image caption:

26 ਸਤੰਬਰ 2024- ਅੱਜ ਦੀਆਂ ਮੁੱਖ ਖਬਰਾਂ

ਟਰੂਡੋ ਸਰਕਾਰ ਡੇਗਣ ਦਾ ਪਹਿਲਾ ਯਤਨ ਅਸਫ਼ਲ

ਔਟਵਾ : ਟਰੂਡੋ ਸਰਕਾਰ ਡੇਗਣ ਦਾ ਪਹਿਲਾ ਯਤਨ ਅਸਫ਼ਲ ਹੋ ਗਿਆ ਪਰ ਜਲਦ ਹੀ ਦੂਜਾ ਯਤਨ ਸਾਹਮਣੇ ਆ ਸਕਦਾ ਹੈ। ਜੀ ਹਾਂ, ਬਲੌਕ ਕਿਊਬੈਕਵਾ ਨੇ ਧਮਕੀ ਦਿਤੀ ਹੈ ਕਿ ਬਜ਼ੁਰਗਾਂ ਦੀ ਪੈਨਸ਼ਨ ਵਿਚ 29 ਅਕਤੂਬਰ ਤੱਕ 10 ਫ਼ੀ ਸਦੀ ਵਾਧਾ ਨਾ ਕੀਤਾ ਗਿਆ ਤਾਂ ਲਿਬਰਲ ਸਰਕਾਰ ਦਾ ਤਖਤਾ ਪਲਟਣ ਤੋਂ ਪਿੱਛੇ ਨਹੀਂ ਹਟਣਗੇ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦੇ ਬੇਵਿਸਾਹੀ ਮਤੇ &rsquoਤੇ ਵੋਟਿੰਗ ਦੌਰਾਨ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਅਤੇ ਬਲੌਕ ਕਿਊਬੈਕਵਾ ਦੋਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹੱਕ ਵਿਚ ਵੋਟ ਪਾਈ। ਵਿਰੋਧੀ ਧਿਰ ਵੱਲੋਂ ਲਿਆਂਦੇ ਬੇਵਿਸਾਹੀ ਮਤੇ ਦੇ ਵਿਰੋਧ ਵਿਚ 211 ਅਤੇ ਹੱਕ ਵਿਚ 120 ਵੋਟਾਂ ਪਈਆਂ। ਐਨ.ਡੀ.ਪੀ. ਵੱਲੋਂ ਲਿਬਰਲ ਸਰਕਾਰ ਨਾਲੋਂ ਤੋੜ-ਵਿਛੋੜਾ ਕੀਤੇ ਜਾਣ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਹ ਪਹਿਲੀ ਅਗਨ ਪ੍ਰੀਖਿਆ ਸੀ ਪਰ ਕ੍ਰਿਸਮਸ ਤੋਂ ਪਹਿਲਾਂ ਪਹਿਲਾਂ ਤਿੰਨ ਬੇਵਿਸਾਹੀ ਮਤੇ ਹੋਰ ਲਿਆਂਦੇ ਜਾ ਸਕਦੇ ਹਨ।

ਰੂਸੀ ਰਾਸ਼ਟਰਪਤੀ ਦੀ ਪ੍ਰਮਾਣੂ ਹਮਲੇ ਦੀ ਧਮਕੀ
ਮਾਸਕੋ: ਵਲਾਦੀਮੀਰ ਪੁਤਿਨ ਨੇ ਅੱਜ ਪੱਛਮੀ ਦੇਸ਼ਾਂ ਨੂੰ ਰੂਸ &lsquoਤੇ ਹਵਾਈ ਹਮਲੇ ਦੀ ਸਥਿਤੀ &lsquoਚ ਪ੍ਰਮਾਣੂ ਹਮਲੇ ਦੀ ਚਿਤਾਵਨੀ ਦਿੱਤੀ ਹੈ। ਇਸ ਵਿੱਚ ਰੂਸੀ ਖੇਤਰ ਦੇ ਅੰਦਰ ਡੂੰਘੇ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਲਈ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਸ਼ਾਮਲ ਹੈ, ਜੋ ਕਿ ਬ੍ਰਿਟੇਨ ਨੇ ਕਿਯੇਵ ਲਈ ਯੂਕਰੇਨ ਨੂੰ ਸਪਲਾਈ ਕੀਤੀ ਸੀ। ਰਾਸ਼ਟਰਪਤੀ ਪੁਤਿਨ ਦੀਆਂ ਟਿੱਪਣੀਆਂ ਰੂਸ ਦੇ ਪ੍ਰਮਾਣੂ ਨਿਵਾਰਣ &lsquoਤੇ ਵਿਚਾਰ ਵਟਾਂਦਰੇ ਲਈ ਮਾਸਕੋ ਦੀ ਚੋਟੀ ਦੀ ਸੁਰੱਖਿਆ ਪ੍ਰੀਸ਼ਦ ਦੇ ਨਾਲ ਉਨ੍ਹਾਂ ਦੀ ਜ਼ਰੂਰੀ ਬੈਠਕ ਤੋਂ ਬਾਅਦ ਆਈਆਂ ਹਨ। ਰੂਸ ਦੀ ਇਹ ਧਮਕੀ ਅਜਿਹੇ ਸਮੇਂ &lsquoਚ ਆਈ ਹੈ ਜਦੋਂ ਮਾਸਕੋ &lsquoਚ ਪੱਛਮੀ ਸ਼ਕਤੀਆਂ ਖਾਸ ਤੌਰ &lsquoਤੇ ਬ੍ਰਿਟੇਨ ਅਤੇ ਅਮਰੀਕਾ ਨੂੰ ਯੂਕਰੇਨ ਦੇ ਖਿਲਾਫ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ &lsquoਤੇ ਚਿੰਤਾ ਵਧ ਰਹੀ ਹੈ।

ਭਾਰਤ ਨੇ ਆਪਣੇ ਨਾਗਰਿਕਾਂ ਨੂੰ ਲੇਬਨਾਨ ਛੱਡਣ ਦੀ ਦਿੱਤੀ ਸਲਾਹ
ਬੇਰੂਤ : ਭਾਰਤ ਸਰਕਾਰ ਵੀ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਸੰਭਾਵਿਤ ਜੰਗ ਨੂੰ ਲੈ ਕੇ ਅਲਰਟ ਮੋਡ &lsquoਤੇ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਲੇਬਨਾਨ ਛੱਡਣ ਦੀ ਸਲਾਹ ਦਿੱਤੀ ਹੈ। ਨਾਲ ਹੀ ਭਾਰਤੀਆਂ ਨੂੰ ਲੇਬਨਾਨ ਦੀ ਯਾਤਰਾ ਨਾ ਕਰਨ ਲਈ ਕਿਹਾ ਗਿਆ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਜ਼ਰਾਈਲ ਛੇਤੀ ਹੀ ਲੇਬਨਾਨ &lsquoਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲ ਹੀ ਵਿੱਚ ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਵੱਡੇ ਹਵਾਈ ਹਮਲੇ ਹੋਏ ਸਨ। ਬੇਰੂਤ ਵਿੱਚ ਭਾਰਤੀ ਦੂਤਾਵਾਸ ਦੁਆਰਾ ਜਾਰੀ ਇੱਕ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ, &lsquoਲੇਬਨਾਨ ਵਿੱਚ ਪਹਿਲਾਂ ਤੋਂ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਨੂੰ ਲੇਬਨਾਨ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ।&rsquo ਇਸ ਵਿਚ ਅੱਗੇ ਕਿਹਾ ਗਿਆ ਹੈ, &lsquoਜੋ ਲੋਕ ਕਿਸੇ ਵੀ ਕਾਰਨ ਕਰਕੇ ਉਥੇ ਰਹਿ ਰਹੇ ਹਨ, ਉਨ੍ਹਾਂ ਨੂੰ ਬਹੁਤ ਸਾਵਧਾਨੀ ਵਰਤਣ, ਆਪਣੀ ਹਰਕਤ ਨੂੰ ਸੀਮਤ ਕਰਨ ਅਤੇ ਬੇਰੂਤ ਵਿਚ ਭਾਰਤੀ ਦੂਤਾਵਾਸ ਨਾਲ ਸੰਪਰਕ ਵਿਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।&rsquo ਦੂਤਾਵਾਸ ਦੁਆਰਾ ਈਮੇਲ ਆਈਡੀ- cons.beirut@mea.gov.in ਅਤੇ ਐਮਰਜੈਂਸੀ ਨੰਬਰ +96176860128 ਵੀ ਜਾਰੀ ਕੀਤਾ ਗਿਆ ਹੈ।

ਆਉਣ ਵਾਲੇ ਸਮੇਂ ਵਿਚ ਵੀਜ਼ਾ ਲੈਣ ਲਈ ਸਖ਼ਤੀ ਦਾ ਕਰਨਾ ਪਵੇਗਾ ਸਾਹਮਣਾ- ਕੈਨੇਡਾ
ਕੈਨੇਡਾ &lsquoਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਬੀਤੇ ਮਹੀਨਿਆਂ ਤੋਂ ਇੰਮੀਗੇਸ਼ਨ ਅਤੇ ਵੀਜ਼ਾ ਸਿਸਟਮ ਦੀਆਂ ਕਮਜ਼ੋਰੀਆਂ ਤੇ ਢਿੱਲਾਂ (ਜੋ 2015 ਤੋਂ ਉਨ੍ਹਾਂ ਨੇ ਆਪ ਹੀ ਸ਼ੁਰੂ ਕੀਤੀਆਂ ਸੀ) ਨੂੰ ਕੈਨੇਡਾ ਵਾਸੀ ਲੋਕਾਂ ਦਾ ਵਿਰੋਧ ਭਾਂਪਣ ਮਗਰੋਂ ਨੱਥਣ ਦਾ ਕੰਮ ਤੇਜ਼ ਕੀਤਾ ਹੋਇਆ ਹੈ । ਦੇਸ਼ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਕਿਹਾ ਹੈ ਕਿ ਬੀਤੇ ਮਹੀਨਿਆਂ ਦੌਰਾਨ ਸਿਸਟਮ ਦੀ ਘੋਖ ਕੀਤੀ ਜਾਂਦੀ ਰਹੀ ਹੈ ਤੇ ਵਿਦੇਸ਼ੀਆਂ ਦਾ ਵਹਾਅ ਘਟਾ ਕੇ ਕੈਨੇਡਾ ਦੇ ਹਿੱਤ ਵਿਚ ਸਿਸਟਮ ਦੇ ਬਦਲਾਅ ਲਾਗੂ ਕੀਤੇ ਜਾ ਰਹੇ ਹਨ ।

ਉਨ੍ਹਾਂ ਕਿਹਾ ਕਿ ਕੈਨੇਡਾ ਦੇ ਵੀਜ਼ਾ ਧਾਰਕਾਂ ਨੂੰ ਸਾਡੇ ਦੇਸ਼ ਨੂੰ ਜ਼ਮੀਨੀ ਸਰਹੱਦ ਰਾਹੀਂ ਗੈਰ-ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਵਿਚ ਵੜਨ ਦੇ ਇਕ ਸਾਧਨ ਵਜੋਂ ਵਰਤਣ ਨਹੀਂ ਦਿੱਤਾ ਜਾ ਸਕਦਾ । ਅਮਰੀਕਾ ਦੀ ਸਰਹੱਦ &lsquoਤੇ ਤਾਇਨਾਤ ਇੰਮੀਗ੍ਰੇਸ਼ਨ ਤੇ ਕਸਟਮਜ਼ ਅਧਿਕਾਰੀਆਂ ਵਲੋਂ ਬੀਤੇ ਸਾਲ ਦੇ ਅਕਤੂਬਰ ਮਹੀਨੇ ਤੋਂ ਅਗਸਤ 2024 ਤੱਕ ਬਿਨਾ ਵੀਜ਼ਾ ਤੋਂ ਦੇਸ਼ ਵਿੱਚ ਦਾਖਲ ਹੋ ਰਹੇ 21929 ਵਿਦੇਸ਼ੀਆਂ ਨੂੰ ਰੋਕਿਆ ਗਿਆ ਜਿਨ੍ਹਾਂ ਵਿਚ ਅੱਧੇ ਤੋਂ ਵੱਧ (12992) ਭਾਰਤ ਦੇ ਨਾਗਰਿਕ ਸਨ। ਇਹ ਵੀ ਕਿ ਇਨ੍ਹਾਂ ਵਿਚੋਂ 17810 ਵਿਅਕਤੀ ਕਿਊਬਕ ਰਾਹੀਂ ਨਿਊ ਯਾਰਕ&rsquo ਵੱਲ੍ਹ ਜਾਣ ਦੀ ਕੋਸ਼ਿਸ਼ ਵਿਚ ਅਧਿਕਾਰੀਆ ਦੇ ਹੱਥ ਆਏ ਸਨ। 2022 ਵਿਚ ਇਹ ਗਿਣਤੀ ਬਹੁਤ ਘੱਟ, 2238 ਸੀ । ਅਜਿਹੇ ਅੰਕੜਿਆਂ ਦੀ ਰੌਸ਼ਨੀ ਵਿਚ ਮੰਤਰੀ ਮਿੱਲਰ ਨੇ ਆਖਿਆ ਹੈ ਕਿ ਭਵਿੱਖ ਵਿਚ ਭਾਰਤ ਦੇ ਵੀਜ਼ਾ ਅਰਜੀਕਰਤਾਵਾਂ ਨੂੰ ਸਿਸਟਮ ਦੀਆਂ ਵੱਧ ਸਖਤੀਆਂ ਦਾ ਸਾਹਮਣਾ ਜਿੱਥੇ ਕੈਨੇਡਾ ਵਿਚ ਸ਼ਰਨ ਲੈਣ ਲਈ ਕਰਨਾ ਪੈ ਸਕਦਾ ਹੈ।

ਸਿੰਗਾਪੁਰ ਦੇ ਭਾਰਤੀ ਮੂਲ ਦੇ ਸਾਬਕਾ ਮੰਤਰੀ ਐਸ. ਈਸ਼ਵਰਨ ਦੋਸ਼ੀ ਕਰਾਰ
ਭਾਰਤੀ ਮੂਲ ਦੇ ਸਿੰਗਾਪੁਰ ਦੇ ਸਾਬਕਾ ਆਵਾਜਾਈ ਮੰਤਰੀ ਐਸ. ਈਸ਼ਵਰਨ ਨੂੰ ਨਿਆਂ &rsquoਚ ਰੁਕਾਵਟ ਪਾਉਣ ਅਤੇ ਸਰਕਾਰੀ ਮੁਲਾਜ਼ਮ ਦੇ ਤੌਰ &rsquoਤੇ ਕੀਮਤੀ ਚੀਜ਼ਾਂ ਹਾਸਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਕ ਮੀਡੀਆ ਰੀਪੋਰਟ &rsquoਚ ਇਹ ਜਾਣਕਾਰੀ ਦਿਤੀ ਗਈ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਭ੍ਰਿਸ਼ਟਾਚਾਰ ਦੇ ਦੋਸ਼ਾਂ &rsquoਚ ਮੰਗਲਵਾਰ ਨੂੰ ਸੁਣਵਾਈ ਤੋਂ ਬਾਅਦ 62 ਸਾਲ ਦੇ ਸਾਬਕਾ ਆਵਾਜਾਈ ਮੰਤਰੀ ਦੀ ਜ਼ਮਾਨਤ ਵਧਾ ਦਿਤੀ ਗਈ।

ਵਕੀਲਾਂ ਨੇ 62 ਸਾਲ ਦੇ ਸਾਬਕਾ ਮੰਤਰੀ ਨੂੰ ਛੇ ਤੋਂ ਸੱਤ ਮਹੀਨੇ ਦੀ ਕੈਦ ਦੀ ਸਜ਼ਾ ਦੀ ਮੰਗ ਕੀਤੀ ਸੀ। ਈਸ਼ਵਰਨ ਨੇ ਕਿਹਾ ਸੀ ਕਿ ਉਹ ਇਹ ਸਾਬਤ ਕਰਨ ਲਈ ਕੇਸ ਲੜਨਗੇ ਕਿ ਉਹ ਇਮਾਨਦਾਰ ਹਨ, ਪਰ ਮੁਕੱਦਮੇ ਦੇ ਪਹਿਲੇ ਦਿਨ ਉਨ੍ਹਾਂ ਨੇ ਅਪਣਾ ਦੋਸ਼ ਕਬੂਲ ਕਰ ਲਿਆ। ਉਸ ਨੂੰ ਤਿੰਨ ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ

ਅਦਾਲਤ ਵਲੋਂ ਕੰਗਨਾ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਦਾ ਰਸਤਾ ਹੋਇਆ ਸਾਫ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਕੰਗਨਾ ਰਣੌਤ ਦੀ ਬਹੁਚਰਚਿਤ ਫਿਲਮ ਐਮਰਜੈਂਸੀ ਦੀ ਰਿਲੀਜ਼ &lsquoਤੇ ਰੋਕ ਨੂੰ ਲੈ ਕੇ ਵੀਰਵਾਰ ਨੂੰ ਬੰਬੇ ਹਾਈ ਕੋਰਟ &lsquoਚ ਮੁੜ ਸੁਣਵਾਈ ਹੋਈ। ਇਸ ਦੌਰਾਨ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਕਿਹਾ ਕਿ ਕੰਗਨਾ ਰਣੌਤ ਦੀ ਇਹ ਫਿਲਮ ਰਿਲੀਜ਼ ਹੋ ਸਕਦੀ ਹੈ। ਇਸ ਤੋਂ ਪਹਿਲਾਂ ਫਿਲਮ &lsquoਚ ਕੁਝ ਕਟੌਤੀਆਂ ਕਰਨੀਆਂ ਪੈਣਗੀਆਂ, ਜਿਨ੍ਹਾਂ ਦਾ ਸੁਝਾਅ ਸੈਂਸਰ ਬੋਰਡ ਦੀ ਸਮੀਖਿਆ ਕਮੇਟੀ ਨੇ ਦਿੱਤਾ ਸੀ। ਬੋਰਡ ਨੇ ਇਹ ਗੱਲ ਜਸਟਿਸ ਬੀਪੀ ਕੋਲਾਬਾਵਾਲਾ ਅਤੇ ਜਸਟਿਸ ਫਿਰਦੌਸ ਪੋਨੀਵਾਲਾ ਦੀ ਬੈਂਚ ਦੇ ਸਾਹਮਣੇ ਕਹੀ। ਇਸ ਸਬੰਧੀ ਫਿਲਮ ਨਿਰਮਾਤਾ ਕੰਪਨੀ ਜ਼ੀ ਸਟੂਡੀਓ ਦਾ ਕਹਿਣਾ ਹੈ ਕਿ ਉਹ ਸੋਮਵਾਰ ਤੱਕ ਇਸ ਮਾਮਲੇ &lsquoਤੇ ਵਿਚਾਰ ਕਰੇਗੀ ਅਤੇ ਕਿਹਾ ਕਿ ਅਸੀਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਕਿਹੜੀਆਂ ਕਟੌਤੀਆਂ ਕੀਤੀਆਂ ਜਾ ਸਕਦੀਆਂ ਹਨ।
ਅਦਾਲਤ ਅਗਲੇ ਹਫ਼ਤੇ ਇਸ ਮਾਮਲੇ ਦੀ ਸੁਣਵਾਈ ਕਰੇਗੀ। ਜ਼ੀ ਸਟੂਡੀਓਜ਼ ਨੇ ਖੁਦ ਅਦਾਲਤ &lsquoਚ ਅਰਜ਼ੀ ਦਾਇਰ ਕਰਕੇ ਸੈਂਸਰ ਬੋਰਡ ਵੱਲੋਂ ਇਸ ਨੂੰ ਸਰਟੀਫਿਕੇਟ ਜਾਰੀ ਕਰਨ ਦਾ ਹੁਕਮ ਦੇਣ ਦੀ ਮੰਗ ਕੀਤੀ ਸੀ। ਇਸ ਫਿਲਮ ਨੂੰ ਲੈ ਕੇ ਦੋਸ਼ ਲੱਗੇ ਸਨ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੇ ਕਿਰਦਾਰ ਨਾਲ ਛੇੜਖਾਣੀ ਕੀਤੀ ਗਈ ਸੀ ਤੇ ਸਿੱਖ ਕੌਮ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਵਿਵਾਦ ਵਧ ਗਿਆ ਅਤੇ ਸੈਂਸਰ ਬੋਰਡ ਨੇ ਰਿਲੀਜ਼ ਨੂੰ ਰੋਕ ਦਿੱਤਾ। ਜ਼ੀ ਸਟੂਡੀਓਜ਼ ਨੇ ਅਦਾਲਤ &lsquoਚ ਕਿਹਾ ਸੀ ਕਿ ਅਸੀਂ 29 ਅਗਸਤ ਨੂੰ ਹੀ ਫਿਲਮ ਸਰਟੀਫਿਕੇਸ਼ਨ ਬੋਰਡ ਦੇ ਸਾਹਮਣੇ ਆਪਣੀ ਅਰਜ਼ੀ ਦਾਖਲ ਕੀਤੀ ਸੀ। ਪਰ ਹੁਣ ਤੱਕ ਸਾਨੂੰ ਬੋਰਡ ਤੋਂ ਸੈਂਸਰ ਸਰਟੀਫਿਕੇਟ ਨਹੀਂ ਮਿਲਿਆ ਹੈ।

ਬੇਅੰਤ ਸਿੰਘ ਕਾਤਲ ਕਾਂਡ ਵਿਚ ਨਾਮਜਦ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਬਦਲਣ ਦੀ ਪਟੀਸ਼ਨ &lsquoਤੇ ਮੁੜ ਵਿਚਾਰ ਕਰੇਗਾ ਸੁਪਰੀਮ ਕੋਰਟ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਨਾਮਜਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਤੋਂ ਇਨਕਾਰ ਕਰਨ ਤੋਂ 16 ਮਹੀਨਿਆਂ ਤੋਂ ਵੱਧ ਸਮੇਂ ਬਾਅਦ, ਸੁਪਰੀਮ ਕੋਰਟ ਨੇ ਇਸ ਮੁੱਦੇ ਦੀ ਮੁੜ ਤੋਂ ਜਾਂਚ ਕਰਨ ਲਈ ਸਹਿਮਤੀ ਦਿੱਤੀ ਹੈ।
ਜਸਟਿਸ ਬੀ.ਆਰ.ਗਵਈ ਦੀ ਅਗਵਾਈ ਵਾਲੇ ਬੈਂਚ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਘਟਾਉਣ ਦੀ ਤਾਜ਼ਾ ਪਟੀਸ਼ਨ &lsquoਤੇ ਜਵਾਬ ਦੇਣ ਲਈ ਕਿਹਾ ਹੈ ਕਿਉਂਕਿ ਕੇਂਦਰ ਉਸ ਦੀ 25 ਮਾਰਚ 2012 ਦੀ ਰਹਿਮ ਦੀ ਪਟੀਸ਼ਨ &lsquoਤੇ ਅੱਜ ਤੱਕ ਫੈਸਲਾ ਲੈਣ ਵਿੱਚ ਅਸਫਲ ਰਿਹਾ ਹੈ।
1995 ਵਿੱਚ ਬੇਅੰਤ ਸਿੰਘ ਕਤਲ ਮਾਮਲੇ ਵਿਚ ਨਾਮਜਦ ਭਾਈ ਰਾਜੋਆਣਾ ਫਾਂਸੀ ਦੀ ਉਡੀਕ ਵਿੱਚ 28 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ । 31 ਅਗਸਤ, 1995 ਨੂੰ ਚੰਡੀਗੜ੍ਹ ਵਿੱਚ ਸਿਵਲ ਸਕੱਤਰੇਤ ਦੇ ਬਾਹਰ ਇੱਕ ਧਮਾਕੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ 16 ਹੋਰਾਂ ਦੀ ਮੌਤ ਹੋ ਗਈ ਸੀ। ਭਾਈ ਰਾਜੋਆਣਾ ਨੂੰ ਇੱਕ ਵਿਸ਼ੇਸ਼ ਅਦਾਲਤ ਨੇ 2007 ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਉਸ ਦੀ ਰਹਿਮ ਦੀ ਅਪੀਲ 12 ਸਾਲਾਂ ਤੋਂ ਵੱਧ ਸਮੇਂ ਤੋਂ ਲਟਕ ਰਹੀ ਹੈ।

ਸ਼ੰਭੂ ਬਾਰਡਰ ਬੰਦ ਹੋਣ ਕਾਰਨ ਪਿੰਡਾਂ &lsquoਚੋਂ ਲੰਘਣ &lsquoਤੇ ਦੇਣਾ ਪੈ ਰਿਹੈ ਹਰਜਾਨਾ
ਅੰਬਾਲਾ : ਪੰਜਾਬ ਦੇ ਸ਼ੰਭੂ ਬਾਰਡਰ ਨੇੜੇ ਇੱਕ ਪਿੰਡ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ &lsquoਚ ਕੁਝ ਲੋਕ ਜ਼ਮੀਨ ਅਤੇ ਸੜਕ &lsquoਤੇ ਮਿੱਟੀ ਪਾਉਣ ਦੇ ਨਾਂ &lsquoਤੇ ਰਾਹਗੀਰਾਂ ਤੋਂ ਪ੍ਰਤੀ ਵਾਹਨ 100 ਰੁਪਏ ਲੈ ਰਹੇ ਹਨ। ਕਾਰ ਚਾਲਕ ਨੇ ਲੋਕਾਂ ਤੋਂ ਨਾਜਾਇਜ਼ ਵਸੂਲੀ ਕਰਨ ਦੀ ਵੀਡੀਓ ਬਣਾ ਲਈ। ਬਾਰਡਰ ਬੰਦ ਹੋਣ ਕਾਰਨ ਕਾਰ ਚਾਲਕ ਇੱਕ ਪੇਂਡੂ ਖੇਤਰ ਵਿੱਚੋਂ ਲੰਘਿਆ ਤਾਂ ਕੁਝ ਵਿਅਕਤੀਆਂ ਨੇ ਉਸ ਦੀ ਕਾਰ ਨੂੰ ਰੋਕ ਲਿਆ। ਵੀਡੀਓ &lsquoਚ ਉਹ ਸਪੱਸ਼ਟ ਤੌਰ &lsquoਤੇ ਉਸ ਨੂੰ ਜ਼ਮੀਨ ਅਤੇ ਸੜਕ &lsquoਤੇ ਮਿੱਟੀ ਪਾਉਣ ਲਈ 100 ਰੁਪਏ ਮੰਗਦੇ ਹਨ। ਇਹ ਪਤਾ ਨਹੀਂ ਲੱਗ ਸਕਿਆ ਕਿ ਪੈਸੇ ਮੰਗਣ ਵਾਲੇ ਲੋਕ ਕੌਣ ਸਨ। ਜਾਣਕਾਰੀ ਹੈ ਕਿ ਸ਼ੰਭੂ ਬਾਰਡਰ ਨੇੜੇ ਲੋਕਾਂ ਨੇ ਆਪਣੇ ਪੱਧਰ &lsquoਤੇ ਨਾਕਾ ਲਗਾ ਕੇ ਲੋਕਾਂ ਤੋਂ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ ਹਨ।


ਦਿੱਲੀ ਸਰਕਾਰ ਦਾ ਕੰਮਕਾਜ ਰੋਕਣ ਲਈ ਹੀ ਮੈਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ : ਕੇਜਰੀਵਾਲ
ਨਵੀਂ ਦਿੱਲੀ : AAP ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਵੇਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਪਰ ਉਹ ਦਿੱਲੀ ਲਈ ਕੰਮ ਕਰਨਾ ਜਾਰੀ ਰੱਖਣਗੇ। ਵੀਰਵਾਰ ਨੂੰ ਉਨ੍ਹਾਂ ਨੇ ਇਕ ਸੜਕ ਦਾ ਮੁਆਇਨਾ ਕਰਕੇ ਇਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਸੜਕਾਂ ਤੋਂ ਸ਼ਾਇਦ ਦਿੱਲੀ ਵਾਸੀਆਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸਤੀਫ਼ੇ ਦੇ ਬਾਵਜੂਦ ਉਹ ਆਪਣੀ ਨਿਗਰਾਨੀ ਹੇਠ ਕੰਮ ਕਰਵਾਉਂਦੇ ਰਹਿਣਗੇ। ਮੁੱਖ ਮੰਤਰੀ ਆਤਿਸ਼ੀ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਉਹ ਹੋਰ ਸੜਕਾਂ ਦਾ ਵੀ ਮੁਆਇਨਾ ਕਰਨਗੇ ਅਤੇ ਦਿੱਲੀ ਦੇ ਰੁਕੇ ਹੋਏ ਕੰਮ ਨੂੰ ਪੂਰਾ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਪਾਈਪ ਲਾਈਨ ਵਿਛਾਉਣ ਕਾਰਨ ਸੜਕ ਖਰਾਬ ਹੋ ਗਈ ਹੈ ਅਤੇ ਜਲਦੀ ਹੀ ਇਸ ਦੀ ਮੁਰੰਮਤ ਕਰਵਾਈ ਜਾਵੇਗੀ। ਉਨ੍ਹਾਂ ਨੇ ਮੌਕੇ &lsquoਤੇ ਮੁੱਖ ਮੰਤਰੀ ਆਤਿਸ਼ੀ ਅਤੇ ਸਥਾਨਕ ਵਿਧਾਇਕ ਦਲੀਪ ਪਾਂਡੇ ਨਾਲ ਗੱਲ ਕੀਤੀ। ਉਸ ਵੱਲੋਂ ਕਈ ਸਵਾਲਾਂ ਦੇ ਜਵਾਬ ਦਿੱਤੇ। ਆਤਿਸ਼ੀ ਅਤੇ ਦਲੀਪ ਪਾਂਡੇ ਪਾਰਟੀ ਪ੍ਰਧਾਨ ਨੂੰ ਜਾਣਕਾਰੀ ਦਿੰਦੇ ਨਜ਼ਰ ਆਏ।


ਸੱਟਾ ਬਾਜ਼ਾਰ ਦੀ ਪਹਿਲੀ ਪਸੰਦ ਬਣੀ ਕਮਲਾ ਹੈਰਿਸ
ਵਾਸ਼ਿੰਗਟਨ : ਅਮਰੀਕਾ ਦੇ ਸੱਟਾ ਬਾਜ਼ਾਰ ਵਿਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਰੁਝਾਨ ਬਦਲ ਚੁੱਕਾ ਹੈ ਅਤੇ ਹੁਣ ਕਮਲਾ ਹੈਰਿਸ ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਤੱਕ ਟਰੰਪ ਨੂੰ ਦਾਅਵੇਦਾਰ ਮੰਨ ਰਹੇ ਸੱਟਾ ਬਾਜ਼ਾਰ ਮੁਤਾਬਕ ਕਮਲਾ ਹੈਰਿਸ ਦੇ ਜੇਤੂ ਰਹਿਣ ਦੇ 52 ਫ਼ੀ ਸਦੀ ਆਸਾਰ ਹਨ ਜਦਕਿ ਟਰੰਪ ਦੀ ਜਿੱਤ ਦੀਆਂ 47 ਫ਼ੀ ਸਦੀ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਸੱਟਾ ਬਾਜ਼ਾਰ ਲਗਾਤਾਰ ਰੰਗ ਬਦਲ ਰਿਹਾ ਹੈ ਜਿਥੇ 24 ਸਤੰਬਰ ਨੂੰ ਕਮਲਾ ਹੈਰਿਸ ਦੇ ਜੇਤੂ ਰਹਿਣ ਦੇ ਆਸਾਰ 54 ਫ਼ੀ ਸਦੀ ਮੰਨੇ ਜਾ ਰਹੇ ਸਨ ਜਦਕਿ ਟਰੰਪ ਦੀ ਸੰਭਾਵਨਾ ਚੋਣ ਜਿੱਤਣ ਦੇ 52 ਫੀ ਸਦੀ ਆਸਾਰ, ਟਰੰਪ ਦੇ ਜੇਤੂ ਰਹਿਣ ਦੀ 47 ਫੀ ਸਦੀ ਸੰਭਾਵਨਾ 5 ਫ਼ੀ ਸਦੀ ਰਹਿ ਗਈ। ਇਸ ਤੋਂ ਇਲਾਵਾ ਇਕ ਤਾਜ਼ਾ ਚੋਣ ਸਰਵੇਖਣ ਵਿਚ ਕਮਲਾ ਹੈਰਿਸ ਨੂੰ 49.2 ਫੀ ਸਦੀ ਵੋਟਾਂ ਮਿਲ ਸਕਦੀਆਂ ਹਨ ਜਦਕਿ ਡੌਨਲਡ ਟਰੰਪ ਨੂੰ 46 ਫੀ ਸਦੀ ਵੋਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। ਦੂਜੇ ਪਾਸੇ ਇਕ ਹੋਰ ਪ੍ਰਮੁੱਖ ਮੀਡੀਆ ਅਦਾਰੇ ਵੱਲੋਂ ਕਰਵਾਏ ਸਰਵੇਖਣ ਦੌਰਾਨ 55 ਫ਼ੀ ਸਦੀ ਲੋਕਾਂ ਨੇ ਕਮਲਾ ਹੈਰਿਸ ਦੇ ਜੇਤੂ ਰਹਿਣ ਦੀ ਪੇਸ਼ੀਨਗੋਈ ਕੀਤੀ ਜਦਕਿ ਟਰੰਪ ਦੇ ਹੱਕ ਵਿਚ ਖੜ੍ਹੇ ਲੋਕਾਂ ਦੀ ਗਿਣਤੀ ਸਿਰਫ 45 ਫੀ ਸਦੀ ਦਰਜ ਕੀਤੀ ਗਈ।


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ &lsquoਚ ਭਰਤੀ ਕਰਵਾਇਆ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ &lsquoਚ ਭਰਤੀ ਕਰਵਾਇਆ ਗਿਆ ਹੈ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ। ਕੁਝ ਹੋਰ ਜ਼ਰੂਰੀ ਟੈਸਟਾਂ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਹਸਪਤਾਲ &lsquoਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਮੁੱਖ ਮੰਤਰੀ ਨੂੰ ਹਸਪਤਾਲ ਕਿਉਂ ਦਾਖਲ ਕਰਵਾਉਣਾ ਪਿਆ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੂੰ ਐਮਰਜੈਂਸੀ &lsquoਚ ਹਸਪਤਾਲ ਲਿਆਂਦਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

&lsquoਆਪ&rsquo ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੇ ਜ਼ਮਾਨਤ ਲਈ ਹਾਈਕੋਰਟ &lsquoਚ ਕੀਤੀ ਅਪੀਲ
ਮਨੀ ਲਾਂਡਰਿੰਗ ਮਾਮਲੇ &lsquoਚ ਗ੍ਰਿਫਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੇ ਪੰਜਾਬ-ਹਰਿਆਣਾ ਹਾਈਕੋਰਟ &lsquoਚ ਜ਼ਮਾਨਤ ਲਈ ਅਪੀਲ ਕੀਤੀ ਹੈ। ਪਟੀਸ਼ਨ &lsquoਤੇ ਹਾਈ ਕੋਰਟ ਨੇ ਈਡੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ। ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਪਿਛਲੇ ਸਾਲ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ।

ਗੱਜਣਮਾਜਰਾ &lsquoਤੇ ਆਰੋਪ ਹੈ ਕਿ ਉਨ੍ਹਾਂ ਨੇ ਆਪਣੀ ਕੰਪਨੀ ਤਾਰਾ ਕਾਰਪੋਰੇਸ਼ਨ ਲਿਮਟਿਡ ਦੇ ਜ਼ਰੀਏ ਇੱਕ ਬੈਂਕ ਨਾਲ 41 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਇਸ ਮਾਮਲੇ ਵਿੱਚ ਈਡੀ ਨੇ ਗੱਜਣ ਮਾਜਰਾ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਈ.ਡੀ. ਨੇ ਗ੍ਰਿਫ਼ਤਾਰ ਕਰ ਲਿਆ ਸੀ।