image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਬੀਬੀ ਕਿਰਨਜੋਤ ਕੌਰ ਨੇ ਵੀ ਉਕਤ ਇਤਿਹਾਸਕ ਹਵਾਲੇ ਨਾਲ ਸਪੱਸ਼ਟ ਕਰ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇਹ ਨਹੀਂ ਜੋਤਿ ਹਨ

ਸਤਿਕਾਰ ਯੋਗ ਸੰਪਾਦਕ ਜੀੳ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਹਿ
ਦਾਸ ਦੇ ਇਸ ਪੱਤਰ ਦਾ ਵਿਸ਼ਾ ਹੈ : ਗੁਰੂ ਗ੍ਰੰਥ ਸਾਹਿਬ, ਜੋਤਿ ਹੈ ਦੇਹ ਨਹੀਂ । ਪਿਛਲੇ ਹਫ਼ਤੇ ਦੇ ਪੰਜਾਬ ਟਾਈਮਜ਼ ਅੰਕ 3047 ਦੇ ਸਫ਼ੇ 28 ਉੱਤੇ ਸਨਮਾਨ ਯੋਗ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਦਾ ਇਕ ਲੇਖ ਛਪਿਆ ਹੈ : ਵੱਡੇ ਬਾਦਲ ਨੂੰ ਮਿਲੇ ਫਖ਼ਰ-ਏ-ਕੌਮ ਦਾ ਐਵਾਰਡ ਵਾਪਿਸ ਲੈਣ ਲਈ ਵੀ ਪੁਨਰ-ਵਿਚਾਰ ਹੋਵੇ । ਇਸ ਲੇਖ ਦੇ ਪਹਿਲੇ ਪੈਰੇ੍ਹ ਦਾ ਸੰਬੰਧ ਦਾਸ ਦੇ ਇਸ ਪੱਤਰ ਨਾਲ ਹੈ । ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਉਕਤ ਲੇਖ ਦੀ ਅਰੰਭਤਾ ਵਿੱਚ ਹੀ ਲਿਖਦੇ ਹਨ ਕਿ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਪੰਥ ਨੂੰ ਵੀ ਗੁਰਿਆਈ ਬਖ਼ਸ਼ੀ ਗੁਰੂ ਪੰਥ ਉਹ ਖ਼ਾਲਸਾ ਪੰਥ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਸਾਜਿਆ ਅਤੇ ਉਸ ਵਿੱਚ ਅਭੇਦ ਹੋ ਗਏ । ਭਾਈ ਪ੍ਰਹਿਲਾਦ ਸਿੰਘ ਜੀ ਦੇ ਰਹਿਤਨਾਮੇ ਵਿੱਚ ਇਸ ਨੂੰ ਇੰਜ ਸਮਝਾਇਆ ਗਿਆ ਹੈ : ਗੁਰੂ ਖ਼ਾਲਸਾ ਮਾਨੀਅਹਿ ਪਰਗਟ ਗੁਰਾਂ ਕੀ ਦੇਹ, ਜੋ ਸਿੱਖ ਮੋ ਮਿਲਬੋ ਚਹਹਿ ਖੋਜ ਇਨਹੁ ਮਹਿ ਲੇਹੁ । ਭਾਵ ਗੁਰੂ ਦੀ ਰੂਹ (ਆਤਮਾ) ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਦੇਹ ਖ਼ਾਲਸਾ ਪੰਥ ਵਿੱਚ ਹੈ । ਖ਼ਾਲਸਾ ਪੰਥ ਇਕ ਜਥੇਬੰਦੀ ਹੈ ਜਿਸ ਨੂੰ ਇਕ ਸੂਤ ਵਿੱਚ ਪਰੋਏ ਰੱਖਣ ਲਈ ਖ਼ਾਲਸਾ ਧਰਮ ਦੇ ਨਿਯਮਾਂ ਅਨੁਸਾਰ ਰਹਿਣਾ ਪੈਂਦਾ ਹੈ । 
ਬੀਬੀ ਕਿਰਨਜੋਤ ਕੌਰ ਨੇ ਵੀ ਉਕਤ ਇਤਿਹਾਸਕ ਹਵਾਲੇ ਨਾਲ ਸਪੱਸ਼ਟ ਕਰ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇਹ ਨਹੀਂ ਜੋਤਿ ਹਨ । ਆਉ ਹੁਣ ਇਸ ਵਿਸ਼ੇ &lsquoਤੇ ਹੋਰ ਵੀ ਵਿਚਾਰ ਕਰੀਏ । ਰੋਜ਼ਾਨਾ ਹੋਣ ਵਾਲੀ ਅਰਦਾਸ ਵਿੱਚ ਦਸਾਂ ਪਾਤਸ਼ਾਹੀਆਂ ਦੀ ਜੋਤਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ-ਦੀਦਾਰ ਦਾ ਧਿਆਨ ਧਰ ਕੇ ਖ਼ਾਲਸਾ ਜੀ, ਬੋਲੋ ਜੀ ਵਾਹਿਗੁਰੂ, ਵਿੱਚ ਆਏ ਜੋਤਿ ਸ਼ਬਦ ਨੂੰ ਰੋਜ਼ਾਨਾ ਦੋ ਵੇਲੇ ਦੀ ਅਰਦਾਸ ਤੋਂ ਬਾਅਦ ਪੜ੍ਹਿਆ ਜਾਣ ਵਾਲਾ ਇਹ ਦੋਹਰਾ ਗੁਰੂ ਗ੍ਰੰਥ ਜੀ ਮਾਨਿੳ ਪਰਗਟ ਗੁਰਾਂ ਕੀ ਦੇਹ, ਜੋਤਿ ਦਾ ਪ੍ਰਤੱਖ ਰੂਪ ਵਿੱਚ ਖੰਡਨ ਕਰ ਦਿੰਦਾ ਹੈ । ਕਿਉਂਕਿ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਅਨੁਸਾਰ ਜੋਤਿ ਦੇ ਅਰਥ ਰੌਸ਼ਨੀ, ਪ੍ਰਕਾਸ਼ ਪ੍ਰਭੂ ਪ੍ਰਮਾਤਮਾ ਹੈ । ਜਿਵੇਂ ਕਿ ਪ੍ਰਗਟੀ ਜੋਤਿ ਮਿਟਿਆ ਅੰਧਿਆਰਾ (ਗੁ: ਗ੍ਰੰ: ਸਾ: ਪੰਨਾ 1349) ਅਤੇ ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮ (ਗੁ: ਗ੍ਰੰ: ਸਾ: ਪੰਨਾ 846) ਜਦ ਕਿ ਦੇਹ ਦੇ ਅਰਥ ਸਰੀਰ, ਤਨ, ਜਿਸਮ ਹਨ । ਜਿਵੇਂ ਕਿ ਜਿਤੁ ਦਿਨਿ ਦੇਹ ਬਿਨਸਸੀ (ਗੁ: ਗ੍ਰੰ: ਸਾ: ਪੰਨਾ 134) ਅਤੇ ਸਾਚੀ ਲਿਵੈ ਬਿਨੁ ਦੇਹ ਨਿਮਾਣੀ (ਗੁ: ਗ੍ਰੰ: ਸਾ: ਪੰਨਾ 917) ਦੇ ਉਕਤ ਗੁਰਬਾਣੀ ਪ੍ਰਮਾਣ ਗੁਰਬਾਣੀ ਵਿੱਚ ਦਰਜ ਹਨ । ਰੋਜ਼ਾਨਾ ਅਰਦਾਸ ਉਪਰੰਤ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਰੱਖਣ ਵਾਲਾ ਨਾਨਕ-ਨਾਮਲੇਵਾ ਜਗਿਆਸੂ ਇਸ ਦੁਬਿਧਾ ਵਿੱਚ ਪੈ ਜਾਂਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਮੰਨੇ ਜਾਂ ਜੋਤਿ ਪ੍ਰਵਾਨ ਕਰੇ ।
ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਅਤੇ ਦਰਬਾਰੀ ਕਵੀ ਭਾਈ ਪ੍ਰਹਿਲਾਦ ਸਿੰਘ ਜੀ ਦੇ ਰਹਿਤਨਾਮੇ (ਰਹਿਤਨਾਮਾ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਵਾਨਗੀ ਅਤੇ ਹਾਜਰੀ ਵਿੱਚ ਲਿਖਿਆ ਗਿਆ) ਵਿੱਚ ਦਰਜ ਦੋ ਦੋਹਰਿਆਂ ਤੋਂ ਪੰਥ ਖ਼ਾਲਸਾ ਹੀ ਦੇਹ (ਸਰੀਰ) ਹੋਣ ਦਾ ਪ੍ਰਤੱਖ ਪ੍ਰਮਾਣ ਮਿਲਦਾ ਹੈ ਜੋ ਕਿ ਇਸ ਪ੍ਰਕਾਰ ਹਨ : 
ਅਕਾਲ ਪੁਰਖ ਦੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ ॥
ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿE ਗ੍ਰੰਥ ॥
ਗੁਰੂ ਖ਼ਾਲਸਾ ਮਾਨੀ ਅਹਿ, ਪ੍ਰਗਟ ਗੁਰੂ ਕੀ ਦੇਹ ॥
ਜੋ ਸਿਖ ਮੋ ਮਿਲਬੋ ਚਾਹਹਿ, ਖੋਜ ਇਨਹੀ ਮਹਿ ਲੇਹ ॥ 
ਗੁਰੂ ਗ੍ਰੰਥ ਸਾਹਿਬ ਨੂੰ ਦੇਹ (ਸਰੀਰ) ਹੋਣ ਦਾ ਪ੍ਰਚੱਲਤ ਹੋ ਚੁੱਕਾ ਦੋਹਰਾ ਜੋ ਬਿਨਾਂ ਵਿਚਾਰਨ ਤੋਂ ਹੀ ਦੇਖਾ ਦੇਖੀ ਪੜ੍ਹਿਆ ਜਾ ਰਿਹਾ ਹੈ, ਉਹ ਇਹ ਹੈ : ਗੁਰੂ ਗ੍ਰੰਥ ਜੀ ਮਾਨਿE ਪ੍ਰਗਟ ਕੀ ਦੇਹ ॥ ਇਹ ਦੋਹਰਾ ਪੰਥ ਪ੍ਰਕਾਸ਼ ਵਿੱਚ ਦਰਜ ਹੈ, ਜੋ ਕਿ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਹੈ ਅਤੇ ਇਸ ਦਾ ਕਰਤਾ ਗਿਆਨੀ ਗਿਆਨ ਸਿੰਘ ਨਿਰਮਲਾ ਹੈ, ਜਿਸ ਨੇ ਭਾਈ ਪ੍ਰਹਿਲਾਦ ਸਿੰਘ ਜੀ ਦੇ ਲਿਖਤੀ ਦੋਹਰੇ ਨੂੰ ਤਰੋੜ ਮਰੋੜ ਕੇ ਅਤੇ ਵਿਗਾੜ ਕੇ ਗੁਰੂ ਗ੍ਰੰਥ ਜੀ ਮਾਨਿE ਪ੍ਰਗਟ ਗੁਰਾਂ ਕੀ ਦੇਹ ॥ ਲਿਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਦੇਹ (ਸਰੀਰ) ਹੋਣ ਦਾ ਭੁਲੇਖਾ ਪਾ ਕੇ ਜੋਤਿ (ਪ੍ਰਕਾਸ਼) ਤੇ ਪਰਦਾ ਪਾਉਣ ਦੀ ਘਿਨਾਉਣੀ ਸਾਜਿਸ਼ ਕੀਤੀ ਹੈ । ਅਸੀਂ ਇਸ ਦੀ ਵਿਰੋਧਤਾ ਕਰਨ ਦੀ ਬਜਾਏ, ਦੇਖਾ ਦੇਖੀ ਸਭ ਕਰੇ, ਮਨਮੁਖਿ ਬੂਝ ਨ ਪਾਇ ॥ (ਸਿਰੀ ਰਾਗੁ ਮ: ਤੀਜਾ ਗੁ: ਗ੍ਰੰ: ਸਾ: ਪੰਨਾ 28) ਦੇ ਗੁਰ ਫੁਰਮਾਨ ਅਨੁਸਾਰ ਇਕਸੁਰਤਾ ਵਿੱਚ ਬੋਲ ਕੇ ਸਹੀ ਅਤੇ ਸੱਚ ਮੰਨੀ ਬੈਠੇ ਹਾਂ ਜੋ ਕਿ ਸਾਡੀ ਅਗਿਆਨਤਾ ਦੇ ਸਬੂਤ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੋ ਸਕਦਾ । ਇਥੇ ਇਹ ਵੀ ਦੱਸਣ ਯੋਗ ਹੈ ਕਿ ਭਾਈ ਪ੍ਰਹਿਲਾਦ ਸਿੰਘ ਜੀ (1708 ਈ:) ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਅਤੇ ਦਰਬਾਰੀ ਕਵੀ ਸਨ । ਦੂਜਾ ਪੱਖ ਕਿ ਗਿਆਨੀ ਗਿਆਨ ਸਿੰਘ ਦਾ ਜਨਮ ਹੀ ਸੰਨ 1822 ਈ: ਵਿੱਚ ਹੋਇਆ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ-ਗੱਦੀ ਦੇਣ ਤੋਂ ਤਕਰੀਬਨ 115 ਸਾਲ ਬਾਅਦ ਦਾ ਸਮਾਂ ਹੈ । ਇਸ ਤੋਂ ਇਹ ਸੁਤੇ ਸਿਧ ਹੀ ਸਮਝਿਆ ਜਾ ਸਕਦਾ ਹੈ, ਗਿਆਨੀ ਗਿਆਨ ਸਿੰਘ ਨੇ ਪ੍ਰਹਿਲਾਦ ਸਿੰਘ ਦੇ ਦੋਹਰੇ ਨੂੰ ਜਾਣ ਬੁੱਝ ਕੇ ਤਰੋੜ ਮਰੋੜ ਕੇ ਲਿਖਿਆ ਹੈ । ਅੰਤਿਮ ਤੇ ਸਹੀ ਫੈਸਲਾ ਪੰਥ ਨੇ ਕਰਨਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋਤਿ ਪ੍ਰਵਾਨ ਕਰਦਾ ਹੈ ਜਾਂ ਦੇਹ ਮੰਨਦਾ ਹੈ । ਦਸ਼ਮੇਸ਼ ਪਿਤਾ ਨੇ ਖ਼ਾਲਸੇ ਦੀ ਮਹਿਮਾ ਇੰਝ ਕੀਤੀ ਹੈ : ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥ ਖ਼ਾਲਸੇ ਮਹਿ ਕਰੋ ਨਿਵਾਸ ॥ ਉਪਰੋਕਤ ਇਤਿਹਾਸਕ ਪ੍ਰਮਾਣਾਂ ਤੋਂ ਇਹ ਸਪੱਸ਼ਟ ਸਿੱਧ ਹੁੰਦਾ ਹੈ ਕਿ ਗੁਰੂ ਜੀ ਦੀ ਦੇਹ (ਸਰੀਰ) ਗੁਰੂ ਗ੍ਰੰਥ ਸਾਹਿਬ ਨਹੀਂ ਹੈ, ਸੋ ਸਮੁੱਚਾ ਖ਼ਾਲਸਾ ਪੰਥ ਹੀ ਗੁਰੂ ਗ੍ਰੰਥ ਸਾਹਿਬ ਦੀ ਦੇਹ (ਸਰੀਰ) ਹੈ ਜਦਕਿ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ, ਜਾਗਤ-ਜੋਤਿ ਪ੍ਰਕਾਸ਼ਮਾਨ ਜੋਤਿ ਹੀ ਹਨ । ਗੁਰੂ ਗ੍ਰੰਥ ਸਾਹਿਬ ਨੂੰ ਗੁਰ-ਗੱਦੀ ਦੇਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਬਚਨ ਇਸ ਗੱਲ &lsquoਤੇ ਮੋਹਰ ਲਾਉਂਦੇ ਹਨ ਕਿ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ, ਭਾਵ ਖ਼ਾਲਸਾ ਪੰਥ ਗੁਰੂ ਦੀ ਦੇਹ (ਸਰੀਰ) ਹੈ । ਖ਼ਾਲਸਾ ਪੰਥ ਨੂੰ ਸੁਚੇਤ ਰੂਪ ਵਿੱਚ ਵਿਚਾਰ ਕਰਨੀ ਚਾਹੀਦੀ ਹੈ ਕਿ ਅਰਦਾਸ ਤੋਂ ਬਾਅਦ ਭਾਈ ਪ੍ਰਹਿਲਾਦ ਸਿੰਘ ਵਾਲਾ ਦੋਹਰਾ, ਗੁਰੂ ਖ਼ਾਲਸਾ ਮਾਨੀਅਹਿ ਪ੍ਰਗਟ ਗੁਰੂ ਕੀ ਦੇਹ ਪੜ੍ਹਨਾ ਚਾਹੀਦਾ ਹੈ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।