image caption:

ਵੈਨਕੂਵਰ, ਕੈਨੇਡਾ ਵਿਖੇ ਢਾਹਾਂ ਸਾਹਿਤ ਇਨਾਮ 2024 ਦੇ ਜੇਤੂ ਰਹੇ ਕਹਾਣੀਕਾਰ ਜਿੰਦਰ 25 ਹਜ਼ਾਰ ਕੈਨੇਡੀਅਨ ਡਾਲਰ ਨਾਲ ਸਨਮਾਨਿਤ

ਦੋ ਫਾਈਨਲਿਸਟ ਸੁਰਿੰਦਰ ਨੀਰ ਅਤੇ ਸ਼ਹਿਜ਼ਾਦ ਅਸਲਮ ਦਾ 10-10 ਹਜ਼ਾਰ ਡਾਲਰ ਦੇ ਪੁਰਸਕਾਰ ਨਾਲ ਸਨਮਾਨ
ਬੰਗਾ / ਵੈਨਕੂਵਰ (ਬੀ.ਸੀ) - ਪਿੰਡ ਢਾਹਾਂ ਤੋਂ ਕੈਨੇਡਾ ਆ ਕੇ ਵੱਸੇ ਢਾਹਾਂ ਪਰਿਵਾਰ ਵੱਲੋਂ 2013 &rsquoਚ ਸ਼ੁਰੂ ਕੀਤੇ ਪੰਜਾਬੀ ਗਲਪ ਲਈ ਵਿਸ਼ਵ ਦੇ ਪ੍ਰਸਿੱਧ ਸਾਹਿਤਕ ਢਾਹਾਂ ਸਾਹਿਤ ਇਨਾਮ ਨੇ ਆਪਣੇ 11ਵੇਂ ਜੇਤੂ ਕਹਾਣੀਕਾਰ ਜਿੰਦਰ (ਜਲੰਧਰ, ਪੰਜਾਬ, ਭਾਰਤ) ਨੂੰ ਉਸਦੇ ਗੁਰਮੁਖੀ ਲਿਪੀ ਵਿਚ ਲਿਖੇ ਕਹਾਣੀ ਸੰਗ੍ਰਹਿ, 'ਸੇਫਟੀ ਕਿੱਟ' ਲਈ 25,000 ਕੈਨੇਡੀਅਨ ਡਾਲਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ । ਜਦ ਕਿ ਦੋ ਫਾਈਨਲਿਸਟਾਂ ਸ਼ਹਿਜ਼ਾਦ ਅਸਲਮ (ਲਾਹੌਰ, ਪੰਜਾਬ, ਪਾਕਿਸਤਾਨ) ਨੂੰ ਸ਼ਾਹਮੁਖੀ ਲਿਪੀ ਵਿਚ ਲਿਖੇ ਕਹਾਣੀ ਸੰਗ੍ਰਹਿ 'ਜੰਗਲ ਰਾਖੇ ਜਗ ਦੇ' ਅਤੇ ਸ੍ਰੀਮਤੀ ਸੁਰਿੰਦਰ ਨੀਰ (ਜੰਮੂ, ਭਾਰਤ) ਨੂੰ ਉਸ ਦੇ ਗੁਰਮੁਖੀ ਵਿਚ ਲਿਖੇ ਕਹਾਣੀ ਸੰਗ੍ਰਹਿ 'ਟੈਬੂ' ਲਈ ਦਾ 10-10 ਹਜ਼ਾਰ ਡਾਲਰ ਦਾ ਇਨਾਮ ਮਿਲਿਆ ਹੈ । ਇਹਨਾਂ ਤਿੰਨਾਂ ਪੁਸਤਕਾਂ ਦੇ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਲਿਪੀਅੰਤਰਨ ਲਈ 6,000 ਕਨੈਡੀਅਨ ਡਾਲਰ ਦਾ ਇਨਾਮ ਵੀ ਦਿੱਤਾ ਗਿਆ ਹੈ । ਸਰੀ, ਬੀ.ਸੀ. ਦੇ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਵਿਖੇ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਦੋ ਜੇਤੂ ਕਹਾਣੀਕਾਰਾਂ ਨੂੰ ਹੱਥ ਕਲਾ ਨਾਲ ਤਿਆਰ ਕੀਤੀ ਵਿਸ਼ੇਸ਼ ਟਰਾਫੀ ਦੇ ਨਾਲ ਉਹਨਾਂ ਨੂੰ ਪੁਰਸਕਾਰ ਭੇਟ ਕੀਤੇ ਗਏ । ਸ੍ਰੀ ਸ਼ਹਿਜ਼ਾਦ ਅਸਲਮ ਲਾਹੌਰ ਨੂੰ ਲਹਿੰਦੇ ਪੰਜਾਬ ਵਿਚ ਵਿਸ਼ੇਸ਼ ਸਮਾਗਮ ਕਰਕੇ ਉਹਨਾਂ ਦੀ ਟਰਾਫੀ ਭੇਟ ਕੀਤੀ ਜਾਵੇਗੀ ।
ਇਸ ਮੌਕੇ ਕਹਾਣੀਕਾਰ ਜਿੰਦਰ ਨੇ ਕਿਹਾ ਕਿ, &ldquoਮੈਂ ਇਸ ਵੱਕਾਰੀ ਢਾਹਾਂ ਸਾਹਿਤ ਇਨਾਮ ਜਿੱਤਣ ਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਮੈਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਮੈਂ ਕੈਨੇਡਾ ਵਿਚ ਇਹ ਸਨਮਾਨ ਪ੍ਰਾਪਤ ਕਰਾਂਗਾ। ਹੁਣ ਮੈਂ ਆਪਣੀਆਂ ਲਿਖਤਾਂ ਪ੍ਰਤੀ ਹੋਰ ਵੀ ਵੱਡੀ ਜ਼ਿੰਮੇਵਾਰੀ ਮਹਿਸੂਸ ਕਰਦਾ ਹਾਂ।&rdquo ਸ੍ਰੀਮਤੀ ਸੁਰਿੰਦਰ ਨੀਰ ਨੇ ਕਿਹਾ ਕਿ &ldquoਮੈਂ ਢਾਹਾਂ ਸਾਹਿਤ ਇਨਾਮ ਦੇ ਫਾਈਨਲਿਸਟ ਬਣਨ 'ਤੇ ਇੰਨੀ ਰੋਮਾਂਚਿਤ ਸੀ ਕਿ ਮੇਰੇ ਰੌਂਗਟੇ ਖੜ੍ਹੇ ਹੋ ਗਏ । ਇਹ ਮੇਰੇ ਜੀਵਨ ਵਿਚ ਸਭ ਤੋਂ ਵੱਡੇ ਸਨਮਾਨ ਦੀ ਗੱਲ ਹੈ, ਜੋ ਕਿ ਜੰਮੂ-ਕਸ਼ਮੀਰ ਦੇ ਸਮੁੱਚੇ ਸਾਹਿਤ ਨੂੰ ਵਿਸ਼ਵ ਪੱਧਰ 'ਤੇ ਵੀ ਮਾਨਤਾ ਦਿੰਦਾ ਹੈ। ਸ਼ਹਿਜ਼ਾਦ ਅਸਲਮ ਨੇ ਕਿਹਾ ਕਿ ਉਸਦਾ ਲਿਖਣ ਦਾ ਜਨੂੰਨ ਹੁਣ ਜੋਸ਼ ਵਿੱਚ ਬਦਲ ਗਿਆ ਹੈ । ਸ਼ਹਿਜ਼ਾਦ ਅਸਲਮ ਨੇ ਕਿਹਾ ਕਿ ਢਾਹਾਂ ਇਨਾਮ ਨਾਲ ਇੱਕ ਲੇਖਕ ਵਜੋਂ ਮਾਨਤਾ ਮਿਲਣੀ ਬਹੁਤ ਵੱਡੀ ਪ੍ਰਾਪਤੀ ਹੈ । ਇਸ ਨਾਲ ਮੇਰਾ ਲਿਖਣ ਦਾ ਜਨੂੰਨ, ਹੁਣ ਜੋਸ਼ ਵਿੱਚ ਬਦਲ ਗਿਆ ਹੈ ।
ਢਾਹਾਂ ਸਾਹਿਤ ਇਨਾਮ ਦੇ ਬਾਨੀ ਸੰਸਥਾਪਕ ਸ. ਬਰਜਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਸਾਡਾ ਟੀਚਾ ਦੁਨੀਆਂ ਭਰ ਵਿਚ ਹਰ ਸਾਲ ਪ੍ਰਕਾਸ਼ਿਤ ਹੋਣ ਵਾਲੀਆਂ ਪੰਜਾਬੀ ਗਲਪ ਦੀਆਂ ਉੱਤਮ ਰਚਨਾਵਾਂ ਨੂੰ ਆਮ ਲੋਕਾਈ ਤੱਕ ਪਹੁੰਚਾਉਣਾ ਹੈ । ਜਥੇਬੰਦਕ ਤੌਰ 'ਤੇ ਅਸੀਂ ਪ੍ਰਵਾਸੀ ਪੰਜਾਬੀ, ਗਲਪ ਸਾਹਿਤ ਰਾਹੀਂ ਦੋਵਾਂ ਪੰਜਾਬਾਂ ਵਿਚ ਸਾਂਝਾ ਦਾ ਪੁਲ ਬਣਾਉਣ ਲਈ ਯਤਨਸ਼ੀਲ ਰਹੇ ਹਾਂ। ਪੁਸਤਕਾਂ ਦਾ ਲਿਪੀਅੰਤਰਨ ਕਰਕੇ ਆਮ ਲੋਕਾਈ ਤੱਕ ਪੁੰਹਚਣਾ ਇਸ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਹੈ । ਸ. ਢਾਹਾਂ ਨੇ ਕਿਹਾ ਅਸੀਂ ਉਮੀਦ ਕਰਦੇ ਹਾਂ ਕਿ ਲਿਪੀਅੰਤਰ ਕੀਤੀਆਂ ਪੁਸਤਕਾਂ ਦੁਨੀਆ ਭਰ ਦੇ ਪੰਜਾਬੀਆਂ ਦੇ ਹੱਥਾਂ ਵਿੱਚ ਜਲਦੀ ਆਉਣਗੀਆਂ । ਸਨਮਾਨ ਸਮਾਰੋਹ ਦੌਰਾਨ ਸ. ਬਰਜਿੰਦਰ ਸਿੰਘ ਢਾਹਾਂ ਨੇ ਦੋ ਲੱਖ ਕੈਨੇਡੀਅਨ ਡਾਲਰ ਦੇ ਢਾਹਾਂ ਲਿਊਮਿਨਰੀਜ਼ ਅਵਾਰਡ ਦੀ ਘੋਸ਼ਣਾ ਕੀਤੀ। ਇਹ ਫੰਡ ਅਗਲੇ ਛੇ ਸਾਲਾਂ ਵਿੱਚ ਢਾਹਾਂ ਸਾਹਿਤ ਇਨਾਮ ਦੀਆਂ ਦੁਨੀਆ ਭਰ ਵਿਚ ਸਹਿਯੋਗੀ ਪੰਜ ਯੂਨੀਵਰਸਿਟੀਆਂ ਵਿਚ ਮਾਂ ਬੋਲੀ ਪੰਜਾਬੀ ਵਿਚ ਐਮ. ਏ. ਦੀ ਡਿਗਰੀ ਕਰਨ ਵਾਲੇ 42 ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾਣਗੇ ।
ਢਾਹਾਂ ਇਨਾਮ ਸਲਾਹਕਾਰ ਬੋਰਡ ਦੇ ਚੇਅਰ ਸ੍ਰੀ ਜ਼ੁਬੈਰ ਅਹਿਮਦ ਨੇ ਕਿਹਾ ਕਿ ਢਾਹਾਂ ਸਾਹਿਤ ਇਨਾਮ ਲਈ ਚੁਣੀਆਂ ਕਿਤਾਬਾਂ ਵਿੱਚ ਵੱਖ-ਵੱਖ ਦੇਸ਼ਾਂ ਰਹਿੰਦੇ ਪੰਜਾਬੀਆਂ ਨਾਲ ਜੁੜੇ ਮੁੱਦੇ ਸ਼ਾਮਲ ਹਨ । ਇਹਨਾਂ ਦੇ ਵਿਸ਼ਿਆਂ ਵਿੱਚ ਵਾਤਾਵਰਨ, ਔਰਤਾਂ ਦਾ ਸਸ਼ਕਤੀਕਰਨ, ਜਾਤ-ਪਾਤ, ਮਰਦਾਂ ਅਤੇ ਔਰਤਾਂ ਵਿਚਕਾਰ ਮਨੁੱਖੀ ਰਿਸ਼ਤੇ, ਪੰਜਾਬੀ ਡਾਇਸਪੋਰਾ ਅਤੇ ਹੋਰ ਬਹੁਤ ਕੁਝ ਸ਼ਾਮਲ ਹਨ । ਸਾਰੇ ਲੇਖਕਾਂ ਨੇ ਕਹਾਣੀਆਂ ਦੀ ਪੇਸ਼ਕਾਰੀ ਸ਼ਾਨਦਾਰ ਢੰਗ ਨਾਲ ਕੀਤੀ ਹੈ । ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਇਹਨਾਂ ਪੁਸਤਕਾਂ ਦੇ ਲਿਪੀਅੰਤਰ ਲਈ ਚੰਗੇ ਅਨੁਵਾਦਕ ਹਨ, ਜਿਸ ਨਾਲ ਇਹ ਸਨਮਾਨਿਤ ਪੁਸਤਕਾਂ ਨੂੰ ਦੂਜੀਆਂ ਭਾਸ਼ਾਵਾਂ ਦੇ ਪਾਠਕਾਂ ਤੱਕ ਪੁੰਹਚੀਆਂ ਕਰ ਸਕਾਂਗੇ ।
ਇਸ ਸਨਮਾਨ ਸਮਾਗਮ ਵਿਚ ਪੁੱਜੇ ਵਿਧਾਇਕ ਸ੍ਰੀ ਰਾਜ ਚੌਹਾਨ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਢਾਹਾਂ ਸਾਹਿਤ ਇਨਾਮ ਨੂੰ ਸਮਰਪਿਤ &ldquoਪੰਜਾਬੀ ਸਾਹਿਤ ਹਫਤੇ&rdquo ਦਾ ਐਲਾਨ ਕੀਤਾ। ਸ੍ਰੀ ਕੈਰੋਲ ਰਿਚਰਡਸਨ ਕਾਰਜਕਾਰੀ ਸਹਾਇਕ ਮੇਅਰ ਬਰੈਂਡਾ ਲੌਕ ਸਰੀ ਨੇ ਵੀ ਇਸ ਬਾਰੇ ਸਰੀ ਸ਼ਹਿਰ ਵਿਚ ਪੰਜਾਬੀ ਸਾਹਿਤ ਹਫਤੇ ਦੀ ਘੋਸ਼ਣਾ ਕੀਤੀ। ਵੈਨਕੂਵਰ ਸਿਟੀ ਨੇ ਇਸ ਦਾ ਇੱਕ ਦਿਨ ਪਹਿਲਾਂ ਐਲਾਨ ਕਰ ਦਿੱਤਾ ਸੀ । ਸਮਾਗਮ ਵਿੱਚ ਰਾਜਨਿਤਕ ਆਗੂ, ਸਮਾਜਿਕ ਕਾਰਕੁੰਨ ਤੇ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਵਿਸ਼ੇਸ਼ ਤੌਰ &rsquoਤੇ ਹਾਜ਼ਰ ਸਨ। ਸਨਮਾਨ ਸਮਾਗਮ ਵਿੱਚ ਸਮਾਜਿਕ ਕਾਰਕੁੰਨ, ਸਿਆਸੀ ਆਗੂ ਅਤੇ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਵਿਸ਼ੇਸ਼ ਤੌਰ &rsquoਤੇ ਹਾਜ਼ਰ ਸਨ।
ਵਰਨਣਯੋਗ ਹੈ ਕਿ ਢਾਹਾਂ ਸਾਹਿਤ ਇਨਾਮ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਸਥਾਪਿਤ ਕੀਤਾ ਗਿਆ ਸੀ, ਜਿੱਥੇ ਪੰਜਾਬੀ ਲੋਕਾਂ, ਭਾਸ਼ਾ ਅਤੇ ਸੱਭਿਆਚਾਰ ਦਾ ਇੱਕ ਅਮੀਰ ਇਤਿਹਾਸ ਹੈ। ਪੰਜਾਬੀ ਹੁਣ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ, ਅਤੇ ਦੇਸ਼ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਵਿੱਚ ਇੱਕ ਮਜ਼ਬੂਤ ਧਾਗਾ ਹੈ। ਇਸ ਦੇ ਪ੍ਰਮੁੱਖ ਸੰਸਥਾਪਕ ਸ. ਬਰਜਿੰਦਰ ਸਿੰਘ ਢਾਹਾਂ ਤੇ ਉਹਨਾਂ ਦੀ ਪਤਨੀ ਰੀਟਾ ਢਾਹਾਂ ਹਨ । ਸ. ਬਰਜਿੰਦਰ ਸਿੰਘ ਢਾਹਾਂ ਅਤੇ ਉਹਨਾਂ ਦੀ ਪਤਨੀ ਰੀਟਾ ਢਾਹਾਂ, ਸਮੂਹ ਢਾਹਾਂ ਪਰਿਵਾਰ, ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ (CIES) ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (UBC) ਦੇ ਸਹਿਯੋਗ ਨਾਲ ਸਾਲ 2013 ਵਿੱਚ ਢਾਹਾਂ ਪੁਰਸਕਾਰ ਦੀ ਸ਼ੁਰੂਆਤ ਕੀਤੀ ਗਈ ਸੀ । ਢਾਹਾਂ ਸਾਹਿਤ ਇਨਾਮ ਨੇ ਪਿਛਲੇ ਗਿਆਰਾਂ ਸਾਲਾਂ ਦੇ ਸ਼ਾਨਾਮੱਤੇ ਸਫਰ ਵਿਚ ਆਲੋਚਨਾਤਮਕ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ ਅਤੇ ਲੇਖਕਾਂ ਅਤੇ ਉਨ੍ਹਾਂ ਦੀਆਂ ਕਿਤਾਬਾਂ ਲਈ ਵਿਆਪਕ, ਬਹੁ-ਭਾਸ਼ਾਈ ਸਰੋਤਿਆਂ ਤੱਕ ਪਹੁੰਚਣ ਲਈ ਨਵੇਂ ਰਾਹ ਬਣਾਏ ਹਨ । ਜ਼ਿਕਰਯੋਗ ਹੈ ਕਿ ਬਰਜਿੰਦਰ ਸਿੰਘ ਢਾਹਾਂ, ਬੀਬੀ ਕਸ਼ਮੀਰ ਕੌਰ ਢਾਹਾਂ ਅਤੇ ਪ੍ਰਸਿੱਧ ਸਮਾਜ ਸੇਵਕ ਸਵ: ਬਾਬਾ ਬੁੱਧ ਸਿੰਘ ਢਾਹਾਂ ਬਾਨੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਹੋਣਹਾਰ ਸਪੁੱਤਰ ਅਤੇ ਟਰੱਸਟ ਦੇ ਮੌਜੂਦਾ ਮੀਤ ਪ੍ਰਧਾਨ ਵੀ ਹਨ । ਢਾਹਾਂ ਸਾਹਿਤ ਇਨਾਮ ਪੰਜਾਬੀ ਭਾਸ਼ਾ ਵਿੱਚ ਗਲਪ ਪੁਸਤਕਾਂ ਲਈ ਸਭ ਤੋਂ ਵੱਡਾ ਅੰਤਰਰਾਸ਼ਟਰੀ ਸਾਹਿਤਕ ਪੁਰਸਕਾਰ ਹੈ ।