ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨ ਵਿੱਚ ਆਨਾਕਾਨੀ ਨਾ ਕਰੇ ਅਕਾਲੀ ਦਲ: ਜਥੇਦਾਰ ਰਘਬੀਰ ਸਿੰਘ
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਸੀਹਤ ਦਿੱਤੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਨ ਵਿੱਚ ਆਨਾਕਾਨੀ ਨਾ ਕਰੇ। ਇਸ ਦੇ ਨਾਲ ਹੀ ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ iਖ਼ਲਾਫ਼ ਸ਼ਿਕਾਇਤ ਦਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਹੇਠ ਨਾ ਆਉਣ ਦਾ ਦਾਅਵਾ ਕਰਦਿਆਂ ਜਾਂਚ ਅਕਾਲ ਤਖ਼ਤ ਨੂੰ ਸੌਂਪਣ ਦੀ ਗੱਲ ਆਖੀ। ਇਸ ਦੌਰਾਨ ਉਨ੍ਹਾਂ ਅੱਜ ਇੱਥੇ ਸਿੱਖ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਸੁਣਾਏ ਗਏ ਪੰਜ ਸਿੰਘ ਸਾਹਿਬਾਨ ਦੇ ਫੈਸਲੇ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਦੇ ਅਸਤੀਫਿਆਂ ਨੂੰ ਪ੍ਰਵਾਨ ਕਰਨ ਵਿੱਚ ਆਨਾਕਾਨੀ ਨਹੀਂ ਕਰਨੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਤੋਂ ਗਿਆਨੀ ਰਘਬੀਰ ਸਿੰਘ ਸਣੇ ਪੰਜ ਸਿੰਘ ਸਾਹਿਬਾਨ ਵੱਲੋਂ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਤਨਖਾਹ ਲਗਾਈ ਗਈ ਸੀ। ਇਸ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਆਦੇਸ਼ ਕੀਤਾ ਗਿਆ ਸੀ ਕਿ ਉਹ ਸੁਖਬੀਰ ਸਿੰਘ ਬਾਦਲ ਸਣੇ ਹੋਰਨਾਂ ਦੇ ਅਸਤੀਫੇ ਪ੍ਰਵਾਨ ਕਰੇ ਅਤੇ ਤਿੰਨ ਦਿਨਾਂ ਦੇ ਅੰਦਰ ਇਸ ਦੀ ਰਿਪੋਰਟ ਅਕਾਲ ਤਖ਼ਤ ਨੂੰ ਭੇਜੀ ਜਾਵੇ ਪਰ ਅਜਿਹਾ ਨਹੀਂ ਹੋਇਆ।
ਉਸ ਵੇਲੇ ਅਕਾਲੀ ਦਲ ਦੇ ਤਰਜਮਾਨ ਡਾ. ਦਲਜੀਤ ਸਿੰਘ ਚੀਮਾ ਨੇ ਦਾਅਵਾ ਕੀਤਾ ਸੀ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਕੋਲੋਂ 20 ਦਿਨਾਂ ਦਾ ਸਮਾਂ ਹੋਰ ਮੰਗਿਆ ਗਿਆ ਹੈ ਅਤੇ ਤਨਖਾਹ ਪੂਰੀ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਫੈਸਲੇ &rsquoਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਹੁਣ ਇਹ ਸਮਾਂ ਵੀ ਪੂਰਾ ਹੋ ਚੁੱਕਾ ਹੈ ਪਰ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਦੇ ਅਸਤੀਫੇ ਪ੍ਰਵਾਨ ਕਰ ਕੇ ਇਸ ਸਬੰਧੀ ਰਿਪੋਰਟ ਅਕਾਲ ਤਖ਼ਤ &rsquoਤੇ ਨਹੀਂ ਭੇਜੀ ਗਈ ਹੈ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ iਖ਼ਲਾਫ਼ ਆਈ ਸ਼ਿਕਾਇਤ ਦੇ ਮਾਮਲੇ ਵਿੱਚ ਜਾਂਚ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੇ ਮਾਮਲੇ ਵਿੱਚ ਵੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਹੇਠ ਨਹੀਂ ਆਉਂਦਾ ਹੈ ਅਤੇ ਇਸ ਦੀ ਜਾਂਚ ਅਕਾਲ ਤਖ਼ਤ ਨੂੰ ਸੌਂਪੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ &rsquoਤੇ ਉਹ ਸ਼੍ਰੋਮਣੀ ਕਮੇਟੀ ਕੋਲ ਪਹਿਲਾਂ ਹੀ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਣੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ
ਰੂਪਨਗਰ- ਇੱਥੇ ਅੱਜ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਮੌਜੂਦ ਸੀ। ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਕੀਰਤਨ ਸਰਵਣ ਕਰਨ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ ਉਨ੍ਹਾਂ ਸਮੂਹ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ।
ਅੰਦੋਲਨਕਾਰੀ ਕਿਸਾਨ ਕਮੇਟੀ ਨਾਲ ਗੱਲਬਾਤ ਲਈ ਸਹਿਮਤ : ਪੰਜਾਬ ਸਰਕਾਰ
ਪਟਿਆਲਾ : ਕਿਸਾਨ ਅੰਦੋਲਨ ਨੂੰ ਲੈ ਕੇ ਸੋਮਵਾਰ (6 ਜਨਵਰੀ) ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਜਿਸ ਵਿੱਚ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ ਕਿਸਾਨ ਆਗੂ ਜਗਜੀਤ ਡੱਲੇਵਾਲ ਅਦਾਲਤ ਵੱਲੋਂ ਬਣਾਈ ਕਮੇਟੀ ਨੂੰ ਮਿਲਣ ਲਈ ਰਾਜ਼ੀ ਹੋ ਗਏ ਹਨ। ਪੰਜਾਬ ਸਰਕਾਰ ਵੱਲੋਂ ਸੀਨੀਅਰ ਵਕੀਲ ਕਪਿਲ ਸਿੱਬਲ ਪੇਸ਼ ਹੋਏ। ਦਰਅਸਲ ਇਸ ਤੋਂ ਪਹਿਲਾਂ ਡੱਲੇਵਾਲ ਨੇ ਕਮੇਟੀ ਦੇ ਚੇਅਰਮੈਨ ਸੇਵਾਮੁਕਤ ਜਸਟਿਸ ਨਵਾਬ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਨ੍ਹਾਂ ਦਾ ਵਫ਼ਦ 4 ਨਵੰਬਰ 2024 ਨੂੰ ਸੁਪਰੀਮ ਕੋਰਟ ਦੀ ਕਮੇਟੀ ਨੂੰ ਮਿਲਿਆ ਸੀ ਪਰ ਕਮੇਟੀ ਨੂੰ ਸ਼ੰਭੂ ਅਤੇ ਖਨੌਰੀ ਸਰਹੱਦ ਦਾ ਦੌਰਾ ਕਰਨ ਦਾ ਸਮਾਂ ਨਹੀਂ ਮਿਲਿਆ। ਕੀ ਉਹ ਮੇਰੀ ਮੌਤ ਦੀ ਉਡੀਕ ਕਰ ਰਹੇ ਸਨ? ਉਦੋਂ ਡੱਲੇਵਾਲ ਨੇ ਕਿਹਾ ਸੀ ਕਿ ਅਸੀਂ ਕੇਂਦਰ ਸਰਕਾਰ ਨਾਲ ਹੀ ਗੱਲ ਕਰਾਂਗੇ।
ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਇਤੂਕਾ ਦੀ 116 ਸਾਲ ਦੀ ਉਮਰ ਵਿੱਚ ਮੌਤ
ਟੋਕੀਓ: ਜਪਾਨ ਵਿੱਚ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਤੋਮਿਕੋ ਇਤੂਕਾ ਦੀ 116 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। &lsquoਗਿਨੀਜ਼ ਵਰਲਡ ਰਿਕਾਰਡ&rsquo ਮੁਤਾਬਕ ਜਪਾਨ ਦੀ ਰਹਿਣ ਵਾਲੀ ਇਤੂਕਾ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਸੀ। ਮੱਧ ਜਾਪਾਨ ਦੇ ਹਯੋਗੋ ਪ੍ਰੀਫੈਕਚਰ ਦੇ ਆਸ਼ੀਆ ਵਿੱਚ 29 ਦਸੰਬਰ ਨੂੰ ਉਸ ਦੀ ਮੌਤ ਹੋਈ। ਉਸ ਦਾ ਜਨਮ 23 ਮਈ 1908 ਨੂੰ ਓਸਾਕਾ ਵਿੱਚ ਹੋਇਆ ਸੀ। ਪਿਛਲੇ ਸਾਲ 117 ਸਾਲਾ ਮਾਰੀਆ ਬ੍ਰਾਨੀਆਸ ਦੀ ਮੌਤ ਤੋਂ ਬਾਅਦ ਉਹ ਸਭ ਤੋਂ ਬਜ਼ੁਰਗ ਔਰਤ ਬਣ ਗਈ ਸੀ। ਇਤੂਕਾ ਹਾਈ ਸਕੂਲ ਵਿੱਚ ਵਾਲੀਬਾਲ ਖਿਡਾਰਨ ਸੀ। ਉਸ ਨੇ 3,067 ਮੀਟਰ (10,062 ਫੁੱਟ) ਉੱਚੀ ਚੋਟੀ ਮਾਊਂਟ ਓਨਟੇਕ ਦੋ ਵਾਰ ਸਰ ਕੀਤੀ।
ਮੇਲਾਨੀਆ ਦੇ ਜੀਵਨ 'ਤੇ ਅਧਾਰਿਤ ਦਸਤਾਵੇਜ਼ੀ ਫਿਲਮ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਹੋਵੇਗੀ ਪ੍ਰਸਾਰਿਤ
ਲਾਸ ਏਂਜਲਸ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦੇ ਜੀਵਨ 'ਤੇ ਆਧਾਰਿਤ ਇਕ ਦਸਤਾਵੇਜ਼ੀ ਫਿਲਮ ਓਟੀਟੀ (ਓਵਰ ਦਾ ਟਾਪ) ਪਲੇਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਪ੍ਰਸਾਰਿਤ ਕੀਤੀ ਜਾਵੇਗੀ। ਐਮਾਜ਼ੋਨ ਪ੍ਰਾਈਮ ਵੀਡੀਓ ਨੇ ਐਤਵਾਰ ਨੂੰ ਕਿਹਾ ਕਿ ਬ੍ਰੈਟ ਰੈਟਨਰ ਦੁਆਰਾ ਨਿਰਦੇਸ਼ਤ ਦਸਤਾਵੇਜ਼ੀ ਫਿਲਮ ਇਸ ਸਾਲ ਦੇ ਅੰਤ ਵਿਚ ਰਿਲੀਜ਼ ਕੀਤੀ ਜਾਵੇਗੀ। ਕੰਪਨੀ ਨੇ ਕਿਹਾ ਕਿ ਇਸ 'ਚ ਦਰਸ਼ਕਾਂ ਨੂੰ ਮੇਲਾਨੀਆ ਦੀ ਜ਼ਿੰਦਗੀ ਦੇ 'ਅਣਪਛਾਤੇ ਪਹਿਲੂਆਂ' ਬਾਰੇ ਜਾਣਨ ਦਾ ਮੌਕਾ ਮਿਲੇਗਾ।
ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਐੱਚ-1 ਬੀ ਵੀਜ਼ਾ &rsquoਤੇ ਬਹਿਸ ਤੇਜ਼
ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਐੱਚ-1ਬੀ ਵੀਜ਼ਾ &rsquoਤੇ ਬਹਿਸ ਤੇਜ਼ ਹੋ ਗਈ ਹੈ। ਇਸਦੇ ਕਾਰਨ ਟਰੰਪ ਦੀ ਰਿਪਬਲਿਕਨ ਪਾਰਟੀ ਤੇ ਰਾਸ਼ਟਰਪਤੀ ਜੋਅ ਬਾਇਡਨ ਦੀ ਡੈਮੋਕ੍ਰੇਟਿਕ ਪਾਰਟੀ ਦਰਮਿਆਨ ਮਤਭੇਦ ਪੈਦਾ ਹੋ ਗਏ ਹਨ। ਇਹ ਵੀਜ਼ਾ ਭਾਰਤੀ ਪੇਸ਼ੇਵਰਾਂ &rsquoਚ ਬੇਹੱਦ ਪਸੰਦੀਦਾ ਹੈ। ਅਮਰੀਕੀ ਟੈਕਨਾਲੋਜੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਾਮਿਆਂ ਨੂੰ ਨਿਯੁਕਤ ਕਰਨ ਲਈ ਐੱਚ-1 ਵੀਜ਼ੇ &rsquoਤੇ ਨਿਰਭਰ ਰਹਿੰਦੀਆਂ ਹਨ। ਇਸ ਵੀਜ਼ੇ ਦੇ ਸਭ ਤੋਂ ਵੱਧ ਲਾਭਪਾਤਰੀ ਭਾਰਤੀ ਹਨ। ਟਰੰਪ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਪਤੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਨੇ ਐੱਚ-1ਬੀ ਵੀਜ਼ਾ ਦਾ ਸਮਰਥਨ ਕੀਤਾ ਹੈ। ਉਨ੍ਹਾਂ ਦੇ ਦੋ ਕਰੀਬੀ ਭਰੋਸੇਯੋਗਾਂ ਟੈਸਲਾ ਦੇ ਮਾਲਕ ਐਲਨ ਮਸਕ ਤੇ ਉੱਦਮੀ ਵਿਵੇਕ ਰਾਮਾਸਵਾਮੀ ਵੀ ਇਸ ਵੀਜ਼ੇ ਦਾ ਸਮਰਥਨ ਕਰ ਰਹੇ ਹਨ। ਟਰੰਪ ਨੇ ਮਸਕ ਤੇ ਰਾਮਾਸਵਾਮੀ ਨੂੰ ਨਵੀਂ ਗਠਿਤ ਸਰਕਾਰੀ ਮੁਹਾਰਤ ਵਿਭਾਗ ਦੀ ਅਗਵਾਈ ਕਰਨ ਲਈ ਨਾਮਜ਼ਦ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਨਿਊਯਾਰਕ ਪੋਸਟ ਨੂੰ ਕਿਹਾ ਕਿ ਮੈਂ ਹਮੇਸ਼ਾ ਇਸ ਵੀਜ਼ੇ ਨੂੰ ਪਸੰਦ ਕੀਤਾ ਹੈ। ਮੈਂ ਹਮੇਸ਼ਾ ਤੋਂ ਇਸਦੇ ਹੱਕ ਵਿਚ ਰਿਹਾ ਹਾਂ। ਮੈਨੂੰ ਹਮੇਸ਼ਾ ਤੋਂ ਲੱਗਦਾ ਹੈ ਕਿ ਸਾਡੇ ਦੇਸ਼ &rsquoਚ ਸਭ ਤੋਂ ਸਮਰੱਥ ਲੋਕ ਹੋਣੇ ਚਾਹੀਦੇ ਹਨ। ਸਾਨੂੰ ਸਮਰੱਥ ਲੋਕਾਂ ਦੀ ਲੋੜ ਹੈ। ਸਾਡੇ ਕੋਲ ਅਜਿਹੀਆਂ ਨੌਕਰੀਆਂ ਹੋਣਗੀਆਂ, ਜਿਹੜੀਆਂ ਪਹਿਲਾਂ ਕਦੇ ਨਹੀਂ ਸਨ। ਮਸਕ ਤੇ ਰਾਮਾਸਵਾਮੀ ਨੇ ਵੀ ਦਲੀਲ ਦਿੱਤੀ ਕਿ ਸਰਬੋਤਮ ਪ੍ਰਤਿਭਾਵਾਂ ਨੂੰ ਖਿੱਚਣ ਲਈ ਐੱਚ-1ਬੀ ਵੀਜ਼ਾ ਜ਼ਰੂਰੀ ਹੈ, ਜਦਕਿ ਟਰੰਪ ਦੇ ਹੀ ਕੁਝ ਹਮਾਇਤੀਆਂ ਦਾ ਕਹਿਣਾ ਹੈ ਕਿ ਐੱਚ-1ਬੀ ਵੀਜ਼ਾ ਦੇ ਕਾਰਨ ਅਮਰੀਕੀਆਂ ਦੀਆਂ ਨੌਕਰੀਆਂ ਖਤਮ ਹੋ ਰਹੀਆਂ ਹਨ ਪਰ ਮਸਕ ਤੇ ਰਾਮਾਸਵਾਮੀ ਨੇ ਵੀਜ਼ੇ ਦਾ ਸਮਰਥਨ ਕੀਤਾ ਹੈ।
ਹਿਲੇਰੀ ਅਤੇ ਮੈਸੀ ਸਣੇ 19 ਹਸਤੀਆਂ ਸਨਮਾਨਿਤ
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ, ਵਿਵਾਦਤ ਨਿਵੇਸ਼ਕ ਜੌਰਜ ਸੋਰੋਸ, ਵੋਗ ਮੈਗਜ਼ੀਨ ਦੀ ਮੁੱਖ ਸੰਪਾਦਕ ਐਨਾ ਵਿਨਟੌਰ, ਵਿਗਿਆਨੀ ਬਿਲ ਨੇਈ, ਅਦਾਕਾਰ ਡੇਨਜ਼ੇਲ ਵਾਸ਼ਿੰਗਟਨ ਅਤੇ ਫੁਟਬਾਲਰ ਲਿਓਨਲ ਮੈਸੀ ਸਮੇਤ 19 ਵਿਅਕਤੀਆਂ ਨੂੰ ਅਮਰੀਕਾ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ &lsquoਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫਰੀਡਮ&rsquo ਨਾਲ ਸਨਮਾਨਿਤ ਕੀਤਾ। ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਅਮਰੀਕਾ ਦੀ ਖੁਸ਼ਹਾਲੀ, ਉਸ ਦੀਆਂ ਕਦਰਾਂ-ਕੀਮਤਾਂ, ਸੁਰੱਖਿਆ ਅਤੇ ਵਿਸ਼ਵ ਸ਼ਾਂਤੀ &rsquoਚ ਅਹਿਮ ਯੋਗਦਾਨ ਦਿੱਤਾ ਹੋਵੇ ਜਾਂ ਜਨਤਕ ਤੇ ਨਿੱਜੀ ਖੇਤਰਾਂ &rsquoਚ ਮਹੱਤਵਪੂਰਨ ਕੰਮ ਕੀਤੇ ਹੋਣ। ਮੈਸੀ ਖੁਦ ਪੁਰਸਕਾਰ ਲੈਣ ਲਈ ਹਾਜ਼ਰ ਨਾ ਹੋ ਸਕੇ। ਕਈ ਹੋਰ ਹਸਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਤਰਫ਼ੋਂ ਮੈਡਲ ਹਾਸਲ ਕੀਤੇ। ਅਮਰੀਕਾ &rsquoਚ ਨਸਲੀ ਨਿਆਂ ਲਈ ਸੰਘਰਸ਼ ਕਰਨ ਵਾਲੇ ਫੈਨੀ ਲੂ ਹੈਮਰ, ਸਾਬਕਾ ਰੱਖਿਆ ਮੰਤਰੀ ਐਸ਼ਟਨ ਕਾਰਟਰ, ਸਾਬਕਾ ਅਟਾਰਨੀ ਜਨਰਲ ਰੌਬਰਟ ਫਰਾਂਸਿਸ ਕੈਨੇਡੀ ਅਤੇ ਕਾਰੋਬਾਰੀ ਜੌਰਜ ਡਬਲਿਊ ਰੋਮਨੀ ਨੂੰ ਮਰਨ ਉਪਰੰਤ ਇਹ ਮੈਡਲ ਪ੍ਰਦਾਨ ਕੀਤਾ ਗਿਆ।
ਅਮਰੀਕੀ ਪ੍ਰਤੀਨਿਧੀ ਸਭਾ ਦੇ ਫਿਰ ਪ੍ਰਧਾਨ ਚੁਣੇ ਗਏ ਮਾਈਕ ਜਾਨਸਨ
ਵਾਸ਼ਿੰਗਟਨ: ਰਿਪਬਲਿਕਨ ਪਾਰਟੀ ਦੇ ਨੇਤਾ ਅਤੇ ਸੰਸਦ ਮੈਂਬਰ ਮਾਈਕ ਜਾਨਸਨ ਸ਼ੁੱਕਰਵਾਰ ਨੂੰ ਤਿੰਨ ਵੋਟਾਂ ਦੇ ਮਾਮੂਲੀ ਫਰਕ ਨਾਲ ਜਿੱਤ ਨਾਲ ਅਮਰੀਕੀ ਪ੍ਰਤੀਨਿਧੀ ਸਭਾ ਦੇ ਸਪੀਕਰ ਚੁਣੇ ਗਏ। ਰਿਪਬਲਿਕਨ ਪਾਰਟੀ ਕੋਲ ਸਦਨ ਵਿਚ 219 ਸੀਟਾਂ ਹਨ, ਜਦੋਂਕਿ ਡੈਮੋਕ੍ਰੇਟਿਕ ਪਾਰਟੀ ਕੋਲ 215 ਸੀਟਾਂ ਹਨ। ਲੂਸੀਆਨਾ ਦੇ ਚੌਥੇ ਕਾਂਗਰੇਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਨ ਵਾਲੇ 52 ਸਾਲਾ ਜਾਨਸਨ ਨੂੰ 218 ਵੋਟਾਂ ਮਿਲੀਆਂ, ਜਦੋਂਕਿ ਡੈਮੋਕ੍ਰੇਟਿਕ ਪਾਰਟੀ ਦੇ ਹਕੀਮ ਜੈਫਰੀਜ਼ ਨੂੰ 215 ਵੋਟਾਂ ਮਿਲੀਆਂ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਨਸਨ ਨੂੰ ਸਪੀਕਰ ਦੇ ਤੌਰ 'ਤੇ ਮੁੜ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, &ldquoਕਾਂਗਰਸ ਵਿਚ ਬੇਮਿਸਾਲ ਭਰੋਸੇ ਦਾ ਵੋਟ ਪ੍ਰਾਪਤ ਕਰਨ ਲਈ ਸਪੀਕਰ ਮਾਈਕ ਜਾਨਸਨ ਨੂੰ ਵਧਾਈ। ਮਾਈਕ ਇਕ ਸ਼ਾਨਦਾਰ ਸਪੀਕਰ ਹੋਵੇਗਾ ਜੋ ਸਾਡੇ ਦੇਸ਼ ਨੂੰ ਲਾਭ ਪਹੁੰਚਾਏਗਾ।'' ਚੋਣ ਜਿੱਤਣ ਤੋਂ ਬਾਅਦ ਜਾਨਸਨ ਨੇ ਕਿਹਾ, ''ਇਹ ਮੇਰੇ ਲਈ ਸਨਮਾਨ ਦੀ ਗੱਲ ਹੈ। ਇਹ ਸਾਡੇ ਇਤਿਹਾਸ ਦਾ ਅਹਿਮ ਸਮਾਂ ਹੈ।'' ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ 119ਵੀਂ ਕਾਂਗਰਸ ਦੇ ਮੈਂਬਰਾਂ ਨੂੰ ਸਹੁੰ ਚੁਕਾਈ।
ਟਰੰਪ ਦੇ ਸਹੁੰ ਚੁੱਕ ਸਮਾਗਮ ਦੌਰਾਨ ਅੱਧਾ ਝੁਕਿਆ ਰਹੇਗਾ ਅਮਰੀਕਾ ਦਾ ਝੰਡਾ
ਅਮਰੀਕਾ ਦੇ ਇਤਿਹਾਸ ਵਿਚ ਸੰਭਵ ਤੌਰ &lsquoਤੇ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ 20 ਜਨਵਰੀ ਨੂੰ ਉਸ ਦੇ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਦੇਸ਼ ਦਾ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਇਹ ਫੈਸਲਾ ਮੌਜੂਦਾ ਰਾਸ਼ਟਰਪਤੀ ਜੋ ਬਾਇਡੇਨ ਦਾ ਹੈ। ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਇਡੇਨ ਦੇ ਇਸ ਫੈਸਲੇ &lsquoਤੇ ਸਵਾਲ ਚੁੱਕਦੇ ਕਿਹਾ ਕਿ ਡੈਮੋਕ੍ਰੇਟਸ ਨੂੰ ਦੇਸ਼ ਨਾਲ ਸ਼ਾਇਦ ਪਿਆਰ ਨਹੀਂ। ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਆਉਣ ਵਾਲੀ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਪਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਇਸ ਦੌਰਾਨ ਅਮਰੀਕਾ ਦਾ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਅਮਰੀਕਾ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਉਸ ਦੇਸ਼ ਦਾ ਰਾਸ਼ਟਰੀ ਝੰਡਾ ਸ਼ਾਨ ਨਾਲ ਲਹਿਰਾ ਨਹੀਂ ਸਕੇਗਾ।
ਬਾਇਡੇਨ ਦੇ ਇਸ ਫੈਸਲੇ ਤੋਂ ਟਰੰਪ ਹੈਰਾਨ ਤੇ ਪ੍ਰੇਸ਼ਾਨ ਹੋ ਗਏ ਹਨ। ਟਰੰਪ ਇਸ ਗੱਲ ਤੋਂ ਹੈਰਾਨ ਹਨ ਕਿ ਜਦੋਂ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ &lsquoਤੇ ਦੇਸ਼ ਦੇ ਰਾਸ਼ਟਰੀ ਝੰਡੇ ਨੂੰ ਸ਼ਾਨ ਨਾਲ ਹਵਾ ਵਿਚ ਲਹਿਰਾਉਣਾ ਸੀ, ਉਦੋਂ ਪੂਰੇ ਦੇਸ਼ ਦੇ ਝੰਡੇ ਅੱਧੇ ਝੁਕੇ ਰਹਿਣਗੇ। ਬਾਇਡੇਨ ਦੇ ਇਸ ਫੈਸਲੇ ਦਾ ਟਰੰਪ ਨਾ ਤਾਂ ਖੁੱਲ੍ਹ ਕੇ ਵਿਰੋਧ ਕਰ ਪਾ ਰਹੇ ਹਨ ਤੇ ਨਾ ਹੀ ਉਸ ਦਾ ਸਵਾਗਤ ਕਰ ਪਾ ਰਹੇ ਹਨ।
ਸੱਜਣ ਕੁਮਾਰ ਦੇ ਸਾਥੀ ਬਲਵਾਨ ਖੋਖਰ ਨੂੰ ਸੁਪਰੀਮ ਕੋਰਟ ਨੇ ਨਹੀਂ ਦਿੱਤੀ ਜ਼ਮਾਨਤ
ਅੱਜ 1984 ਸਿੱਖ ਨਸਲਕੁਸ਼ੀ ਦੇ ਇਕ ਮਾਮਲੇ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਸੀ। ਇਹ ਮਾਮਲਾ ਸੱਜਣ ਕੁਮਾਰ ਤੇ ਉਸ ਦੇ ਸਾਥੀ ਬਲਵਾਨ ਖੋਖਰ ਨਾਲ ਸਬੰਧਤ ਹੈ। ਦਰਅਸਲ ਬਲਵਾਨ ਖੋਖਰ ਨੇ ਪਿਛਲੇ ਦਿਨੀਂ ਸੁਪਰੀਮ ਕੋਰਟ ਵਿਚ ਇਕ ਅਰਜ਼ੀ ਦਾਖਲ ਕਰਕੇ ਇਹ ਕਹਿੰਦਿਆਂ ਜ਼ਮਾਨਤ ਮੰਗੀ ਸੀ ਉਸ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗੀਆਂ ਹੋਈਆਂ ਹਨ ਤੇ ਉਸ ਦਾ 50% ਸਰੀਰ ਕੰਮ ਨਹੀਂ ਕਰਦਾ। ਇਸ ਦੇ ਨਾਲ ਉਸ ਨੇ ਕਿਹਾ ਕਿ ਕੁੱਲ ਮਿਲਾ ਕੇ ਉਹ ਪਿਛਲੇ 12 ਸਾਲ ਤੋਂ ਜੇਲ ਵਿਚ ਹੈ। ਇਸ ਲਈ ਉਸ ਨੂੰ ਜ਼ਮਾਨਤ ਦਿੱਤੀ ਜਾਵੇ। ਬਲਵਾਨ ਖੋਖਰ ਦੀ ਇਸ ਅਰਜ਼ੀ ਦਾ ਵਿਰੋਧ ਕਰਦਿਆਂ ਸਿੱਖ ਵਕੀਲ ਐਚਐਸ ਫੂਲਕਾ ਨੇ ਕਿਹਾ ਕਿ ਇਹ ਮਾਮਲਾ ਸਿੱਧੇ ਤੌਰ 'ਤੇ 5 ਕਤਲਾਂ ਨਾਲ ਜੁੜਿਆਂ ਹੋਇਆ ਹੈ। ਇਸ ਤੋਂ ਇਲਾਵਾ ਉਸ ਇਲਾਕੇ ਵਿਚ 241 ਸਿੱਖਾਂ ਦਾ ਕਤਲ ਹੋਇਆ ਸੀ ਤੇ ਭੀੜ ਦੀ ਅਗਵਾਈ ਉਹ ਲੋਕ ਕਰ ਰਹੇ ਸਨ। ਇਸ ਲਈ ਉਹ ਲੋਕ ਜ਼ਮਾਨਤ ਦੇ ਹੱਕਦਾਰ ਨਹੀਂ ਹੈ। ਫੂਲਕਾ ਦੀਆਂ ਦਲੀਲਾਂ ਸੁਣ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਜੇਕਰ ਅੱਜ ਇਕ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਤਾਂ ਉਸ ਤੋਂ ਬਾਅਦ ਦੂਜਾ ਦੋਸ਼ੀ ਵੀ ਜ਼ਮਾਨਤ ਅਰਜ਼ੀ ਦਾਇਰ ਕਰੇਗਾ।
ਕੰਗਨਾ ਦੀ ਫ਼ਿਲਮ &lsquoਐਮਰਜੈਂਸੀ&rsquo ਦਾ ਨਵਾਂ ਟ੍ਰੇਲਰ ਹੋਇਆ ਰਿਲੀਜ਼, 17 ਜਨਵਰੀ ਨੂੰ ਰਿਲੀਜ਼ ਹੋਵੇਗੀ
ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਦੇ ਮੰਡੀ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਦੀ ਫ਼ਿਲਮ &lsquoਐਮਰਜੈਂਸੀ&rsquo ਦਾ ਨਵਾਂ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਕੰਗਨਾ ਨੇ ਟ੍ਰੇਲਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਯ &lsquoਤੇ ਸ਼ੇਅਰ ਕੀਤਾ ਹੈ। ਇਸ ਫ਼ਿਲਮ &lsquoਤੇ ਇਤਰਾਜ਼ਾਂ ਤੋਂ ਬਾਅਦ ਕੁੱਝ ਸੀਨ ਹਟਾ ਦਿੱਤੇ ਗਏ ਹਨ। ਕਰੀਬ 3 ਮਹੀਨੇ ਪਹਿਲਾਂ ਸੈਂਸਰ ਬੋਰਡ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਹ ਫ਼ਿਲਮ 17 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਇਹ ਫ਼ਿਲਮ 6 ਸਤੰਬਰ 2024 ਨੂੰ ਰਿਲੀਜ਼ ਹੋਣੀ ਸੀ, ਪਰ ਇਸ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਤੋਂ ਮਨਜ਼ੂਰੀ ਨਹੀਂ ਮਿਲੀ ਸੀ।
ਸਿੱਖ ਜਥੇਬੰਦੀਆਂ ਨੇ ਇਸ ਫ਼ਿਲਮ ਦੇ ਟ੍ਰੇਲਰ ਵਿੱਚ ਦਿਖਾਏ ਗਏ ਦ੍ਰਿਸ਼ਾਂ &lsquoਤੇ ਇਤਰਾਜ਼ ਜਤਾਇਆ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਫ਼ਿਲਮ ਐਮਰਜੈਂਸੀ ਵਿੱਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਸਮਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਖਦਸ਼ਾ ਹੈ। ਛਭਢਛ ਨੇ ਸਿੱਖ ਜਥੇਬੰਦੀਆਂ ਦੇ ਇਤਰਾਜ਼ ਤੋਂ ਬਾਅਦ ਫ਼ਿਲਮ ਦਾ ਸਰਟੀਫਿਕੇਟ ਰੋਕ ਦਿੱਤਾ ਸੀ।
ਛਭਢਛ ਨੇ ਇਸ ਫ਼ਿਲਮ ਦੇ 3 ਸੀਨ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਨਾਲ ਹੀ ਸਖ਼ਤ ਹਦਾਇਤਾਂ ਵੀ ਦਿੱਤੀਆਂ ਗਈਆਂ ਸਨ ਕਿ ਫ਼ਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਇਸ ਵਿੱਚ 10 ਬਦਲਾਅ ਕੀਤੇ ਜਾਣ। ਸੈਂਸਰ ਬੋਰਡ ਨੇ ਮਣੀਕਰਨਿਕਾ ਫਿਲਮਜ਼ ਪ੍ਰਾਈਵੇਟ ਲਿਮਟਿਡ ਨੂੰ 10 ਬਦਲਾਅ ਦੀ ਸੂਚੀ ਭੇਜੀ ਸੀ। ਇਨ੍ਹਾਂ &lsquoਚੋਂ ਜ਼ਿਆਦਾਤਰ ਦ੍ਰਿਸ਼ ਉਹ ਸਨ, ਜਿਨ੍ਹਾਂ &lsquoਤੇ ਸਿੱਖ ਜਥੇਬੰਦੀਆਂ ਵੱਲੋਂ ਇਤਰਾਜ਼ ਉਠਾਇਆ ਗਿਆ ਸੀ।
ਬੱਚੇ ਦੇ ਵਾਲ ਪੁੱਟਣ ਵਾਲੀ ਪ੍ਰਿੰਸੀਪਲ ਨੇ ਮੰਗੀ ਮਾਫ਼ੀ
ਹੁਸ਼ਿਆਰਪੁਰ : ਦਰਅਸਲ ਪੰਜਾਬ ਦੇ ਹੁਸ਼ਿਆਰਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਇੱਕ ਸਿੱਖ ਵਿਦਿਆਰਥੀ ਨੂੰ ਮਹਿਲਾ ਅਧਿਆਪਕ ਵੱਲੋਂ ਕੁੱਟਣ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਮਾਮਲੇ ਵਿੱਚ ਉਕਤ ਮਹਿਲਾ ਅਧਿਆਪਕਾ ਨੇ ਬੱਚੇ ਦੇ ਪਰਿਵਾਰ ਤੋਂ ਲਿਖਤੀ ਰੂਪ ਵਿੱਚ ਮੁਆਫੀ ਮੰਗ ਲਈ ਹੈ। ਇਹ ਮਾਮਲਾ ਸਿਰਫ਼ ਇੱਕ ਅਧਿਆਪਕ ਦੀ ਗਲਤੀ ਨਹੀਂ ਹੈ, ਪਰ ਸਿੱਖਿਆ ਪ੍ਰਣਾਲੀ ਵਿੱਚ ਕੁਝ ਆਧੁਨਿਕ ਪਹੁੰਚ ਦੀ ਕਮੀ ਨੂੰ ਵੀ ਦਰਸਾਉਂਦਾ ਹੈ। ਸਿੱਖ ਵਿਦਿਆਰਥੀ ਦੇ ਨਾਲ ਹੋਇਆ ਇਹ ਵਰਤਾਵ ਨਾ ਸਿਰਫ ਧਾਰਮਿਕ ਸੰਵੇਦਨਸ਼ੀਲਤਾ ਨੂੰ ਠੇਸ ਪਹੁੰਚਾਉਂਦਾ ਹੈ, ਸਗੋਂ ਬੱਚਿਆਂ ਦੇ ਮਨੋਵਿਗਿਆਨਿਕ ਵਿਕਾਸ ਲਈ ਵੀ ਨੁਕਸਾਨਦੇਹ ਹੈ। ਇਸ ਮਾਮਲੇ ਵਿੱਚ ਉਕਤ ਮਹਿਲਾ ਅਧਿਆਪਕਾ ਨੇ ਬੱਚੇ ਦੇ ਪਰਿਵਾਰ ਤੋਂ ਲਿਖਤੀ ਰੂਪ ਵਿੱਚ ਮੁਆਫੀ ਮੰਗ ਲਈ ਹੈ।