image caption:

21 ਨਵੰਬਰ ਮੌਤ ਦਿਨ ਤੇ ਵਿਸ਼ੇਸ਼ ਲੇਖ- ਲੰਬੀ ਹੇਕ ਵਾਲੀ ਲੋਕ ਗਾਇਕਾ ਗੁਰਮੀਤ ਬਾਵਾ

ਗੁਰਮੀਤ ਕੌਰ ਬਾਵਾ ਦਾ ਜਨਮ 18 ਫ਼ਰਵਰੀ 1944 ਨੂੰ ਸ੍ਰ. ਉੱਤਮ ਸਿੰਘ ਦੇ ਘਰ ਮਾਤਾ ਰਾਮ ਕੌਰ ਦੀ ਕੁਖੌਂ ਪੱਕਾ ਪਿੰਡ ਕੋਠਾ(ਅਲੀਵਾਲ)ਜਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਇਹ ਤਿੰਨ ਭੈਣਾ ਅਤੇ ਇਕ ਭਰਾ ਸਨ। ਗੁਰਮੀਤ ਬਾਵਾ ਹਜੇ ਛੋਟੀ ਉਮਰ ਵਿਚ ਹੀ ਸੀ ਜਦ ਇਸ ਦੀ ਮਾਤਾ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਈ ਸੀ ਇਸ ਦਾ ਪਾਲਣ ਪੋਸਣ ਵੱਡੀਆਂ ਭੈਣਾ ਦੇ ਸਹਿਯੋਗ ਨਾਲ ਹੋਇਆ ਗੁਰਮੀਤ ਬਾਵਾ ਦੱਸਿਆ ਕਰਦੀ ਸੀ ਮੈਂ ਵੱਡੀਆਂ ਭੈਣਾ ਦੇ ਸਹਿਯੋਗ ਨਾਲ ਵਿਦਿਆ ਹਾਸਲ ਕੀਤੀ ਉਸ ਟਾਇਮ ਕੁੜੀਆਂ ਨੂੰ ਘਰ ਤੋਂ ਬਾਹਰ ਪੜ੍ਹਨ ਨਹੀਂ ਭੇਜਿਆ ਜਾਂਦਾ ਸੀ ਮੈਂ ਤਿੰਨਾਂ ਪਿੰਡਾਂ ਵਿਚੋਂ ਪਹਿਲੀ ਕੁੜੀ ਸੀ ਜੋ ਦਸ ਜਮਾਤਾਂ ਪਾਸ ਕਰਨ ਤੋਂ ਬਾਅਦ ਜੇ.ਬੀ.ਟੀ ਕਰਕੇ ਅਧਿਆਪਕ ਲੱਗ ਗਈ ਇਸ ਕੰਮ ਵਿਚ ਮੇਰੇ ਪਿਤਾ ਦਾ ਬਹੁਤ ਵੱਡਾ ਸਹਿਯੋਗ ਸੀ।
5 ਜੂਨ 1968 ਨੂੰ ਇਸ ਦੀ ਸ਼ਾਦੀ ਕਿਰਪਾਲ ਸਿੰਘ ਬਾਵਾ ਨਾਲ ਹੋਈ ਜੋ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਬੇਦੀ ਪਰੀਵਾਰ ਵਿਚੋਂ ਸੀ। ਇਕ ਵਾਰ ਗੁਰਮੀਤ ਬਾਵਾ ਅਤੇ ਕਿਰਪਾਲ ਬਾਵਾ ਗੁਰਮੀਤ ਬਾਵਾ ਦੇ ਪਿੰਡ ਉਸ ਦੇ ਪਿਤਾ ਕੋਲ ਬੈਠੇ ਸਨ ਪਿਤਾ ਨੇ ਕਿਰਪਾਲ ਸਿੰਘ ਨੂੰ ਕਿਹਾ ਬਾਵਾ ਗਾ ਕੇ ਸੁਣਾਓੁ ਬਸ ਉਸ ਦਿਨ ਤੋਂ ਹੀ ਇਸ ਪਰੀਵਾਰ ਦਾ ਨਾਮ ਬਾਵਾ ਪੈ ਗਿਆ ਅਤੇ ਇਸ ਨੇ ਆਪਣੇ ਨਾਮ ਨਾਲੋ ਬੇਦੀ ਸ਼ਬਦ ਹਟਾ ਲਿਆ। ਕਿਰਪਾਲ ਬਾਵਾ ਗੁਰਮੀਤ ਬਾਵਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਅੰਮ੍ਰਿਤਸਰ ਰਹਿਣ ਲੱਗ ਪਿਆ ਹੁਣ ਇਸ ਪਰੀਵਾਰ ਦਾ ਘਰ ਫੇਅਰਲੈਂਡ ਕਲੋਨੀ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਵਿਖੇ ਸਥਿਤ ਹੈ ਕਿਰਪਾਲ ਬਾਵਾ ਐਮ. ਏ. ਬੀ ਐਡ ਅਧਿਆਪਕ ਸੀ ਉਹ ਵੀ ਗਾਇਕ ਹੋਣ ਕਰਕੇ ਦੋਵੇ ਨੌਕਰੀ ਤਿਆਗ ਕੇ ਗਾਇਕੀ ਵੱਲ ਹੋ ਤੁਰੇ ਗੁਰਮੀਤ ਬਾਵਾ ਦੇ ਗਾਇਕੀ ਖੇਤਰ ਵਿਚ ਉਸਤਾਦ ਕਿਰਪਾਲ ਬਾਵਾ ਸਨ। ਇਹਨਾਂ ਨੇ ਡਿਊਟ ਗੀਤ ਵੀ ਗਾਏ ਪਰ ਪੰਜਾਬੀ ਸਭਿਆਚਾਰ ਦੀ ਰੱਜ ਕੇ ਸੇਵਾ ਕੀਤੀ।
ਇਹਨਾਂ ਦੇ ਘਰ ਤਿੰਨ ਧੀਆਂ ਲਾਚੀ ਬਾਵਾ,ਗਲੋਰੀ ਬਾਵਾ ਅਤੇ ਸਿਮਰਤ ਬਾਵਾ ਨੇ ਜਨਮ ਲਿਆ ਇਹਨਾਂ ਨੇ ਆਪਣੇ ਫਰਜ ਪੂਰੇ ਕਰਦਿਆਂ ਬੱਚਿਆਂ ਨੂੰ ਵਧੀਆ ਸਿੱਖਿਆ ਹਾਸਲ ਕਰਵਾਈ। ਗੁਰਮੀਤ ਬਾਵਾ ਆਪਣੇ ਦਿਲ ਵਿਚ ਆਪਣੀ ਧੀ ਲਾਚੀ ਬਾਵਾ ਦਾ ਦਰਦ ਸਮੋਈ ਬੈਠੀ ਸੀ ਜਿਸ ਦਾ ਇਕ ਨਾਮੁਰਾਦ ਬਿਮਾਰੀ ਨਾਲ ਦਿਹਾਂਤ ਹੋ ਗਿਆ ਸੀ ਲਾਚੀ ਬਾਵਾ ਵਧੀਆ ਗਾਇਕਾ ਸੀ।
ਜਦ ਜਲੰਧਰ ਦੂਰਦਰਸ਼ਨ ਸ਼ੁਰੂ ਹੋਇਆ ਤਾਂ ਉੱਥੇ ਸਭ ਤੋਂ ਪਹਿਲਾਂ ਗੁਰਮੀਤ ਬਾਵਾ ਨੇ ਗੀਤ ਗਾਇਆ। ਦਿੱਲੀ ਦੂਰਦਰਸ਼ਨ ਤੇ ਵੀ ਕਲਾਕਾਰ ਵਜੋਂ ਗੁਰਮੀਤ ਬਾਵਾ ਦੀ ਚੋਣ ਹੋਈ। ਗੁਰਮੀਤ ਬਾਵਾ ਜੁਗਨੀ, ਸੁਹਾਗ ਘੋੜੀਆਂ, ਸਿਠਣੀਆ, ਲੋਕ ਗਥਾਵਾ ਆਦਿ ਗਾਉਣ ਕਰਕੇ ਦੇਸ਼ ਵਿਦੇਸ਼ ਵਿਚ ਜਾਣੀ ਜਾਂਦੀ ਸੀ।
1965 ਦੀ ਭਾਰਤ ਪਾਕਿਸਤਾਨ ਜੰਗ ਤੋਂ ਬਾਅਦ ਫੌਜ ਕੋਲ ਫੌਜੀਆਂ ਦੇ ਮੰਨੋਰੰਜਨ ਲਈ ਕੋਈ ਕਲਾਕਾਰ ਨਹੀਂ ਸੀ। ਇਸ ਕਰਕੇ ਸਰਕਾਰ ਨੇ ਵੱਖ ਵੱਖ ਕਲਾਕਾਰਾਂ ਦੀ ਚੋਣ ਕੀਤੀ ਇਹਨਾਂ ਵਿਚ ਗੁਰਮੀਤ ਬਾਵਾ ਦਾ ਨਾਮ ਮੁੱਖ ਸੀ। ਗੁਰਮੀਤ ਬਾਵਾ ਨੇ ਪੰਜ ਛੇ ਫ਼ਿਲਮਾਂ ਵਿਚ ਗੀਤ ਗਾਏ ਸਭ ਤੋਂ ਪਹਿਲਾਂ ਇਸ ਨੇ ਸਰਪੰਚ ਫ਼ਿਲਮ ਵਿਚ ਗੀਤ ਗਾਇਆ।ਗੁਰਮੀਤ ਬਾਵਾ ਦੀ ਗਾਇਕੀ ਦੇ ਸੰਗੀਤ ਵਿਚ ਹਰਮੋਨੀਅਮ, ਅਲਗੋਜੇ, ਚਿਮਟਾ,ਢੋਲਕੀ,ਘੜਾ ਆਦਿ ਵਰਤੇ ਜਾਂਦੇ ਸਨ।
ਗੁਰਮੀਤ ਬਾਵਾ 45 ਸੈਕਿੰਡ ਦੀ ਹੇਕ ਲਾ ਲੈਂਦੀ ਜੋ ਇਕ ਰਿਕਾਰਡ ਸੀ। ਇਸ ਦਾ ਸਭ ਤੋਂ ਪਹਿਲਾ ਗੀਤ ਤਵੇ ਤੇ ਰਿਕਾਰਡ ਹੋ ਕੇ ਆਇਆ 'ਮੈਂ ਜੱਟੀ ਪੰਜਾਬ ਦੀ ਮੇਰੀਆਂ ਰੀਸਾ ਕੌਣ ਕਰੇ ' ਇਸ ਤਵੇ ਦੀ ਤੇਰਾਂ ਹਜ਼ਾਰ ਰਿਕਾਰਡ ਤੋੜ ਵਿੱਕਰੀ ਹੋਈ। ਗੁਰਮੀਤ ਬਾਵਾ ਨੇ ਗਾਇਕੀ ਦੇ ਦਮ ਤੇ ਲਗਭਗ 25 ਮੁਲਕਾਂ ਦੇ ਟੂਰ ਲਾਏ ਸਭ ਤੋਂ ਪਹਿਲਾ ਟੂਰ ਰਸ਼ੀਆ ਦਾ ਸੀ।ਗੁਰਮੀਤ ਬਾਵਾ ਨੇ ਆਪਣੀ ਗਾਇਕੀ ਕਰਕੇ ਬਹੁਤ ਐਵਾਰਡ ਪ੍ਰਾਪਤ ਕੀਤੇ ਬਾਵਾ ਨੂੰ 1991 ਵਿਚ ਪੰਜਾਬ ਸਰਕਾਰ ਦੁਆਰਾ ਰਾਜ ਪੁਰਸਕਾਰ, ਪੰਜਾਬ ਨਾਟਕ ਅਕਾਦਮੀ ਦੁਆਰਾ ਸੰਗੀਤ ਪੁਰਸਕਾਰ, 2002 ਵਿਚ
ਮੱਧ ਪ੍ਰਦੇਸ ਸਰਕਾਰ ਦੁਆਰਾ ਰਾਸ਼ਟਰੀ ਦੇਵੀ ਅਹਿਲਿਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 2008 ਵਿਚ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਸਰਕਾਰ ਵਲੋਂ ਇਸ ਨੂੰ ਸ਼੍ਰੋਮਣੀ ਗਾਇਕਾ ਐਵਾਰਡ ਨਾਲ ਸਨਮਾਨਿਆ ਗਿਆ। ਭਾਰਤੀ ਸੰਗੀਤ ਨਾਟਕ ਐਕਦਮੀ ਵਲੋਂ ਰਸ਼ਟਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਪੰਜਾਬ ਕਲਾ ਪ੍ਰੀਸਦ ਵਲੋਂ ਪੰਜਾਬ ਗੌਰਵ ਪੁਰਸਕਾਰ ਮਿਲਿਆ। ਗੁਰਮੀਤ ਬਾਵਾ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਰਵਉੱਚ ਨਾਗਰਿਕ ਪੁਰਸਕਾਰ ''ਪਦਮ ਭੂਸ਼ਣ'' ਨਾਲ ਨਿਵਾਜ਼ਿਆ ਗਿਆ।
2019 ਵਿਚ ਗੁਰਮੀਤ ਬਾਵਾ ਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ 'ਚ ਪੰਜਾਬੀ ਸਪੋਟਸ ਐਂਡ ਕਲਚਰ ਕਲੱਬ ਵਲੋਂ ਸਨਮਾਨ ਮਿਲਿਆ।
ਗੁਰਮੀਤ ਬਾਵਾ ਨੇ 55 ਸਾਲ ਗਾਇਕੀ ਦੇ ਖੇਤਰ ਵਿਚ ਸਰੋਤਿਆਂ ਦੀ ਰੱਜ ਕੇ ਸੇਵਾ ਕੀਤੀ। 77 ਸਾਲ ਦੀ ਉਮਰ ਭੋਗ ਕੇ 21 ਨਵੰਬਰ 2021 ਦਿਨ ਐਤਵਾਰ 11 ਵਜੇ ਸਵੇਰੇ ਆਪਣੇ ਪਰਿਵਾਰ, ਰਿਸ਼ਤੇਦਾਰ ਅਤੇ ਚਹੁੰਣ ਵਾਲੇ ਸਰੋਤਿਆਂ ਨੂੰ ਅਲਵਿਦਾ ਕਹਿ ਗਈ। ਹਰ ਸਟੇਜ ਤੇ ਜੁਗਨੀ ਲੰਬੀ ਹੇਕ ਨਾਲ ਗਾਉਂਣ ਵਾਲੀ ਗੁਰਮੀਤ ਬਾਵਾ- ''ਆਈ ਜਵਾਨੀ ਹਰ ਕੋਈ ਵਹਿੰਦਾ ਜਾਂਦੀ ਕਿਸੇ ਨਾ ਡਿੱਠੀ
ਕੀ ਮੁਨਿਆਦ ਹੈ ਬੰਦਿਆ ਤੇਰੀ ਆਖਰ ਹੋਣਾ ਮਿੱਟੀ
ਇਹ ਤੁਕਾ ਸੱਚ ਕਰ ਗਈ। ਉਸ ਦੀ ਗਾਇਕੀ ਦਾ ਸਭਿਆਚਾਰਕ ਕੀਮਤੀ ਖ਼ਜਾਨਾ ਸਾਡੇ ਕੋਲ ਹੈ ਜਿਸ ਨੂੰ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ।
ਸਮਾਪਤ
ਸੁਖਵਿੰਦਰ ਸਿੰਘ ਮੁੱਲਾਂਪੁਰ
9914184794