image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਕ੍ਰਿਸ਼ਨ ਮਿਕਸ ਕ੍ਰਿਸਮਿਸ Merry Xmas

ਨਵਾਂ ਸਾਲ 25 ਭਾਗਾਂ ਭਰਿਆ ਆਵੇ, ਕੁੱਲ ਸੰਸਾਰ &lsquoਤੇ ਅਮਨ-ਸ਼ਾਂਤੀ ਠੰਡ ਪਾਵੇ, ਹਰ ਜੀਵ ਜੰਤੂ ਤੇ ਮਿਹਰਾਂ ਰਹਿਮਤਾਂ ਕਰੇ, ਬੀਤੇ ਦਾ ਸ਼ੁਕਰਾਨਾ ਅੱਗੋਂ ਨੂੰ ਅਰਜ਼ ਕਬੂਲ ਕਰੀਂ ਦਾਤਿਆ, ਸੁਮੱਤ ਬਖ਼ਸ਼ੀ ਅਦਾਰੇ ਨੂੰ, ਪੱਤਰਕਾਰਾਂ ਨੂੰ ਚੜ੍ਹਦੀ ਕਲਾ ਤੇ ਉੱਨਤੀ ਵਿੱਚ ਕਰੀ, ਸੇਵਾ ਨੂੰ ਫਲ ਲਾਈ, ਸਭ ਮਾਲਕ, ਕਰਮਚਾਰੀਆਂ ਅਤੇ ਸ਼ੁੱਭਚਿੰਤਕਾਂ ਨੂੰ, ਪਾਠਕਾਂ ਤੇ ਵਪਾਰੀਆਂ ਨੂੰ, ਸਾਰਿਆਂ ਨੂੰ ਖੁਸ਼ਹਾਲੀ ਤੇ ਤਰੱਕੀ ਵਧਾਈ, ਮੇਰੀਆਂ ਸਾਰਿਆਂ ਨੂੰ ਵਧਾਈਆਂ, ਮੁਬਾਰਕਾਂ । ਦੋ ਹਫ਼ਤਿਆਂ ਦੀਆਂ ਛੁੱਟੀਆਂ ਰੰਗ-ਭਾਗ ਨਾਲ ਮਾਣੋ, ਟੱਬਰਾਂ ਵਿੱਚ ਬੈਠੋ ਸਿਹਤਮੰਦ ਭੋਜਨ ਖਾਉ, ਪਰਿਵਾਰਾਂ, ਰਿਸ਼ਤੇਦਾਰਾਂ ਨਾਲ ਮਿਲੋ, ਇਹੀ ਕ੍ਰਿਸਮਿਸ ਰੋਸੇ ਦੂਰ ਕਰੋ, ਗੱਲ ਮਿਲੋ ਹੈ । ਅਰਦਾਸਾਂ ਤਾਂ ਹਨ ਜੇਕਰ ਮਾਲਕ ਮੰਨੇ ਤੇ ਸਾਨੂੰ ਭੀ ਰਾਹੇ ਪਾਵੇ, ਅਸੀਂ ਦਵੈਸ਼ ਭਾਵ ਤਿਆਗੀਏ, ਕੋਈ ਨਿਵੇਕਲੀ ਕਹਾਣੀ ਨਹੀਂ ਕਿ ਅਸੀਂ ਹੀ ਕਵੱਲੀਆਂ ਕਰਦੇ ਹਾਂ ਯਾਨੀ ਸਾਡਾ ਸਿੱਖ ਭਾਈਚਾਰਾ ਹੀ ਕੁੜੱਤਣ ਨਾਲ ਭਰਿਆ ਪਿਆ ਹੈ, ਦੇਖੋ ਕਿਵੇਂ ਸਾਡੀ ਹੀ ਸਰਕਾਰ ਦੂਜੀ ਵਿਰੋਧੀ ਧਿਰ ਦੇ ਸ਼ਾਹੀ ਪੁਰਸਕਾਰ ਮੋੜਨ ਲੱਗੀ, ਲਾਰਡ ਰੰਮੀ ਰੇਂਜਰ ਕਿਉਂਕਿ ਉਹ ਭਾਰਤ-ਭਗਤ ਹੈ ਸਿੱਖਾਂ ਨੂੰ ਭੀ ਭਉਂਦਾ ਨਹੀਂ ਤੇ ਲੇਬਰ ਪਾਰਟੀ ਭੀ ਟਰੇਡ ਯੂਨੀਅਨਾਂ ਕਰਕੇ ਕਾਂਗਰਸ ਧਿਰ ਹੈ ਤਾਂ ਇਹ ਨਮੂਨਾ ਦਿਖਾਇਆ ਹੈ, ਇਧਰ ਭੀ ਆਪਣੇ ਪੱਖੀ ਲੱਡੂ, ਲੰਡਨ ਵਿੱਚ ਦੇਖੋ ਕਿ ਸਦੀਕ ਖਾਨ ਮੁਸਲਿਮ ਕਰਕੇ ਮੇਅਰ ਪਹਿਲਾਂ ਸੰਸਦੀ, ਹੁਣ ਕਹਿੰਦੇ ਸ਼ਾਹੀ ਖਿਤਾਬ ਵਿੱਚ ਨਉਂ ਭਾਵੇਂ ਕਿ ਰੌਲਾ ਪੈਂਦਾ ਹੈ ਕਿ ਕੀਤਾ ਕੀ ਹੈ ਲੰਡਨ ਲਈ ਪਰ ਕੌਣ ਸੁਣਦਾ ਏ, ਬਹੁਮਤ ਹੈ ਮਿੱਡਲੈਂਡ ਐੱਮ।ਪੀ। ਕਾਕੜਿਆਂ ਤਰ੍ਹਾਂ ਡਿੱਗੇ, ਗੱਲ ਕੀ ਸਾਰੇ ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਗਲ੍ਹਬਾ ਪਾ ਕੇ ਸਿੱਧ ਕਰਤਾ ਕਿ ਅਸੀਂ ਖੜਨ ਨੂੰ ਥਾਂ ਦੇਹ ਬੈਠ ਅਸੀਂ ਆਪੇ ਜਾਣਾ ਏ, ਲਾਲਚੀ ਲੂੰਬੜੀ ਦੀ ਕਹਾਣੀ ਅਸੀਂ ਪਹਿਲੀਆਂ ਜਮਾਤਾਂ ਵਿੱਚ ਪੜ੍ਹਦੇ ਸੀ, ਪਹਿਲਾਂ ਸਿਆਣੇ ਮੱਤ ਦੇ ਦਿੰਦੇ ਸੀ, ਹੁਣ ਨਿਆਣੇ ਸਭ ਤੋਂ ਸਿਆਣੇ ਨੇ, ਬਜ਼ੁਰਗਾਂ ਨੂੰ ਤਾਂ ਝਈਆਂ ਲੈ ਕੇ ਪੈਂਦੇ ਨੇ, ਚਲੋ ਸਮਾਂ ਚਾਲ ਨਾਲ ਹੀ ਚੱਲਦਾ ਹੈ, ਬਦਲਾਅ ਭੀ ਸੁਭਾਵਕ ਹਨ ਮੰਨਣੇ ਹਨ ਪਰ ਹੋਣ ਸੱਭਿਅਕ, ਧਰਮੀ ਤੇ ਮਾਨਮੱਤੇ ਜਿਸ ਹਿਸਾਬ ਹੁਣ ਤਰਥੱਲੀ ਮਚਦੀ ਹੈ ਤੀਹ, ਪੈਂਤੀ ਸਾਲਾਂ ਦੇ ਸਿੱਖ ਨੇਤਾ ਬਣਾ ਲਏ ਨਾ ਪੁਰਾਣੇ ਵਸੀਲੇ ਪਤਾ ਨਾ ਹੀ ਧਰਮ, ਗੁਰਮਤ, ਮਰਿਯਾਦਾ ਤੇ ਭਾਈਚਾਰਕ ਵਤੀਰੇ ਪਤਾ, ਬੱਸ ਕਬਜ਼ੇ ਕਰੋ ਡਰਾਵੋ ਤੇ ਆਪਣੀ ਧੌਂਸ ਜਮਾਵੋ, ਅਪਣੀਆਂ ਹੀ ਜਥੇਬੰਦੀਆਂ ਥਾਪੀ ਬੈਠੇ ਨੇ, ਗੰਗਾਂ ਦੇ ਪਾਂਡਿਆਂ ਵਾਂਗੂੰ ਪੱਤਰੀਆਂ ਖੋਲ੍ਹੀ ਬੈਠੇ ਨੇ (ਗੁਰੂ ਨਾਨਕ ਦੇਵ ਜੀ) ਨੇ ਤਾਂ ਪਾਂਡੇ ਪਿਛਾਂਹ ਧੱਕੇ ਪਰ ਸਾਡੇ ਹੁਣ ਆਪ ਬਣ ਬੈਠੇ, ਇਕ ਹੱਥ ਦੇਖਣ ਦੀ ਕਸਰ ਤੇ ਪੱਤਰੀਆਂ ਖੋਲ੍ਹਣ ਦੀ ਕਸਰ ਹੈ, ਕੋਈ ਅਕਾਲ ਤਖ਼ਤ ਇਨ੍ਹਾਂ ਵੱਲ ਕੇਂਦਰਤ ਨਹੀਂ ਜਥੇਦਾਰ ਭੀ ਸਿਆਸਤਾਂ ਵਿੱਚ ਖੁੱਭੇ ਪਏ ਨੇ, ਧਰਮ ਸਾਂਭ ਨੀ ਹੁੰਦਾ ਇਹ ਦੇਸ਼ ਸਾਂਭਣ ਤੁਰੇ ਨੇ, ਕਦੀ ਮੋਦੀ ਨੂੰ ਨਸੀਹਤਾਂ ਕਦੇ ਗੋਦੀ ਨੂੰ, ਮੈਂ ਪੁੱਛਦੀ ਹਾਂ ਕਿ ਜਦੋਂ ਇਹ ਪਰੰਪਰਾ ਬਣੀ ਸੀ ਵੋਟਾਂ ਪਾ ਕੇ ਚੁਣੇ ਸਨ ਰਾਜ ਭਾਗ ਕੀ ਇਹ ਵਿਧਾਨ ਸੀ ਜਾਂ ਹੁਣ ਭੀ ਅਕਾਲ ਤਖ਼ਤ ਦੇ ਜਥੇਦਾਰ ਥਾਪਣ ਦਾ ਹੁਣ ਭੀ ਹੈਗਾ ਵਿਧਾਨ ਕਿ ਦੜ੍ਹੇ ਦੇ ਮਾਲ ਨਾਲ ਹੀ ਧੱਕੇਸ਼ਾਹੀ ਚੱਲਦੀ ਹੈ, ਕੀ ਇਨ੍ਹਾਂ ਦਾ ਅਧਿਕਾਰ ਖੇਤਰ ਹੈ ਜੋ ਕਰ ਰਹੇ ਨੇ । 
ਪੰਜਾਬ ਦੀ ਸਥਿਤੀ ਵੱਲ ਤਾਂ ਮੁੱਖ ਕਰਨ ਨੂੰ ਰੂਹ ਨਹੀਂ ਕਰਦੀ, ਐਨੀ ਗੰਧਲੀ ਕਰ ਲਈ ਕਿ ਧਰਮ ਨੂੰ ਹੀ ਕਲੱਈ ਕਰ ਧਰੀ, ਪਰਖ ਕਰੋ ਕਿ ਕੇਵਲ ਅਕਾਲ ਤਖ਼ਤ ਦੇ ਗ੍ਰੰਥੀਆਂ ਨੂੰ ਮੰਨਣਾ ਤਾਂ ਕੇਵਲ ਅਕਾਲੀਆਂ ਨੇ ਹੀ ਹੈ ਪਰ ਸਲਾਹਾਂ, ਹਦਾਇਤਾਂ, ਨਸੀਹਤਾਂ ਸਭ ਹੀ ਵਿਰੋਧੀ, ਦੇਖੋ ਬਰਾਬਰ ਤਖ਼ਤ ਖੜ੍ਹਾ ਕਰਕੇ ਜਥੇਦਾਰ ਨਿਯੁਕਤੀਆਂ, ਮੰਡ ਹਾਲੇ ਭੀ ਤਖ਼ਤੀ &lsquoਤੇ ਜਥੇਦਾਰ, ਇਨਸਾਫੀਏ ਫਰਾਂਸ ਸਾਹਬ, ਬਾਪੂ ਗੁਰਚਰਨ ਸਿੰਘ, ਅਮ੍ਰਿਤਪਾਲ ਬਾਪੂ, ਹੋਰ ਦੇਖੋ ਆਈ।ਏ।ਐੱਸ। ਗੁਰਤੇਜ ਸਿੰਘ ਨਾਲ ਦੋ ਕੁ ਹੋਰ ਝੌਟੀਆਂ ਬਠਾ ਕੇ ਫੈਸਲੇ &lsquoਤੇ ਬੋਲੇ, ਜੀ ਜਥੇਦਾਰਾਂ ਦੇ ਹੁਕਮ &lsquoਤੇ ਅਕਾਲੀ ਦਲ ਦੀ ਭਰਤੀ ਟੀਮ ਵਿੱਚ ਸਾਨੂੰ ਸ਼ਾਮਿਲ ਕਰੋ, ਉਧਰ ਫੂਲਕਾ ਕਹਿੰਦਾ ਮੈਂ ਤਾਂ ਮੈਂਬਰ ਬਣੂ, ਲੱਗਦਾ ਮੈਂਬਰਸ਼ਿੱਪ ਤਾਂ ਸਾਰੀ ਕਾਂਗਰਸੀ ਸਿੱਖ ਆਪ ਵਾਲੇ ਭਾਜਪਾਈਏ ਹੀ ਭਰ ਦੇਣਗੇ ਕੀ ਅਕਾਲੀ ਦਲ ਕੋਈ ਪਾਰਟੀ ਹੈ ਜਾਂ ਗੁਰੂ ਘਰ ਦੀ ਸੰਗਤ, ਸੁਣੋ ਜੀ ਰਾਮਗੜ੍ਹੀਆ ਦੇ ਗੁਰੂ ਘਰਾਂ ਵਿੱਚ ਤੇ ਰਵਿਦਾਸ ਭਾਈਚਾਰੇ ਦੇ ਗੁਰਦੁਆਰਿਆਂ ਵਿੱਚ ਜਾ ਕੇ ਮੈਂਬਰ ਬਨਣ ਦੀ ਰੁਚੀ ਹੀ ਦਿਖਾਉ ਜੇ ਡਾਂਗ ਨਾਲ ਬਾਹਰ ਨਾ ਕੱਢਣ, ਕੁਝ ਕੁ ਵਰੇ੍ਹ ਹੋਏ ਰਵਿਦਾਸ ਗੁਰਦੁਆਰੇ ਦੀ ਚੋਣ (ਵੋਟਾਂ) ਹੋ ਰਹੀ ਸੀ, ਮੈਂ ਤੇ ਠੇਕੇਦਾਰ ਜਸਵੰਤ ਸਿੰਘ ਦੇਖਣ ਚਲੇ ਗਏ ਤਾਂ ਉਸ ਵੇਲੇ ਪ੍ਰਧਾਨ ਯੋਗਰਾਜ ਹੋਣੀ ਸਾਨੂੰ ਕਹਿੰਦੇ ਜੀ ਵੈਸੇ ਸਾਡੇ ਗੁਰਦੁਆਰੇ ਜਦੋਂ ਮਰਜ਼ੀ ਆਵੋ ਪਰ ਚੋਣਾਂ ਵੇਲੇ ਨਾ ਆਵੋ, ਅਸੀਂ ਨਿਮੋਝੂਣੇ ਹੋ ਕੇ ਆ ਗਏ, ਮੈਂ ਕਿਸੇ ਖਾਸ ਸੱਦੇ ਵਿਆਹ ਜਾਂ ਸਸਕਾਰ (ਤੇਜ ਰਾਮ ਬਾਘਾ) ਜੋ ਮੇਰੇ ਬੜੇ ਹੀ ਮਾਣਮੱਤੇ ਸਨ ਪੁਰਾਣੇ ਵਾਕਫ਼ ਸਨ ਤੇ ਉਨ੍ਹਾਂ ਦੀ ਮਾਤਾ ਬੀਬੀ ਬੰਤੀ ਮੇਰੀ ਬੜੀ ਹੀ ਹਿੱਤਕਾਰੀ ਸੀ, ਮੈਂ ਗਈ ਸੀ, ਤਾਂ ਕੀ ਹੱਕ ਹੈ ਨੱਥੂ ਖੈਰੇ ਆਖਣ ਭਰਤੀ ਅਰੰਭ ਕਰੋ ?
ਦੂਜੀ ਅਸਚਰਜਤਾ :- ਪਹਿਲਾਂ ਸੱਸ ਨੂੰਹਾਂ ਮੰਗਦੀ ਪਿੱਛੋਂ ਰੋਂਦੀ ਚੁੱਲੇ੍ਹ ਕੋਲ ਬਹਿਕੇ, ਵਾਲੀ ਬੋਲੀ ਬਾਗੀ ਦਾਗੀ ਤੇ ਸੁਧਾਰੀਏ ਭਰਿੰਡਾਂ ਲੜਨ ਦੀ ਤਰ੍ਹਾਂ ਭੱਜੇ ਅੱਡ ਅਕਾਲੀ ਦਲ ਬਨਾਉਣ ਪਰ ਬਹੁਤਾ ਹੁੰਗਾਰਾ ਨਾ ਮਿਲਿਆ ਫੇਰ ਸੁਧਾਰ ਨੂੰ ਤੁਰ ਪਏ, ਫੇਰ ਭੀ ਖੈਰ ਨਾ ਪਈ, ਹੁਣ ਜਥੇਦਾਰ ਤੋਂ ਜੀ ਏਕਤਾ ਜਰੂਰੀ ਹੈ ਤੇ ਝੱਟ ਸੁਧਾਰ ਕਰਤਾ ਤੇ ਬਾਗੀ ਪੁਣ ਭੰਗ ਤੇ ਲੱਗੇ ਪਿੱਟਣ ਜੀ ਅਕਾਲੀ ਦਲ ਤਾਂ ਸਾਨੂੰ ਨਾਲ ਨਹੀਂ ਰਲਾ ਰਿਹਾ ਚੋਣਾਂ ਦਾ ਅਲਾਨ ਕਰਤਾ ਸਾਨੂੰ ਪੁੱਛਿਆ ਹੀ ਨਹੀਂ, ਸੁਥਰਿਉ ਤੁਸੀਂ ਆਪੇ ਗਏ ਆਪੇ ਮੁੜੇ ਕੀ ਉਨ੍ਹਾਂ ਨੇ ਨਿਉਂਦਾ ਦਿੱਤਾ ਹੈ, ਰਹੀ ਗੱਲ ਸ਼੍ਰੋਮਣੀ ਅਕਾਲੀ ਦਲ ਦਾ ਕਸੂਰ ਹੈ ਕਿ ਹੋਰ ਕੋਈ ਭੀ ਧਿਰ, ਕਾਂਗਰਸੀ ਜਾਂ ਬਾਕੀ ਦੇ ਤਾਂ ਕੋਈ ਕਦੇ ਤਨਖਾਹੀਏ ਕੀ ਤਲਬ ਭੀ ਨਹੀਂ ਕੀਤੇ ਤੇ ਇਹ ਮੂਰਖ ਲਾਣਾ ਜਾ ਕੇ ਮੂਹਰੇ ਖੜ੍ਹ ਜਾਂਦਾ ਹੈ ਸਿੰਘ ਸਾਹਬ ਜੀ ਬਖ਼ਸ਼ੋ, ਕੀ ਬਖ਼ਸ਼ਣਾ ਦਾਤੇ ਨੇ ਹੈ ਜਾਂ ਇਨ੍ਹਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ, ਇਸ ਖੁੰਡ ਬਣ ਚੁੱਕੇ ਢਾਂਚੇ ਨੂੰ ਅਜੋਕੇ ਸੰਦਰਭ ਵਿੱਚ ਗਠਣ ਕਰੋ, ਮੱਤ ਤੋਂ ਕੰਮ ਲਵੋ, ਹਾਸੋਹੀਣੀਆਂ ਤੋਂ ਪਰ੍ਹਾਂ ਹੋਵੋ, ਕੋਈ ਸਲ੍ਹਾਉਣ ਯੋਗ ਰਵਾਇਤ ਕਾਇਮ ਕਰੋ, ਖੈਰ ਮੈਂ ਤਾਂ ਵਿਦੇਸ਼ੀ ਸਿੱਖ ਹਾਂ ਗੁਰੂ ਘਰ ਇਨ੍ਹਾਂ ਨੂੰ ਮੰਨਣ ਮੈਂ ਤਾਂ ਮੰਨਣ ਨੂੰ ਤਿਆਰ ਨਹੀਂ ਨਾ ਹੀ ਅਸੀਂ ਸਧਾਰਨ ਸਿੱਖ ਇਸ ਪਿਰਤ ਹਾਂ ਹੀ, ਸਾਨੂੰ ਕੀ ਲੈਣਾ ਦੇਣਾ ਐਥੇ ਥੋੜ੍ਹੇ ਗਿਆਨੀ ਗ੍ਰੰਥੀ ਹਨ ।
ਹੋਰ ਅਨੋਖੀ ਕਹਾਣੀ ਪੜੋ੍ਹ, ਬੀਬੀ ਜਗੀਰ ਕੌਰ ਇੰਨੀ ਮੂੰਹ ਜੋਰ ਤ੍ਰੀਮਤ ਹੈ ਕਿ ਹਰ ਇਕ ਦੀ ਛੋਤ ਲਾਹ ਧਰੇ੍ਹ, ਕਿਉਂਕਿ ਡੇਰੇ ਦੀ ਪ੍ਰਧਾਨ ਹੈ, ਪਹਿਲਾਂ ਸਿਮਰਨਜੀਤ ਸਿੰਘ ਮਾਨ ਦੇ ਅੰਮ੍ਰਿਤਸਰ ਅਕਾਲੀ ਦਲ ਭਰਤੀ, ਫੇਰ ਬਾਦਲ ਸਾਹਬ ਨੇ ਮਾਣ ਦਿੱਤਾ, ਬੱਸ ਜੀ ਪਤੰਗ ਚੜ੍ਹਦਾ ਹੀ ਗਿਆ, ਵਜ਼ੀਰੀ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ, ਕਿਸਾਨਾਂ ਦੇ ਸੰਘਰਸ਼ ਵਿੱਚ ਸੁਰਗਵਾਸ ਹੋਏ ਬਜ਼ੁਰਗਾਂ ਨੂੰ ਲੱਖ-ਲੱਖ ਵੰਡ ਤਾ, ਪਰ ਪ੍ਰਧਾਨਗੀ ਤੋਂ ਹੱਥ ਧੋਤੇ ਗਏ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਛੱਡਤਾ । ਦੂਜੀ ਵਾਰ ਹੁਣ ਢੀਂਡਸਾ ਪਲ੍ਹਾ ਕਈ ਹੋਰ ਬਾਗੀ ਪਰ ਗੱਲ ਫੇਰ ਭੀ ਨਾ ਬਣੀ, ਬੋਲੀ ਦੇਖੋ ਕਹਿੰਦੀ ਅੰਦਰ ਮਰੀਆਂ ਜਮੀਰਾਂ ਵਾਲੇ ਬੈਠੇ ਨੇ, ਫੇਰ ਦਲ ਖੜ੍ਹਾ ਕਰ ਲਿਆ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਕਨਵੀਨਰੀ ਦੇ ਕੇ ਚੁੱਕ ਤਾ ਪਰ ਲੋਕੀ ਹੁਣ ਅੱਕੇ ਵੇ ਨੇ ਕਿ ਇਹ ਟੋਲਾ ਕੀ ਕਰਦਾ ਹੈ । ਫਿਰ ਤੁਰ ਕੇ ਹੁਣ ਕਹਿੰਦੇ ਜੀ ਚਲੋ ਜਥੇਦਾਰ ਦੇ ਘਰ ਪਧਾਰੋ ਜਾ ਕੇ ਅਰਜ਼ ਗੁਜ਼ਾਰੀ ਜੀ ਨਾ ਤਾਂ ਅਸਤੀਫੇ ਮਨਜ਼ੂਰ ਨਾਂ ਹੀ ਭਰਤੀ ਦੀ ਕੋਈ ਯੋਜਨਾ ਤੁਸੀਂ ਹੁਕਮ ਦਾਗੋ ਏਕਤਾ ਅਤਿ ਲਾਜ਼ਮੀ ਹੈ ਅਕਾਲੀ ਦਲ ਹੀ ਖੇਤਰੀ ਪਾਰਟੀ ਹੈ ਇਹਤੋਂ ਬਿਨਾਂ ਪੰਜਾਬ ਡੁੱਬ ਜਾਊ ਸਾਡੇ ਨਾਲ ਹੀ ਹੜ੍ਹ ਰੁਕੂ, ਅੱਗੋਂ ਬੀਬੀ ਪ੍ਰਧਾਨ ਧਾਮੀ &lsquoਤੇ ਔਖੀ ਤਾਂ ਹੈ ਹੀ ਜੇਕਰ ਤਾਂ ਇਹ ਜਥੇਦਾਰ ਨੂੰ ਮਿਲਣ ਤਾਂ ਪੰਥ ਪ੍ਰਸਤੀ, ਜੇ ਪ੍ਰਧਾਨ ਧਾਮੀ ਜੋ ਕਿ ਜਥੇਦਾਰਾਂ ਨੂੰ ਮਿਲਣ ਤਾਂ ਬੇਨਿਯਮੀ, ਕੁਝ ਬੋਲੀ ਤਾਂ ਇਕ ਹੋਰ ਹੀ ਚਲਾਕ ਪੱਤਰਕਾਰ ਧਾਮੀ ਸਾਹਬ ਨੂੰ ਬੀਬੀ ਆਹ ਕਹਿੰਦੀ ਹੈ ਅੱਗੋਂ ਧਾਮੀ ਸਾਹਬ ਨੂੰ ਭੀ ਗੁੱਸਾ ਚੜ੍ਹ ਗਿਆ ਤੇ ਕੋਈ ਕਬੋਲ ਬੋਲ ਧਰੇ ਤੇ ਆ ਵੱਜੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਜੀ ਪੇਸ਼ ਹੋਵੋ, ਇਸਤਰੀ ਜਾਤੀ ਦੀ ਤੌਹੀਨ ਕਰੀ ਹੈ, ਠੀਕ ਹੈ ਪਰ ਇਸਤਰੀ ਜਾਤੀ ਨੇ ਗਦੌੜਾ ਫੇਰਿਆ ਮੂੰਹ ਆਇਆ ਬੋਲਣ ਦਾ, ਪੱਤਰਕਾਰ ਤਾਂ ਚਮਗਿੱਦੜਾਂ ਵਾਂਗੂੰ ਚਿੱਚੜ ਬਣ ਚਿਮੜ ਜਾਂਦੇ ਨੇ ਗੱਲ ਨੂੰ, ਬੀਬੀ ਕੋਲ ਗਏ ਤੈਨੂੰ ਗਾਹਲਾਂ ਕੱਢੀਆਂ ਅੱਗੋਂ ਬੀਬੀ ਜੀ ਬੋਲੇ ਜੇ ਮੈਂ ਉਥੇ ਹੁੰਦੀ ਮੇਰੇ ਮੂੰਹ &lsquoਤੇ ਕਹਿੰਦਾ ਜਬਾੜ੍ਹਾ ਭੰਨ ਦਿੰਦੀ, ਸ਼ਾਬਾਸ਼ੇ ਇਸਤਰੀ ਜੀ, ਕੀ ਧਾਮੀ ਸਾਹਬ ਫੇਰ ਆਖਣ ਕਿ ਮੈਂ ਗੁਤਨੀ ਪੱਟ ਦੇਣੀ ਸੀ, ਜਬਾੜਾ ਭੰਨਣ &lsquoਤੇ, ਗੁੱਸਾ ਕੇਵਲ ਇਸਤਰੀਆਂ ਨੂੰ ਹੀ ਚੜ੍ਹ ਸਕਦਾ ਹੈ, ਮਨੁੱਖਾਂ ਦਾ ਤੱਤ ਦਾ ਅਪ੍ਰੇਸ਼ਨ ਕਰਿਆ ਗਿਆ ਏ, ਧਾਮੀ ਸਾਹਬ ਨੇ ਖਿਮਾਂ ਜਾਚਨਾ ਕਰ ਲਈ, ਮੁਆਫੀ ਮੰਗ ਲਈ, ਚੰਗੀ ਗੱਲ ਹੈ ਪਰ ਬੀਬੀ ਨੂੰ ਭੀ ਮਹਿਲਾ ਕਮਿਸ਼ਨ ਆਖੇ ਕਿ ਸਿਆਸਤ ਨੂੰ ਸੌੜੀ ਨਾ ਕਰੋ, ਬੀਬੀ ਦਾ ਭੀ ਮੂੰਹ ਪਿਆ ਹੈ ਮੁਸ਼ਕੜੀਆਂ ਹੱਸ ਕੇ ਸਭ ਨੂੰ ਨੀਮਾਂ ਸਮਝਣਾ, ਤੁਹਾਡਾ ਆਪਣਾ ਡੇਰਾ ਹੈ ਗੁਰਮਤ ਦੇ ਅਨਕੂਲ ਨਹੀਂ ਸ਼ੁਕਰ ਹੈ ਸ਼: ਮਰਿਯਾਦਾ ਵਿੱਚ ਤੁਹਾਨੂੰ ਸਤਿਕਾਰ ਮਿਲ ਗਿਆ ਪਰ ਇਹ ਗੁਰਮੱਤ ਦੇ ਵਿਰੁੱਧ ਹੈ ਅਕਾਲ ਤਖ਼ਤ &lsquoਤੇ ਬੈਠਣਾ ਹੀ ਤਖ਼ਤੀ ਨਹੀਂ ਮਰਿਯਾਦਾ ਧਾਰਮਿਕ ਵੱਲ ਫਰਜ਼ ਹਨ ਨਾ ਕਿ ਅਕਾਲੀ ਸਿਆਸੀ ਪਾਰਟੀ ਵੱਲ ਉਦੋਂ ਤਾਂ ਅਕਾਲੀ ਦਲ ਕੇਵਲ ਸੰਘਰਸ਼ ਲਈ ਸੀ, ਹੁਣ ਦੇਸ਼ ਦੀ ਪ੍ਰਮੰਨੀ ਪਾਰਟੀ ਹੈ ਨਾ ਕਿ ਗ੍ਰੰਥੀਆਂ ਅਧੀਨ, ਪੰਜਾਬ ਦਾ ਹਰ ਵਰਗ ਇਹਨੂੰ ਚੁਣਦਾ ਹੈ ਪਰ ਮੈਂਬਰ ਕੇਵਲ ਪਾਰਟੀ ਦੀ ਧਾਰਾ ਨਾਲ ਹੀ ਬਨਣਗੇ ਨਾ ਕਿ ਨੱਥੂ ਖੈਰੇ ਹਰ ਪਾਰਟੀ ਦਾ ਆਪਣਾ ਵਿਧਾਨ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਜਣਾ ਖਣਾ ਜਾ ਕੇ ਥਾਪੀਆਂ ਲਾਵੇ ।
ਚਲੋ ਆਪੇ ਨਿਬੇੜਨ ਪਾਈਆਂ ਅਸੀਂ ਕਿਉਂ ਭਿੱਜੀਏ ਇਸ ਮੀਂਹ ਵਿੱਚ, ਮੈਂ ਤਾਂ ਸਮਰਥੱਕ ਹਾਂ ਚਿੰਤਕ ਹਾਂ ਸਲਾਹ ਹੀ ਦੇ ਸਕਦੀ ਹਾਂ, ਅੱਗੇ ਸਥਿਤੀ ਤਾਂ ਉਨ੍ਹਾਂ ਨੇ ਵਾਚਣੀ ਹੈ, ਅਸੀਂ ਆਪਣੇ ਦੇਸ਼, ਭਾਈਚਾਰੇ ਦੀ ਬਣਤਰ ਵੱਲ ਧਿਆਨ ਦੇਈਏ, ਜੀਵਨ ਇਥੇ ਹੈ, ਭਵਿੱਖ ਦਾ ਗਮ ਹੈ ਕਿ ਜੇਕਰ ਰਿਫਾਰਮ ਪਾਰਟੀ ਆਊ ਜੋ ਕਿ ਪੂਰੀ ਸੰਭਾਵਨਾ ਹੈ ਹਰ ਬਾਹਰਲੇ ਵਸ਼ਿੰਦੇ ਦਾ ਭਵਿੱਖ ਧੁੰਦਲਾ ਹੈ ਕਿਉਂਕਿ ਜਦੋਂ ਕਿਸੇ ਦੇਸ਼ ਵਿੱਚ ਜਾ ਕੇ ਜੱਫੇ ਮਾਰੋ, ਰੱੁੱਖ ਬਦਲ ਜਾਂਦੇ ਨੇ ਬੱਸ ਇੰਨਾ ਹੀ ਲਿਖੂੰਗੀ, ਬਾਕੀ ਆਪੇ ਦੋ ਤੇ ਦੋ ਚਾਰ ਗਿਣੋ !
ਅੰਤ ਵਿੱਚ ਜੀਵਨ ਨੂੰ ਸੁਖਾਲਾ ਕਰਨ ਲਈ ਯਤਨ, ਹੰਭਲੇ ਮਾਰੀਏ ਤੇ ਆਪਣੇ ਬੱਚਿਆਂ ਦੇ ਭਵਿੱਖ ਵੱਲ ਝਾਤੀਆਂ ਮਾਰੀਏ । ਬੀਤੇ ਦਾ ਧੰਨਵਾਦ, ਆਮਦ ਦਾ ਜੀ ਆਇਆਂ ਖੁਸ਼ੀਆਂ ਭਰਿਆ ਆਵੇ ਸਭ ਪਾਸੇ ਹਰਿਆਵਲ ਹੀ ਦਿਸੇ, ਰੱਲ ਮਿਲ ਕੇ ਰਹਿਣ ਦੀ ਦਿਸ਼ਾ ਵੱਲ ਵਧੀਏ, ਹਰ ਵੇਲੇ ਧਰਮ ਨੂੰ ਧੁਰਾ ਬਣਾ ਕੇ ਝਗੜੇ ਨਾ ਸਹੇੜੀਏ, ਪ੍ਰਮਾਤਮਾਂ ਸਭ ਧਰਮਾਂ ਵਿੱਚ, ਵਰਗਾਂ ਵਿੱਚ ਪ੍ਰਵੇਸ਼ ਕਰੇ, ਹਿਰਦੇ ਸ਼ੁੱਧ ਕਰੇ, ਸਰਬੱਤ ਦੇ ਭਲੇ ਦੀ ਚਾਹਨਾ ਹੈ, ਆਰਜੂ ਹੈ ਪੂਰੀ ਕਰੇ ਮਿਹਰਾਂ ਵਾਲਾ । 
ਖੁਸ਼ ਰਹੋ, ਸੁਖੀ ਵੱਸੋ, ਅਗਲੇ ਵਰੇ੍ਹ ਹਾਜ਼ਰ ਹੋਵਾਂਗੀ, ਵਧਾਈਆਂ ਪ੍ਰਵਾਨ ਕਰਿਉ ਜੀ, ਧੰਨਵਾਦੀ ਹਾਂ ਪਰਚੇ ਦੀ ।
-ਬਲਵਿੰਦਰ ਕੌਰ ਚਾਹਲ ਸਾਊਥਾਲ