image caption: -ਰਜਿੰਦਰ ਸਿੰਘ ਪੁਰੇਵਾਲ
ਪੰਜਾਬ ਦੇ ਥਾਣਿਆਂ ਵਿਚ ਹੋ ਰਹੇ ਧਮਾਕਿਆਂ ਪਿੱਛੇ ਕੋਣ?
ਪੰਜਾਬ ਵਿਚ  ਕੁਝ ਸਮੇਂ ਤੋਂ ਥਾਣਿਆਂ ਵਿਚ ਹੋ ਰਹੇ ਧਮਾਕਿਆਂ ਤੇ ਗ੍ਰਨੇਡ ਹਮਲਿਆਂ ਦੀਆਂ ਰਿਪੋਰਟਾਂ ਕਾਰਨ ਪੰਜਾਬੀਆਂ ਵਿਚ ਸਹਿਮ ਹੈ ਕਿ ਕਿਤੇ ਪੰਜਾਬ ਦੇ ਹਾਲਾਤ ਨਾ ਵਿਗੜ ਜਾਣ| ਬੇਗੁਨਾਹ ਸਿਖ ਨੌਜਵਾਨਾਂ ਨੂੰ ਪੁਲੀਸ ਵਲੋਂ ਮੁੜਕੇ ਇਸ ਦਾ ਬਹਾਨਾ ਬਣਾਕੇ ਸ਼ਿਕਾਰ ਨਾ ਬਣਾਇਆ ਜਾਵੇ| ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਰਿਹਾ ਕਿ ਇਨ੍ਹਾਂ ਧਮਾਕਿਆਂ ਪਿੱਛੇ ਕੋਣ ਹੈ ਅਤੇ ਅਜਿਹਾ ਕਿਸ ਰਣਨੀਤੀ ਜਾਂ ਡਿਜ਼ਾਈਨ ਹੇਠ ਹੋ ਰਿਹਾ ਹੈ| ਪੁਲਿਸ ਅਧਿਕਾਰੀਆਂ ਦੀਆਂ ਕਿਆਸ ਅਰਾਈਆਂ ਹਨ ਕਿ ਸੂਬੇ ਵਿਚ ਗੈਂਗਸਟਰਵਾਦ ਤੇ ਨਸ਼ਿਆਂ ਨੂੰ ਰੋਕਣ ਲਈ ਪੁਲਿਸ ਨੇ ਜੋ ਸਖਤੀ ਕੀਤੀ ਹੈ, ਇਹ ਘਟਨਾਵਾਂ ਉਸ ਦੇ ਪ੍ਰਤੀਕਰਮ ਵਜੋਂ ਗੈਂਗਸਟਰਾਂ ਦੀ ਦੇਣ ਹਨ| ਉਹ ਪੁਲਿਸ ਤੰਤਰ ਦਹਿਸ਼ਤ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ| ਇਨ੍ਹਾਂ ਧਮਾਕਿਆਂ ਤੋਂ ਬਾਅਦ ਰਿਪੋਰਟਾਂ ਇਹ ਵੀ ਹਨ ਕਿ ਸਰਹੱਦੀ ਖੇਤਰ ਵਿਚ ਕੁਝ ਥਾਣਿਆਂ ਤੇ ਚੌਕੀਆਂ ਦੀ ਚਾਰਦੀਵਾਰੀ ਉੱਚੀ ਕੀਤੀ ਜਾ ਰਹੀ ਹੈ, ਕੰਡਿਆਲੀਆਂ ਤਾਰਾਂ ਲਗਾਉਣ ਤੇ ਸੁਰੱਖਿਆ ਵਧਾਉਣ ਦੇ ਵੀ ਫ਼ੈਸਲੇ ਲਏ ਜਾ ਰਹੇ ਹਨ|
ਪੁਲਿਸ ਲਈ ਵੱਡੀ ਚਿੰਤਾ ਦਾ ਵਿਸ਼ਾ ਹਥਿਆਰਾਂ ਦੀ ਸਪਲਾਈ ਦਾ ਹੈ ਅਤੇ ਪੰਜਾਬ ਪੁਲਿਸ ਵਲੋਂ ਮਗਰਲੇ ਦਿਨਾਂ ਦੌਰਾਨ ਜਿੰਨੇ ਵੱਡੇ ਪੱਧਰ ਹਥਿਆਰਾਂ ਦੀਆਂ ਖੇਪਾਂ ਫੜੀਆਂ ਹਨ ਅਤੇ ਦੂਜੇ ਸੂਬਿਆਂ ਤੋਂ ਕੁਝ ਹਥਿਆਰਾਂ ਦੇ ਸਪਲਾਇਰ ਵੀ ਫੜੇ ਹਨ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁਝ ਦੂਜੇ ਸੂਬਿਆਂ ਅਤੇ ਸਰਹੱਦ ਪਾਰ ਤੋਂ ਕਿੰਨੀ ਵੱਡੀ ਮਾਤਰਾ ਵਿਚ ਹਥਿਆਰ ਆ ਰਹੇ ਹਨ| ਪ੍ਰਮੁੱਖ ਵਿਅਕਤੀਆਂ ਦੀ ਸੁਰੱਖਿਆ ਨੂੰ ਖ਼ਤਰੇ ਕਾਰਨ ਸੂਬੇ ਵਿਚ ਬੁਲਟ ਪਰੂਫ਼ ਗੱਡੀਆਂ ਦੀ ਮੰਗ ਵੀ ਵੱਧ ਰਹੀ ਹੈ|
ਲੇਕਿਨ ਪੁਲਿਸ ਨੂੰ ਅਜੇ ਪੂਰੀ ਤਰ੍ਹਾਂ ਇਹ ਸਪਸ਼ਟ ਨਹੀਂ ਹੋ ਰਿਹਾ ਕਿ ਇਨ੍ਹਾਂ ਘਟਨਾਵਾਂ ਪਿੱਛੇ ਅਸਲ ਵਿਚ ਕਿਹੜੀਆਂ ਤਾਕਤਾਂ ਹਨ| ਇਸ ਬਾਰੇ ਡੀਜੀਪੀ ਨੇ ਪੁਲਿਸ ਅਫਸਰਾਂ ਦੀ ਮੀਟਿੰਗ ਵੀ ਸਦ ਲਈ ਹੈ| ਕੇਂਦਰੀ ਏਜੰਸੀਆਂ ਵਲੋਂ ਸੂਬੇ ਨੂੰ ਵੱਡੀ ਵਾਰਦਾਤ ਸਬੰਧੀ ਵੀ ਚਿਤਾਵਨੀ ਦਿੱਤੀ ਗਈ ਹੈ, ਜਦੋਂ ਕਿ ਏਜੰਸੀਆਂ ਨੂੰ ਖ਼ਦਸ਼ਾ ਹੈ ਕਿ ਸੂਬੇ ਵਿਚ ਪ੍ਰਮੁੱਖ ਸਿਆਸਤਦਾਨਾਂ ਲਈ ਵੀ ਖ਼ਤਰਾ ਹੋ ਸਕਦਾ ਹੈ| ਸਰਕਾਰੀ ਏਜੰਸੀ ਦਾ ਦਾਅਵਾ ਕਿ ਪੰਜਾਬ ਵਿਚਲੀ ਖਾੜਕੂ ਲਹਿਰ ਮੌਕੇ ਵਿਚਾਰਧਾਰਕ ਕਾਰਨਾਂ ਲਈ ਲੋਕ ਖਾੜਕੂ ਲਹਿਰ ਵਿਚ ਸ਼ਾਮਿਲ ਹੋ ਰਹੇ ਸਨ ਹੁਣ ਉਸ ਦਾ ਸਥਾਨ ਗੈਂਗਸਟਰਵਾਦ ਲੈ ਰਿਹਾ ਹੈ, ਕਿਉਂਕਿ ਖਾੜਕੂ ਧੜਿਆਂ ਦੇ ਗੈਂਗਸਟਰਾਂ ਨਾਲ ਸਬੰਧ ਬਣ ਗਏ ਹਨ ਅਤੇ ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਵਿਦੇਸ਼ੀ ਏਜੰਸੀਆਂ ਦੇ ਸੰਪਰਕ ਵਿਚ ਵੀ ਹੋ ਸਕਦੇ ਹਨ| ਹਾਲਾਂਕਿ ਦਰਜਨਾਂ ਸੰਗੀਨ ਇਲਜ਼ਾਮਾਂ ਦੇ ਦੋਸ਼ ਹੇਠ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 2023 ਵਿਚ ਇੱਕ ਪ੍ਰਾਈਵੇਟ ਟੀਵੀ ਚੈਨਲ &rsquoਤੇ ਟੈਲੀਕਾਸਟ ਹੋਈ ਇੰਟਰਵਿਊ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਆਪਣੀ ਪੁਲੀਸ ਦੇ ਇੱਕ ਡੀਐੱਸਪੀ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ ਕੀਤਾ ਹੈ| ਇਹ ਕਾਰਵਾਈ ਉਦੋਂ ਹੋਈ ਹੈ ਜਦ ਹਾਈ ਕੋਰਟ ਨੇ ਇਸ ਮਾਮਲੇ ਵਿਚ ਪੰਜਾਬ ਦੇ ਡਾਇਰੈਕਟਰ ਜਨਰਲ-ਪੁਲੀਸ (ਡੀਜੀਪੀ) ਦੀ ਝਾੜ-ਝੰਬ ਕੀਤੀ| ਪਰ ਵਡੇ ਅਫਸਰਾਂ ਵਿਰੱੁਧ ਕਿਉਂ ਕਾਰਵਾਈ ਨਹੀਂ ਹੋਈ|ਜਾਂਚ ਇਥੇ ਠਪ ਕਿਉਂ ਕਰ ਦਿਤੀ ਗਈ|
ਮਾਰਚ 2023 ਵਿਚ ਗੈਂਗਸਟਰ ਲਾਰੰਸ ਦੀਆਂ ਇੱਕ ਤੋਂ ਬਾਅਦ ਇੱਕ ਦੋ ਇੰਟਰਵਿਊਜ਼ ਪ੍ਰਸਾਰਿਤ ਹੋਈਆਂ ਸਨ ਜਿਸ ਤੋਂ ਬਾਅਦ ਪੁਲੀਸ ਤੇ ਜੇਲ੍ਹ ਪ੍ਰਸ਼ਾਸਨ ਦੀ ਘੋਰ ਲਾਪ੍ਰਵਾਹੀ &rsquoਤੇ ਸਵਾਲ ਉੱਠੇ ਸਨ| ਹਾਲਾਂਕਿ ਉਸ ਵੇਲੇ ਡੀਜੀਪੀ ਨੇ ਮੀਡੀਆ ਚ ਝਟਪਟ ਇਹ ਦਾਅਵਾ ਕਰ ਦਿੱਤਾ ਸੀ ਕਿ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਨਹੀਂ ਹੋਈ ਜਦੋਂਕਿ ਬਾਅਦ ਵਿਚ ਅਦਾਲਤੀ ਹੁਕਮਾਂ ਤੇ ਇਸ ਮਾਮਲੇ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ (ਸਿਟ) ਨੂੰ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਇਨ੍ਹਾਂ &rsquoਚੋ ਇੱਕ ਇੰਟਰਵਿਊ ਖਰੜ ਦੇ ਸੀਆਈਏ ਪੁਲੀਸ ਸਟੇਸ਼ਨ ਵਿੱਚ ਉਦੋਂ ਹੋਈ ਸੀ ਜਦੋਂ ਮੁਲਜ਼ਮ ਪੰਜਾਬ ਪੁਲੀਸ ਦੀ ਹਿਰਾਸਤ ਵਿੱਚ ਸੀ| &lsquoਸਿਟ&rsquo ਨੇ ਇਸ ਮਾਮਲੇ ਵਿਚ ਕਈ ਪੁਲੀਸ ਅਧਿਕਾਰੀਆਂ ਦੀ ਮਿਲੀਭੁਗਤ ਦਾ ਵੀ ਖੁਲਾਸਾ ਕੀਤਾ ਸੀ|
ਅਧਿਕਾਰੀ ਦੀ ਬਰਖ਼ਾਸਤਗੀ ਬਾਰੇ ਸਰਕਾਰ ਦਾ ਪੱਖ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਡੀਜੀਪੀ ਨੂੰ ਸਵਾਲ ਪੁੱਛਿਆ ਹੈ ਕਿ ਉਨ੍ਹਾਂ ਕਿਹੜੇ ਆਧਾਰ ਤੇ ਇਹ ਬਿਆਨ ਦਿੱਤਾ ਸੀ ਕਿ ਇੰਟਰਵਿਊ ਸੂਬੇ ਦੀ ਕਿਸੇ ਜੇਲ੍ਹ ਵਿਚ ਨਹੀਂ ਹੋਈ, ਜਦੋਂਕਿ ਮੁਲਜ਼ਮ ਉਸ ਵੇਲੇ ਪੰਜਾਬ ਪੁਲੀਸ ਦੀ ਹਿਰਾਸਤ ਵਿਚ ਹੀ ਸੀ| ਅਦਾਲਤ ਦਾ ਇਹ ਕਹਿਣਾ ਬਿਲਕੁਲ ਵਾਜਿਬ ਹੈ ਕਿ ਪੁਲੀਸ ਮੁਖੀ ਨੂੰ ਪਹਿਲਾਂ ਮਾਮਲੇ ਦੀ ਪੂਰੀ ਪੁਣ-ਛਾਣ ਕਰਨੀ ਚਾਹੀਦੀ ਸੀ ਕਿਉਂਕਿ ਇਹ ਪਾਰਦਰਸ਼ਤਾ ਰੱਖਣ ਤੇ ਲੋਕਾਂ ਦੇ ਭਰੋਸੇ ਦਾ ਸਵਾਲ ਹੈ, ਜ਼ਿੰਮੇਵਾਰ ਅਹੁਦਿਆਂ ਤੇ ਬੈਠਣ ਵਾਲੇ ਉੱਚ ਅਧਿਕਾਰੀ ਇਸ ਤਰ੍ਹਾਂ ਦੇ ਗੰਭੀਰ ਮਸਲਿਆਂ ਨੂੰ ਛੇਤੀ ਕਿਤੇ ਸਿਰੇ ਤੋਂ ਖਾਰਜ ਨਹੀਂ ਕਰ ਸਕਦੇ| ਇਸ ਤੋਂ ਇਲਾਵਾ ਇਹ ਸਵਾਲ ਵੀ ਜਿਉਂ ਦਾ ਤਿਉਂ ਖੜ੍ਹਾ ਹੈ ਕਿ ਕੀ ਡੀਐੱਸਪੀ ਪੱਧਰ ਦੇ ਅਫ਼ਸਰ ਨੇ ਆਪਣੇ ਤੌਰ ਤੇ ਹੀ ਇੰਟਰਵਿਊ ਕਰਵਾ ਦਿੱਤੀ ਸੀ ਜਾਂ ਇਸ ਮਾਮਲੇ ਵਿੱਚ ਹੋਰ ਲੋਕ ਵੀ ਸ਼ਾਮਿਲ ਸਨ| ਮਾਮਲਾ ਰਾਸ਼ਟਰੀ ਪੱਧਰ ਦੀ ਸੁਰਖ਼ੀ ਬਣਨ ਕਰ ਕੇ ਸੂਬਾ ਸਰਕਾਰ ਦੀ ਵੀ ਕਿਰਕਿਰੀ ਹੋਈ ਤੇ ਸਿਆਸੀ ਦੂਸ਼ਣਬਾਜ਼ੀ ਭਾਰੂ ਰਹੀ| ਇਸ ਮਾਮਲੇ ਚ ਕਈ ਪੁਲੀਸ ਕਰਮੀਆਂ ਦੀ ਮਿਲੀਭੁਗਤ ਉਜਾਗਰ ਹੋਣ ਨਾਲ ਪੁਲੀਸ ਦੀ ਸਾਖ਼ ਖ਼ਰਾਬ ਹੋਈ ਹੈ| 
ਇਸ ਤੋਂ ਸਪਸ਼ਟ ਹੈ ਕਿ ਗੈਂਗਸਟਰਵਾਦ ਭਿਸ਼ਟ ਪੁਲਿਸ ਅਫਸਰਾਂ ਦੀ ਦੇਣ ਹੈ| ਕੈਨੇਡਾ ਸਰਕਾਰ ਨੇ ਤਾਂ ਲਾਰੰਸ ਗਿਰੋਹ ਨੂੰ ਭਾਰਤ ਸਰਕਾਰ ਦੀ ਦੇਣ ਦਸਿਆ ਸੀ, ਜਿਸਨੇ ਕੈਨੇਡਾ ਵਿਚ ਵਾਰਦਾਤਾਂ ਕੀਤੀਆਂ| ਪਰ ਸੱਚ ਕੀ ਹੈ? ਇਸ ਦੀ ਜਾਂਚ ਸੁਪਰੀਮ ਕੋਰਟ ਦੀ ਅਗਵਾਈ ਵਿਚ ਨਿਰਪਖ ਏਜੰਸੀ ਵਲੋਂ ਕੀਤੀ ਜਾਣੀ ਚਾਹੀਦੀ ਹੈ| ਵਾਰ ਵਾਰ ਪੰਜਾਬ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ? ਪੰਜਾਬ ਵਿਚ ਹਿੰਸਕ ਖਬਰਾਂ ਕਿਉਂ ਆ ਰਹੀਆਂ ਨੇ? ਇਸ ਪਿਛੇ ਕੀ ਸਿਆਸਤ ਹੈ?
-ਰਜਿੰਦਰ ਸਿੰਘ ਪੁਰੇਵਾਲ