image caption: ਭਗਵਾਨ ਸਿੰਘ ਜੌਹਲ
ਸਿੱਖ ਇਤਿਹਾਸ ਦੇ ਸਫ਼ਲ ਚਿੱਤਰਕਾਰ - ਸ। ਕ੍ਰਿਪਾਲ ਸਿੰਘ ਆਰਟਿਸਟ ਨੂੰ ਯਾਦ ਕਰਦਿਆਂ
 10 ਦਸੰਬਰ ਲਈ-ਜਨਮ ਦਿਨ &lsquoਤੇ ਵਿਸ਼ੇਸ਼
ਸਿੱਖ ਇਤਿਹਾਸ ਨੂੰ ਜਿਸ ਸਫਲਤਾ ਨਾਲ ਸ। ਕ੍ਰਿਪਾਲ ਸਿੰਘ ਆਰਟਿਸਟ ਨੇ ਚਿੱਤਰਿਆ, ਉਸ ਦੇਣ ਦੇ ਬਦਲੇ ਵਿੱਚ ਸਮੁੱਚਾ ਸਿੱਖ ਜਗਤ ਭਾਵੇਂ ਉਹ ਦੇਸ਼ ਵਿੱਚ ਜਾਂ ਵਿਦੇਸ਼ ਵਿੱਚ ਵੱਸਦਾ ਹੈ, ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਯਾਦ ਕਰਦਾ ਹੈ । ਚਿੱਤਰਕਾਰੀ ਇਕ ਕੋਮਲ ਕਲਾ ਹੈ, ਇਸ ਕਲਾ ਦੇ ਕਦਰਦਾਨ ਲੱਭਣ ਲਈ ਕਈ ਵਾਰ ਕਿਸੇ ਨਿਸ਼ਠਾਵਾਨ ਚਿੱਤਰਕਾਰ ਨੂੰ ਵੀ ਪੂਰਾ ਜੀਵਨ ਪਰਖ ਦੀਆਂ ਘੜੀਆਂ ਵਿੱਚੋਂ ਨਿਕਲਣਾ ਪੈਂਦਾ ਹੈ । ਸਾਡੇ ਘਰਾਂ ਤੋਂ ਅਜਾਇਬ-ਘਰਾਂ ਤੱਕ ਇਸ ਸੂਖਮ ਕਲਾ ਨੂੰ ਪਹੁੰਚਾਣ ਵਾਲਾ ਇਹ ਮਹਾਨ ਚਿੱਤਰਕਾਰ ਸ। ਕ੍ਰਿਪਾਲ ਸਿੰਘ ਆਰਟਿਸਟ ਅਜਿਹਾ ਕਲਾਕਾਰ ਸੀ, ਜਿਸ ਦੇ ਬੁਰਸ਼ ਦੀ ਛੂਹ ਨੂੰ ਅੱਜ ਵੀ ਹਰ ਉੱਭਰ ਰਿਹਾ ਚਿੱਤਰਕਾਰ ਤੇ ਕਲਾ ਪ੍ਰੇਮੀ ਸਿਰ ਝੁਕਾਉਂਦਾ ਹੈ । ਇਸ ਮਹਾਨ ਚਿੱਤਰਕਾਰ ਦਾ ਜਨਮ 10 ਦਸੰਬਰ, 1923 ਈ: ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬੜਾ ਚੈਨ ਸਿੰਘ ਵਾਲਾ ਵਿੱਚ ਸ। ਭਗਤ ਸਿੰਘ ਤੇ ਮਾਤਾ ਹਰ ਕੌਰ ਦੇ ਗ੍ਰਹਿ ਵਿਖੇ ਹੋਇਆ । ਸ। ਕ੍ਰਿਪਾਲ ਸਿੰਘ ਦਾ ਬਚਪਨ ਆਮ ਪੇਂਡੂ ਬੱਚਿਆਂ ਵਾਂਗ ਹੀ ਬੀਤਿਆ । ਆਪਣੇ ਪਿੰਡ ਦੇ ਨੇੜਲੇ ਕਸਬੇ ਜ਼ੀਰਾ ਤੋਂ ਦੱਸਵੀਂ ਪਾਸ ਕਰਕੇ ਇਸ ਨੇ ਲਾਹੌਰ ਦੇ ਐੱਸ।ਡੀ। ਕਾਲਜ ਵਿਖੇ ਦਾਖਲਾ ਪ੍ਰਾਪਤ ਕੀਤਾ । ਇਥੋਂ ਇਨ੍ਹਾਂ ਐੱਫ।ਐੱਸ।ਸੀ। (ਨਾਨ-ਮੈਡੀਕਲ) ਦਾ ਇਮਤਿਹਾਨ ਪਾਸ ਕੀਤਾ ।
1942 ਈ: ਵਿੱਚ ਇਹ ਸਿਰੜੀ ਤੇ ਮਿਹਨਤੀ ਨੌਜਵਾਨ ਪੜ੍ਹਾਈ ਵਿੱਚਕਾਰ ਛੱਡ ਕੇ ਮਿਲਟਰੀ ਅਕਾਊਂਟਸ ਡਿਪਾਰਟਮੈਂਟ ਵਿੱਚ ਭਰਤੀ ਹੋ ਗਿਆ । 1942 ਤੋਂ 1947 ਤੱਕ ਲਗਾਤਾਰ ਇਸੇ ਵਿਭਾਗ ਵਿੱਚ ਕਾਰਜਸ਼ੀਲ ਰਿਹਾ । ਕਲਾ ਪ੍ਰੇਮੀ ਹੋਣ ਕਰਕੇ ਪੜ੍ਹਾਈ ਅਤੇ ਨੌਕਰੀ ਦੌਰਾਨ ਆਪਣੇ ਘਰ ਵਿੱਚ ਹੀ ਵੱਖ-ਵੱਖ ਘਟਨਾਵਾਂ ਅਤੇ ਉੱਘੇ ਵਿਅਕਤੀਆਂ ਦੇ ਚਿੱਤਰ ਤੇ ਖਾਕੇ ਬਣਾ ਕੇ ਆਪਣੇ ਆਲੇ-ਦੁਆਲੇ ਸਮਾਜ ਵਿੱਚ ਵੱਸਦੇ ਕਲਾ ਦੇ ਪਾਰਖੂਆਂ ਤੋਂ ਭਰਪੂਰ ਪ੍ਰਸ਼ੰਸਾ ਪ੍ਰਾਪਤ ਕਰਦਾ ਰਿਹਾ । 1947 ਵਿੱਚ ਦੇਸ਼ ਵੰਡਿਆ ਗਿਆ, ਸ। ਕ੍ਰਿਪਾਲ ਸਿੰਘ ਵਰਗੇ ਕੋਮਲ-ਭਾਵੀ ਕਲਾ ਪ੍ਰੇਮੀ ਦੇ ਮਨ &lsquoਤੇ ਗਹਿਰੀ ਸੱਟ ਵੱਜੀ । ਲਾਹੌਰ ਛੱਡ ਕੇ ਜਲੰਧਰ ਆਉਣਾ ਪਿਆ । ਸ। ਕ੍ਰਿਪਾਲ ਸਿੰਘ ਨੇ ਹੁਣ ਮਨ ਬਣਾ ਲਿਆ ਕਿ ਚਿੱਤਰਕਾਰੀ ਦੇ ਕਿੱਤੇ ਨੂੰ ਹੀ ਅਪਨਾਉਣਾ ਪਵੇਗਾ । ਇਸ ਕਿੱਤੇ ਵਿੱਚ ਸਫ਼ਲਤਾ ਦੀਆਂ ਪੌੜੀਆਂ ਚੜ੍ਹਨਾ ਅਤੇ ਕਿਸਮਤ ਅਜ਼ਮਾਈ ਕਰਦਾ ਇਹ ਮਹਾਨ ਕਲਾਕਾਰ ਦੇਸ਼ ਦੀ ਰਾਜਧਾਨੀ ਦਿੱਲੀ ਜਾ ਵੱਸਿਆ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਂਦਰੀ ਸਿੱਖ ਅਜਾਇਬ-ਘਰ ਦੇ ਇਤਿਹਾਸਕ ਚਿੱਤਰਾਂ ਦੀਆਂ ਸੇਵਾਵਾਂ ਲਈ ਬੁਲਾਇਆ । ਇਸ ਅਜਾਇਬ-ਘਰ ਦੀ ਸੇਵਾ ਨੂੰ ਬੜੀ ਤਨਦੇਹੀ ਨਾਲ ਨਿਭਾਇਆ । 1962 ਈ: ਵਿੱਚ ਸ। ਕ੍ਰਿਪਾਲ ਸਿੰਘ ਆਰਟਿਸਟ ਮੁੜ ਦਿੱਲੀ ਪਰਤ ਗਏ । ਉਥੇ ਉਨ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਲਈ ਅਨੇਕਾਂ ਬਹੁਮੁੱਲੇ ਚਿੱਤਰ ਬਣਾਏ । ਇਸ ਦੇ ਨਾਲ-ਨਾਲ ਸਿੱਖ ਰੈਜਮੈਂਟ ਸੈਂਟਰ ਲਈ ਵੀ ਚਿੱਤਰਕਾਰੀ ਕੀਤੀ । ਦਿੱਲੀ ਨਿਵਾਸ ਦੌਰਾਨ ਸ। ਕ੍ਰਿਪਾਲ ਸਿੰਘ ਦਾ ਮਿਲਾਪ ਕਲਾ-ਪਾਰਖੂ ਡਾ: ਮਹਿੰਦਰ ਸਿੰਘ ਰੰਧਾਵਾ ਨਾਲ ਹੋਇਆ । ਇਸ ਤੋਂ ਇਲਾਵਾ ਸ। ਕ੍ਰਿਪਾਲ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੀਜੀ ਸ਼ਤਾਬਦੀ ਸਮੇਂ ਗੁਰੂ ਤੇਗ ਬਹਾਦਰ ਮਿਊਜ਼ੀਅਮ ਸ੍ਰੀ ਅਨੰਦਪੁਰ ਸਾਹਿਬ ਨੂੰ ਸਖ਼ਤ ਮਿਹਨਤ ਨਾਲ ਤਿਆਰ ਕੀਤਾ । ਸ। ਕ੍ਰਿਪਾਲ ਸਿੰਘ ਦੀ ਚਿੱਤਰਕਾਰੀ ਨੂੰ ਉਦੋਂ ਹੋਰ ਉਤਸ਼ਾਹ ਮਿਲਿਆ, ਜਦੋਂ ਉਨ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਮੈਮੋਰੀਅਲ, ਐੱਸ।ਏ।ਐੱਸ। ਨਗਰ (ਮੁਹਾਲੀ) ਨੂੰ ਆਪਣੀ ਕਲਾ ਦੀ ਛੂਹ ਨਾਲ ਸ਼ਿੰਗਾਰਿਆ । ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਦੀ ਵਿਰਾਸਤ ਨੂੰ ਚਿੱਤਰਿਆ । ਗੁਰਦੁਆਰਾ ਮੈਹਦੇਆਣਾ ਸਾਹਿਬ, ਜਗਰਾਉਂ ਅਤੇ ਗਦਰ ਪਾਰਟੀ ਮੈਮੋਰੀਅਲ ਮਿਊਜ਼ੀਅਮ ਲਈ ਵੀ ਉਨ੍ਹਾਂ ਬੇਸ਼ਕੀਮਤੀ ਚਿੱਤਰ ਕੌਮ ਦੀ ਝੋਲੀ ਵਿੱਚ ਪਾਏ ।
ਹਮੇਸ਼ਾ ਕਾਲੇ ਬਸਤਰਾਂ ਨੂੰ ਧਾਰਨ ਕਰਨ ਵਾਲੇ ਸ। ਕ੍ਰਿਪਾਲ ਸਿੰਘ ਆਰਟਿਸਟ ਨੂੰ ਅਨੇਕਾਂ ਸੰਸਥਾਵਾਂ ਨੇ ਸਮੇਂ-ਸਮੇਂ ਬਹੁਤ ਸਾਰੇ ਮਾਣ-ਸਨਮਾਨ ਦਿੱਤੇ । ਪੰਜਾਬ ਆਰਟਸ ਕੌਂਸਲ ਵੱਲੋਂ ਸਰਵੋਤਮ ਚਿੱਤਰਕਾਰ ਵਜੋਂ 1981 ਵਿੱਚ ਸਨਮਾਨਿਤ ਕੀਤਾ ਗਿਆ । ਆਪਣੇ ਆਖਰੀ ਸਾਹਾਂ ਤੱਕ ਇਹ ਮਹਾਨ ਚਿੱਤਰਕਾਰ ਕਲਾ ਨੂੰ ਸਮਰਪਿਤ ਹੋ ਕੇ ਜੀਵਿਆ । ਚਿੱਤਰਕਾਰੀ ਦੇ ਖੇਤਰ ਵਿੱਚ ਜਿਹੜਾ ਮਾਣ ਸ। ਕ੍ਰਿਪਾਲ ਸਿੰਘ ਨੇ ਪ੍ਰਾਪਤ ਕੀਤਾ, ਉਹ ਵਿਰਲੇ ਪੰਜਾਬੀਆਂ ਦੇ ਹਿੱਸੇ ਆਇਆ ਹੈ । 26 ਅਪ੍ਰੈਲ, 1990 ਨੂੰ ਪੰਜਾਬੀ ਜੀਵਨ ਦਾ ਇਹ ਮਹਾਨ ਚਿਤੇਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ । ਉਸ ਦੀ ਕਲਾ ਨੂੰ ਸਾਡਾ ਪ੍ਰਣਾਮ ।
-ਭਗਵਾਨ ਸਿੰਘ ਜੌਹਲ