਸ਼ੀ ਹੋਈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਾਰਵਾਈ ਲਈ ਲਿਖਿਆ ਜਾਵੇਗਾ| ਉਨ੍ਹਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਮਾਮਲੇ ਤੁਰੰਤ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਲਿਆਂਦੇ ਜਾਣ|
ਸਾਡਾ ਪੱਖ ਹੈ ਕਿ ਸ੍ਰੋਮਣੀ ਕਮੇਟੀ ਨੂੰ ਸਿਖੀ ਦਾ ਧਰਮ ਪ੍ਰਚਾਰ ਤੇਜ਼ ਕਰਨਾ ਚਾਹੀਦਾ ਹੈ ਤੇ ਸਿਖ ਵਿਰੋਧੀ ਅਨਸਰਾਂ ਬਾਰੇ ਕਨੂੰਨੀ ਕਾਰਵਾਈ ਵੀ ਕਰਨੀ ਚਾਹੀਦੀ ਹੈ|
-ਰਜਿੰਦਰ ਸਿੰਘ ਪੁਰੇਵਾਲ