image caption: -ਭਗਵਾਨ ਸਿੰਘ ਜੌਹਲ
(24 ਦਸੰਬਰ) ਸ਼ਹੀਦੀ ਦਿਨ ‘ਤੇ ਵਿਸ਼ੇਸ਼ ਸਿਦਕੀ ਸਿੱਖ ਸ਼ਹੀਦ ਭਾਈ ਤਾਰਾ ਸਿੰਘ ਵਾਂ ਵਾਲੇ
ਸ਼ਹੀਦ ਕੌਮਾਂ ਦਾ ਕੀਮਤੀ ਸਰਮਾਇਆ ਹੁੰਦੇ ਹਨ । ਸ਼ਹੀਦਾਂ ਦਾ ਡੁੱਲ੍ਹਿਆ ਲਹੂ ਕੌਮਾਂ ਨੂੰ ਨਵੀਂ ਜ਼ਿੰਦਗੀ ਦਿੰਦਾ ਹੈ । ਸਰਬੰਸ ਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਾਜਨਾ ਜਿਸ ਮਕਸਦ ਦੀ ਪੂਰਤੀ ਲਈ ਕੀਤੀ ਸੀ, ਉਸ ਸੰਘਰਸ਼ ਦੀ ਲੰਮੀ ਗਾਥਾ ਹੈ । ਅਠਾਰ੍ਹਵੀਂ ਸਦੀ ਵਿੱਚ ਸਿਰੜੀ ਅਤੇ ਸਿਜਦੀ ਸਿੰਘਾਂ ਨੇ ਜੰਗਲਾਂ ਵਿੱਚ ਰਹਿ ਕੇ ਖ਼ਾਲਸੇ ਦੀ ਹੋਂਦ ਨੂੰ ਬਚਾਉਣ ਲਈ ਜਿਹੜੀ ਕੁਰਬਾਨੀ ਕੀਤੀ, ਉਸ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕੋਈ ਵਿਰਲੀ-ਟਾਂਵੀਂ ਹੀ ਮਿਲੇਗੀ । ਮੌਜੂਦਾ ਪਾਕਿਸਤਾਨ ਦੀ ਸਰਹੱਦ ਨੇੜੇ ਵੱਸੇ ਪੰਜਾਬ ਦੇ ਪਿੰਡ ਵਾਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚਖੰਡ ਗਮਨ ਤੋਂ ਪੰਜ-ਛੇ ਸਾਲ ਪਹਿਲਾਂ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਦੋ ਸਾਲ ਪਹਿਲਾਂ 1702 ਈ: ਵਿੱਚ ਇਕ ਕਿਰਤੀ ਕਿਸਾਨ ਭਾਈ ਗੁਰਦਾਸ ਦੇ ਗ੍ਰਹਿ ਵਿਖੇ ਭਾਈ ਤਾਰਾ ਸਿੰਘ ਦਾ ਜਨਮ ਹੋਇਆ । ਜਦੋਂ ਕਲਗੀਧਰ ਪਾਤਸ਼ਾਹ ਦੇ ਹੁਕਮ ਮੁਤਾਬਿਕ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਘਰਸ਼ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਇਸ ਕਿਰਤੀ ਕਿਸਾਨ ਭਾਈ ਗੁਰਦਾਸ ਨੇ ਮਾਝੇ ਦੇ ਸਿੱਖਾਂ ਨੂੰ ਲਾਮਬੰਦ ਕਰਨ ਦੇ ਫਰਜ਼ ਨੂੰ ਬਾਖੂਬੀ ਨਿਭਾਇਆ ।
ਭਾਈ ਗੁਰਦਾਸ ਗੁਰੂ ਸਾਹਿਬ ਦਾ ਅਜਿਹਾ ਭੋਰਸੇ ਵਾਲਾ ਸਿੰਘ ਸੀ ਜਿਸ ਦੇ ਪਰਿਵਾਰ ਵਿੱਚੋਂ ਸਿੱਖ ਸਿਧਾਂਤਾਂ ਦੀ ਖੁਸ਼ਬੂ ਤੋਂ ਇਲਾਕੇ ਦੀ ਸੰਗਤ ਪ੍ਰੇਰਨਾ ਪ੍ਰਾਪਤ ਕਰਦੀ ਸੀ । ਭਾਈ ਗੁਰਦਾਸ ਜੀ ਦੇ ਪੰਜ ਪੁੱਤਰਾਂ ਵਿੱਚੋਂ ਵੱਡੇ ਭਾਈ ਤਾਰਾ ਸਿੰਘ ਸਨ, ਜਿਨ੍ਹਾਂ ਜਵਾਨੀ ਦੇ ਮੁੱਢਲੇ ਦਿਨਾਂ ਵਿੱਚ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਨੀ ਸਿੰਘ ਦੀ ਅਗਵਾਈ ਵਿੱਚ ਪੰਜਾਂ ਪਿਆਰਿਆਂ ਤੋਂ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕੀਤੀ । ਜਦੋਂ ਲਾਹੌਰ ਦਾ ਪ੍ਰਬੰਧ ਜ਼ਕਰੀਆ ਖ਼ਾਨ ਨੇ ਸੰਭਾਲਿਆ ਤਾਂ ਹਰ ਜਣਾ-ਖਣਾ ਸਿੱਖਾਂ ਉੱਪਰ ਜ਼ੁਲਮ ਕਰਨ ਲੱਗ ਪਿਆ । ਚੌਧਰੀ ਸਾਹਿਬ ਰਾਏ ਨੌਸ਼ਹਿਰਾ ਢਾਲਾ ਨੇ ਭਾਈ ਤਾਰਾ ਸਿੰਘ ਵਾਂ ਉੱਪਰ ਆਪਣੀਆਂ ਘੋੜੀਆਂ ਚੋਰੀ ਹੋਣ ਦਾ ਦੋਸ਼ ਮੜ੍ਹ ਕੇ ਪੱਟੀ ਦੇ ਫ਼ੌਜਦਾਰ ਜਾਫ਼ਰ ਬੇਗ ਨੂੰ ਉਕਸਾਇਆ । ਜ਼ਕਰੀਆ ਖ਼ਾਨ ਦੇ ਹੁਕਮ ਦੀ ਤਾਮੀਲ ਕਰਨ ਲਈ ਇਲਾਕੇ ਦੇ ਸਾਰੇ ਫ਼ੌਜਦਾਰ ਸਿੱਖਾਂ ਨੂੰ ਫੜਵਾ ਕੇ ਲਾਹੌਰ ਸਰਕਾਰ ਦੀ ਖੁਸ਼ਨੂਦੀ ਪ੍ਰਾਪਤ ਕਰਨ ਵਿੱਚ ਦੂਜੇ ਤੋਂ ਮੂਹਰੇ ਹੋ ਕੇ ਤੁਰਦੇ ਸਨ । ਫ਼ੌਜਦਾਰ ਜਾਫ਼ਰ ਬੇਗ ਨੇ ਭਾਈ ਤਾਰਾ ਸਿੰਘ ਵਾਂ ਉੱਪਰ ਹਮਲਾ ਕਰਵਾ ਦਿੱਤਾ । ਜਦੋਂ ਜਾਫ਼ਰ ਬੇਗ ਨੂੰ ਇਸ ਹਮਲੇ ਵਿੱਚ ਮੂੰਹ ਦੀ ਖਾਣੀ ਪਈ ਤਾਂ ਉਹ ਇਲਾਕੇ ਦੇ ਚੌਧਰੀ ਸਾਹਿਬਰਾਏ ਨੂੰ ਆਪਣੇ ਨਾਲ ਜ਼ਕਰੀਆ ਖ਼ਾਨ ਦੇ ਕੋਲ ਲਾਹੌਰ ਲੈ ਗਿਆ । ਹੁਣ ਇਨ੍ਹਾਂ ਫ਼ੌਜਦਾਰ ਦੀ ਅਗਵਾਈ ਵਿੱਚ ਸਿੰਘਾਂ ਦੀ ਵੱਧ ਰਹੀ ਤਾਕਤ ਦਾ ਜ਼ਿਕਰ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ । 
ਗੁੱਸੇ ਵਿੱਚ ਆਏ ਜ਼ਕਰੀਆ ਖ਼ਾਨ ਨੇ ਅਪਣੇ ਸੈਨਾਪਤੀ ਮੋਮਨ ਖ਼ਾਨ ਨੂੰ ਲਾਹੌਰ 2500 ਘੋੜ ਸਵਾਰ, ਪੰਜ ਹਾਥੀ ਅਤੇ ਕਈ ਤੋਪਾਂ ਦੇ ਕੇ ਭਾਈ ਤਾਰਾ ਸਿੰਘ ਵਾਂ ਨੂੰ ਗ੍ਰਿਫ਼ਤਾਰ ਕਰਨ ਲਈ ਭੇਜਿਆ । ਜਦੋਂ ਸੈਨਾਪਤੀ ਮੋਮਨ ਖ਼ਾਨ ਦੇ ਲਾਹੌਰ ਤੋਂ ਚੜ੍ਹ ਕੇ ਆਉਣ ਦੀ ਖ਼ਬਰ ਭਾਈ ਤਾਰਾ ਸਿੰਘ ਨੂੰ ਮਿਲੀ ਤਾਂ ਉਸ ਨੇ ਪਿੰਡ ਵਿੱਚ ਇਕੱਠੇ ਹੋਈ ਸਿੰਘਾਂ ਦੀ ਵਹੀਰ ਨੂੰ ਮਾਲਵੇ ਵੱਲ ਤੋਰ ਦਿੱਤਾ । ਭਾਈ ਤਾਰਾ ਸਿੰਘ ਨੇ ਆਪਣੇ ਨਾਲ ਕੇਵਲ 18 ਜੁਝਾਰੂ ਸਿੰਘਾਂ ਨੂੰ ਸ਼ਹੀਦੀ ਜਾਮ ਪੀਣ ਲਈ ਰੱਖ ਲਿਆ । ਸੈਨਾਪਤੀ ਮੋਮਨ ਖ਼ਾਨ ਦੀ ਵੱਡੀ ਫ਼ੌਜੀ ਟੁੱਕੜੀ ਨਾਲ ਮੁਕਾਬਲਾ ਕਰਨ ਲਈ ਸਿੰਘ ਮੈਦਾਨ ਵਿੱਚ ਡੱਟ ਗਏ । ਭਾਈ ਸਾਹਿਬ ਨਾਲ ਹਮਦਰਦੀ ਪ੍ਰਗਟ ਕਰਨ ਵਾਲੇ ਇਲਾਕੇ ਦੇ ਸਿੱਖਾਂ ਨੇ ਭਾਈ ਤਾਰਾ ਸਿੰਘ ਨੂੰ ਬਚ ਕੇ ਰਹਿਣ ਲਈ ਬੇਨਤੀਆਂ ਕੀਤੀਆਂ । ਇਲਾਕੇ ਦੇ ਸਿੱਖਾਂ ਦਾ ਕਹਿਣਾ ਸੀ, ਇਲਾਕੇ ਦੇ ਗਰੀਬ ਗੁਰਬੇ ਦੀ ਰੱਖਿਆ ਖ਼ਾਤਰ ਤੁਹਾਨੂੰ ਸਰੀਰ ਕਰਕੇ ਸਾਡੀ ਅਗਵਾਈ ਕਰਨੀ ਜ਼ਰੂਰੀ ਹੈ । 
ਰਾਤ ਦੇ ਹਨੇ੍ਹਰੇ ਦੇ ਵਿੱਚ ਮੋਮਨ ਖ਼ਾਨ ਦੀਆਂ ਫ਼ੌਜਾਂ ਨੇ ਪਿੰਡ ਵਾਂ ਨੂੰ ਘੇਰਾ ਪਾ ਲਿਆ । ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅਤੇ ਨਿੱਤਨੇਮ ਤੋਂ ਉਪਰੰਤ ਭਾਈ ਤਾਰਾ ਸਿੰਘ ਦੀ ਅਗਵਾਈ ਵਿੱਚ ਸਿੰਘ ਆਪਣੇ-ਆਪਣੇ ਮੋਰਚਿਆਂ ਵਿੱਚ ਡੱਟ ਗਏ । ਗਹਿਗੱਚ ਯੁੱਧ ਹੋਇਆ । ਹਰ ਇਕ ਸਿੰਘ ਜਾਨ ਹੂਲ ਕੇ ਲੜਿਆ । ਰਾਤ ਪੈ ਜਾਣ ਕਾਰਨ ਲੜਾਈ ਬੰਦ ਹੋ ਗਈ । 24 ਦਸੰਬਰ, 1725 ਨੂੰ ਸਵੇਰ ਸਮੇਂ ਮੁੜ ਯੁੱਧ ਆਰੰਭ ਹੋ ਗਿਆ । ਭਾਈ ਤਾਰਾ ਸਿੰਘ ਵਾਂ ਦੀ ਅਗਵਾਈ ਵਿੱਚ 21 ਸਿੰਘਾਂ ਨੇ ਆਪਣੇ-ਆਪਣੇ ਸ਼ਸਤਰਾਂ ਦੀ ਵਰਤੋਂ ਕਰਦਿਆਂ ਦੁਸ਼ਮਣ ਨੂੰ ਭਾਜੜਾਂ ਪੁਆ ਦਿੱਤੀਆਂ । ਸੈਨਾਪਤੀ ਮੋਮਨ ਖ਼ਾਨ ਦੀਆਂ ਫੌਜਾਂ ਦਾ ਨੁਕਸਾਨ ਹੱਦ ਤੋਂ ਵੀ ਵੱਧ ਹੋਇਆ । ਹੁਣ 21 ਸਿੰਘਾਂ ਦੇ ਸ਼ਹੀਦੀ ਜਾਮ ਪੀਣ ਤੋਂ ਪਿੱਛੋਂ ਇਨ੍ਹਾਂ ਸਾਰੇ ਯੋਧਿਆਂ ਦੇ ਸਿਰਾਂ ਨੂੰ ਨੇਜਿਆਂ ਉੱਪਰ ਟੰਗ ਕੇ ਮੋਮਨ ਖ਼ਾਨ ਜਿੱਤ ਦੇ ਨਗਾਰੇ ਵਜਾਉਂਦਾ ਅਤੇ ਜਿੱਤ ਦੇ ਜਸ਼ਨ ਮਨਾਉਂਦਾ ਬਾਕੀ ਬਚੇ ਫ਼ੌਜੀਆਂ ਸਮੇਤ ਜ਼ਕਰੀਆ ਖ਼ਾਨ ਦੇ ਦਰਬਾਰ ਵਿੱਚ ਲਾਹੌਰ ਪੁੱਜਾ । ਮੋਮਨ ਖ਼ਾਨ ਨੇ ਆਪਣੇ ਨੇਜੇ ਉੱਪਰ ਸ਼ਹੀਦ ਭਾਈ ਤਾਰਾ ਸਿੰਘ ਵਾਂ ਦਾ ਸੀਸ ਟੰਗਿਆ ਹੋਇਆ ਸੀ ।
ਜਦੋਂ ਇਸ ਮੁਖ਼ਬਰੀ ਕਾਰਨ ਹੋਏ ਹਮਲੇ ਵਿੱਚ ਹੋਈਆਂ ਇਨ੍ਹਾਂ ਸ਼ਹਾਦਤਾਂ ਦੀ ਖ਼ਬਰ ਖ਼ਾਲਸੇ ਨੂੰ ਮਿਲੀ ਤਾਂ ਦੂਰ ਦੁਰਾਡੇ ਜੰਗਲਾਂ-ਬੇਲਿਆਂ ਵਿੱਚ ਰਹਿੰਦੇ ਖ਼ਾਲਸਾ ਪੰਥ ਨੇ 1726 ਦਾ ਸਾਲ ਚੜ੍ਹਦਿਆਂ ਹੀ ਸਰਬੱਤ-ਖ਼ਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਬੁਲਾਇਆ । ਸਰਬੱਤ-ਖ਼ਾਲਸਾ ਦੇ ਗੁਰਮਤੇ ਮੁਤਾਬਿਕ ਇਨ੍ਹਾਂ ਸ਼ਹਾਦਤਾਂ ਦਾ ਬਦਲਾ ਲੈਣ ਤੋਂ ਇਲਾਵਾ ਮੁਖ਼ਬਰੀ ਕਰਨ ਵਾਲੇ ਦੋਖੀਆਂ ਨੂੰ ਸਖ਼ਤ ਸਜਾਵਾਂ ਦੇਣ ਅਤੇ ਸੋਧਣ ਦਾ ਫੈਸਲਾ ਕੀਤਾ ਗਿਆ । ਇਸ ਮਹਾਨ ਸ਼ਹੀਦ ਭਾਈ ਤਾਰਾ ਸਿੰਘ ਵਾਂ ਦੇ ਸਿਦਕ, ਸਿਰੜ ਤੇ ਕੌਮੀ ਸੇਵਾ ਦੀ ਚਰਚਾ ਉਸ ਸਮੇਂ ਦੇ ਸਮੁੱਚੇ ਸਿੱਖ ਪੰਥ ਵਿੱਚ ਹੋ ਰਹੀ ਸੀ । ਸ਼ਹੀਦ ਭਾਈ ਤਾਰਾ ਸਿੰਘ ਵਾਂ ਅਤੇ ਇਸ ਅਸਾਂਵੇ ਯੁੱਧ ਦੇ ਸ਼ਹੀਦਾਂ ਨੂੰ ਸਾਡਾ ਪ੍ਰਣਾਮ । 
-ਭਗਵਾਨ ਸਿੰਘ ਜੌਹਲ