image caption: ਭਗਵਾਨ ਸਿੰਘ ਜੌਹਲ

(4 ਦਸੰਬਰ ਲਈ) ਬਰਸੀ ‘ਤੇ ਵਿਸ਼ੇਸ਼, ਸਿੱਖ ਸੋਚ ਦੇ ਨਿਸ਼ਠਾਵਾਨ ਵਿਦਵਾਨ - ਡਾ: ਭਾਈ ਜੋਧ ਸਿੰਘ

80 ਵਰ੍ਹਿਆਂ ਦੀ ਵਡੇਰੀ ਉਮਰ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਉੱਪ-ਕੁਲਪਤੀ ਬਣਨ ਵਾਲੇ, ਸਰਦਾਰ ਬਹਾਦਰ ਅਤੇ ਪਦਮ ਭੂਸ਼ਣ ਦਾ ਸਨਮਾਨ ਪ੍ਰਾਪਤ ਕਰਨ ਵਾਲੇ ਡਾ: ਭਾਈ ਜੋਧ ਸਿੰਘ ਅਜਿਹੇ ਸਿੱਖ ਚਿੰਤਕ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਅੱਜ ਵੀ ਉਸੇ ਸ਼ਿਦਤ ਨਾਲ ਪਿਆਰ ਤੇ ਸਨੇਹ ਦਿੰਦੇ ਹਨ, ਜਿੰਨਾ ਉਨ੍ਹਾਂ ਨੂੰ ਆਪਣੇ ਜਿਊਂਦੇ ਜੀਅ ਮਿਲਦਾ ਰਿਹਾ । ਡਾ: ਭਾਈ ਜੋਧ ਸਿੰਘ ਨੇ ਆਪਣੀ ਹਯਾਤੀ ਦੌਰਾਨ ਨਿਸ਼ਠਾਵਾਨ ਵਿਦਵਾਨ ਵਜੋਂ ਸਿੱਖ ਸੋਚ ਤੇ ਸਿੱਖ ਸੱਭਿਆਚਾਰ ਦੇ ਵਿਸਥਾਰ ਲਈ ਅਜਿਹੇ ਯਾਦਗਾਰੀ ਕਾਰਜ ਕੀਤੇ, ਜਿਹੜੇ ਬਹੁਤ ਸਾਰੀਆਂ ਸੰਸਥਾਵਾਂ ਇਕੱਠੇ ਹੋ ਕੇ ਵੀ ਨਹੀਂ ਕਰ ਸਕੀਆਂ । ਇਸ ਉੱਘੀ ਸ਼ਖ਼ਸੀਅਤ ਦਾ ਜਨਮ 31 ਮਈ, 1882 ਈ: ਨੂੰ ਬਖਸ਼ੀ ਰਾਮ ਲਾਂਬਾ ਦੇ ਘਰ ਮਾਈ ਗੁਲਾਬ ਦੇਵੀ ਦੇ ਕੁੱਖ ਤੋਂ ਪਿੰਡ ਘੁੰਗਰੀਲਾ, ਤਹਿਸੀਲ ਗੁਜਰਖਾਨ, ਜ਼ਿਲ੍ਹਾ ਰਾਵਲਪਿੰਡੀ (ਲਹਿੰਦਾ ਪੰਜਾਬ) ਪਾਕਿਸਤਾਨ ਵਿਖੇ ਹੋਇਆ । ਅੰਮ੍ਰਿਤ ਛਕਣ ਤੋਂ ਪਹਿਲਾਂ ਆਪ ਦਾ ਨਾਂਅ ਸੰਤ ਸਿੰਘ ਸੀ । ਜਨਮ ਤੋਂ ਪਿੱਛੋਂ ਦੋ ਸਾਲ ਦੀ ਮਾਸੂਮੀਅਤ ਦੀ ਉਮਰ ਵਿੱਚ ਪਿਤਾ ਜੀ ਸਦੀਵੀ ਵਿਛੋੜਾ ਦੇ ਗਏ । ਇਨ੍ਹਾਂ ਦੀ ਪਰਵਰਿਸ਼ ਦਾਦਾ ਸ। ਤੇਜਾ ਸਿੰਘ ਨੇ ਕੀਤੀ । ਮੈਟ੍ਰਿਕ ਦਾ ਇਮਤਿਹਾਨ ਮਿਸ਼ਨ ਹਾਈ ਸਕੂਲ ਰਾਵਲਪਿੰਡੀ ਤੋਂ ਪਾਸ ਕੀਤਾ । ਇਸ ਤੋਂ ਪਹਿਲਾਂ ਮੁੱਢਲੀ ਤਾਲੀਮ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ । ਜਦੋਂ 1898 ਈ: ਵਿੱਚ ਪੰਜਾਬ ਯੂਨੀਵਰਸਿਟੀ ਤੋਂ ਮੈਟ੍ਰਿਕ ਵਿੱਚ ਸਕਾਲਰਸ਼ਿੱਪ ਪ੍ਰਾਪਤ ਕੀਤਾ, ਤਾਂ ਸਾਰੇ ਪਰਿਵਾਰ ਵੱਲੋਂ ਭਰਪੂਰ ਪਿਆਰ ਮਿਲਿਆ । 30 ਦਸੰਬਰ, 1897 ਨੂੰ ਗਿਆਨੀ ਠਾਕਰ ਸਿੰਘ ਦੀ ਅਗਵਾਈ ਵਿੱਚ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ । ਹੁਣ ਸੰਤ ਸਿੰਘ ਤੋਂ ਜੋਧ ਸਿੰਘ ਨਾਂਅ ਪ੍ਰਾਪਤ ਹੋਇਆ । ਸਿੰਘ ਸਭਾ ਲਹਿਰ ਉਸ ਸਮੇਂ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀ ਸੀ । ਸਾਂਝੇ ਪੰਜਾਬ ਦੇ ਉਸ ਸਮੇਂ ਦੇ ਪਿੰਡਾਂ ਸ਼ਹਿਰਾਂ ਵਿੱਚ ਸਿੰਘ ਸਭਾ ਲਹਿਰ ਦਾ ਪ੍ਰਚਾਰ ਪਹੁੰਚ ਚੁੱਕਾ ਸੀ । ਇਸੇ ਪ੍ਰਭਾਵ ਅਧੀਨ ਆਪ ਨੇ ਸਿੱਖ ਧਰਮ ਦੇ ਗ੍ਰੰਥਾਂ ਅਤੇ ਸਿੱਖ ਇਤਿਹਾਸ ਦਾ ਡੂੰਘਾ ਅਧਿਐਨ ਕੀਤਾ । ਆਪ ਧਾਰਮਿਕ ਦੀਵਾਨਾਂ ਵਿੱਚ ਸਫ਼ਲ ਬੁਲਾਰੇ ਵਜੋਂ ਸਤਿਕਾਰੇ ਜਾਂਦੇ ਸਨ ।
ਜਿਸ ਸਕੂਲ ਤੋਂ ਮੈਟ੍ਰਿਕ ਦਾ ਇਮਤਿਹਾਨ ਵਜ਼ੀਫੇ ਸਹਿਤ ਪਾਸ ਕੀਤਾ ਸੀ, ਇਥੋਂ ਹੀ ਐੱਫ।ਏ। ਦਾ ਇਮਤਿਹਾਨ ਪਾਸ ਕੀਤਾ । ਸੰਨ 1900 ਈ: ਵਿੱਚ ਡਾਕਖਾਨੇ ਦੀ ਨੌਕਰੀ ਤੋਂ ਪਿੱਛੋਂ ਟਰਾਂਸਪੋਰਟ ਵਿਭਾਗ ਵਿੱਚ ਵੀ ਕਾਰਜਸ਼ੀਲ ਰਹੇ । 1902 ਈ: ਵਿੱਚ ਸ। ਸੁੰਦਰ ਸਿੰਘ ਮਜੀਠੀਆ ਨੇ ਭਾਈ ਜੋਧ ਸਿੰਘ ਨੂੰ ਆਪਣੇ ਬੱਚਿਆਂ ਦੇ ਅਧਿਆਪਕ ਵਜੋਂ ਨਿਯੁਕਤ ਕੀਤਾ । 1904 ਈ: ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਕਰਨ ਤੋਂ ਪਿੱਛੋਂ ਫਾਰਮਨ ਕ੍ਰਿਸ਼ਚੀਅਨ ਕਾਲਜ ਲਾਹੌਰ ਤੋਂ ਗਣਿਤ ਦੇ ਵਿਸ਼ੇ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕੀਤੀ । ਇਨ੍ਹਾਂ ਦੋਵਾਂ ਇਮਤਿਹਾਨਾਂ ਵਿੱਚ ਪੰਜਾਬ ਯੂਨੀਵਰਸਿਟੀ ਵਿੱਚੋਂ ਪਹਿਲੇ ਦਰਜੇ &lsquoਤੇ ਰਹੇ ਅਤੇ ਗੋਲਡ ਮੈਡਲ ਪ੍ਰਾਪਤ ਕੀਤੇ ।
1906 ਈ: ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਗਣਿਤ ਤੇ ਧਾਰਮਿਕ ਸਿੱਖਿਆ ਦੇ ਲੈਕਚਰਾਰ ਵਜੋਂ ਨਿਯੁਕਤੀ ਪ੍ਰਾਪਤ ਕੀਤੀ । ਉਨ੍ਹਾਂ ਦਿਨਾਂ ਵਿੱਚ ਖ਼ਾਲਸਾ ਕਾਲਜ ਉੱਪਰ ਅੰਗ੍ਰੇਜ਼ ਸਰਕਾਰ ਦਾ ਪੂਰਾ ਗਲਬਾ ਬਣ ਚੁੱਕਾ ਸੀ । ਅੰਗ੍ਰੇਜ਼ੀ ਸਰਕਾਰ ਦੇ ਇਸ ਗਲਬੇ ਤੋਂ ਕਾਲਜ ਨੂੰ ਅਜ਼ਾਦ ਕਰਵਾਉਣ ਲਈ ਆਪ ਨੇ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਨਿਸ਼ਠਾਵਾਨ ਅਧਿਆਪਕਾਂ ਅਤੇ ਸਮਾਜ ਸੇਵੀਆਂ ਦੇ ਮਾਂ-ਬੋਲੀ ਨਾਲ ਪਿਆਰ ਕਰਨ ਵਾਲੇ ਪ੍ਰੋਫੈਸਰਾਂ ਦੇ ਗਰੁੱਪ ਵਿੱਚ ਸ਼ਾਮਿਲ ਹੋ ਕੇ ਵੱਧ-ਚੜ੍ਹ ਕੇ ਹਿੱਸਾ ਲਿਆ । ਇਸੇ ਕਾਰਨ ਹੀ ਅੰਗ੍ਰੇਜ਼ ਹਕੂਮਤ ਵੱਲੋਂ ਖ਼ਾਲਸਾ ਕਾਲਜ ਦੇ ਪ੍ਰਬੰਧ ਵਿੱਚ ਦਖ਼ਲ ਤੋਂ ਦੁਖੀ ਹੋ ਕੇ 1913 ਈ: ਵਿੱਚ ਨੌਕਰੀ ਤੋਂ ਤਿਆਗ ਪੱਤਰ ਦੇ ਕੇ ਨੌਕਰੀ ਤੋਂ ਮੁਕਤੀ ਪ੍ਰਾਪਤ ਕਰ ਲਈ । ਜਦੋਂ ਇਸ ਲੰਬੀ ਲੜਾਈ ਤੋਂ ਪਿੱਛੋਂ 1924 ਵਿੱਚ ਅੰਗ੍ਰੇਜ਼ ਸਰਕਾਰ ਨੇ ਕਾਲਜ ਦੇ ਪ੍ਰਬੰਧ ਵਿੱਚ ਆਪਣੀ ਦਖ਼ਲ-ਅੰਦਾਜ਼ੀ ਖ਼ਤਮ ਕੀਤੀ, ਮੁੜ ਇਸੇ ਕਾਲਜ ਵਿੱਚ ਲੈਕਚਰਾਰ ਰੱਖ ਲਿਆ ਗਿਆ ।
ਆਪ ਨੇ ਅੰਗ੍ਰੇਜ਼ੀ ਭਾਸ਼ਾ ਵਿੱਚ ਜਪੁਜੀ, ਲਾਈਫ ਆਫ਼ ਸ੍ਰੀ ਗੁਰੂ ਅਮਰਦਾਸ ਜੀ, 33 ਸਵੱਯੇ, ਸਮ ਸਟਡੀਜ਼ ਇਨ ਸਿੱਖ-ਇਜ਼ਮ, ਗੋਸਪੈਲ ਆਫ਼ ਗੁਰੂ ਨਾਨਕ ਇਨ ਹਿਜ਼ Eਨ ਵਰਡਜ਼ ਅਤੇ ਕਬੀਰ ਆਦਿ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ । ਜੋ ਉਸ ਸਮੇਂ ਦੇ ਵਿਦਵਾਨਾਂ ਤੇ ਪਾਠਕਾਂ ਵਿੱਚ ਦੁਨੀਆਂ ਭਰ ਵਿੱਚ ਸਲਾਹੀਆਂ ਗਈਆਂ । ਇਸ ਵੱਡੇ ਕਾਰਜ ਤੋਂ ਇਲਾਵਾ ਕਈ ਵਿਸ਼ਵ ਕੋਸ਼ਾਂ ਅਤੇ ਪੁਸਤਕਾਂ ਵਿੱਚ ਉਨ੍ਹਾਂ ਵੱਲੋਂ ਕੀਤੇ ਇੰਦਰਾਜ਼ ਅਤੇ ਵੱਖ-ਵੱਖ ਵਿਸ਼ਿਆਂ &lsquoਤੇ ਲਿਖੇ ਲੇਖ ਵੀ ਯਾਦਗਾਰੀ ਕੰਮ ਵਜੋਂ ਸਤਿਕਾਰੇ ਜਾਂਦੇ ਹਨ ।
ਡਾ: ਭਾਈ ਜੋਧ ਸਿੰਘ ਨੇ ਆਪਣੇ ਜੀਵਨ ਦੇ ਅੰਤਿਮ ਦਿਨ ਲੁਧਿਆਣਾ ਵਿਖੇ ਆਪਣੀ ਰਿਹਾਇਸ਼ ਵਿੱਚ ਬਿਤਾਏ । ਇਸ ਸਮੇਂ ਦੌਰਾਨ ਉਨ੍ਹਾਂ ਪ੍ਰੋ: ਗੁਰਬਚਨ ਸਿੰਘ ਤਾਲਿਬ ਵੱਲੋਂ ਤਿਆਰ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ੍ਰੇਜ਼ੀ ਅਨੁਵਾਦ ਦੀ ਸੋਧ-ਸੁਧਾਈ ਦਾ ਕਾਰਜ ਕੀਤਾ । ਆਪਣੀ ਲੰਮੀ, ਸੂਝ, ਸਹਿਜ ਵਾਲੀ ਉਮਰ ਦੇ ਸੌਵੇਂ ਵਰੇ੍ਹ ਵਿੱਚ ਉਨ੍ਹਾਂ 4 ਦਸੰਬਰ, 1981 ਨੂੰ ਆਪਣੇ ਅੰਤਿਮ ਸੁਆਸ ਲੁਧਿਆਣਾ ਵਿਖੇ ਲਏ । ਡਾ: ਭਾਈ ਜੋਧ ਸਿੰਘ ਸਿੱਖ ਜਗਤ ਦੀਆਂ ਲਿਆਕਤ ਅਤੇ ਸਿਆਣਪ ਵਾਲੀਆਂ ਹੁਣ ਤੱਕ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚੋਂ ਅਜਿਹੇ ਇਨਸਾਨ ਸਨ, ਜੋ ਸਿੱਖੀ ਲਈ ਜੀਵੇ, ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੂਰਾ ਜੀਵਨ ਸਮਰਪਿਤ ਰਹੇ ।
-ਭਗਵਾਨ ਸਿੰਘ ਜੌਹਲ