image caption: -ਭਗਵਾਨ ਸਿੰਘ ਜੌਹਲ
ਸ਼੍ਰੋਮਣੀ ਇਤਿਹਾਸਕਾਰ ਡਾ: ਗੰਡਾ ਸਿੰਘ ਨੂੰ ਯਾਦ ਕਰਦਿਆਂ
 15 ਨਵੰਬਰ ਨੂੰ ਜਨਮ ਦਿਨ ਤੇ ਵਿਸ਼ੇਸ਼
ਪੰਜਾਬ ਦੀ ਧਰਤੀ ਦਾ ਲਾਡਲਾ ਡਾ: ਗੰਡਾ ਸਿੰਘ ਅਜਿਹਾ ਇਤਿਹਾਸਕਾਰ ਸੀ, ਜਿਸ ਨੂੰ ਸਮੁੱਚੇ ਸੰਸਾਰ ਦੇ ਇਤਿਹਾਸਕਾਰਾਂ ਤੇ ਇਤਿਹਾਸ ਦੇ ਪਾਠਕਾਂ ਨੇ ਸਲਾਹਿਆ ਹੈ । ਇਤਿਹਾਸ ਦੇ ਸੱਚ ਨੂੰ ਲੋਕ-ਕਚਹਿਰੀ ਵਿੱਚ ਪੇਸ਼ ਕਰਨ ਤੋਂ ਪਹਿਲਾਂ ਪੂਰਬ ਨਿਰਧਾਰਿਤ ਭਾਵਾਂ ਤੋਂ ਮੁਕਤ ਹੋ ਕੇ ਨਿਸ਼ਠਾਵਾਨ ਇਤਿਹਾਸਕਾਰਾਂ ਦੀ ਕਤਾਰ ਵਿੱਚ ਖੜ੍ਹਨ ਵਾਲਿਆਂ ਵਿੱਚ ਡਾ: ਗੰਡਾ ਸਿੰਘ ਨੂੰ ਜਿਹੜਾ ਮਾਣ ਮਿਲਿਆ ਹੈ, ਉਹ ਵਿਰਲੇ ਇਤਿਹਾਸਕਾਰਾਂ ਨੂੰ ਪ੍ਰਾਪਤ ਹੋਇਆ ਹੈ । ਇਸ ਇਤਿਹਾਸਕਾਰ ਦਾ ਜਨਮ 15 ਨਵੰਬਰ, 1900 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਵਿੱਚ ਸ। ਜਵਾਲਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਹੁਕਮ ਦੇਵੀ ਦੀ ਕੁੱਖ ਤੋਂ ਹੋਇਆ । ਇਨ੍ਹਾਂ ਮੁੱਢਲੀ ਸਿੱਖਿਆ ਇਸ ਕਸਬੇ ਦੀ ਮਸੀਤ ਤੋਂ ਪ੍ਰਾਪਤ ਕੀਤੀ । ਪਿੱਛੋਂ ਇਹ ਪਰਿਵਾਰ ਪੁਰਹੀਰਾਂ (ਹੁਸ਼ਿਆਰਪੁਰ) ਆ ਗਿਆ । ਮਿਡਲ ਦੀ ਪ੍ਰੀਖਿਆ ਡੀ।ਏ।ਵੀ। ਸਕੂਲ ਹੁਸ਼ਿਆਰਪੁਰ ਅਤੇ ਦੱਸਵੀਂ ਸਰਕਾਰੀ ਹਾਈ ਸਕੂਲ ਤੋਂ 1919 ਈ: ਵਿੱਚ ਪਾਸ ਕੀਤੀ । ਇਸ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਫਾਰਮਨ ਕ੍ਰਿਸ਼ਚੀਅਨ ਕਾਲਜ ਲਾਹੌਰ ਵਿੱਚ ਦਾਖਲਾ ਪ੍ਰਾਪਤ ਕੀਤਾ, ਪਰ ਪੜ੍ਹਾਈ ਵਿਚਾਲੇ ਛੱਡ ਕੇ ਫੌਜ ਵਿੱਚ ਭਰਤੀ ਹੋ ਗਿਆ । ਇਸ ਫੌਜੀ ਨੌਕਰੀ ਦੌਰਾਨ ਥੋੜ੍ਹਾ ਸਮਾਂ ਰਾਵਲਪਿੰਡੀ ਅਤੇ ਪੇਸ਼ਾਵਰ ਵਿੱਚ ਸੇਵਾ ਨਿਭਾਈ । ਫਿਰ ਬਸਰਾ ਵਿਖੇ ਬਦਲੀ ਹੋ ਗਈ । ਇਥੇ ਹੀ ਲੜਾਈ ਦੌਰਾਨ ਜ਼ਖ਼ਮੀ ਹੋ ਗਿਆ, ਵਾਪਸ ਫਿਰ ਪੰਜਾਬ ਪਰਤ ਆਇਆ । ਇਸ ਤੋਂ ਬਾਅਦ ਜਦੋਂ ਜ਼ਖ਼ਮ ਠੀਕ ਹੋ ਗਏ ਤਾਂ ਫਿਰ ਈਰਾਨ ਦੀ ਉਸ ਸਮੇਂ ਦੀ ਐਂਗਲੋ-ਪਰਸ਼ੀਅਨ ਆਇਲ ਕੰਪਨੀ ਵਿੱਚ ਬਤੌਰ ਅਕਾਊਂਟਸ ਅਫ਼ਸਰ ਸੇਵਾ ਨਿਭਾਈ । ਦੱਸਿਆ ਜਾਂਦਾ ਹੈ ਕਿ ਇਥੇ ਹੀ ਅੰਗ੍ਰੇ੍ਰਜ਼ ਵਿਦਵਾਨ ਸਰ ਅਰਨਾਰਡ ਵਿਲਸਨ ਨਾਲ ਮਿਲਾਪ ਹੋਇਆ । ਉਸ ਅੰਗ੍ਰੇਜ਼ ਵਿਦਵਾਨ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਬਾਰੇ ਲਿਖੀਆਂ ਕਿਤਾਬਾਂ ਦੀ ਸੂਚੀ (ਬਿਬਲਿੳਗ੍ਰਾਫੀ) ਤਿਆਰ ਕਰਨੀ ਸ਼ੁਰੂ ਕੀਤੀ । ਜ਼ਿਕਰਯੋਗ ਹੈ ਕਿ ਈਰਾਨ ਵਿੱਚ ਰਹਿੰਦਿਆਂ ਇਨ੍ਹਾਂ ਆਪਣੀ ਪਹਿਲੀ ਪੁਸਤਕ ਮਾਈ ਫਸਟ ਥਰਟੀ ਡੇਜ਼ ਇਨ ਮੈਸੋਪੋਟਾਮੀਆਂ ਲਿਖੀ । 
ਜਦੋਂ ਡਾ: ਗੰਡਾ ਸਿੰਘ 1930 ਈ: ਵਿੱਚ ਪੰਜਾਬ ਵਾਪਸ ਪੁੱਜੇ ਤਾਂ ਇਥੇ ਆ ਕੇ ਫੁਲਵਾੜੀ ਨਾਂਅ ਦੇ ਮਾਸਿਕ-ਪੱਤਰ ਦੇ ਸੰਪਾਦਕੀ ਮੰਡਲ ਵਿੱਚ ਕੰਮ ਕਰਨਾ ਆਰੰਭ ਕੀਤਾ । ਅਕਤੂਬਰ 1931 ਈ: ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਨਵੇਂ ਬਣੇ ਵਿਭਾਗ ਸਿੱਖ ਹਿਸਟਰੀ ਰਿਸਰਚ ਡਿਪਾਰਟਮੈਂਟ ਦੇ ਮੁਖੀ ਵਜੋਂ ਨਿਯੁਕਤ ਹੋਏ । 1949 ਵਿੱਚ ਪੈਪਸੂ ਸਰਕਾਰ ਵਿੱਚ ਪਟਿਆਲਾ ਵਿਖੇ ਪੁਰਾਤਤਵ ਵਿਭਾਗ ਦੇ ਡਾਇਰੈਕਟਰ ਅਤੇ ਅਜਾਇਬ ਘਰ ਦੇ ਨਿਗਰਾਨ ਵਜੋਂ ਨਿਯੁਕਤੀ ਹੋਈ । ਇਸ ਤੋਂ ਇਕ ਸਾਲ ਬਾਅਦ ਪੰਜਾਬੀ ਮਹਿਕਮੇ (ਭਾਸ਼ਾ ਵਿਭਾਗ) ਦੇ ਡਾਇਰੈਕਟਰ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ । ਡਾ: ਗੰਡਾ ਸਿੰਘ ਨੇ ਇਸੇ ਦੌਰਾਨ ਸਖ਼ਤ ਮਿਹਨਤੀ ਹੋਣ ਦਾ ਸਬੂਤ ਦਿੰਦਿਆਂ ਸੈਂਟਰਲ ਪਬਲਿਕ ਲਾਇਬ੍ਰੇਰੀ ਦੀ ਸਥਾਪਨਾ ਵੀ ਕੀਤੀ ।
1954 ਈ: ਵਿੱਚ ਇਨ੍ਹਾਂ ਅਹਿਮਦਸ਼ਾਹ ਦੁਰਾਨੀ ਦੇ ਸਬੰਧ ਵਿੱਚ ਸ਼ੋਧ-ਪ੍ਰਬੰਧ ਲਿਖ ਕੇ ਪੰਜਾਬ ਯੂਨੀਵਰਸਿਟੀ ਤੋਂ ਪੀ।ਐੱਚ।ਡੀ। ਦੀ ਡਿਗਰੀ ਪ੍ਰਾਪਤ ਕੀਤੀ । ਸੇਵਾ-ਮੁਕਤ ਹੋਣ ਤੋਂ ਪਿੱਛੋਂ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਵਜੋਂ ਨਿਯੁਕਤ ਹੋਏ । ਇਥੋਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੀ ਆਰੰਭਤਾ ਕਰਨ ਦਾ ਸੱਦਾ ਪ੍ਰਾਪਤ ਹੋਇਆ । 1965 ਈ: ਵਿੱਚ ਪੰਜਾਬ ਹਿਸਟਰੀ ਕਾਨਫਰੰਸ ਕਰਵਾਈ । 1967 ਈ: ਵਿੱਚ ਪੰਜਾਬ ਪਾਸਟ ਐਂਡ ਪੈ੍ਰਜ਼ਟ ਦਾ ਤਿਮਾਹੀ ਮੈਗਜ਼ੀਨ ਸ਼ੁਰੂ ਕੀਤਾ । ਇਨ੍ਹਾਂ ਦੋਵਾਂ ਕੰਮਾਂ ਨੇ ਪੰਜਾਬ ਦੇ ਇਤਿਹਾਸ ਵਿੱਚ ਆਪਣਾ ਚਿਰ-ਸਥਾਈ ਯੋਗਦਾਨ ਪਾਇਆ । 
ਡਾਕਟਰ ਸਾਹਿਬ ਨੂੰ 1963 ਈ: ਵਿੱਚ ਪੰਜਾਬ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਇਤਿਹਾਸਕਾਰ ਦਾ ਸਨਮਾਨ, 1964 ਈ: ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ, ਫਿਰ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਵੱਲੋਂ ਡੀ।ਲਿਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਆ ਗਿਆ । 1974 ਈ: ਵਿੱਚ ਸਿੱਖ ਐਜੂਕੇਸ਼ਨ ਕਾਨਫਰੰਸ ਕਾਨਪੁਰ, 1976 ਈ: ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ । 1978 ਈ: ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਵੀ ਡੀ।ਲਿਟ ਨਾਲ ਸਨਮਾਨ ਦਿੱਤਾ ਗਿਆ । 1984 ਈ: ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਨ ਦਾ ਸਨਮਾਨ ਦਿੱਤਾ ਗਿਆ । 1987 ਈ: ਵਿੱਚ ਇੰਡੀਅਨ ਹਿਸਟਰੀ ਕਾਨਫਰੰਸ ਗੋਆ ਵਿਖੇ ਪੰਜ ਪ੍ਰਮੁੱਖ ਇਤਿਹਾਸਕਾਰਾਂ ਵਿੱਚੋਂ ਇਕ ਹੋਣ ਦਾ ਸਨਮਾਨ ਮਿਲਿਆ । ਡਾਕਟਰ ਸਾਹਿਬ ਦੀਆਂ ਬਹੁਤ ਸਾਰੀਆਂ ਪੁਸਤਕਾਂ ਅੰਗ੍ਰੇਜ਼ੀ, ਪੰਜਾਬੀ, ਹਿੰਦੀ, ਉਰਦੂ ਅਤੇ ਫਾਰਸੀ ਭਾਸ਼ਾਵਾਂ ਵਿੱਚ ਮਿਲਦੀਆਂ ਹਨ । ਅੰਗ੍ਰੇਜ਼ੀ ਦੀਆਂ 10 ਪੁਸਤਕਾਂ (ਇਤਿਹਾਸ) ਉੱਚ ਪਾਲੇ ਦੀਆਂ ਹਨ, ਜਿਨ੍ਹਾਂ ਨੂੰ ਸੰਸਾਰ ਦੇ ਪ੍ਰਮੁੱਖ ਇਤਿਹਾਸਕਾਰਾਂ ਨੇ ਮਾਣ ਦਿੱਤਾ ਹੈ । ਪੰਜਾਬੀ ਵਿੱਚ ਥੋੜ੍ਹਾ ਮਲ ਬਹਾਦਰ, ਸ੍ਰੀ ਗੁਰ ਸੋਭਾ, ਸਰਦਾਰ ਸ਼ਾਮ ਸਿੰਘ ਅਟਾਰੀ, ਕੂਕਿਆਂ ਦੀ ਵਿਥਿਆ, ਪੰਜਾਬ ਉੱਤੇ ਅੰਗ੍ਰੇਜ਼ਾਂ ਦਾ ਕਬਜ਼ਾ, ਬਾਬਾ ਬੰਦਾ ਸਿੰਘ ਬਹਾਦਰ, ਹੁਕਮਨਾਮੇ, ਜੱਸਾ ਸਿੰਘ ਆਹਲੂਵਾਲੀਆ ਆਦਿ ਪ੍ਰਕਾਸ਼ਿਤ ਹੋ ਚੁੱਕੀਆਂ ਹਨ । ਇਸ ਤੋਂ ਇਲਾਵਾ ਅੱਧੀ ਦਰਜਨ ਪੁਸਤਕਾਂ ਹਿੰਦੀ, ਉਰਦੂ ਤੇ ਫਾਰਸੀ ਵਿੱਚ ਵੀ ਮਿਲਦੀਆਂ ਹਨ । ਇਨ੍ਹਾਂ ਸਾਰੀਆਂ ਪੁਸਤਕਾਂ ਵਿੱਚ ਕੁਝ ਅਨੁਵਾਦਿਤ ਅਤੇ ਸੰਪਾਦਿਤ ਵੀ ਹਨ । 
ਇਹ ਮਹਾਨ ਇਤਿਹਾਸਕਾਰ ਤੇ ਸਿਰੜੀ ਇਨਸਾਨ 27 ਦਸੰਬਰ, 1987 ਈ: ਵਿੱਚ ਪਟਿਆਲਾ ਵਿਖੇ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖ ਗਿਆ । ਉਨ੍ਹਾਂ ਦੀਆਂ ਇਤਿਹਾਸਕ ਲਿਖਤਾਂ ਸਾਡਾ ਵੱਡਮੁੱਲਾ ਖ਼ਜ਼ਾਨਾ ਹਨ । 
-ਭਗਵਾਨ ਸਿੰਘ ਜੌਹਲ