image caption: -ਰਜਿੰਦਰ ਸਿੰਘ ਪੁਰੇਵਾਲ

ਮਾਲੀ ਦੀ ਗ੍ਰਿਫਤਾਰੀ ਨਿੰਦਣਯੋਗ, ਭਗਵੰਤ ਮਾਨ ਬੇਅੰਤ ਸਿੰਘ ਰਾਜ ਦੀਆਂ ਲੀਹਾਂ ਉਪਰ ਨਾ ਚਲੇ

ਬੀਤੇ ਦਿਨੀ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੋਸ਼ ਲਗਾਏ ਕਿ ਉਸਨੇ ਹਿੰਦੂ ਧਰਮ  ਦੀ ਕੋਈ ਤੌਹੀਨ ਕੀਤੀ ਹੈ| ਹੈਰਾਨੀ ਵਾਲੀ ਗੱਲ ਇਹ ਹੈ ਕਿ ਸ਼ਿਕਾਇਤਕਰਤਾ ਅਮਿਤ ਜੈਨ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਉਹ ਗਊ ਸੇਵਾ ਕਮਿਸ਼ਨ ਦਾ ਮੈਂਬਰ ਵੀ ਹੈ| ਜੈਨ ਨੇ ਦਾਅਵਾ ਕੀਤਾ ਸੀ ਕਿ ਮਾਲੀ ਦੇ ਹਾਲੀਆ ਇੰਟਰਵਿਊ ਵਿਚ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ| ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਬਿਜਲੀ ਦੀ ਰਫ਼ਤਾਰ ਨਾਲ ਐਫਆਈਆਰ ਦਰਜ ਕਰਕੇ ਮਾਲੀ ਨੂੰ ਗ੍ਰਿਫਤਾਰ ਕੀਤਾ ਹੈ ਪਰ ਪੰਜਾਬ ਵਿਚ ਕਈ ਹਜ਼ਾਰ ਅਪਰਾਧੀ ਸ਼ਰੇਆਮ ਘੁੰਮ ਰਹੇ ਹਨ ਪਰ ਪੁਲਿਸ ਉਨ੍ਹਾਂ ਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ| ਨਾ ਹੀ ਡਰਗ ਸਮਗਲਰਾਂ ਨੂੰ ਫੜ ਰਹੀ ਹੈ, ਨਾ ਗੈਂਗਸਟਰਾਂ ਨੂੰ ਜੋ ਪੰਜਾਬ ਦਾ ਉਦਯੋਗ ਧਮਕੀਆਂ ਦੇਕੇ ਬੰਦ ਕਰਵਾ ਰਹੇ ਹਨ| ਪੰਜਾਬ ਭਰ ਵਿੱਚ ਹਰ ਰੋਜ਼ ਅਮਨ-ਕਾਨੂੰਨ ਦੇ ਢਹਿ-ਢੇਰੀ ਹੋਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ| ਰਾਜ ਵਿੱਚ ਅਪਰਾਧ ਵਿੱਚ ਚਿੰਤਾਜਨਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਹਰ ਹਫ਼ਤੇ 3 ਤੋਂ 4 ਕਤਲ ਹੋ ਰਹੇ ਹਨ| ਇਕੱਲੇ ਅਗਸਤ ਮਹੀਨੇ ਵਿੱਚ ਪੰਜਾਬ ਵਿੱਚ ਕਤਲ ਦੀਆਂ 20 ਘਟਨਾਵਾਂ ਦਰਜ ਕੀਤੀਆਂ ਗਈਆਂ| ਪੰਜਾਬੀਆਂ ਨੂੰ ਹੁਣ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਮਹਿਸੂਸ ਨਹੀਂ ਹੋ ਰਿਹਾ| 3 ਸਤੰਬਰ ਨੂੰ ਫਿਰੋਜ਼ਪੁਰ ਵਿੱਚ ਗੋਲੀਬਾਰੀ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਿਸ ਵਿੱਚ 50 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ| ਇਹ ਕੋਈ ਵੱਖਰੀ ਘਟਨਾ ਨਹੀਂ ਹੈ|
2022 ਵਿੱਚ, ਜਦੋਂ ਆਪ ਸਰਕਾਰ ਸੱਤਾ ਵਿੱਚ ਆਈ ਸੀ, ਪੰਜਾਬ ਵਿੱਚ ਭਾਰਤ ਦੇ ਅਧੀਨ 73,626 ਅਪਰਾਧਿਕ ਘਟਨਾਵਾਂ ਹੋਈਆਂ ਸਨ| ਪੀਨਲ ਕੋਡ (ਆਈਪੀਸੀ) ਇਹਨਾਂ ਵਿੱਚੋਂ 670 ਕਤਲ ਦਰਜ ਕੀਤੇ ਗਏ ਸਨ, ਜੋ ਕਿ ਉਸ ਸਾਲ ਔਸਤਨ 6,230 ਸਨ, ਜੋ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਦਸ ਗੁਣਾ ਵਿਗੜ ਗਈ ਹੈ| ਪੰਜਾਬ ਵਿੱਚ ਹੁਣ ਕੋਈ ਵੀ ਸੁਰੱਖਿਅਤ ਨਹੀਂ ਹੈ, ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਆਗੂ ਵੀ ਨਹੀਂ| ਉਨ੍ਹਾਂ ਨੇ ਆਪ ਦੇ ਕਿਸਾਨ ਵਿੰਗ ਦੇ ਆਗੂ ਤਰਲੋਚਨ ਸਿੰਘ, ਜਿਸ ਦੀ 10 ਸਤੰਬਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ| ਪੰਜਾਬ ਵਿੱਚ ਕਾਰੋਬਾਰ ਬਰਬਾਦ ਹੋ ਰਹੇ ਹਨ ਕਿਉਂਕਿ ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਤੋਂ ਪੈਸੇ ਵਸੂਲਣੇ ਜਾਰੀ ਹਨ| ਇੱਥੋਂ ਤੱਕ ਕਿ ਲਾਰੈਂਸ ਬਿਸ਼ਨੋਈ ਗਰੁੱਪ ਵਰਗੇ ਬਦਨਾਮ ਅਪਰਾਧੀ ਜੇਲ੍ਹ ਵਿੱਚ ਰਹਿੰਦਿਆਂ ਵੀ ਸਰਗਰਮ ਰਹਿੰਦੇ ਹਨ| ਬਿਸ਼ਨੋਈ ਖੁਦ ਸੀਬੀਆਈ ਦੀ ਹਿਰਾਸਤ ਵਿੱਚੋਂ ਇੰਟਰਵਿਊ ਦਿੰਦੇ ਹਨ| ਜਦੋਂ ਜੇਲ੍ਹਾਂ ਵੀ ਸੁਰੱਖਿਅਤ ਨਹੀਂ ਹਨ ਤਾਂ ਪੰਜਾਬ ਦੇ ਲੋਕ ਸੁਰੱਖਿਅਤ ਕਿਵੇਂ ਮਹਿਸੂਸ ਕਰ ਸਕਦੇ ਹਨ? 
ਪੰਜਾਬ ਅਪਰਾਧਿਕ ਗਿਰੋਹ ਦੁਆਰਾ ਚਲਾਏ ਰਾਜ ਬਣਨ ਦੇ ਕੰਢੇ ਤੇ ਹੈ| ਲਾਅ ਐਂਡ ਆਰਡਰ ਦੇ ਮਾਮਲਿਆਂ ਵਿੱਚ ਵਾਧਾ ਪੰਜਾਬ ਨੂੰ ਗੈਂਗਸਟਰਾਂ ਦੇ ਖੇਡ ਦੇ ਮੈਦਾਨ ਵਿੱਚ ਬਦਲ ਰਿਹਾ ਹੈ| ਪੰਜਾਬੀ ਨੌਜਵਾਨ ਅਪਰਾਧ ਦੀ ਇਸ ਦੁਨੀਆਂ ਵਿੱਚ ਖਿੱਚੇ ਜਾ ਰਹੇ ਹਨ, ਅਤੇ ਜਲਦੀ ਹੀ, ਪੰਜਾਬ ਵਿੱਚ ਇਹਨਾਂ ਖਤਰਨਾਕ ਤੱਤਾਂ ਦਾ ਪੂਰੀ ਤਰ੍ਹਾਂ ਦਬਦਬਾ ਹੋ ਜਾਵੇਗਾ|
ਪਰ ਪੁਲਿਸ ਅਪਰਾਧਾਂ ਨੂੰ ਕੰਟਰੋਲ ਕਰਨ ਦੀ ਬਜਾਏ ਮਾਲੀ ਵਰਗੇ ਬੁਧੀਜੀਵੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ ਜੋ ਪੰਜਾਬ ਦਾ ਭਲਾ ਸੋਚਦੇ ਹਨ ਤੇ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਅਵਾਜ਼ ਉਠਾਉਂਦੇ ਹਨ| ਇਥੋਂ ਤਕ ਪੁਲਿਸ ਨੇ 41ਏ ਸੀਆਰਪੀਸੀ ਤਹਿਤ ਮਾਲੀ ਨੂੰ ਕੋਈ ਨੋਟਿਸ ਵੀ ਜਾਰੀ ਨਹੀਂ ਕੀਤਾ|  ਪੁਲਿਸ ਨੇ ਮਾਲੀ ਦਾ ਰਿਮਾਂਡ ਵੀ ਨਹੀਂ ਮੰਗਿਆ |
ਮਾਲੀ ਨੂੰ ਤੰਗ ਕਰਨ ਲਈ ਅਤੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਲੈਣ ਲਈ ਇਹ ਕਾਰਵਾਈ ਕੀਤੀ ਹੈ ਤਾਂ ਜੋ ਉਹ ਪੰਜਾਬ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਵਿਰੁਧ ਚੁਪ ਰਹੇ| ਹੈਰਾਨੀ ਦੀ ਗਲ ਇਹ ਹੈ ਕਿ ਬੁਧਜੀਵੀਆਂ ਦੇ ਸ਼ਬਦਾਂ ਤੋਂ ਡਰੀ ਪੰਜਾਬ ਸਰਕਾਰ ਕਿੰਨੀ ਕਮਜ਼ੋਰ ਹੈ ਤੇ ਉਹ ਸਰਕਾਰੀ ਡੰਡੇ ਨਾਲ ਲੋਕਾਂ ਦੀ ਅਵਾਜ਼ ਦਬਾਉਣਾ ਚਾਹੁੰਦੀ ਹੈ|
ਮਾਲੀ ਦੇ ਬਿਆਨਾਂ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਜਿਸ ਨਾਲ ਹਿੰਦੂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੋਵੇ| ਕਿਸੇ ਵੀ ਹਿੰਦੂ ਸੰਸਥਾ ਨੇ ਮਾਲੀ ਉਪਰ ਪ੍ਰਤੀਕਰਮ ਨਹੀਂ ਕੀਤਾ| ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਲੀ ਦੀ ਆਵਾਜ਼ ਦਬਾਉਣ ਲਈ ਮਾਲੀ ਨੂੰ ਗ੍ਰਿਫਤਾਰ ਕਰਵਾਇਆ ਹੈ| ਇਹ ਹੈ ਆਪ ਦਾ ਇਨਕਲਾਬ| ਇਹ ਸਰਕਾਰ ਪੰਜਾਬ ਲਈ ਅਕਾਲੀ ਤੇ ਕਾਂਗਰਸ ਸਰਕਾਰ ਤੋਂ ਨਖਿਧ ਸਾਬਤ ਹੋਈ ਹੈ| ਬੇਅੰਤ ਸਿੰਘ ਦੇ ਰਾਹ ਉਪਰ ਚਲ ਪਈ ਹੈ, ਜਿਥੇ ਜੰਗਲ ਦਾ ਰਾਜ ਸੀ| ਸੰਵਿਧਾਨ, ਵਿਧਾਨ ਦੀ ਕੋਈ ਕਦਰ ਨਹੀਂ ਸੀ| ਸਮੂਹ ਪੰਜਾਬੀਆਂ ਨੂੰ ਮਾਲੀ ਦੇ ਹੱਕ ਵਿਚ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ|
-ਰਜਿੰਦਰ ਸਿੰਘ ਪੁਰੇਵਾਲ