image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਬ੍ਰਹਿਮੰਡੀ ਚੇਤਨਾ ਦੇ ਨਾਇਕ ਸਿੱਖ ਧਰਮ ਦੇ ਬਾਨੀ ਜਗਤ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੇਖ

ਸਿੱਖ ਕੌਮ ਦੇ ਰਹਿਬਰ ਬ੍ਰਹਿਮੰਡੀ ਚੇਤਨਾ ਦੇ ਨਾਇਕ ਜਗਤ ਗੁਰੂ ਨਾਨਕ ਦੀ ਸਿੱਖੀ ਨਵੇਂ ਯੁੱਗ ਦਾ ਵਿਗਿਆਨਕ ਧਰਮ ਹੈ । ਸਿੱਖ ਧਰਮ ਅਜੋਕੇ ਵਿਸ਼ਵ ਦੇ ਚਾਰ, ਹਿੰਦੂ ਮੱਤ, ਇਸਲਾਮ, ਈਸਾਈ ਤੇ ਸਿੱਖੀ ਧਰਮ ਵਿੱਚੋਂ ਇਕ ਸੁਤੰਤਰ, ਸੰਪੂਰਨ ਤੇ ਨਿਆਰਾ ਧਰਮ ਹੈ । ਸਭ ਤੋਂ ਛੋਟੀ ਉਮਰ ਦਾ ਹੋਣ ਦੇ ਬਾਵਜੂਦ ਵੀ ਇਸ ਨੇ ਵਿਸ਼ਵ-ਚਿੰਤਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ । ਇਸ ਧਰਮ ਦੁਆਰਾ ਸੰਸਾਰ ਦੇ ਪ੍ਰਮੁੱਖ ਵਿਚਾਰਵਾਨਾਂ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਕਾਰਨ ਇਸ ਦੀ ਨਰੋਈ ਤੇ ਨਵੇਕਲੀ ਵਿਚਾਰਧਾਰਾ ਹੈ ਜੋ ਕਿ ਧਰਮਾਂ ਦੀ ਰਵਾਇਤੀ ਵਿਚਾਰਧਾਰਾ ਨਾਲੋਂ ਵੱਖਰੀ ਹੈ ਅਤੇ ਮਨੁੱਖੀ ਜੀਵਨ ਦੇ ਹਰ ਪੱਖ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਅਗਵਾਈ ਦਿੰਦੀ ਹੈ । ਮਨੁੱਖ ਨੇ ਜਿਤਨੀ ਤਰੱਕੀ ਦੁਨਿਆਵੀ ਖੇਤਰ ਵਿੱਚ ਕੀਤੀ ਹੈ ਉਤਨੀ ਤਰੱਕੀ ਆਤਮਿਕ ਜੀਵਨ ਵਿੱਚ ਨਹੀਂ ਕੀਤੀ । ਮਨੁੱਖ ਦੇ ਖਾਣ-ਪੀਣ, ਰਹਿਣ-ਸਹਿਣ, ਬੋਲਚਾਲ, ਪਹਿਰਾਵੇ ਅਤੇ ਜ਼ਿੰਦਗੀ ਦੇ ਮਿਆਰ ਵਿੱਚ ਬਹੁਤ ਅੰਤਰ ਆ ਗਿਆ ਹੈ । ਸੰਸਾਰੀ ਕਰਨ ਦਾ ਸਿੱਖ ਧਰਮ ਨਾਲ ਕੁਝ ਵੀ ਸਾਂਝਾ ਨਹੀਂ ਤੇ ਖਾਉ ਪੀਉ ਐਸ਼ ਕਰੋ ਦਾ ਖਪਤਕਾਰੀ ਸੱਭਿਆਚਾਰ, ਜਿਹੜਾ ਮਨੁੱਖ ਨੂੰ ਅੰਦਰੋਂ ਮਨੁੱਖੀ ਜਜ਼ਬੇ ਨੂੰ ਮਾਰ ਕੇ ਉਸ ਨੂੰ ਪਸ਼ੂਆਂ ਦੀ ਹੱਦ ਤੱਕ ਆਪਣੀ ਇੰਦ੍ਰਿਆਵੀ ਭੁੱਖ ਦਾ ਗੁਲਾਮ ਬਣਾ ਦੇਂਦਾ ਹੈ । ਸਿੱਖ ਧਰਮ ਇੰਦ੍ਰਿਆਵੀ ਭੁੱਖ ਨੂੰ ਵੱਧਣ ਤੋਂ ਰੋਕਦਾ ਹੈ ਅਤੇ ਸਾਦੀ ਜ਼ਿੰਦਗੀ ਜਿਊਣ ਦਾ ਉਪਦੇਸ਼ ਦਿੰਦਾ ਹੈ, ਜਿਉਂ ਜਿਉਂ ਸਾਇੰਸ ਤਰੱਕੀ ਕਰ ਰਹੀ ਹੈ ਤਿਉਂ ਤਿਉਂ ਮਨੁੱਖ ਦੇ ਗਿਆਨ ਵਿੱਚ ਵਾਧਾ ਹੁੰਦਾ ਚੱਲਿਆ ਆ ਰਿਹਾ ਹੈ ।
ਇਸ ਤਰ੍ਹਾਂ ਸਾਇੰਸ ਦੀ ਤਰੱਕੀ ਕਾਰਨ ਝੂਠ, ਪਖੰਡ, ਅੰਧਵਿਸ਼ਵਾਸ਼ ਤੇ ਮਿੱਥਹਾਸਕ ਕਥਾ ਕਹਾਣੀਆਂ ਵਾਲੇ ਸਨਾਤਨ ਧਰਮ ਦੀ ਸਥਿਤੀ ਡਾਵਾਂ ਡੋਲ ਹੁੰਦੀ ਜਾ ਰਹੀ ਹੈ । ਸਾਇੰਸ ਨੇ ਸਨਾਤਨ ਧਰਮ ਦੇ ਗ੍ਰੰਥਾਂ ਵਿੱਚਲੀਆਂ ਕਈ ਮਨੌਤਾਂ ਨੂੰ ਝੂਠਾ ਸਾਬਤ ਕਰ ਦਿੱਤਾ ਹੈ । ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ ਅਨੇਕ ਸੱਚਾਈਆਂ, ਅਗੰਮ ਅਗੰਮ ਅਸੰਖ ਲੋਅ, ਅਸੰਖ ਕਹਹਿ ਸਿਰਿ ਭਾਰੁ ਹੋਇ ਅਤੇ ਪਤਾਲਾ ਪਾਤਾਲ, ਲਖ ਆਗਾਸਾ ਆਗਾਸ ਬਾਰੇ ਸਾਇੰਸ ਹੁਣ ਦੱਸ ਰਹੀ ਹੈ । ਜਿਉਂ ਜਿਉਂ ਵਿਗਿਆਨ ਤਰੱਕੀ ਕਰ ਰਿਹਾ ਹੈ ਦੁਨੀਆਂ ਦੇ ਲੋਕਾਂ ਦਾ ਵਿਸ਼ਵਾਸ਼ ਸਿੱਖ ਧਰਮ ਦੀ ਵਿਚਾਰਧਾਰਾ &lsquoਤੇ ਹੋਰ ਪੱਕਾ ਹੁੰਦਾ ਜਾ ਰਿਹਾ ਹੈ ਕਿਉਂਕਿ ਸਿੱਖ ਧਰਮ ਇਕ ਵਿਗਿਆਨਕ ਧਰਮ ਹੈ । ਸੰਸਾਰ ਦੇ 500 (ਵੱਖ-ਵੱਖ ਧਰਮਾਂ ਦੀ ਤੁਲਨਾਤਮਿਕ ਅਧਿਐਨ ਕਰਨ ਮਗਰੋਂ ਅਮਰੀਕਾ ਦਾ ਧਰਮ-ਚਿੰਤਕ ਸ਼੍ਰੀ ਐੱਚ।ਐੱਲ। ਬ੍ਰਾਡਸ਼ਾ ਸਿੱਖ ਧਰਮ ਦੀ ਸਰਵੋਤਮਤਾ ਨੂੰ ਇੰਝ ਬਿਆਨ ਕਰਦਾ ਹੈ, ਸਿੱਖੀ ਜਿਥੇ ਇਕ ਸਰਬ ਵਿਆਪਕ ਧਰਮ ਹੈ, ਉਥੇ ਇਹ ਧਰਮ ਸਾਇੰਸ ਦੀ ਕਸਵੱਟੀ ਉੱਤੇ ਵੀ ਪੂਰਾ ਉਤਰਦਾ ਹੈ । ਇਸ ਲਈ ਭਵਿੱਖ ਦੇ ਮਨੁੱਖ ਲਈ ਸਿੱਖ ਧਰਮ ਹੀ ਆਖਰੀ ਆਸ ਤੇ ਸਹਾਰਾ ਹੋਵੇਗਾ, ਇਸੇ ਤਰ੍ਹਾਂ ਧਰਮ ਚਿੰਤਕ ਸੀ।ਐੱਚ।ਪੇਨ ਲਿਖਦਾ ਹੈ : ਸਿੱਖ ਧਰਮ ਜੁਝਾਰੂਆਂ ਦਾ ਧਰਮ ਹੈ, ਜਿਹੜੇ ਦੁਨੀਆਂ ਵਿੱਚ ਰਹਿ ਕੇ ਬੁਰਾਈਆਂ ਨਾਲ ਜੂਝਦੇ ਰਹਿੰਦੇ ਹਨ । ਧਰਮ ਉਹੀ ਜ਼ਿੰਦਾ ਰਹਿ ਸਕਦਾ ਹੈ ਜਿਹੜਾ ਇਸ ਦੀ ਵਰਤੋਂ ਸਿਖਾਵੇ । ਇਹ ਨਾ ਸਿਖਾਵੇ ਕਿ ਬਦੀਆਂ ਤੋਂ ਕਿਵੇਂ ਬਚਣਾ ਹੈ, ਸਗੋਂ ਇਹ ਸਿਖਾਵੇ ਕਿ ਬਦੀਆਂ ਦਾ ਟਾਕਰਾ ਕਰਦੇ ਹੋਏ ਕਿਵੇਂ ਕਾਮਯਾਬ ਹੋਣਾ ਹੈ । ਸੱਚਾਈ ਇਹ ਹੈ ਕਿ ਸਿੱਖ ਧਰਮ ਵਰਤਮਾਨ ਮਨੁੱਖ ਦੀਆਂ ਸਭ ਉਲਝਣਾਂ (ਸਮੱਸਿਆਵਾਂ) ਦਾ ਹੱਲ ਹੈ । ਸਿੱਖ ਧਰਮ ਦੀ ਵਿਚਾਰਧਾਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਵਿੱਚ ਸਮੋਈ ਹੋਈ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਗਟਾਏ ਗਏ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਮਿੱਸ ਪਰਲ ਐੱਸ ਬੱਕ ਨੋਬਲ ਪਰਾਈਜ਼ ਵਿਨਰ ਲਿਖਦੀ ਹੈ : ਮੈਂ ਹੋਰ ਵੀ ਧਰਮਾਂ ਦੇ ਗ੍ਰੰਥ ਪੜ੍ਹੇ ਹਨ, ਪਰ ਮੈਨੂੰ ਹੋਰ ਕਿਧਰੋਂ ਵੀ ਮਨ ਤੇ ਦਿਲ ਨੂੰ ਟੁੰਬਣ ਵਾਲੀ ਉਹ ਸ਼ਕਤੀ ਨਹੀਂ ਮਿਲੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਾਪਤ ਹੋਈ ਹੈ । ਅਕਾਰ ਵੱਡਾ ਹੋਣ ਦੇ ਬਾਵਜੂਦ ਵੀ ਇਹ ਗ੍ਰੰਥ ਇਕ ਬਝਵਾਂ ਪ੍ਰਭਾਵ ਪਾਉਂਦਾ ਹੈ । ਇਸ ਵਿੱਚ ਮਨੁੱਖੀ ਮਨ ਦੀ ਅਥਾਹ ਪਕੜ ਵਾਲੀਆਂ ਗੱਲਾਂ ਦਾ ਭੇਦ ਉਜਾਗਰ ਕੀਤਾ ਹੋਇਆ ਹੈ । ਪ੍ਰਮਾਤਮਾਂ ਦੇ ਪਵਿੱਤਰ ਵਿਚਾਰ ਤੋਂ ਲੈ ਕੇ ਮਨੁੱਖੀ ਸਰੀਰ ਜਿਨ੍ਹਾਂ ਆਮ ਚੀਜ਼ਾਂ ਨੂੰ ਮੰਨਦਾ ਅਤੇ ਹੱਲ ਕਰਦਾ ਹੈ ਉਨ੍ਹਾਂ ਦਾ ਵਰਨਣ ਅਤੇ ਪ੍ਰਗਟਾ ਇਸ ਵਿੱਚ ਹੈ । ਇਸ ਗ੍ਰੰਥ ਵਿੱਚ ਇਕ ਅਸਚਰਜ ਆਧੁਨਿਕਤਾ ਹੈ । ਉਦੋਂ ਤੱਕ ਮੈਂ ਹੈਰਾਨ ਰਹੀ ਜਦੋਂ ਤੱਕ ਮੈਨੂੰ ਇਹ ਨਾ ਪਤਾ ਲੱਗਾ ਕਿ ਇਨ੍ਹਾਂ ਬਾਣੀਆਂ ਦੀ ਰਚਨਾ ਤਾਂ ਕੁਝ ਚਿਰ ਪਹਿਲਾਂ 16ਵੀਂ ਸਦੀ ਵਿੱਚ ਹੀ ਹੋਈ ਹੈ, ਜਦੋਂ ਕਿ ਖੋਜੀਆਂ ਨੇ ਇਹ ਲੱਭਣਾ ਸ਼ੁਰੂ ਕਰ ਦਿੱਤਾ ਸੀ ਕਿ ਧਰਤੀ ਦੇ ਜਿਸ ਗੋਲੇ ਉੱਤੇ ਅਸੀਂ ਰਹਿੰਦੇ ਹਾਂ ਇਹ ਸਭ ਇਕੋ ਹੀ ਹੈ ਅਤੇ ਅਸੀਂ ਆਪੇ ਹੀ ਐਵੇਂ ਕਲਪਿਤ ਰੇਖਾਵਾਂ ਨਾਲ ਵੰਡਿਆ ਹੋਇਆ ਹੈ॥॥।ਸ਼ਾਇਦ ਇਹ ਬੱਝਵਾਂ ਪ੍ਰਭਾਵ ਹੀ ਉਸ ਸ਼ਕਤੀ ਦਾ ਸੋਮਾ ਹੈ, ਜਿਸ ਦਾ ਅਨੁਭਵ ਮੈਨੂੰ ਇਸ ਗ੍ਰੰਥ ਵਿੱਚੋਂ ਹੋਇਆ ਹੈ । ਕੋਈ ਮਨੁੱਖ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਜਾਂ ਨਾਸਤਕ ਹੀ ਕਿਉਂ ਨਾ ਹੋਵੇ, ਇਹ ਬਾਣੀ ਸਭ ਨੂੰ ਇਕੋ ਤਰ੍ਹਾਂ ਸੰਬੋਧਨ ਕਰਦੀ ਹੈ ਕਿਉਂਕਿ ਇਸ ਦੀ ਅਵਾਜ਼ ਮਨੁੱਖੀ ਦਿਲ ਅਤੇ ਕੁਝ ਲੱਭ ਰਹੇ ਮਨਾਂ ਲਈ ਹੈ । 
ਸੰਸਾਰ ਪ੍ਰਸਿੱਧ ਵਿਦਵਾਨ (ਇਤਿਹਾਸਕਾਰ) ਆਰਨਲਡ ਟਾਇਨਬੀ ਵੀ ਲਿਖਦੇ ਹਨ : ਸਿੱਖ ਧਰਮ ਅੱਜ ਦਾ ਧਰਮ ਨਹੀਂ, ਸਗੋਂ ਕੱਲ੍ਹ ਦਾ ਧਰਮ ਵੀ ਹੈ । ਮਨੁੱਖਤਾ ਦਾ ਧਾਰਮਿਕ ਭਵਿੱਖ ਪਿਆ ਧੁੰਧਲਾ ਹੋਵੇ, ਇਕ ਚੀਜ਼ ਘੱਟੋ ਘੱਟ ਦੇਖੀ ਜਾ ਸਕਦੀ ਹੈ, ਉਹ ਇਹ ਕਿ ਵੱਡੇ ਜੀਵਤ ਧਰਮ ਇਕ ਦੂਜੇ ਉੱਤੇ ਪਹਿਲਾਂ ਨਾਲੋਂ ਵੀ ਵਧੇਰੇ ਅਸਰ ਪਾਉਣਗੇ, ਕਿਉਂਕਿ ਧਰਤੀ ਦੇ ਵੱਖ-ਵੱਖ ਇਲਾਕਿਆਂ ਅਤੇ ਮਨੁੱਖੀ ਨਸਲ ਦੀਆਂ ਵੱਖ ਵੱਖ ਸ਼ਾਖਾਂ ਵਿੱਚਕਾਰ ਸੰਬੰਧ ਵੱਧ ਰਹੇ ਹਨ । ਇਸ ਹੋਣ ਵਾਲੇ ਵਾਦ-ਵਿਵਾਦ ਵਿੱਚ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਕੋਲ ਸੰਸਾਰ ਦੇ ਧਰਮਾਂ ਨੂੰ ਕਹਿਣ ਲਈ ਜੋ ਕੁਝ ਹੈ, ਉਸ ਦੀ ਖਾਸ ਮਹੱਤਤਾ ਅਤੇ ਕੀਮਤ ਹੈ । ਗੁਰੂ ਨਾਨਕ ਨੇ ਨਵੀਂ ਕਿਸਮ ਦਾ ਮਨੁੱਖ (ਗੁਰਮੁਖਿ) ਹੋਂਦ ਵਿੱਚ ਲਿਆਂਦਾ ਜਿਸ ਬਾਰੇ ਆਰਨਲਡ ਟਾਇਨਬੀ ਆਪਣੀ ਰਚਨਾ ਈਸਟ ਟੂ ਵੈਸਟ, ਜੋ 1962 ਵਿੱਚ ਛਪੀ ਹੈ, ਵਿੱਚ ਕਹਿੰਦਾ ਹੈ : ਜੇਕਰ ਮਨੁੱਖੀ ਨਸਲ ਆਪਣੀ ਅਗਿਆਨਤਾ ਕਾਰਨ ਬੱਚ ਵੀ ਗਈ ਤਾਂ॥॥ਇਸ ਧਰਤੀ ਉੱਪਰ ਸਿੱਖ ਯਕੀਨੀ ਤੌਰ &lsquoਤੇ ਤੱਕੜੇ, ਸਖਤ ਅਤੇ ਸਮੇਂ ਦੇ ਨਾਲ ਨਾਲ ਜੀਵਨ ਮਾਨਣ ਵਾਲੇ ਇਨਸਾਨ ਹੋਣਗੇ, (ਗੁਰ ਭਗਤ ਸਿੰਘ), ਸਿੱਖੀ ਦੀ ਵਚਨਬੱਧਤਾ ਕੇਵਲ ਇਕ ਖਿੱਤੇ ਤੱਕ ਸੀਮਤ ਨਹੀਂ, ਕੁੱਲ ਜਗਤ ਲਈ ਹੈ, ਇਸ ਤੋਂ ਵੀ ਅੱਗੇ ਜਾ ਕੇ ਕੁੱਲ ਕਾਇਨਾਤ ਪ੍ਰਤੀ ਹੈ । 
ਸਿੱਖ ਧਰਮ ਜਿਥੇ ਵਿਗਿਆਨਕ ਧਰਮ ਹੈ, ਉਥੇ ਸਿੱਖੀ ਦਾ ਅਕਾਲ ਪੁਰਖ ਨਾਲ ਸੰਬੰਧ ਸਿੱਧਾ ਸਥਾਪਤ ਹੁੰਦਾ ਹੈ, ਕਿਸੇ ਅਵਤਾਰ ਰਾਹੀਂ ਨਹੀਂ, ਇਹ ਰਿਸ਼ਤਾ ਅਨੰਦ ਦਾ ਅਨੁਭਵ ਹੈ । (ਹਵਾਲਾ ਪੁਸਤਕ, ਸਿੱਖ ਦ੍ਰਿਸ਼ਟੀ ਦਾ ਗੌਰਵ ਪੱਛਮੀ, ਇਸਲਾਮੀ ਤੇ ਬ੍ਰਾਹਮਣੀ ਚਿੰਤਨ ਦੇ ਸਨਮੁੱਖ-ਲੇਖਕ ਗੁਰਭਗਤ ਸਿੰਘ) ਪ੍ਰੋ: ਹਰਿੰਦਰ ਸਿੰਘ ਮਹਿਬੂਬ, ਸਹਿਜੇ ਰਚਿਉ ਖ਼ਾਲਸਾ ਦੇ ਪੰਨਾ 748-749 ਉੱਤੇ ਮਜ਼੍ਹਬਾਂ ਦਾ ਸਫ਼ਰ ਦੇ ਸਿਰਲੇਖ ਹੇਠਾਂ ਲਿਖਦੇ ਹਨ : ਸਿੱਖ ਧਰਮ ਦੀ ਹੋਂਦ ਨਿਰੰਤਰ ਦੈਵੀ ਪ੍ਰਕਾਸ਼ ਦਾ ਸਿੱਟਾ ਹੈ । ਖ਼ਾਲਸਾ ਪੰਥ ਜਿਸ ਨੂੰ ਕੁਝ ਸਹੀ ਕਾਰਨਾਂ ਅਧੀਨ ਸਿੱਖ-ਉੱਚੀ ਸੁਰਤਿ ਤੀਸਰੇ ਪੰਥ (ਤੀਸਰਾ ਰਾਹ) ਦਾ ਨਾਮ ਦਿੰਦਾ ਹੈ, ਧਰਮਾਂ  ਦੇ ਇਤਿਹਾਸ ਵਿੱਚ ਸਭ ਤੋਂ ਛੋਟੀ ਉਮਰ ਦਾ ਧਰਮ ਹੈ । ਆਪਣੀ ਸੂਖਮ ਸ਼ਕਲ ਅਤੇ ਬਾਹਰਮੁਖੀ ਨੈਤਿਕ ਸੁਹਜ-ਦੋਵਾਂ ਪੱਖਾਂ ਵਿੱਚ ਕੋਈ ਹੋਰ ਧਰਮ ਇਸ ਦਾ ਸਾਨੀ ਨਹੀਂ । ਇਤਿਹਾਸ ਵਿੱਚ ਇਸ ਦਾ ਵਜੂਦ ਸਦੀਵੀ ਹੋ ਕੇ ਉਭਰਿਆ ਹੈ ਅਤੇ ਇਸ ਦੀ ਹਸਤੀ ਦਾ ਰਹੱਸ ਹੋਰ ਸਭ ਧਰਮਾਂ ਨਾਲੋਂ ਡੂੰਘੇਰਾ ਹੈ । ਖ਼ਾਲਸਾ ਪੰਥ ਨੇ ਆਪਣੀ ਕਹਿਣੀ ਅਤੇ ਕਰਨੀ ਵਿੱਚ ਇਤਿਹਾਸ ਦੇ ਅੰਤ੍ਰੀਵ ਸੋਮਿਆਂ ਦੀ ਸਮਝ ਨੂੰ ਖਿੱਚ ਲਿਆਂਦਾ ਹੈ, ਅਰਥਾਤ ਕਾਲ ਦੇ ਉਚੇਰੇ ਤਾਲ ਨਾਲ ਇਸ ਦੇ ਅਮਲ ਦੀ ਅਨਿੱਖੜ ਸਾਂਝ ਸਾਬਤ ਹੁੰਦੀ ਹੈ॥॥ ਇਲਾਹੀ ਕਰਮ ਅਤੇ ਸਿਦਕ ਦੀ ਨੇੜਤਾ ਦੀ ਗਰਮੀ ਅਤੇ ਜੀਵਨ ਦੀ ਪਹਿਲ-ਤਾਜ਼ਗੀ ਨੂੰ ਸੰਭਾਲਣ ਦੇ ਜੋਸ਼ ਵਿੱਚ ਦੁਨੀਆਂ ਦਾ ਕੋਈ ਹੋਰ ਧਰਮ ਖ਼ਾਲਸਾ ਪੰਥ ਦਾ ਮੁਕਾਬਲਾ ਨਹੀਂ ਕਰ ਸਕਦਾ । (ਸਹਿਜੇ ਰਚਿਉ ਖ਼ਾਲਸਾ, ਤੀਸਰੀ ਐਡੀਸ਼ਨ 2004) ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਸੱਚ ਦੇ ਰਾਹ ਉੱਤੇ ਮੌਤ ਕਬੂਲਣ ਨੂੰ ਹੀ ਸਿੱਖੀ ਜੀਵਨ ਦਾ ਆਰੰਭ ਦੱਸਿਆ : ਜਉ ਤਉ ਪੇ੍ਰਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ (ਗੁ: ਗ੍ਰੰ: ਸਾ: ਪੰਨਾ 1412) 
ਤੈ੍ਰਕਾਲ ਦਰਸ਼ੀ ਸਤਿਗੁਰਾਂ ਦੀ ਅਗੰਮੀ ਸੂਝ ਕਾਰਨ ਸਿੱਖ ਧਰਮ, ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਵਾਲਾ ਆਲਮੀ ਧਰਮ ਹੋ ਨਿਬੜਿਆ ਕਿਉਂਕਿ ਏਸ ਦੀਆਂ ਕਦਰਾਂ-ਕੀਮਤਾਂ ਵਿਸ਼ਵ ਕਲਿਆਣਕਾਰੀ ਅਤੇ ਨਿਰਸੰਦੇਹ ਪ੍ਰਮਾਤਮਾਂ ਦੇ ਆਸ਼ੇ ਅਨੁਸਾਰ ਹਨ । ਗੁਰੂ ਸਾਹਿਬਾਨ ਨੇ ਧਾਰਮਿਕ ਅਤੇ ਰਾਜਨੀਤਕ ਜੀਵਨ ਦੀਆਂ ਅਜਿਹੀਆਂ ਕਦਰਾਂ-ਕੀਮਤਾਂ ਪ੍ਰਗਟ ਕੀਤੀਆਂ ਜਿਨ੍ਹਾਂ ਦੀ ਮਾਨਤਾ ਅਤੇ ਬੁਲੰਦੀ ਸੰਸਾਰ ਦੇ ਸਾਰੇ ਜੀਵਾਂ ਦੇ ਭਲੇ ਅਤੇ ਵਾਧੇ ਲਈ ਹੈ । (ਹਵਾਲਾ ਪੁਸਤਕ-ਸਿੰਘ ਨਾਦ ਪੰਨਾ 19, ਲੇਖਕ ਸ। ਗੁਰਤੇਜ ਸਿੰਘ) ਜਸਵੰਤ ਸਿੰਘ ਨੇਕੀ, ਆਪਣੀ ਪੁਸਤਕ ਸਦਾ ਵਿਗਾਸ ਦੀ ਤੀਸਰੀ ਐਡੀਸ਼ਨ ਦੇ ਸਫ਼ਾ 242-243-244 ਉੱਤੇ, ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰ ਧਰਿ ਤਲੀ ਗਲੀ ਮੇਰੀ ਆਉ ॥ ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ : ਗੁਰੂ ਨਾਨਕ ਪਾਤਸ਼ਾਹ ਦਾ ਇਹ ਸਲੋਕ ਅਧਿਆਤਮਕ ਦ੍ਰਿਸ਼ਟੀ ਤੋਂ ਬੜੀਆਂ ਗੰਭੀਰ ਧਾਰਨਾਵਾਂ ਦਾ ਧਾਰਨੀ ਜਾਪਦਾ ਹੈ । ਇਸ ਅੰਦਰ ਅਧਿਆਤਮਕ ਰਹੱਸ ਦੀਆਂ ਕਈ ਸਾਰੀਆਂ ਬਰੀਕੀਆਂ ਕਲਾਤਮਕ ਢੰਗ ਨਾਲ ਜੜੀਆਂ ਲੱਭਦੀਆਂ ਹਨ । ਪ੍ਰੇਮ ਸਭ ਤੋਂ ਪਹਿਲਾਂ ਆਪਣਾ ਆਪ ਵਾਰਦਾ ਹੈ, ਕੁਝ ਵੀ ਵਿਹਾਝਣ ਦੀ ਇੱਛਾ ਨਹੀਂ ਕਰਦਾ । ਸਗੋਂ ਪਿਆਰੇ ਖਾਤਰ ਉਸ ਉੱਪਰੋਂ ਕੁਰਬਾਨ ਹੋਣ ਦਾ ਚਾਹਵਾਨ ਰਹਿੰਦਾ ਹੈ : ਜਿਸ ਪਿਆਰੇ ਸਿਉ ਨੇਹੁ ਤਿਸ ਆਗੇ ਮਰਿ ਚਲੀਐ ॥ (ਗੁ: ਗ੍ਰੰ: ਸਾ: ਪੰਨਾ 83) ਖੇਲਣ - ਇਥੇ ਖੇਲਣਾ ਸੰਸਾਰਕ ਖੇਲਣਾ ਨਹੀਂ ਹੈ ਕਿ ਇਸ ਵਿੱਚ ਹਾਰ ਜਿੱਤ ਦਾ ਸਵਾਲ ਉੱਠੇ । ਇਥੇ ਖੇਲਣਾ ਦਾ ਅਰਥ ਸੰਭਾਵਨਾ ਦਾ ਖੇਡਣ ਹੈ । ਇਹ ਖੇਡ ਧਰਤੀ ਦਾ ਧੰਦਾ ਨਹੀਂ ਹੁੰਦਾ, ਅਕਾਸ਼ੀ ਚੋਜ ਹੁੰਦਾ ਹੈ॥॥ਅਧਿਆਤਮਕ ਪ੍ਰੇਮ-ਖੇਡ ਸਾਨੂੰ ਸੰਸਾਰਕ ਧੰਦਿਆਂ ਤੋਂ ਮੁਕਤ ਕਰ ਕਿਸੇ ਚੋਜੀ ਪ੍ਰੀਤਮ ਨਾਲ ਅੱਖ-ਮਚੋਲੀ ਖੇਡਣ ਦਾ ਅਉਸਰ ਜੁਟਾਉਂਦੀ ਹੈ । ਇਸੇ ਨੂੰ ਅਧਿਆਤਮਕ ਰਾਸ ਪਾਉਣੀ ਕਿਹਾ ਜਾਂਦਾ ਹੈ । ਇਸ ਦੇ ਵੀ ਨੇਮ ਹਨ ਜਿਨ੍ਹਾਂ ਦਾ ਪਾਲਣ ਲਾਜ਼ਮੀ ਹੁੰਦਾ ਹੈ, ਇਸ ਵਿੱਚ ਵੀ ਘਾਲਣਾ ਹੁੰਦੀ ਹੈ । ਪਰ ਇਸ ਘਾਲਣਾ ਦਾ ਖੇਤਰ ਅੰਦਰ ਹੁੰਦਾ ਹੈ, ਬਾਹਰ ਨਹੀਂ॥॥।ਨਿਰ-ਯਤਨ ਸਹਿਜ ਧਿਆਨ ਦੀ ਰਾਹੀਂ ਇਹ ਪ੍ਰਗਟ ਹੁੰਦਾ ਹੈ ਕਿ ਅਸੀਂ ਕੈਸੇ ਆਚਰਣ ਦੇ ਮਾਲਕ ਹਾਂ ਕਿਤਨੇ ਸਿਦਕ ਨਾਲ ਜੀਉਂਦੇ ਹਾਂ, ਕਿਤਨੀ ਬਲਵਾਨਤਾ ਨਾਲ ਜੂਝਦੇ ਹਾਂ ਅਤੇ ਸਭ ਤੋਂ ਵੱਧ ਕਿਤਨੇ ਚਾਉ ਨਾਲ ਖੇਡਦੇ ਹਾਂ । ਕਿਸੇ ਦੇ ਖੇਲ ਖੇਲਣ ਦੇ ਢੰਗ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਉਹ ਕੈਸਾ ਮਨੁੱਖ ਹੈ । ਖੇਲ ਵਿੱਚ ਦੋਵੇਂ ਪਾਸੇ ਖੇਡਦੇ ਹਨ, ਕੇਵਲ ਅਸੀਂ ਹੀ ਨਹੀਂ ਖੇਡਦੇ, ਸਾਡਾ ਮਾਲਕ ਵੀ ਜੋ ਦੂਜੀ ਧਿਰ ਹੈ ਉਹ ਵੀ ਖੇਡਦਾ ਹੈ । ਕੇਵਲ ਖੇਡਦਾ ਹੀ ਨਹੀਂ, ਸਾਨੂੰ ਖਿਡਾ ਕੇ ਖੁਸ਼ ਵੀ ਹੁੰਦਾ ਹੈ ਉਵੇਂ ਜਿਵੇਂ ਪਿਤਾ ਆਪਣੇ ਨੰਨੇ ਬਾਲਕ ਨੂੰ ਖਿਡਾ ਕੇ ਖੁਸ਼ ਹੁੰਦਾ ਹੈ ॥ ਖੇਲੈ ਬਿਗਸੈ ਅੰਤਰਜਾਮੀ (ਗੁ: ਗ੍ਰੰ: ਸਾ: ਪੰਨਾ 277) ਅਤੇ ਆਨ ਖੇਲ ਆਪ ਵਰਤੀਜਾ ॥ ਨਾਨਕ ਕਰਨੇਹਾਰ ਨਾ ਦੂਜਾ (ਸੁਖਮਨੀ ਸਾਹਿਬ) ਉਹ ਕੇਵਲ ਸਾਡੇ ਨਾਲ ਹੀ ਨਹੀਂ ਸਾਰੀ ਸਿਰਜਣਾ ਨਾਲ ਅੰਦਰੋਂ ਹੋ ਕੇ ਖੇਡਦਾ ਹੈ, ਇਹ ਸਾਰਾ ਵਿਸ਼ਵ ਉਸ ਦਾ ਖੇਲ ਪਸਾਰਾ ਹੈ, ਪਰ ਉਸ ਦਾ ਖੇਲ ਵੀ ਇਕ ਅਖੇਲ ਖੇਲਣ ਹੈ (ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿਏਕ) ਤੇ ਅੰਤ ਸਾਰਾ ਪਾਸਾਰ ਸਾਂਭ ਕੇ ਉਹ ਨਵੇਕਲਾ ਹੋ ਬਹਿੰਦਾ ਹੈ-ਫਿਰ ਤੋਂ ਕੋਈ ਨਵੀਂ ਬਿਸਾਤ ਵਿਛਾਉਣ ਲਈ । ਪਰ ਉਹ ਸਾਡੇ ਨਾਲ ਪਿਆਰ ਦੀ ਜੋ ਖੇਡ ਖੇਡਦਾ ਹੈ, ਉਸ ਅੰਦਰ ਉਹ ਸਾਥੋਂ ਹਾਉਮੇ ਦੀ ਬਲੀ ਮੰਗਦਾ ਹੈ । ਉਸ ਦੀ ਗਲੀ ਵਿੱਚ ਜੋ ਖੇਡ ਹੁੰਦੀ ਹੈ, ਉਸ ਵਿੱਚ ਖੇਡਣ ਹਾਰਿਆਂ ਦੇ ਧੜਾਂ ਤੇ ਸੀਸ ਨਹੀਂ ਹੁੰਦੇ, ਉਹ ਤਾਂ ਸਿਰ ਤਲੀ &lsquoਤੇ ਰੱਖਕੇ ਆਉਂਦੇ ਹਨ । ਸੀਸ ਕੁਰਬਾਨ ਕਰਨਾ ਆਪਣੀ ਅਕਲ-ਦਾਨਾਈ, ਆਪਣੀ ਵੱਡਿਆਈ, ਆਪਣੀ ਸੁਦਰਤਾ ਤੇ ਇਨ੍ਹਾਂ ਤੋਂ ਵੱਧ ਆਪਣੀ ਹਾਉਮੈ ਤੇ ਮਾਣ ਦੇ ਤਿਆਗ ਦਾ ਸੰਕੇਤ ਹੈ । ਸਿਰ ਦੇਣਾ, ਉੱਚਤਮ ਕੁਰਬਾਨੀ ਹੈ । ਗੁਰੂ ਨਾਨਕ ਸਾਹਿਬ ਕਿਤਨੇ ਪਿਆਰ ਵਿੱਚ ਕਹਿੰਦੇ ਹਨ : 
ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥
ਸੀਸੁ ਵਢੇ ਕਰਿ ਬੈਸਣ ਦੀਜੈ ਵਿਣੁ ਸਿਰ ਸੇਵ ਕਰਜੈ ॥ (ਵਡ ਹੰਸ ਮਹਲਾ 1 ਪੰਨਾ 558)
(ਹਵਾਲਾ ਪੁਸਤਕ-ਸਦਾ ਵਿਗਾਸ ਲੇਖਕ-ਜਸਵੰਤ ਸਿੰਘ ਨੇਕੀ)
ਸਿੱਖ ਧਰਮ ਦੇ ਵਿਸ਼ੇ ਸੰਬੰਧੀ ਮਿਸ ਮੇਰੀ ਦੀ ਉਦਾਹਰਣ ਵੀ ਜਰੂਰੀ ਹੈ, ਅੰਗ੍ਰੇਜ਼ਾਂ ਨੇ ਆਪਣੇ ਰਾਜ ਸਮੇਂ ਸਿੱਖ ਧਰਮ ਦਾ ਡੂੰਘਾ ਅਧਿਐਨ ਕੀਤਾ ਅਤੇ ਮਹਿਸੂਸ ਕੀਤਾ ਕਿ ਇਹ ਫਲਸਫਾ ਇਨਸਾਨੀ ਜ਼ਿੰਦਗੀ ਨੂੰ ਬੜਾ ਹੀ ਸੰਤੁਲਤ, ਆਤਮਿਕ, ਸਮਾਜਿਕ ਤੇ ਭਾਈਚਾਰਕ ਜੀਵਨ ਪ੍ਰਦਾਨ ਕਰਦਾ ਹੈ । ਇਸ ਦੇ ਹੁੰਦਿਆਂ ਇਸ ਧਰਤੀ &lsquoਤੇ ਈਸਾਈ ਧਰਮ ਦੇ ਪੈਰ ਨਹੀਂ ਲਾਏ ਜਾ ਸਕਦੇ । ਇਹ ਕੰਮ ਕਰਨ ਲਈ ਸਿੱਖ ਧਰਮ ਦੇ ਵਿਚਾਰਾਂ ਨੂੰ ਤੋੜਨਾ-ਮਰੋੜਨਾ ਪਵੇਗਾ । ਉਨ੍ਹਾਂ ਨੇ ਫੈਸਲਾ ਕੀਤਾ ਕਿ ਅਨਪੜ੍ਹ ਸਿੱਖਾਂ ਅਤੇ ਹੋਰ ਲੋਕਾਂ ਵਿੱਚ ਇਸ ਦੇ ਸਹੀ ਤੱਥਾਂ ਦੀ ਥਾਂ ਅਜਿਹੇ ਤੱਥ ਤਰੋੜ, ਮਰੋੜ ਕੇ ਪੇਸ਼ ਕੀਤੇ ਜਾਣ ਕਿ ਇਨ੍ਹਾਂ ਦੀ ਕੋਈ ਉਘੜਵੀਂ ਤਸਵੀਰ ਨਾ ਬਣ ਸਕੇ । ਇਸ ਕੰਮ ਲਈ ਮਿਸ ਮੇਰੀ ਨਾਮੀ ਗੋਰੀ ਇਸਤਰੀ ਨੂੰ ਚੁਣਿਆ ਗਿਆ, ਜਿਸ ਦੇ ਜੁੰਮੇ ਇਹ ਡਿਊਟੀ ਲਾਈ ਗਈ ਕਿ ਉਹ ਗੁਰਬਾਣੀ ਦੇ ਤੱਥਾਂ ਨੂੰ ਤਰੋੜ-ਮਰੋੜ ਕੇ ਪੇਸ਼ ਕਰੇ । ਜਦ ਮਿਸ ਮੇਰੀ ਨੇ ਗਹੁ ਨਾਲ ਸਿੱਖ ਧਰਮ ਦਾ ਅਧਿਐਨ ਕੀਤਾ ਤਾਂ ਉਹ ਸਿੱਖ ਧਰਮ ਤੋਂ ਇਤਨੀ ਪ੍ਰੇਰਿਤ ਹੋਈ ਕਿ ਖੁਦ ਵੀ ਸਿੱਖ ਸੱਜ ਗਈ । (ਹਵਾਲਾ-ਸ੍ਰ: ਸਰੂਪ ਸਿੰਘ ਅਲੱਗ) ਸਨਾਤਨੀ ਮੱਤ (ਹਿੰਦੂ ਮੱਤ) ਨੇ ਤਾਂ ਸਿੱਖ ਧਰਮ ਨਾਲ ਉਸ ਦਿਨ ਤੋਂ ਹੀ ਵਿਰੋਧਤਾ ਸ਼ੁਰੂ ਕਰ ਦਿੱਤੀ ਸੀ ਜਿਸ ਦਿਨ ਸਿੱਖ ਧਰਮ ਦੇ ਬਾਨੀ ਜਗਤ ਗੁਰੂ, ਗੁਰੂ ਨਾਨਕ ਪਾਤਸ਼ਾਹ ਨੇ ਬ੍ਰਾਹਮਣੀ ਕੁੱਲ ਰੀਤੀ ਸੰਸਕਾਰ, ਮੁੰਡਨ ਕਰਵਾ ਕੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਬਟਾਲੇ ਆਪਣੇ ਵਿਆਹ ਸਮੇਂ ਵੀ ਹਿੰਦੂ ਰਹੁ ਰੀਤਾਂ ਅਨੁਸਾਰ ਅੱਗਨੀ ਦੁਆਲੇ ਸੱਤ ਫੇਰੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਨੇ ਆਪਣੇ ਇਸ਼ਟ ਸ਼ਬਦ-ਗੁਰੂ, ਅਕਾਲ ਪੁਰਖ ਵਾਚ (ਮੂਲ ਮੰਤਰ) ਦੁਆਲੇ ਚਾਰ ਪ੍ਰਕਰਮਾ ਕਰਕੇ ਸੁਲੱਖਣੀ ਨਾਲ ਵਿਆਹ ਕਰਵਾਇਆ । ਕੀਰਤਨ ਹੋਇਆ ਰੱਬੀ ਬਾਣੀ ਦੇ ਕੀਰਤਨ ਗਾਏ ਗਏ । ਵਿਆਹ ਅਸਥਾਨ ਦੇ ਪਾਸ ਹੀ ਇਕ ਕੱਚੀ ਦੀਵਾਰ ਸੀ । ਪੰਡਤਾਂ ਨੇ ਗੁਰੂ ਨਾਨਕ ਨੂੰ ਸ਼ਰਾਰਤਨ ਇਸ ਦੀਵਾਰ ਦੇ ਪਾਸ ਬਿਠਾਇਆ ਇਸ ਖਿਆਲ ਨਾਲ ਕਿ ਮੀਂਹ ਨਾਲ ਜਰਜਰੀ ਹੋ ਚੁੱਕੀ ਕੱਚੀ ਦੀਵਾਰ ਡਿੱਗ ਪਏਗੀ ਅਤੇ ਗੁਰੂ ਨਾਨਕ, ਥੱਲੇ ਦੱਬ ਜਾਣਗੇ ਅਤੇ ਟੰਟਾ ਹੀ ਮੁੱਕ ਜਾਵੇਗਾ । ਪਰ ਉਹ ਦੀਵਾਰ ਅੱਜ ਵੀ ਬਟਾਲੇ ਜਿਉਂ ਦੀ ਤਿਉਂ ਖੜੀ ਹੈ । ਵਿਆਹ ਵਾਲੇ ਦਿਨ ਲਾੜੇ ਨਾਨਕ ਉੱਤੇ ਕੰਧ ਡੇਗਣ ਤੋਂ ਇਹ ਸਿਲਸਿਲਾ ਸ਼ੁਰੂ ਹੋਇਆ । 
ਇਹ ਜਜ਼ਬਾ ਅਕਬਰ ਨੂੰ ਗੁਰੂ ਵਿਰੁੱਧ ਮੇਜਰਨਾਮਾ ਪੇਸ਼ ਕਰਨ, ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਵਾਉਣ, ਗਵਾਲੀਅਰ ਕਿਲ੍ਹੇ ਦੇ ਦਰੋਗੇ ਹਰੀ ਰਾਮ ਰਾਹੀਂ ਜਹਿਰੀਲੇ ਚੋਲੇ ਨਾਲ ਗੁਰੂ ਹਰਗੋਬਿੰਦ ਨੂੰ ਮਰਵਾਉਣ ਦੀ ਕੋਸ਼ਿਸ਼, ਚੰਦੂ ਦੁਸ਼ਟ ਦੇ ਘੋਰ ਪਾਪ ਰਾਹੀਂ ਵੈਰ ਕਮਾਉਣਾ ਤੇ ਫਿਰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬੰਦੀ ਛੋੜ ਦਾਤੈ ਦਾ ਪੱਲਾ ਫੜ ਕੇ ਰਿਹਾਅ ਹੋਣ ਵਾਲੇ ਪਹਾੜੀ ਹਿੰਦੂ ਰਾਜਿਆਂ ਦੀ ਸੰਤਾਨ ਭੀਮ ਚੰਦ ਆਦਿ ਨੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਨਾਲ ਜੰਗਾਂ ਲੜਨੀਆਂ ਅਤੇ ਉਨ੍ਹਾਂ ਨੂੰ ਧੋਖੇ ਨਾਲ ਮਰਵਾਉਣ ਦੀ ਕੋਸ਼ਿਸ਼ ਕਰਨ ਤੋਂ ਹੁੰਦਾ ਹੋਇਆ ਗੰਗੂ ਦੇ ਦਿਲ ਕੰਬਾਊ ਧ੍ਰੋਹ ਤੱਕ ਗੁਰੂ ਕਾਲ ਵਿੱਚ ਹੀ ਪਹੁੰਚ ਜਾਂਦਾ ਹੈ । ਬਾਅਦ ਦੇ ਇਤਿਹਾਸ ਵਿੱਚ ਤਾਂ ਕੜ ਹੀ ਟੁੱਟ ਗਿਆ ਜਾਲਮਾਂ ਵਿੱਚ ਲੱਖੂ (ਲੱਖਪਤ ਰਾਇ) ਦਾ ਨਿਵੇਕਲਾ ਰੁਤਬਾ ਹੈ । ਲੱਖਪਤ ਰਾਏ ਤੋਂ ਲੈ ਕੇ ਨਵੰਬਰ 1984 ਨੂੰ ਹੋਈ ਸਿੱਖਾਂ ਦੀ ਨਸਲਕੁਸ਼ੀ ਤੱਕ ਇਹ ਸਿਲਸਿਲਾ ਜਾਰੀ ਰਿਹਾ ਅਤੇ ਅੱਜ ਵੀ ਜਾਰੀ ਹੈ । ਸਿੱਖੀ ਅਤੇ ਸਿੱਖਾਂ ਨੂੰ ਖ਼ਤਮ ਕਰਨ ਲਈ ਹਿੰਦੂਤਵੀ ਤਾਕਤਾਂ ਦਾ ਅੱਡੀ-ਚੋਟੀ ਦਾ ਜੋਰ ਲੱਗਾ ਹੋਇਆ ਹੈ । ਅਫਜਲ ਅਹਿਸਨ ਰੰਧਾਵਾ ਨੇ ਜੂਨ 1984 ਤੇ ਨਵੰਬਰ 1984 ਨੂੰ ਸਿੱਖਾਂ ਦੀ ਨਸਲਕੁਸ਼ੀ ਬਾਰੇ ਕਿਹਾ ਸੀ ਅੱਜ ਵੈਰੀਆਂ ਕੱਢ ਵਿਖਾਲਿਆ ਹਾਇ ਪੰਜ ਸਦੀਆਂ ਦਾ ਵੈਰ । ਅੰਗ੍ਰੇਜ਼ੀ ਸਰਕਾਰ ਹਿੰਦ ਦੇ ਸੀ।ਆਈ।ਡੀ। ਦੇ ਪ੍ਰਮੁੱਖ ਮਿਸਟਰ ਡੀ। ਪੈਟਰੀ (ਦ। ਪੲਥੜਣੲ) ਅਸਿਸਟੈਂਟ ਡਾਇਰੈਕਟਰ ਕ੍ਰਿਮੀਨਲ ਇੰਟੈਲੀਜੈਂਸ, ਗੌਵਰਨਰ ਆਫ਼ ਇੰਡੀਆ ਦੀ ਮਿਤੀ 11 ਅਗਸਤ ਸੰਨ 1911 ਦੀ ਖੁਫ਼ੀਆ ਰਿਪੋਰਟ ਸਿੱਖ ਰਾਜਨੀਤੀ ਦੇ ਉੱਤਰਾ ਚੜ੍ਹਾਅ, ਸੰਨ 1900-1911 ਦੇ ਵਿਸ਼ੇ ਉੱਤੇ ਨੈਸ਼ਨਲ ਆਰਕੀਵਸ ਦਿੱਲੀ ਵਿੱਚ ਸਾਂਭੀ ਗਈ ਹੈ, ਜਿਸ ਦੇ ਪੈਰਾ, 6 ਵਿੱਚ ਜੋ ਲਿਖਿਆ ਹੋਇਆ ਹੈ, ਉਹ ਦਾਸ ਦੇ ਉਕਤ ਪੈਰੇ੍ਹ ਦੀ ਪੁਸ਼ਟੀ ਕਰਦਾ ਹੈ । ਸਿੱਖ ਰਾਜਨੀਤੀ ਦੇ ਉਤਰਾ ਚੜ੍ਹਅ ਸੰਨ 1900-1911 ਦੀ ਰਿਪੋਰਟ ਵਿੱਚ ਮਿਸਟਰ ਡੀ। ਪੈਟਰੀ ਲਿਖਦੇ : ਹਿੰਦੂ ਮਤ ਮੁੱਢ ਤੋਂ ਹੀ ਸਿੱਖੀ ਦਾ ਸ਼ਤਰੂ ਚੱਲਿਆ ਆਉਂਦਾ ਹੈ, ਕਿਉਂਕਿ ਸਿੱਖ ਗੁਰੂਆਂ ਨੇ ਜਾਤਪਾਤ, ਜੋ ਕਿ ਬ੍ਰਾਹਮਣੀ ਮੱਤ ਦੀ ਅਧਾਰ ਸ਼ਿਲਾ ਹੈ, ਦੀ ਭਰਪੂਰ ਤੇ ਸਫਲ ਮੁਖ਼ਾਲਫਤ ਕੀਤੀ ਹੈ । ਇਸ ਕਾਰਣ ਹਿੰਦੂਆਂ ਦੀ ਇਹ ਨਿਸ਼ਚਿਤ ਨੀਤੀ ਚੱਲੀ ਆਉਂਦੀ ਹੈ ਕਿ ਸਿੱਖ ਧਰਮ ਦਾ ਵਿਨਾਸ਼ ਕੀਤਾ ਜਾਵੇ ਅਤੇ ਉਹ ਆਪਣੇ ਬੱਚਿਆਂ ਨੂੰ ਸਿੱਖੀ ਗ੍ਰਹਿਣ ਕਰਨੋਂ ਭੀ ਰੋਕਦੇ ਹਨ ਅਤੇ ਸਿੱਖ ਬੱਚਿਆਂ ਨੂੰ ਅੰਮ੍ਰਿਤ ਛੱਕ ਕੇ ਤਿਆਰ-ਬਰ-ਤਿਆਰ ਖ਼ਾਲਸਾ ਬਣਨੋ ਭੀ ਰੋਕਦੇ ਹਨ । ਜਿਹੜੇ ਸਿੱਖੀ ਗ੍ਰਹਿਣ ਕਰ ਚੁੱਕੇ ਹਨ ਅਤੇ ਜੋ ਅੰਮ੍ਰਿਤਧਾਰੀ ਸਿੰਘ ਹੈਣ, ਉਨ੍ਹਾਂ ਨੂੰ ਹਿੰਦੂ, ਹਰ ਪ੍ਰਕਾਰ ਦੇ ਹੀਲੇ ਤੇ ਲਾਲਚ ਵਰਤਕੇ, ਸਿੱਖੀ ਤੋਂ ਪਤਿਤ ਕਰਨ ਲਈ ਸਦੀਵ ਤੱਤਪਰ ਰਹਿੰਦੇ ਹਨ । ਹਿੰਦੂ ਮੱਤ ਨੇ ਬੁੱਧ-ਮੱਤ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਮੁਕਾਇਆ ਹੈ ਅਤੇ ਹਿੰਦੂ, ਸਿੱਖਾਂ ਨੂੰ ਵਿਨਾਸ਼ ਕਰਨ ਵਿੱਚ ਬਹੁਤ ਹੱਦ ਤੱਕ ਸਫਲ ਹੋ ਚੁੱਕੇ ਹਨ ।
ਇਸੇ ਤਰ੍ਹਾਂ ਮੈਕਸ ਆਰਥਰ ਮੈਕਾਲਿਫ ਨੇ ਵੀ ਸਿੱਖ ਧਰਮ ਦੇ ਭਵਿੱਖ ਬਾਰੇ ਇਨ੍ਹਾਂ ਸ਼ਬਦਾਂ ਵਿੱਚ ਚਿੰਤਾ ਜਾਹਰ ਕੀਤੀ ਹੈ : ਸਿੱਖ ਇਕ ਸੁਤੰਤਰ ਧਰਮ ਹੈ । ਸਿੱਖ ਪੰਥ ਹਿੰਦੂ ਧਰਮ ਵਿੱਚੋਂ ਨਹੀਂ ਹੈ । ਇਸ ਲਈ ਹਿੰਦੂ ਧਰਮ, ਸਿੱਖ ਧਰਮ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੈ । ਹਿੰਦੂ ਧਰਮ, ਸਿੱਖ ਧਰਮ ਦਾ ਸਭ ਤੋਂ ਵੱਡਾ ਦੁਸ਼ਮਣ ਹੈ । ਉਹ ਭਾਰਤੀ ਜੰਗਲ ਦੇ ਉਸ ਅਜਗਰ ਸਮਾਨ ਹੈ, ਜੋ ਛੋਟੇ ਛੋਟੇ ਪ੍ਰਾਣੀਆਂ ਨੂੰ ਪਹਿਲਾਂ ਆਪਣੀ ਲਪੇਟ ਵਿੱਚ ਸਮਾਅ ਲੈਂਦਾ ਹੈ, ਫਿਰ ਆਪਣੀ ਜਕੜ ਨਾਲ ਕੱਸ ਕੇ ਉਸ ਨੂੰ ਕੁਚਲ ਦਿੰਦਾ ਹੈ ਅਤੇ ਉਸ ਨੂੰ ਆਪਣੇ ਵਿਸ਼ਾਲ ਪੇਟ ਵਿੱਚ ਸਮਾਅ ਲੈਂਦਾ ਹੈ, ਇਸ ਲਈ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਹਿੰਦੂ ਧਰਮ ਹੈ । ਸਿੱਖ ਕੌਮ, ਸਿੱਖ ਧਰਮ ਦੀ ਨਿਆਰੀ ਤੇ ਅੱਡਰੀ ਹੋਂਦ ਹਸਤੀ ਬਚਾਉਣ ਲਈ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਹੋਣ ਤੋਂ ਬਚਾਉਣ ਲਈ ਸਿੱਖ ਵਿਦਵਾਨਾਂ ਨੂੰ ਬੌਧਿਕ ਲੜਾਈ ਵੀ ਲੜਨੀ ਪਵੇਗੀ, ਕਿਉਂਕਿ ਸਿੱਖ ਕੌਮ ਦੇ ਰਹਿਬਰ ਬ੍ਰਹਿਮੰਡੀ ਚੇਤਨਾ ਦੇ ਨਾਇਕ ਜਗਤ ਗੁਰੂ ਨਾਨਕ ਦੀ ਸਿੱਖੀ ਸੁਤੰਤਰ ਤੇ ਨਵੇਂ ਯੁੱਗ ਦਾ ਧਰਮ ਹੈ । ਬ੍ਰਾਹਮਣਵਾਦ ਸਿੱਖੀ ਦੇ ਜਨਮ ਤੋਂ ਲੈ ਕੇ ਸਿੱਖ ਪੰਥ ਨੂੰ ਆਪਣੇ ਅਧੀਨ ਸਮਾਜ ਵਿੱਚੋਂ ਬਾਗੀ ਹੋਏ ਲੋਕ ਹੀ ਮੰਨਦਾ ਆਇਆ ਹੈ । ਸਿੱਖ ਕੌਮ ਜੇ ਕਈ ਹਕੂਮਤੀ ਜੁਲਮ ਦੇ ਤੁਫਾਨਾਂ ਤੇ ਝੱਖੜਾਂ ਵਿੱਚੋਂ ਜਿਊਂਦੀ ਰਹੀ ਹੈ, ਤਾਂ ਆਪਣੇ ਮੂਲ ਸਿੱਖ ਧਰਮ ਦੀ ਗੁਰਮਤਿ ਵਿਚਾਰਧਾਰਾ ਨਾਲ ਜੁੜ ਕੇ ਹੀ ਜਿਊਂਦੀ ਰਹਿ ਸਕੀ ਹੈ, ਹਿੰਦੂ ਕੱਟੜਪੰਥੀ ਸਿੱਖੀ ਨੂੰ ਈਨ ਮਨਾਉਣ, ਸਿੱਖੀ ਦਾ ਹਿੰਦੂਕਰਨ ਕਰਨ ਤੇ ਸਿੱਖੀ ਨੂੰ ਬੁੱਧ ਮੱਤ ਵਾਂਗ ਹੜੱਪਣ ਲਈ ਕਾਹਲੇ ਹਨ । ਪਰ ਸਿੱਖੀ ਦੀ ਰਾਖੀ ਲਈ ਜੂਝਣ ਵਾਲੇ ਗੁਰਮੁੱਖ ਸਤਿਗੁਰਾਂ ਦੇ ੳਟ ਆਸਰੇ ਇਹ ਗਾਉਂਦੇ ਡਟੇ ਹੋਏ ਹਨ : ਧਰਮ ਸਿਰ ਦਿਤਿਆ ਬਾਝ ਨਹੀਂ ਰਹਿਣਾ ਅਤੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ । ਸਿੱਖ ਕੌਮ ਨੂੰ ਆਪਣੀ ਨਿਆਰੀ, ਸੁਤੰਤਰ ਤੇ ਅੱਡਰੀ ਹੋਂਦ ਹਸਤੀ ਬਚਾਉਣ ਲਈ ਸੀਸ ਤਲੀ &lsquoਤੇ ਧਰਨਾ ਹੀ ਪੈਣਾ ਹੈ, ਤਾਂ ਹੀ ਹਮ ਰਾਖਤ ਪਾਤਸ਼ਾਹੀ ਦਾ ਸੁਪਨਾ ਸਕਾਰ ਹੋ ਸਕੇਗਾ । ਅਸੂਲੋਂ ਪੇ ਜੋ ਆਂਚ ਆਏ ਤੋਂ ਟਕਰਾਨਾ ਜਰੂਰੀ ਹੈ । ਜੋ ਜ਼ਿੰਦਾ ਹੋ ਫਿਰ ਜ਼ਿੰਦਾ ਨਜ਼ਰ ਆਨਾ ਜਰੂਰੀ ਹੈ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਯੂ।ਕੇ।