image caption:

ਸ਼ੁੱਕਰਵਾਰ 4 ਅਕਤੂਬਰ 2024 - ਅੱਜ ਦੀਆਂ ਮੁੱਖ ਖਬਰਾਂ

 ਮਾਰਕ ਜ਼ੁਕਰਬਰਗ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ

ਨਿਊਯਾਰਕ: ਮਾਰਕ ਜ਼ੁਕਰਬਰਗ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਨੇ ਐਮਾਜ਼ਾਨ ਦੇ ਸੀਈਓ ਜੈਫ ਬੇਜੋਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮਾਰਕ ਜ਼ੁਕਰਬਰਗ ਦੀ ਕੁੱਲ ਜਾਇਦਾਦ $206.6 ਬਿਲੀਅਨ ਹੋ ਗਈ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਨੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਮਾਰਕ ਜ਼ੁਕਰਬਰਗ ਨੇ ਸਭ ਤੋਂ ਉੱਪਰ ਸਥਾਨ ਹਾਸਲ ਕੀਤਾ ਹੈ। ਜੈਫ ਬੇਜੋਸ 205.1 ਬਿਲੀਅਨ ਡਾਲਰ ਦੇ ਨਾਲ ਤੀਜੇ ਸਥਾਨ 'ਤੇ ਹਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਰਿਪੋਰਟ ਵਿੱਚ ਕਿਸ ਦਾ ਨਾਮ ਸਭ ਤੋਂ ਉੱਪਰ ਹੈ? ਤਾਂ ਤੁਹਾਨੂੰ ਦੱਸ ਦੇਈਏ ਕਿ ਟੇਸਲਾ ਦੇ ਸੀਈਓ ਐਲੋਨ ਮਸਕ ਦਾ ਨਾਮ ਸੂਚੀ ਵਿੱਚ ਪਹਿਲੇ ਸਥਾਨ 'ਤੇ ਹੈ। ਮਾਰਕ ਜ਼ੁਕਰਬਰਗ ਐਲੋਨ ਮਸਕ ਤੋਂ ਸਿਰਫ਼ 50 ਬਿਲੀਅਨ ਡਾਲਰ ਪਿੱਛੇ ਹਨ।

ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ ਵਿੱਚ ਵਾਪਸੀ

ਚੰਡੀਗੜ੍ਹ- ਸੁੱਚਾ ਸਿੰਘ ਲੰਗਾਹ ਦੀ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਵਿੱਚ ਵਾਪਸੀ ਹੋ ਗਈ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ। ਉਹ ਕਰੀਬ ਸੱਤ ਸਾਲ ਪਾਰਟੀ ਤੋਂ ਦੂਰ ਸਨ। ਇਸ ਦੇ ਨਾਲ ਹੀ ਚਰਚਾ ਸ਼ੁਰੂ ਹੋ ਗਈ ਹੈ ਕਿ ਪਾਰਟੀ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਸੀਟ 'ਤੇ ਹੋਣ ਵਾਲੀ ਵਿਧਾਨ ਸਭਾ ਉਪ ਚੋਣ 'ਚ ਉਮੀਦਵਾਰ ਬਣਾ ਸਕਦੀ ਹੈ।

ਫਿਲਮ ਪੰਜਾਬ-95 ਦੇ ਸੀਨ ਕੱਟਣ 'ਤੇ ਖਾਲੜਾ ਪਰਿਵਾਰ ਦਾ ਵਿਰੋਧ

ਤਰਨ ਤਾਰਨ: ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ਪੰਜਾਬ-95 ਲੰਬੇ ਸਮੇਂ ਤੋਂ ਵਿਵਾਦਾਂ 'ਚ ਘਿਰੀ ਹੋਈ ਹੈ। ਫਿਲਮ 'ਚ ਦਿਲਜੀਤ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਸੰਵੇਦਨਸ਼ੀਲ ਮੁੱਦਿਆਂ ਦੇ ਕਾਰਨ, ਸੈਂਸਰ ਬੋਰਡ ਨੇ ਫਿਲਮ ਵਿੱਚ 85 ਕੱਟਾਂ ਦੀ ਮੰਗ ਕੀਤੀ ਸੀ, ਹਾਲਾਂਕਿ, ਹੁਣ ਰਿਵਾਈਜ਼ਡ ਕਮੇਟੀ ਨੇ 85 ਨਹੀਂ, ਸਗੋਂ 120 ਕੱਟਾਂ ਦਾ ਆਦੇਸ਼ ਦਿੱਤਾ ਹੈ। ਹੁਣ ਜਸਵੰਤ ਸਿੰਘ ਖਾਲੜਾ ਦੀ ਪਤਨੀ ਨੇ ਫਿਲਮ ਵਿੱਚ ਕੀਤੇ ਜਾ ਰਹੇ ਕੱਟਾਂ ਦਾ ਵਿਰੋਧ ਕੀਤਾ ਹੈ। ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਵੱਲੋਂ ਜਾਰੀ ਬਿਆਨ ਵਿੱਚ ਸੀਬੀਐਫਸੀ ਨੂੰ ਅਪੀਲ ਕੀਤੀ ਗਈ ਹੈ ਕਿ ਸੈਂਸਰਸ਼ਿਪ ਦੇ ਨਾਂ &rsquoਤੇ ਫਿਲਮ ਵਿੱਚ ਦਿਖਾਏ ਗਏ ਇਤਿਹਾਸਕ ਤੱਥਾਂ ਨੂੰ ਨਾ ਬਦਲਿਆ ਜਾਵੇ। ਅਸੀਂ ਨਿਰਮਾਤਾਵਾਂ ਨੂੰ ਵੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੱਚਾਈ ਅਤੇ ਫਿਲਮ ਦੀ ਕਹਾਣੀ ਦੇ ਨਾਲ ਖੜ੍ਹੇ ਹੋਣ ਦੀ ਅਪੀਲ ਕਰਦੇ ਹਾਂ।

ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ਕਲਾਉਡੀਆ ਸੀਨਬੌਮ ਪਾਰਡੋ

ਅਮਰੀਕੀ ਮਹਾਂਦੀਪ ਦੇ ਇਕ ਦੇਸ਼ ਮੈਕਸੀਕੋ ਨੂੰ ਨਵਾਂ ਰਾਸ਼ਟਰਪਤੀ ਮਿਲਿਆ ਹੈ। ਕਲਾਉਡੀਆ ਸੀਨਬੌਮ ਨੇ ਰਾਜਧਾਨੀ ਮੈਕਸੀਕੋ ਸਿਟੀ ਵਿਚ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਸਹੁੰ ਚੁਕਦੇ ਹੀ ਉਹ ਅਪਣੇ ਦੇਸ਼ ਦੀ 66ਵੀਂ ਰਾਸ਼ਟਰਪਤੀ ਬਣ ਗਈ। ਉਨ੍ਹਾਂ ਨੇ ਅਜਿਹੇ ਸਮੇਂ ਸਹੁੰ ਚੁੱਕੀ ਹੈ ਜਦੋਂ ਦੇਸ਼ ਅਪਰਾਧਕ ਹਿੰਸਾ ਨਾਲ ਘਿਰਿਆ ਹੋਇਆ ਹੈ। ਸਹੁੰ ਚੁੱਕਣ ਤੋਂ ਬਾਅਦ ਕਲਾਉਡੀਆ ਸੀਨਬੌਮ ਨੇ ਦਿ੍ਰੜਤਾ ਨਾਲ ਕਿਹਾ ਕਿ ਉਹ ਦੇਸ਼ ਵਿਚ ਵਧ ਰਹੀ ਹਿੰਸਾ ਤੇ ਅਪਰਾਧ ਨੂੰ ਜੜ੍ਹੋਂ ਪੁੱਟਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ &lsquoਸਮਾਜਕ ਨੀਤੀ&rsquo ਦੀ ਵਰਤੋਂ ਕਰੇਗੀ।

ਕਲਾਉਡੀਆ ਸੀਨਬੌਮ ਇਸ ਤੋਂ ਪਹਿਲਾਂ ਮੈਕਸੀਕੋ ਦੀ ਮੇਅਰ ਰਹਿ ਚੁੱਕੀ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਨੇਤਾ ਬਣਨ ਤੋਂ ਪਹਿਲਾਂ ਇਕ ਵਿਗਿਆਨੀ ਸੀ। ਕਲਾਉਡੀਆ ਸੀਨਬੌਮ ਨੇ ਐਂਡਰੇਸ ਮੈਨੁਅਲ ਲੋਪੇਜ ਓਬਰਾਡੋਰ ਦੀ ਥਾਂ ਮੈਕਸੀਕੋ ਦੇ ਰਾਸ਼ਟਰਪਤੀ ਵਜੋਂ, ਦੁਨੀਆ ਦੇ ਸੱਭ ਤੋਂ ਵਧ ਅਬਾਦੀ ਵਾਲੇ ਸਪੈਨਿਸ ਬੋਲਣ ਵਾਲੇ ਦੇਸ਼ ਨੂੰ ਚੁਣਿਆ। 62 ਸਾਲਾ ਕਲਾਉਡੀਆ ਸੇਨਬੌਮ ਨੇ ਕਾਂਗਰਸ ਹਾਊਸ ਵਿਚ ਛੇ ਸਾਲ ਦੇ ਕਾਰਜਕਾਲ ਲਈ ਅਹੁਦੇ ਦੀ ਸਹੁੰ ਚੁੱਕੀ।

ਕੈਨੇਡਾ 'ਚੋਂ 1 ਲੱਖ ਤੋਂ ਵੱਧ ਵਿਦਿਆਰਥੀ ਦਸੰਬਰ 'ਚ ਹੋ ਸਕਦੇ ਨੇ ਡਿਪੋਰਟ 

ਕੈਨੇਡਾ ਦੀ ਟਰੂਡੋ ਸਰਕਾਰ ਦੀਆਂ ਮਨਮਾਨੀਆਂ ਮਾਈਗ੍ਰੇਸ਼ਨ ਨੀਤੀਆਂ ਕਾਰਨ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਮੁਸੀਬਤ ਵਿੱਚ ਹਨ। ਲਾਗੂ ਕੀਤੀਆਂ ਨੀਤੀਆਂ ਕਾਰਨ 1.25 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਖ਼ਤਰਾ ਹੈ। ਇਹ ਉਹ ਵਿਦਿਆਰਥੀ ਹਨ ਜੋ ਉੱਚ ਸਿੱਖਿਆ ਅਤੇ ਚੰਗੇਰੇ ਭਵਿੱਖ ਦੀ ਆਸ ਨਾਲ ਕੈਨੇਡਾ ਆਏ ਸਨ। ਵੱਡੀ ਗਿਣਤੀ ਵਿਦਿਆਰਥੀਆਂ ਦੇ ਵਰਕ ਵੀਜ਼ੇ ਦੀ ਮਿਆਦ ਦਸੰਬਰ ਵਿੱਚ ਖਤਮ ਹੋਣ ਜਾ ਰਹੀ ਹੈ ਪਰ ਸਰਕਾਰ ਨਾ ਤਾਂ ਕੰਮ ਅਤੇ ਨਾ ਹੀ ਅਸਥਾਈ ਨਾਗਰਿਕਤਾ ਦੀਆਂ ਫਾਈਲਾਂ ਨੂੰ ਕਲੀਅਰ ਕਰ ਰਹੀ ਹੈ ਅਤੇ ਵੀਜ਼ਾ ਵਧਾਉਣ ਲਈ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਕੈਨੇਡਾ ਵਿਚ ਵਿਦਿਆਰਥੀ ਸੜਕਾਂ &rsquoਤੇ ਹਨ ਅਤੇ ਹੁਣ ਪੰਜਾਬੀ ਗਾਇਕਾਂ ਨੇ ਇਨ੍ਹਾਂ ਦੀ ਹਮਾਇਤ ਕਰਨੀ ਸੁਰੂ ਕਰ ਦਿੱਤੀ ਹੈ। ਕੈਨੇਡਾ ਫੇਰੀ ਦੌਰਾਨ ਪੰਜਾਬ ਦੇ ਗਾਇਕ ਗੁਰੂ ਰੰਧਾਵਾ ਨੇ ਪੰਜਾਬੀ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਪੰਜਾਬੀ ਮੂਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿਛਲੇ ਦਿਨੀਂ ਪੰਜਾਬ ਆ ਕੇ ਇਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀ ਨੌਜਵਾਨਾਂ ਦੀ ਮਦਦ ਕਰਨ। ਰੰਧਾਵਾ ਨੇ ਕਿਹਾ ਕਿ ਇੱਥੇ ਵੱਸਣ ਵਾਲੇ ਪੰਜਾਬੀਆਂ ਨੂੰ ਸੰਕਟ ਦੀ ਘੜੀ ਵਿੱਚ ਉਨ੍ਹਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ। ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਆਵਾਜ਼ ਕੈਨੇਡਾ ਸਰਕਾਰ ਤੱਕ ਪਹੁੰਚ ਸਕੇ।

ਅਰਵਿੰਦ ਕੇਜਰੀਵਾਲ ਨੇ ਛੱਡੀ ਸਰਕਾਰੀ ਰਿਹਾਇਸ਼, ਨਵੇਂ ਘਰ &rsquoਚ ਹੋਏ ਸ਼ਿਫਟ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਲੈਗ ਸਟਾਫ ਰੋਡ 'ਤੇ ਸਥਿਤ ਮੁੱਖ ਮੰਤਰੀ ਨਿਵਾਸ ਨੂੰ ਖਾਲੀ ਕਰ ਦਿੱਤਾ ਹੈ। ਉਹ ਸ਼ੁੱਕਰਵਾਰ ਦੁਪਹਿਰ ਲੁਟੀਅਨ ਦਿੱਲੀ ਦੇ ਫਿਰੋਜ਼ਸ਼ਾਹ ਰੋਡ 'ਤੇ ਬੰਗਲਾ ਨੰਬਰ 5 'ਚ ਸ਼ਿਫਟ ਹੋ ਗਏ। ਇਹ ਬੰਗਲਾ 'ਆਪ' ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਦਿੱਤਾ ਗਿਆ ਹੈ। ਕੇਜਰੀਵਾਲ ਆਪਣੀ ਪਤਨੀ ਸੁਨੀਤਾ ਕੇਜਰੀਵਾਲ, ਮਾਤਾ-ਪਿਤਾ ਅਤੇ ਦੋਹਾਂ ਬੱਚਿਆਂ ਨਾਲ ਸ਼ਿਫਟ ਹੋ ਗਏ ਹਨ। ਅਸ਼ੋਕ ਮਿੱਤਲ ਅਤੇ ਉਨ੍ਹਾਂ ਦੀ ਪਤਨੀ ਨੇ ਸਾਰਿਆਂ ਦਾ ਘਰ ਵਿੱਚ ਸਵਾਗਤ ਕੀਤਾ। ਕੇਜਰੀਵਾਲ ਨੇ 17 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਮੁੱਖ ਮੰਤਰੀ ਨਿਵਾਸ ਅਤੇ ਸਾਰੀਆਂ ਸਰਕਾਰੀ ਸਹੂਲਤਾਂ ਛੱਡਣ ਦਾ ਐਲਾਨ ਕੀਤਾ ਸੀ। 'ਆਪ' ਨੇ ਦੋਸ਼ ਲਾਇਆ ਸੀ ਕਿ ਨੈਸ਼ਨਲ ਪਾਰਟੀ ਦੇ ਮੁਖੀ ਵਜੋਂ ਕੇਜਰੀਵਾਲ ਨੂੰ ਰਿਹਾਇਸ਼ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਸੀ, ਪਰ ਇਸ 'ਤੇ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ।

ਉੱਤਰੀ ਕੋਰੀਆ ਦੇ ਨੇਤਾ ਕਿਮ ਨੇ ਦਖਣੀ ਕੋਰੀਆ ਨੂੰ ਦਿਤੀ ਪ੍ਰਮਾਣੂ ਹਮਲੇ ਦੀ ਧਮਕੀ

ਸਿਓਲ : ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਧਮਕੀ ਦਿਤੀ ਹੈ ਕਿ ਜੇਕਰ ਉੱਤਰੀ ਕੋਰੀਆ ਨੂੰ ਉਕਸਾਇਆ ਗਿਆ ਤਾਂ ਉਹ ਦਖਣੀ ਕੋਰੀਆ ਨੂੰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰ ਕੇ ਤਬਾਹ ਕਰ ਦੇਵੇਗਾ। ਸਰਕਾਰੀ ਮੀਡੀਆ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਦਰਅਸਲ, ਦਖਣੀ ਕੋਰੀਆ ਦੇ ਨੇਤਾ ਨੇ ਚੇਤਾਵਨੀ ਦਿਤੀ ਸੀ ਕਿ ਜੇ ਕਿਮ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਹਕੂਮਤ ਨੂੰ ਉਖਾੜ ਸੁੱਟਿਆ ਜਾਵੇਗਾ ਅਤੇ ਕਿਮ ਨੇ ਜਵਾਬ &rsquoਚ ਦਖਣੀ ਕੋਰੀਆ ਨੂੰ ਚੇਤਾਵਨੀ ਦਿਤੀ ਹੈ। ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਅਜਿਹੀ ਬਿਆਨਬਾਜ਼ੀ ਕੋਈ ਨਵੀਂ ਗੱਲ ਨਹੀਂ ਹੈ ਪਰ ਉਨ੍ਹਾਂ ਦੀ ਤਾਜ਼ਾ ਟਿਪਣੀ ਉੱਤਰੀ ਕੋਰੀਆ ਦੇ ਹਾਲ ਹੀ ਵਿਚ ਪ੍ਰਮਾਣੂ ਪਲਾਂਟ ਦੇ ਖੁਲਾਸੇ ਅਤੇ ਮਿਜ਼ਾਈਲ ਪ੍ਰੀਖਣਾਂ ਦੇ ਜਾਰੀ ਰਹਿਣ ਕਾਰਨ ਵਧੇ ਤਣਾਅ ਦੇ ਵਿਚਕਾਰ ਆਈ ਹੈ। ਕੋਰੀਆ ਦੀ ਸਰਕਾਰੀ ਸਮਾਚਾਰ ਕਮੇਟੀ &lsquoਕੋਰੀਅਨ ਸੈਂਟਰਲ ਨਿਊਜ਼ ਏਜੰਸੀ&rsquo (ਕੇ.ਸੀ.ਐਨ.ਏ.) ਮੁਤਾਬਕ ਕਿਮ ਨੇ ਬੁਧਵਾਰ ਨੂੰ ਸਪੈਸ਼ਲ ਆਪਰੇਸ਼ਨ ਫੋਰਸ ਯੂਨਿਟ ਦੇ ਦੌਰੇ ਦੌਰਾਨ ਕਿਹਾ ਕਿ ਉਨ੍ਹਾਂ ਦੀ ਫੌਜ ਦਖਣੀ ਕੋਰੀਆ &rsquoਤੇ ਪ੍ਰਮਾਣੂ ਹਥਿਆਰਾਂ ਸਮੇਤ ਸਾਰੇ ਹਮਲਾਵਰ ਹਥਿਆਰਾਂ ਦੀ ਵਰਤੋਂ ਬਿਨਾਂ ਕਿਸੇ ਝਿਜਕ ਦੇ ਕਰੇਗੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬੀ ਭਾਸ਼ਾ ਲਈ ਵੱਡੀ ਪਹਿਲਕਦਮੀ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਲੈ ਕੇ ਜਾਣ ਲਈ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਮਾਨ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਦੇ ਲਈ ਰੁਜ਼ਗਾਰ ਪੈਦਾ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਿਲ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਵੱਲੋਂ ਕਿਹਾ ਹੈ ਕਿ ਜੇਕਰ ਪੰਜਾਬੀ ਭਾਸ਼ਾ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਆ ਜਾਵੇ ਇਸ ਨਾਲ ਪੰਜਾਬੀ ਭਾਸ਼ਾ ਵਿੱਚ ਰੁਜ਼ਗਾਰ ਦੇ ਕਈ ਸਾਧਨ ਵੱਧਣਗੇ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੇ ਸਭ ਤੋਂ ਪਹਿਲਾ ਪੰਜਾਬੀ ਭਾਸ਼ਾ ਵਿੱਚ ਸਾਈਨ ਬੋਰਡ ਲਿਖਵਾਏ ਅਤੇ ਇਸ ਤੋਂ ਇਲਾਵਾ ਵੱਡੇ ਬ੍ਰਾਂਡ ਦੇ ਸ਼ੋਅਰੂਮ ਦੇ ਨਾਂਅ ਵੀ ਪੰਜਾਬੀ ਭਾਸ਼ਾ ਵਿੱਚ ਲਿਖੇ ਗਏ ਹਨ ਇਸ ਨਾਲ ਬੱਚਿਆਂ ਦਾ ਪੰਜਾਬੀ ਭਾਸ਼ਾ ਲਈ ਰੁਝਾਨ ਵਧਦਾ ਹੈ।

ਸਿੰਗਾਪੁਰ: ਭਾਰਤੀ ਮੂਲ ਦੇ ਸਾਬਕਾ ਮੰਤਰੀ ਈਸਵਰਨ ਨੂੰ ਕੈਦ

ਸਿੰਗਾਪੁਰ- ਸਿੰਗਾਪੁਰ ਹਾਈ ਕੋਰਟ ਨੇ ਭਾਰਤੀ ਮੂਲ ਦੇ ਸਾਬਕਾ ਟਰਾਂਸਪੋਰਟ ਮੰਤਰੀ ਐੱਸ. ਈਸਵਰਨ ਨੂੰ ਦੋ ਕਾਰੋਬਾਰੀਆਂ ਤੋਂ ਲਗਪਗ 403,300 ਸਿੰਗਾਪੁਰੀ ਡਾਲਰ ਦੇ ਤੋਹਫ਼ੇ ਲੈਣ ਦੇ ਸੱਤ ਸਾਲ ਪੁਰਾਣੇ ਮਾਮਲੇ ਵਿੱਚ ਅੱਜ 12 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। 62 ਸਾਲਾ ਈਸਵਰਨ ਨੇ 24 ਸਤੰਬਰ ਨੂੰ ਕੇਸ ਦੀ ਸੁਣਵਾਈ ਦੇ ਪਹਿਲੇ ਦਿਨ ਤੋਹਫੇ ਲੈਣ ਅਤੇ ਇਨਸਾਫ ਵਿੱਚ ਰੁਕਾਵਟ ਪਾਉਣ ਨਾਲ ਜੁੜੇ ਚਾਰ ਦੋਸ਼ ਕਬੂਲ ਕੀਤੇ। ਇਸਤਗਾਸਾ ਪੱਖ ਦੇ 56 ਗਵਾਹਾਂ ਦੇ ਬਿਆਨ ਦਰਜ ਕਰਵਾਉਣ ਲਈ ਸੁਣਵਾਈ ਲੰਮੀ ਚੱਲਣੀ ਸੀ ਪਰ ਇਸ ਨੂੰ ਸੰਖੇਪ ਕਰ ਦਿੱਤਾ ਗਿਆ। ਜਸਟਿਸ ਵਿਨਸੈਂਟ ਹੁੰਗ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਦੋਵਾਂ ਦੀਆਂ ਦਲੀਲਾਂ &rsquoਤੇ ਵਿਚਾਰ ਕੀਤਾ ਪਰ &lsquoਦੋਵਾਂ ਧਿਰਾਂ ਦੀਆਂ ਦਲੀਲਾਂ ਨਾਲ ਉਹ ਸਹਿਮਤ ਨਹੀਂ ਹਨ।&rsquo ਜਸਟਿਸ ਹੁੰਗ ਨੇ ਇਸ ਗੱਲ &rsquoਤੇ ਜ਼ੋਰ ਦਿੱਤਾ ਕਿ ਜਨਤਕ ਸੰਸਥਾਵਾਂ ਵਿੱਚ ਭਰੋਸਾ ਅਤੇ ਵਿਸ਼ਵਾਸ ਪ੍ਰਭਾਵੀ ਸ਼ਾਸਨ ਦਾ ਆਧਾਰ ਹੈ। ਜਸਟਿਸ ਨੇ ਕਿਹਾ ਕਿ ਸਾਬਕਾ ਮੰਤਰੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਲਗਪਗ 403,300 ਸਿੰਗਾਪੁਰੀ ਡਾਲਰ ਦੇ ਤੋਹਫ਼ੇ ਲਏ।

ਮਹਾਰਾਸ਼ਟਰ ਦੇ ਡਿਪਟੀ ਸਪੀਕਰ ਨੇ ਸਕੱਤਰੇਤ ਦੀ ਤੀਜੀ ਮੰਜ਼ਲ ਤੋਂ ਛਾਲ ਮਾਰੀ
ਨੈਸ਼ਨਲਿਸਟ ਕਾਂਗਰਸ ਪਾਰਟੀ- ਅਜੀਤ ਪਵਾਰ ਧੜੇ ਦੇ ਵਿਧਾਇਕ ਅਤੇ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਝਰੀਵਾਲ ਨੇ ਸ਼ੁੱਕਰਵਾਰ ਨੂੰ ਇਥੇ ਸੂਬਾਈ ਸਕੱਤਰੇਤ, ਜਿਸ ਨੂੰ &lsquoਮੰਤਰਾਲਾ&rsquo ਭਵਨ ਕਿਹਾ ਜਾਂਦਾ ਹੈ, ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਪਰ ਹੇਠਾਂ ਜਾਲ ਲਾਇਆ ਹੋਣ ਕਾਰਨ ਉਹ ਉਸ ਵਿਚ ਡਿੱਗਣ ਕਰ ਕੇ ਸੁਰੱਖਿਅਤ ਬਚ ਗਏ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਕਥਿਤ ਤੌਰ &rsquoਤੇ ਸੂਬਾ ਸਰਕਾਰ ਦੇ ਇਸ ਹੈਡ ਕੁਆਰਟਰ ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ। ਦੱਸਣਯੋਗ ਹੈ ਕਿ ਝਰੀਵਾਲ ਸੂਬੇ ਦੀ ਅਨੁਸੂਚਿਤ ਕਬੀਲਿਆਂ (ਐੱਸਟੀ) ਸਬੰਧੀ ਕੋਟੇ ਵਿਚ ਖ਼ਾਨਾਬਦੋਸ਼ &lsquoਧਨਗਰ&rsquo ਭਾਈਚਾਰੇ ਨੂੰ ਰਾਖਵਾਂਕਰਨ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਹਨ। ਗ਼ੌਰਤਲਬ ਹੈ ਕਿ ਧਨਗਰ ਭਾਈਚਾਰੇ ਨੂੰ ਇਸ ਵੇਲੇ ਓਬੀਸੀ ਕੋਟੇ ਵਿਚ ਰਾਖਵਾਂਕਰਨ ਮਿਲਿਆ ਹੋਇਆ ਹੈ, ਪਰ ਉਹ ਐੱਸਟੀ ਕੋਟੇ ਵਿਚੋਂ ਰਾਖਵਾਂਕਰਨ ਮੰਗ ਰਹੇ ਹਨ।

&lsquoਨਸ਼ਾ ਮੁਕਤ ਪੰਜਾਬ&rsquo ਮੁਹਿੰਮ ਨਾਲ ਜੁੜੇ ਕਾਮੇਡੀਅਨ ਕਪਿਲ ਸ਼ਰਮਾ, ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਕੀਤੀ ਅਪੀਲ

ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਮੁਹਿੰਮ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਵੀ ਜੁੜ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ &lsquoਤੇ ਇਕ ਵੀਡੀਓ ਜਾਰੀ ਕਰਕੇ ਨੇ ਨੌਜਵਾਨਾਂ ਨੂੰ ਨਸ਼ੇ ਦੇ ਜਾਲ &lsquoਚ ਨਾ ਫਸਣ ਦੀ ਅਪੀਲ ਕੀਤੀ ਹੈ, ਉਥੇ ਹੀ ਕਪਿਲ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਨਸ਼ਾ ਛੱਡਣ ਲਈ ਨਸ਼ੇ ਦੇ ਆਦੀ ਲੋਕਾਂ ਦੀ ਮਦਦ ਕਰਨ। ਕਾਮੇਡੀਅਨ ਕਪਿਲ ਸ਼ਰਮਾ ਨੇ ਪੰਜਾਬ ਪੁਲਿਸ ਦੀ ਵੈੱਬਸਾਈਟ &lsquoਤੇ ਇਕ ਸੰਦੇਸ਼ ਸਾਂਝਾ ਕੀਤਾ ਹੈ, ਜਿਸ &lsquoਚ ਉਨ੍ਹਾਂ ਕਿਹਾ ਕਿ ਪੰਜਾਬ &lsquoਚ ਨਸ਼ਿਆਂ ਦਾ ਦਰਿਆ ਵਹਿ ਰਿਹਾ ਹੈ। ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ ਅਤੇ ਇਸ ਦਾ ਭਵਿੱਖ ਵਿੱਚ ਕੀ ਅਸਰ ਹੋਵੇਗਾ। ਇਸ ਲਈ ਹਰ ਕਿਸੇ ਦਾ ਫਰਜ਼ ਬਣਦਾ ਹੈ ਕਿ ਇਸ ਨਸ਼ੇ ਦੇ ਕਾਰੋਬਾਰ ਨੂੰ ਖਤਮ ਕਰਕੇ ਉਨ੍ਹਾਂ ਨੌਜਵਾਨਾਂ ਦੀ ਮਦਦ ਕੀਤੀ ਜਾਵੇ।

ਐਕਸ 'ਤੇ 200 ਮਿਲੀਅਨ ਫਾਲੋਅਰਜ਼ ਦਾ ਅੰਕੜਾ ਛੂਹਣ ਵਾਲੇ ਐਲੋਨ ਮਸਕ ਬਣੇ ਪਹਿਲੇ ਵਿਅਕਤੀ

ਵਾਸਿ਼ੰਗਟਨ- ਅਰਬਪਤੀ ਕਾਰੋਬਾਰੀ ਐਲੋਨ ਮਸਕ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ 200 ਮਿਲੀਅਨ ਫਾਲੋਅਰਜ਼ ਤੱਕ ਪਹੁੰਚਣ ਵਾਲੇ ਪਹਿਲੇ ਵਿਅਕਤੀ ਬਣ ਗਏ। ਉਨ੍ਹਾਂ ਨੇ ਅਕਤੂਬਰ 2022 ਵਿੱਚ 44 ਬਿਲੀਅਨ ਡਾਲਰ ਵਿੱਚ ਇਸਨੂੰ ਹਾਸਲ ਕੀਤਾ ਸੀ।ਐਕਸ ਦੇ ਮਾਲਕ ਨੂੰ 131.9 ਮਿਲੀਅਨ ਫਾਲੋਅਰਜ਼ ਨਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ 113.2 ਮਿਲੀਅਨ ਫਾਲੋਅਰਜ਼ ਦੇ ਨਾਲ ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਫੌਲੋ ਕਰਦੇ ਹਨ। ਪ੍ਰਸਿੱਧ ਗਾਇਕ ਜਸਟਿਨ ਬੀਬਰ 110.3 ਮਿਲੀਅਨ ਫਾਲੋਅਰਜ਼ ਦੇ ਨਾਲ ਚੌਥੇ ਸਥਾਨ 'ਤੇ ਹਨ ਅਤੇ ਰਿਹਾਨਾ 108.4 ਮਿਲੀਅਨ ਫਾਲੋਅਰਸ ਨਾਲ ਪੰਜਵੇਂ ਸਥਾਨ 'ਤੇ ਹੈ।

ਯੂਕ੍ਰੇਨ 'ਚ ਰਿਹਾਇਸ਼ੀ ਇਮਾਰਤ 'ਤੇ ਡਿੱਗਿਆ ਰੂਸੀ ਬੰਬ, 12 ਜ਼ਖ਼ਮੀ
ਕੀਵ: ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਇੱਕ 5 ਮੰਜਿ਼ਲਾ ਇਮਾਰਤ ''ਤੇ ਰੂਸੀ ਗਲਾਈਡ ਬੰਬ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਇੱਕ 3 ਸਾਲ ਦੀ ਬੱਚੀ ਸਮੇਤ ਘੱਟੋ-ਘੱਟ 12 ਲੋਕ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖਾਰਕਿਵ ਦੇ ਖੇਤਰੀ ਗਵਰਨਰ ਓਲੇਹ ਸਿਨਿਹੁਬੋਵ ਨੇ ਕਿਹਾ ਕਿ ਬੰਬ ਬੁੱਧਵਾਰ ਰਾਤ ਨੂੰ ਇਮਾਰਤ ਦੀ ਚੌਥੀ ਮੰਜ਼ਿਲ 'ਤੇ ਡਿੱਗਿਆ, ਜਿਸ ਕਾਰਨ ਅੱਗ ਲੱਗ ਗਈ।
ਅੱਗ ਬੁਝਾਊ ਅਮਲੇ ਨੇ ਧੂੰਏਂ ਅਤੇ ਮਲਬੇ ਵਿਚ ਜਿ਼ੰਦਾ ਬਚੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰੂਸੀ ਸਰਹੱਦ ਤੋਂ ਕਰੀਬ 30 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਖਾਰਕਿਵ ਸ਼ਹਿਰ, ਰੂਸ ਦੇ ਖਿਲਾਫ ਜੰਗ ਦੌਰਾਨ ਲਗਾਤਾਰ ਹਵਾਈ ਹਮਲਿਆਂ ਦਾ ਨਿਸ਼ਾਨਾ ਬਣਿਆ ਰਿਹਾ ਹੈ। ਇਹ ਜੰਗ ਹੁਣ ਤੀਜੇ ਸਾਲ ਵਿੱਚ ਦਾਖ਼ਲ ਹੋ ਗਈ ਹੈ। ਗਲਾਈਡ ਬੰਬ ਯੁੱਧ ਵਿਚ ਇਕ ਆਮ ਹਥਿਆਰ ਬਣ ਗਏ ਹਨ। ਉਨ੍ਹਾਂ ਨੇ ਨਾਗਰਿਕਾਂ ਨੂੰ ਡਰਾਇਆ ਹੈ ਅਤੇ ਯੂਕ੍ਰੇਨੀ ਫੌਜ ਦੇ ਫਰੰਟ-ਲਾਈਨ ਡਿਫੈਂਸ ਨੂੰ ਤਬਾਹ ਕਰ ਦਿੱਤਾ ਹੈ।