ਨਰਾਇਣ ਸਿੰਘ ਚੌੜਾ ਦੀ ਦਸਤਾਰ ਉਤਰਨ ਦਾ ਮਾਮਲਾ, ਦਲ ਖਾਲਸਾ ਦੇ ਵਫ਼ਦ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਮੰਗ ਪੱਤਰ
ਸਿੱਖ ਜਥੇਬੰਦੀ ਦਲ ਖਾਲਸਾ ਵਲੋਂ ਅੱਜ ਜਥੇਦਾਰ ਅਕਾਲ ਤਖ਼ਤ ਦੇ ਨਾਮ ਮੰਗ ਪੱਤਰ ਜਾਰੀ ਕਰਕੇ ਪਿਛਲੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ &rsquoਤੇ ਗੋਲੀ ਚਲਾਉਣ ਵਾਲੇ ਆਗੂ ਭਾਈ ਨਰਾਇਣ ਸਿੰਘ ਚੌੜਾ ਦੀ ਇਕ ਅਕਾਲੀ ਆਗੂ ਵਲੋਂ ਦਸਤਾਰ ਉਤਾਰੇ ਜਾਣ ਦੇ ਮਾਮਲੇ ਵਿਚ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਦਲ ਖਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਅੱਜ ਅਕਾਲ ਤਖ਼ਤ ਸਕੱਤਰੇਤ ਦੇ ਸਾਹਮਣੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਅਕਾਲੀ ਆਗੂ ਵਲੋਂ ਦਸਤਾਰ ਉਤਾਰੇ ਜਾਣ ਨਾਲ ਹਜ਼ਾਰਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਸ ਵਿਰੁੱਧ ਸਿੱਖ ਸਿਧਾਂਤਾਂ ਤੇ ਮਰਿਆਦਾ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਅਕਾਲ ਤਖ਼ਤ ਸਕੱਤਰੇਤ ਕਿਸੇ ਕਾਰਨ ਬੰਦ ਹੋਣ ਕਰਕੇ ਦਲ ਖਾਲਸਾ ਆਗੂਆਂ ਨੇ ਆਪਣਾ ਮੰਗ ਪੱਤਰ ਸਕੱਤਰੇਤ ਦੇ ਬਾਹਰ ਚਿਪਕਾ ਦਿੱਤਾ ਤੇ ਉਨ੍ਹਾਂ ਸਕੱਤਰੇਤ ਦੇ ਮੁਲਾਜ਼ਮਾਂ ਪ੍ਰਤੀ ਗਿਲਾ ਵੀ ਪ੍ਰਗਟ ਕੀਤਾ।
 
ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੇਵਾ ਕਰਨ ਪੁੱਜੇ ਸੁਖਬੀਰ ਬਾਦਲ
 ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹ ਲਾਏ ਜਾਣ ਮਗਰੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਲੀਡਰਸਿਪ ਧਾਰਮਿਕ ਸੇਵਾ ਦੇ ਤੀਜੇ ਪੜਾਅ ਦੌਰਾਨ ਸੇਵਾ ਕਰਨ ਲਈ ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਪੁੱਜੇ। ਉਨ੍ਹਾਂ ਗੁਰਦੁਆਰੇ ਦੀ ਡਿਊਢੀ ਅੱਗੇ ਸੇਵਾਦਾਰ ਵਾਲਾ ਚੋਲਾ, ਹੱਥ ਵਿਚ ਬਰਛਾ ਅਤੇ ਗਲੇ ਵਿਚ ਤਖਤੀ ਪਾ ਕੇ ਪਹਿਰੇਦਾਰ ਵਾਲੀ ਸੇਵਾ ਨਿਭਾਈ। ਇਸ ਉਪਰੰਤ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਬਾਅਦ ਵਿਚ ਪਰਿਵਾਰ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਸਮੇਤ ਲੰਗਰ ਹਾਲ ਵਿੱਚ ਜਾ ਕੇ ਜੂਠੇ ਬਰਤਨਾਂ ਨੂੰ ਸਾਫ਼ ਕਰਨ ਦੀ ਸੇਵਾ ਕੀਤੀ।
 
ਕੋਰ ਕਮੇਟੀ ਵੱਲੋਂ ਸੁਖਬੀਰ &rsquoਤੇ ਹਮਲਾ ਡੂੰਘੀ ਸਾਜ਼ਿਸ਼ ਕਰਾਰ
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ &rsquoਤੇ ਹੋਏ ਹਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਟਹਿਰੇ &rsquoਚ ਖੜ੍ਹੇ ਕਰਦਿਆਂ ਉਸ ਦੀ ਜਾਂਚ ਨੂੰ ਪੂਰਨ ਤੌਰ &rsquoਤੇ ਰੱਦ ਕਰ ਦਿੱਤਾ ਹੈ। ਕੋਰ ਕਮੇਟੀ &rsquoਚ ਫ਼ੈਸਲਾ ਲਿਆ ਗਿਆ ਕਿ ਅਕਾਲੀ ਦਲ ਦਾ ਵਫ਼ਦ ਇੱਕ-ਦੋ ਦਿਨਾਂ &rsquoਚ ਰਾਜਪਾਲ ਨੂੰ ਮਿਲ ਕੇ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕਰੇਗਾ। ਕੋਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ। ਮੀਟਿੰਗ &rsquoਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਇਸਤਰੀ ਅਕਾਲੀ ਦਲ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।
ਵਿਸ਼ੇਸ਼ ਸੱਦੇ &rsquoਤੇ ਮੀਟਿੰਗ &rsquoਚ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਰੋਜ਼ੀ ਬਰਕੰਦੀ ਵੀ ਸ਼ਾਮਲ ਹੋਏ। ਮੀਟਿੰਗ ਮਗਰੋਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਸੀਨੀਅਰ ਆਗੂਆਂ ਬਿਕਰਮ ਸਿੰਘ ਮਜੀਠੀਆ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ &rsquoਤੇ ਕਾਤਲਾਨਾ ਹਮਲੇ ਨੂੰ ਸਿੱਖ ਪਰੰਪਰਾਵਾਂ, ਖ਼ਾਲਸਾ ਵਿਰਾਸਤ ਅਤੇ ਪਵਿੱਤਰ ਕਦਰਾਂ-ਕੀਮਤਾਂ &rsquoਤੇ ਹਮਲਾ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਹਮਲਾ &lsquoਆਪ&rsquo ਸਰਕਾਰ ਦੇ ਸਪਾਂਸਰਡ ਪ੍ਰੋਗਰਾਮ ਦਾ ਹਿੱਸਾ ਸੀ ਤਾਂ ਜੋ ਅਕਾਲੀ ਲੀਡਰਸ਼ਿਪ ਨੂੰ ਖ਼ਤਮ ਕੀਤਾ ਜਾ ਸਕੇ। ਆਗੂਆਂ ਨੇ ਕਿਹਾ ਕਿ ਇਹ ਹਮਲਾ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਵਾਲਾ ਹੈ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ੌਰੀ ਘਟਨਾ ਵਾਲੀ ਥਾਂ &rsquoਤੇ ਜਾ ਕੇ ਹਾਲਾਤ ਦਾ ਜਾਇਜ਼ਾ ਲੈਣਾ ਚਾਹੀਦਾ ਸੀ ਪਰ ਉਹ ਇਸ ਨੂੰ ਮਾਮੂਲੀ ਘਟਨਾ ਦਰਸਾਉਣ ਦੀ ਕੋਸ਼ਿਸ਼ ਕਰਦੇ ਰਹੇ। ਆਗੂਆਂ ਨੇ ਕਿਹਾ ਕਿ ਡੀਜੀਪੀ ਨੇ ਹਮਲੇ ਮਗਰੋਂ ਸੁਖਬੀਰ ਬਾਦਲ ਨੂੰ ਫੋਨ ਤੱਕ ਨਹੀਂ ਕੀਤਾ ਅਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜਿਹੜੇ ਲੋਕ ਅਸ਼ਾਂਤੀ ਨੂੰ ਹਮਾਇਤ ਦੇ ਰਹੇ ਹਨ, ਉਹ ਅੱਗ ਨਾਲ ਖੇਡ ਰਹੇ ਹਨ। ਡਾ. ਦਲਜੀਤ ਚੀਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ &rsquoਤੇ ਹਮਲਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖ਼ਤਮ ਕੀਤੇ ਜਾਣ ਦੀ ਡੂੰਘੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਪੰਜਾਬ ਨੂੰ ਮੁੜ ਅਸ਼ਾਂਤੀ ਦੇ ਰਾਹ &rsquoਤੇ ਪਾਉਣ ਦੀ ਕੋਸ਼ਿਸ਼ ਸੀ। ਮਜੀਠੀਆ ਨੇ ਸੇਵਾ ਨਿਭਾ ਰਹੇ ਅਕਾਲੀ ਆਗੂਆਂ &rsquoਤੇ ਵੀ ਹਮਲੇ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਉਨ੍ਹਾਂ ਐੱਸਪੀ ਹਰਪਾਲ ਸਿੰਘ ਰੰਧਾਵਾ &rsquoਤੇ ਹਮਲਾਵਰ ਨਰੈਣ ਸਿੰਘ ਚੌੜਾ ਨਾਲ ਸਾਂਝ ਹੋਣ ਦੇ ਦੋਸ਼ ਲਾਏ। ਉਨ੍ਹਾਂ ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਮੋਗਾ ਵਿਚ ਦਲ ਖ਼ਾਲਸਾ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ &rsquoਤੇ ਵੀ ਸੁਆਲ ਖੜ੍ਹੇ ਕੀਤੇ।
 
ਕੈਨੇਡਾ ਸਰਕਾਰ ਨੇ ਖ਼ਤਰਨਾਕ ਹਥਿਆਰਾਂ &rsquoਤੇ ਪਾਬੰਦੀ ਲਾਈ
ਕੈਨੇਡਾ ਦੀ ਟਰੂਡੋ ਸਰਕਾਰ ਨੇ ਹਥਿਆਰਾਂ ਪ੍ਰਤੀ ਸਖ਼ਤ ਰੁਖ਼ ਅਪਣਾਉਂਦਿਆਂ 324 ਕਿਸਮ ਦੀਆਂ ਬੰਦੂਕਾਂ &rsquoਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਪਾਬੰਦੀਸ਼ੁਦਾ ਅਸਾਲਟ ਸ਼ੈਲੀ ਦੀਆਂ ਰਾਈਫ਼ਲਾਂ ਵੀ ਸੰਘੀ ਸਰਕਾਰ ਦੀਆਂ ਪਾਬੰਦੀਆਂ ਵਿੱਚ ਸ਼ਾਮਲ ਹਨ। ਇਨ੍ਹਾਂ ਹਥਿਆਰਾਂ ਨੂੰ ਹੁਣ ਕੈਨੇਡਾ ਵਿੱਚ ਰੱਖਣ, ਵੇਚਣ ਜਾਂ ਦਰਾਮਦ ਕਰਨ &rsquoਤੇ ਪਾਬੰਦੀ ਲਾਈ ਗਈ ਹੈ। ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲੇਬਲਾਂਕ ਨੇ ਕਿਹਾ ਕਿ ਇਨ੍ਹਾਂ ਹਥਿਆਰਾਂ &rsquoਤੇ ਪਾਬੰਦੀ ਲਾਉਣ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕੈਨੇਡਾ ਵਿੱਚ ਹਰੇਕ ਭਾਈਚਾਰਾ ਤੇ ਹਰੇਕ ਪਰਿਵਾਰ ਸੁਰੱਖਿਅਤ ਰਹੇ।
ਉਨ੍ਹਾਂ ਕਿਹਾ ਕਿ ਕੈਨੇਡਿਆਈ ਨਾਗਰਿਕਾਂ ਨੂੰ ਆਪਣੇ ਹਥਿਆਰ ਅਗਲੇ ਸਾਲ 30 ਅਕਤੂਬਰ ਤੱਕ ਸਰਕਾਰ ਨੂੰ ਸੌਂਪਣ ਦੀ ਛੋਟ ਦਿੱਤੀ ਗਈ ਹੈ ਅਤੇ ਇਨ੍ਹਾਂ ਹਥਿਆਰਾਂ ਦੀ ਕੀਮਤ ਵੀ ਸਰਕਾਰ ਵੱਲੋਂ ਅਦਾ ਕੀਤੀ ਜਾਵੇਗੀ। ਹਾਲਾਂਕਿ, ਮਿਆਦ ਲੰਘਣ ਮਗਰੋਂ ਅਜਿਹੇ ਹਥਿਆਰ ਰੱਖਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਰੱਖਿਆ ਮੰਤਰੀ ਬਿਲ ਬਲੇਅਰ ਨੇ ਦੱਸਿਆ ਕਿ ਸਰਕਾਰ ਨੂੰ ਮਿਲਣ ਵਾਲੀਆਂ ਕੁੱਝ ਅਸਾਲਟ ਰਾਈਫਲਾਂ ਯੂਕਰੇਨ ਭੇਜੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਪਾਬੰਦੀ ਕੈਨੇਡਾ ਵਿੱਚ ਹਥਿਆਰਬੰਦ ਹਿੰਸਾ ਨਾਲ ਨਜਿੱਠਣ ਲਈ ਕੈਨੇਡਾ ਸਰਕਾਰ ਦੀ ਵਿਆਪਕ ਪਹੁੰਚ ਦਾ ਹਿੱਸਾ ਹੈ।
 
1984 ਸਿੱਖ ਨਸਲਕੁਸ਼ੀ: ਸਾਬਕਾ ਕੌਂਸਲਰ ਦੀ ਸਜ਼ਾ ਮੁਅੱਤਲ ਕਰਨ ਦੀ ਪਟੀਸ਼ਨ 'ਤੇ ਅਦਾਲਤ ਨੇ ਸੀਬੀਆਈ ਤੋਂ ਮੰਗਿਆ ਜਵਾਬ
ਸੁਪਰੀਮ ਕੋਰਟ ਨੇ 1984 ਦੇ ਸਿੱਖ ਨਸਲਕੁਸ਼ੀ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਦੀ ਉਸ ਪਟੀਸ਼ਨ 'ਤੇ ਸੀਬੀਆਈ ਤੋਂ ਜਵਾਬ ਮੰਗਿਆ ਹੈ, ਜਿਸ ਵਿਚ ਉਸ ਨੇ ਆਪਣੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਬੇਨਤੀ ਕੀਤੀ ਹੈ। ਜਸਟਿਸ ਜੇ. ਕੇ. ਮਹੇਸ਼ਵਰੀ ਅਤੇ ਜਸਟਿਸ ਰਾਜੇਸ਼ ਬਿੰਦਲ ਦੀ ਬੈਂਚ ਨੇ ਵਧੀਕ ਸਾਲਿਸਟਰ ਜਨਰਲ ਐਸ਼ਵਰਿਆ ਭਾਟੀ ਨੂੰ ਦੋਸ਼ੀ ਦੇ ਵਿਵਹਾਰ &rsquoਤੇ ਜੇਲ੍ਹ ਪ੍ਰਸ਼ਾਸਨ ਤੋਂ ਸਰਟੀਫਿਕੇਟ ਲੈਣ ਦੇ ਨਿਰਦੇਸ਼ ਦਿੱਤੇ ਹਨ। 
ਭਾਟੀ ਨੇ ਅਦਾਲਤ ਨੂੰ ਦੱਸਿਆ ਕਿ ਖੋਖਰ ਦੀ ਜ਼ਮਾਨਤ ਪਟੀਸ਼ਨ ਪਹਿਲਾਂ ਵੀ ਤਿੰਨ ਵਾਰ ਖਾਰਜ ਹੋ ਚੁੱਕੀ ਹੈ। ਖੋਖਰ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਵੀ ਇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਇਸ ਮਾਮਲੇ ਵਿੱਚ 10 ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਦੀ ਮੰਡੋਲੀ ਜੇਲ੍ਹ ਵਿੱਚ ਕੋਵਿਡ ਨਾਲ ਮੌਤ ਹੋ ਗਈ ਸੀ। ਕੁਮਾਰ ਅਤੇ ਖੋਖਰ 17 ਦਸੰਬਰ, 2018 ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਬੰਦ ਹਨ।
 
ਕੱਲ੍ਹ ਸ਼ੰਭੂ ਬਾਰਡਰ ਤੋਂ 101 ਕਿਸਾਨਾਂ ਦਾ ਜਥਾ ਮੁੜ ਕਰੇਗਾ ਦਿੱਲੀ ਕੂਚ- ਸਰਵਣ ਸਿੰਘ ਪੰਧੇਰ
ਚੰਡੀਗੜ੍ਹ: ਦਿੱਲੀ ਕੂਚ 'ਤੇ ਇਕ ਦਿਨ ਦੇ ਸਟੇਅ ਮਗਰੋਂ ਹੁਣ ਕਿਸਾਨ ਜੱਥੇਬੰਦੀਆਂ ਨੇ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜੇਕਰ ਸਰਕਾਰ ਦਾ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਮਿਲਿਆ ਤਾਂ ਭਲਕੇ ਮਤਲਬ ਕਿ 8 ਦਸੰਬਰ ਨੂੰ ਮੁੜ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਕੂਚ ਕਰੇਗਾ। ਪੰਧੇਰ ਨੇ ਕਿਹਾ ਕਿ ਅਸੀਂ ਸਿਰਫ ਸਰਕਾਰ ਦੇ ਸੱਦੇ ਦਾ ਇੰਤਜ਼ਾਰ ਕਰ ਰਹੇ ਹਾਂ।
ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਫਿਲਹਾਲ ਜਾਰੀ ਹੈ। ਜ਼ਖ਼ਮੀ ਕਿਸਾਨਾਂ ਦਾ ਹਾਲ-ਚਾਲ ਵੀ ਜਾਣਿਆ ਗਿਆ। ਹਰਿਆਣਾ ਪੁਲਿਸ ਨੇ ਗੱਲਬਾਤ ਲਈ ਕੋਈ ਲਿਖਤੀ ਸੱਦਾ ਨਹੀਂ ਭੇਜਿਆ। ਪੰਧੇਰ ਨੇ ਦੱਸਿਆ ਕਿ ਬੀਤੇ ਕੱਲ੍ਹ ਦੇ ਜਥੇ ਵਿਚ ਜ਼ਖ਼ਮੀ ਹੋਏ ਕਿਸਾਨਾਂ ਵਿਚੋਂ 16 ਕਿਸਾਨ ਅਜੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਕਿਸਾਨ ਹਰਪ੍ਰੀਤ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਮੀਡੀਆ ਕਰਮੀਆਂ ਲਈ ਪੱਤਰ ਜਾਰੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੂੰ ਸ਼ੰਭੂ ਸਰਹੱਦ ਜਾਂ ਕਿਸੇ ਹੋਰ ਥਾਂ 'ਤੇ ਭੀੜ ਤੋਂ ਸਹੀ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ। ਪੱਤਰ ਵਿੱਚ ਪੰਜਾਬ ਦੇ ਡੀਜੀਪੀ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਮੀਡੀਆ ਕਰਮਚਾਰੀਆਂ ਨੂੰ ਸਰਹੱਦ ਤੋਂ ਘੱਟੋ-ਘੱਟ 1 ਕਿਲੋਮੀਟਰ ਦੂਰ ਰੋਕਿਆ ਜਾਵੇ।
ਸੀਰੀਆ ਦੇ ਤੀਜੇ ਵੱਡੇ ਸ਼ਹਿਰ &rsquoਤੇ ਬਾਗੀਆਂ ਦਾ ਕਬਜ਼ਾ
ਦਮਿਸ਼ਕ : ਸੀਰੀਆ ਵਿਚ ਬਾਗੀਆਂ ਨੇ ਤੀਜੇ ਵੱਡੇ ਸ਼ਹਿਰ &lsquoਦਾਰਾ&rsquo ਉਤੇ ਵੀ ਕਬਜ਼ਾ ਕਰ ਲਿਆ ਹੈ। ਜੌਰਡਨ ਨਾਲ ਲਗਦਾ ਦਾਰਾ ਸ਼ਹਿਰ ਸੀਰੀਆ ਦੇ ਦੱਖਣੀ ਇਲਾਕੇ ਵਿਚ ਹੈ ਅਤੇ ਬਾਗੀਆਂ ਦੇ ਇਥੇ ਪੁੱਜਣ ਮਗਰੋਂ ਰਾਜਧਾਨ ਦਮਿਸ਼ਕ ਦੋ ਪਾਸਿਆਂ ਤੋਂ ਘਿਰ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਾਗੀਆਂ ਨੇ ਸ਼ਹਿਰ ਦੀ ਸੁਰੱਖਿਆ ਲਈ ਤੈਨਾਤ ਫੌਜ ਨਾਲ ਸਮਝੌਤਾ ਕਰ ਲਿਆ ਅਤੇ ਦਮਿਸ਼ਕ ਤੱਕ ਜਾਣ ਦਾ ਰਾਹ ਮਿਲ ਗਿਆ। ਸੀਰੀਆ ਵਿਚ ਬੀਤੀ 27 ਨਵੰਬਰ ਨੂੰ ਬਾਗੀ ਧਿਰਾਂ ਨੇ ਹਮਲੇ ਸ਼ੁਰੂ ਕੀਤੇ ਅਤੇ ਪਹਿਲੀ ਦਸੰਬਰ ਤੱਕ ਉਤਰੀ ਸ਼ਹਿਰ ਅਲੈਪੋ ਜਿੱਤ ਲਿਆ।
ਐਲੋਨ ਮਸਕ ਬਣਿਆ ਦੁਨੀਆਂ ਦਾ ਸੱਭ ਤੋਂ ਵੱਡਾ ਸਿਆਸੀ ਫੰਡਰ
ਵਾਸ਼ਿੰਗਟਨ : ਅਮਰੀਕਾ ਵਿੱਚ ਰਾਸ਼ਟਰਪਤੀ ਚੋਣ 2024 ਦਾ ਜਸ਼ਨ ਪੂਰੀ ਦੁਨੀਆ ਵਿੱਚ ਮਨਾਇਆ ਗਿਆ। ਡੋਨਾਲਡ ਟਰੰਪ ਨੇ ਬਹੁਮਤ ਨਾਲ ਚੋਣ ਜਿੱਤੀ ਸੀ ਪਰ ਇਸ ਵਾਰ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਸਭ ਤੋਂ ਜ਼ਿਆਦਾ ਚਰਚਾ 'ਚ ਰਹੀ ਸ਼ਖਸ ਐਕਸ ਦੇ ਸੰਸਥਾਪਕ ਐਲੋਨ ਮਸਕ ਸਨ। ਮੰਨਿਆ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾਉਣ 'ਚ ਐਲੋਨ ਮਸਕ ਨੇ ਅਹਿਮ ਭੂਮਿਕਾ ਨਿਭਾਈ ਹੈ। ਚਰਚਾ ਹੈ ਕਿ ਐਲੋਨ ਮਸਕ ਨੇ ਡੋਨਾਲਡ ਟਰੰਪ ਦੀ ਚੋਣ ਜਿੱਤਣ ਵਿਚ ਮਦਦ ਲਈ 270 ਮਿਲੀਅਨ ਡਾਲਰ ਖਰਚ ਕੀਤੇ ਹਨ ਅਤੇ ਇੰਨਾ ਦਾਨ ਦੇ ਕੇ ਐਲੋਨ ਮਸਕ ਦੁਨੀਆ ਦੇ ਸਭ ਤੋਂ ਵੱਡੇ ਸਿਆਸੀ ਫੰਡਰ ਬਣ ਗਏ ਹਨ। ਸਪੇਸਐਕਸ ਅਤੇ ਟੇਸਲਾ ਦੇ ਸੀਈਓ ਐਲੋਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਹਨ ਅਤੇ ਡੋਨਾਲਡ ਟਰੰਪ ਦੀ ਵ੍ਹਾਈਟ ਹਾਊਸ ਮੁਹਿੰਮ ਦੇ ਇੱਕ ਮਜ਼ਬੂਤ ਸਮਰਥਕ ਸਨ। ਉਨ੍ਹਾਂ ਲਈ ਘਰ-ਘਰ ਪ੍ਰਚਾਰ ਕੀਤਾ। ਰੈਲੀਆਂ ਵਿੱਚ ਪੈਸਾ ਖਰਚ ਕੀਤਾ।
 
ਬ੍ਰਿਟੇਨ 'ਚ ਦੋ ਭਾਰਤੀਆਂ ਤੋਂ ਵਾਪਸ ਲਏ ਸਨਮਾਨ ਐਵਾਰਡ
ਲੰਡਨ : ਬਰਤਾਨੀਆ ਵਿੱਚ ਭਾਰਤੀ ਭਾਈਚਾਰੇ ਦੀਆਂ ਦੋ ਸ਼ਖ਼ਸੀਅਤਾਂ ਤੋਂ ਸਨਮਾਨ ਖੋਹ ਲਿਆ ਗਿਆ ਹੈ। ਦੋ ਸ਼ਖਸੀਅਤਾਂ ਹਨ ਟੋਰੀ ਪੀਅਰ ਰਾਮੀ ਰੇਂਜਰ ਅਤੇ ਹਿੰਦੂ ਕੌਂਸਲ ਯੂਕੇ ਦੇ ਮੈਨੇਜਿੰਗ ਟਰੱਸਟੀ ਅਨਿਲ ਭਨੋਟ। ਰੇਂਜਰ ਨੂੰ ਕਮਾਂਡਰ ਆਫ਼ ਦਾ ਆਰਡਰ ਆਫ਼ ਦਾ ਬ੍ਰਿਟਿਸ਼ ਐਂਪਾਇਰ ਦਾ ਸਨਮਾਨ ਮਿਲਿਆ ਸੀ। ਇਸ ਦੇ ਨਾਲ ਹੀ ਅਨਿਲ ਭਨੋਟ ਨੂੰ ਆਫਿਸਰ ਆਫ ਦਾ ਆਰਡਰ ਦਾ ਸਨਮਾਨ ਵੀ ਮਿਲਿਆ। ਲੰਡਨ ਗਜ਼ਟ 'ਚ ਇਹ ਐਲਾਨ ਕੀਤਾ ਗਿਆ ਹੈ। ਦੋਵਾਂ ਨੂੰ ਬਕਿੰਘਮ ਪੈਲੇਸ ਵਿਚ ਆਪਣਾ ਸਨਮਾਨ ਵਾਪਸ ਕਰਨਾ ਹੋਵੇਗਾ ਅਤੇ ਭਵਿੱਖ ਵਿਚ ਕਿਤੇ ਵੀ ਇਸ ਦਾ ਜ਼ਿਕਰ ਨਹੀਂ ਕੀਤਾ ਜਾ ਸਕੇਗਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਰਾਜਾ ਨੂੰ ਇਹ ਦੋਵੇਂ ਸਨਮਾਨ ਵਾਪਸ ਲੈਣ ਦੀ ਸਿਫਾਰਿਸ਼ ਕੀਤੀ ਸੀ। ਜਿੱਥੇ ਭਨੋਟ 'ਤੇ 2021 'ਚ ਬੰਗਲਾਦੇਸ਼ੀ ਹਿੰਦੂਆਂ 'ਤੇ ਹੋਈ ਹਿੰਸਾ ਨੂੰ ਲੈ ਕੇ ਟਵੀਟ ਕਰਨ 'ਤੇ ਇਹ ਕਾਰਵਾਈ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿੱਖ ਫਾਰ ਜਸਟਿਸ ਨੇ ਰੇਂਜਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। 
ਅਕਾਲੀ ਦਲ ਸੁਧਾਰ ਲਹਿਰ ਨੂੰ ਸਮੇਟਣ ਲਈ ਮੀਟਿੰਗ 9 ਨੂੰ
ਚੰਡੀਗੜ੍ਹ : ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘੁਵੀਰ ਸਿੰਘ ਅਤੇ ਪੰਜ ਸਿੰਘ ਸਹਿਬਾਨ ਵੱਲੋਂ ਹੋਏ ਹੁਕਮ ਦੀ ਪਾਲਣਾ ਕਰਦੇ ਹੋਏ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਸਮੇਟਣ ਦਾ ਫੈਸਲਾ ਉਸੇ ਹੀ ਦਿਨ ਕਰ ਲਿਆ ਗਿਆ ਸੀ। ਇਸ ਫੈਸਲੇ ਨੂੰ ਰਸਮੀ ਤੌਰ ਤੇ ਲਾਗੂ ਕਰਨ ਵਾਸਤੇ 9 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਸਵੇਰੇ 11 ਵਜੇ ਸਮੁੱਚੀ ਲੀਡਰਸ਼ਿਪ ਦੀ ਇਕੱਤਰਤਾ ਬੁਲਾਈ ਗਈ ਹੈ। ਜਿਸ ਵਿੱਚ ਪਰਜੀਡੀਅਮ, ਐਗਜੈਕਟਿਵ ਅਤੇ ਸਲਾਹਕਾਰ ਬੋਰਡ ਦੇ ਮੈਂਬਰ ਸ਼ਾਮਿਲ ਹੋਣਗੇ।
ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀਆਂ ਧਮਕੀਆਂ
ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਭਰਿਆ ਸੁਨੇਹਾ ਮੁੰਬਈ ਟ੍ਰੈਫਿਕ ਪੁਲਿਸ ਦੀ ਹੈਲਪਲਾਈਨ 'ਤੇ ਆਇਆ ਹੈ। ਇਸ ਸਬੰਧੀ ਪੁਲਿਸ ਚੌਕਸ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜਮੇਰ, ਰਾਜਸਥਾਨ ਤੋਂ ਭੇਜੇ ਗਏ ਸੰਦੇਸ਼ ਵਿੱਚ ਆਈਐਸਆਈ ਏਜੰਟਾਂ ਅਤੇ ਬੰਬ ਧਮਾਕਿਆਂ ਦੀ ਯੋਜਨਾ ਦਾ ਜ਼ਿਕਰ ਹੈ। ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਸਵੇਰੇ ਮੁੰਬਈ ਟ੍ਰੈਫਿਕ ਪੁਲਸ ਦੇ ਵਟਸਐਪ ਨੰਬਰ 'ਤੇ ਧਮਕੀ ਭਰਿਆ ਸੰਦੇਸ਼ ਆਇਆ, ਜਿਸ 'ਚ ਦੋ ਆਈਐੱਸਆਈ ਏਜੰਟਾਂ ਦਾ ਜ਼ਿਕਰ ਕੀਤਾ ਗਿਆ ਸੀ। ਇਸ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕਰਨ ਦੀ ਯੋਜਨਾ ਵੀ ਬਣਾਈ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ।
 
ਭਾਰਤੀਆਂ ਨੂੰ ਤੁਰੰਤ ਸੀਰੀਆ ਛੱਡਣ ਦੀ ਸਲਾਹ ਜਾਰੀ
ਨਵੀਂ ਦਿੱਲੀ: ਸੀਰੀਆ ਵਿੱਚ ਵਿਦਰੋਹੀਆਂ ਵੱਲੋਂ ਕੀਤੇ ਜਾ ਰਹੇ ਕਤਲੇਆਮ ਅਤੇ ਅਸ਼ਾਂਤੀ ਦੇ ਮੱਦੇਨਜ਼ਰ ਭਾਰਤ ਨੇ ਸ਼ੁੱਕਰਵਾਰ ਦੇਰ ਰਾਤ ਆਪਣੇ ਨਾਗਰਿਕਾਂ ਲਈ ਇੱਕ ਜ਼ਰੂਰੀ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਲੋਕ ਸੀਰੀਆ ਜਾਣ ਤੋਂ ਬਚਣ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੇ ਸੀਰੀਆ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਸੀਰੀਆ ਛੱਡਣ ਦੀ ਕੋਸ਼ਿਸ਼ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਜਿਹੜੇ ਲੋਕ ਸੀਰੀਆ ਛੱਡਣ ਵਿੱਚ ਅਸਮਰੱਥ ਹਨ, ਉਨ੍ਹਾਂ ਨੂੰ ਭਾਰਤੀ ਦੂਤਾਵਾਸ ਨਾਲ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ।