ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ ਵਲੋ 10 ਨਵੰਬਰ ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ
ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਸਿੱਖ ਧਰਮ ਦੇ ਮੋਢੀ ਤੇ ਜਗਤ ਗੁਰੂ ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਜਿੱਥੇ ਇਸ ਮਹੀਨੇ ਦੁਨੀਆ ਭਰ ਵਿੱਚ ਸੰਗਤਾਂ ਵਲੋਂ ਅਦਬ ਸਤਿਕਾਰ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ।ਉੱਥੇ ਇਟਲੀ ਦੇ ਜਿਲ੍ਹਾ ਲਾਤੀਨਾ ਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਵਿਖੇ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 10 ਨਵੰਬਰ ਦਿਨ ਐਤਵਾਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਤੇ ਸਜਾਏ ਜਾ ਰਹੇ ਨਗਰ ਕੀਰਤਨ ਲਈ ਸੇਵਾਦਾਰਾਂ ਵੱਲੋਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਤਿਆਰੀਆਂ ਕੀਤੀਆਂ ਜਾ ਰਹੀਆ ਹਨ । ਉਨ੍ਹਾਂ ਦੱਸਿਆ ਕਿ 8 ਨਵੰਬਰ 2024 ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 10 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨਤਾ ਨਾਲ ਭੋਗ ਪਾਏ ਜਾਣਗੇ ਤੇ ਉਪਰੰਤ 10:30 ਵਜੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ । ਨਗਰ ਕੀਰਤਨ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਵਿੱਚੋਂ ਲੰਘਦਾ ਹੋਇਆ &ldquo ਵੀਆ ਪੈਤਰੋਂ ਮਸਕਾਨੀ 103 &ldquo ਇੰਨਟੈਲੀਜੈਟ ਮਾਰਕੀਟ ਦੇ ਪਿੱਛੇ ਸਥਿਤ ਪਾਰਕਿੰਗ ਵਾਲੀ ਜਗ੍ਹਾ ਤੇ ਨਗਰ ਕੀਰਤਨ ਦਾ ਪੜਾਅ ਹੋਵੇਗਾ ਤੇ ਇਸ ਜਗ੍ਹਾ ਤੇ ਪੰਥ ਦੇ ਪ੍ਰਸਿੱਧ ਰਾਗੀ ਸਿੰਘਾ, ਕੀਰਤਨੀ ਜਥਿਆਂ ਅਤੇ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਜਾਵੇਗਾ । ਅਤੇ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵਰਤਾਏ ਜਾਣਗੇ । ਤੇ ਸ਼ਾਮ 4 ਵਜੇ ਨਗਰ ਕੀਰਤਨ ਦੀ ਸਮਾਪਤੀ ਮੁੜ ਗੁਰਦੁਆਰਾ ਸਾਹਿਬ ਵਿਖੇ ਕੀਤੀ ਜਾਵੇਗੀ । ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਖਾਸ ਬੇਨਤੀ ਹੈ ਕਿ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋ ਕੇ ਗੁਰੂ ਸਾਹਿਬ ਜੀ ਨਾਲ ਨਾਲ ਨਗਰ ਦੀ ਪਰਕਰਮਾ ਕਰਨ ਨਾ ਕਿ ਪੜਾਅ ਵਾਲੀ ਜਗ੍ਹਾ ਤੇ ਨਗਰ ਕੀਰਤਨ ਤੋ ਪਹਿਲਾਂ ਪਹੁੰਚਣ । ਪ੍ਰਬੰਧਕਾਂ ਵਲੋਂ ਇਲਾਕੇ ਦੇ ਸਮੂਹ ਧਾਰਮਿਕ ਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਮੌਕੇ ਸਜਾਏ ਜਾ ਰਹੇ ਨਗਰ ਕੀਰਤਨ ਵਿੱਚ ਹਾਜਰੀਆਂ ਭਰਨ ਦੀ ਅਪੀਲ ਕੀਤੀ ਗਈ ਹੈ।