image caption: -ਭਗਵਾਨ ਸਿੰਘ ਜੌਹਲ
10 ਜਨਵਰੀ ਨੂੰ ਬਰਸੀ ਤੇ ਵਿਸ਼ੇਸ਼ ਪ੍ਰਿੰਸੀਪਲ ਤੇਜਾ ਸਿੰਘ ਨੂੰ ਯਾਦ ਕਰਦਿਆਂ
ਉਸ ਸਮੇਂ ਅੰਗ੍ਰੇਜ਼ੀ-ਪੰਜਾਬੀ ਵਿੱਚ ਬਹੁਤ ਘੱਟ ਡਿਕਸ਼ਨਰੀਆਂ ਮਿਲਦੀਆਂ ਸਨ । ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਜੀਵਨ ਵਿੱਚ ਇਹ ਵੱਡਾ ਕਾਰਜ ਕਰਕੇ ਪੰਜਾਬੀ ਪਿਆਰਿਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਸੀ । ਇਸ ਕਾਰਜ ਲਈ ਉਨ੍ਹਾਂ ਦੀ ਹਰ ਪੰਜਾਬੀ ਪਿਆਰੇ ਨੇ ਪ੍ਰਸ਼ੰਸਾ ਕੀਤੀ । 20ਵੀਂ ਸਦੀ ਦੇ ਪਹਿਲੇ ਅੱਜ ਦੇ ਉੱਘੇ ਸਿੱਖ ਚਿੰਤਕਾਂ ਤੇ ਸੁਹਿਰਦ ਵਿਦਵਾਨਾਂ ਵਿੱਚੋਂ ਪ੍ਰਿੰਸੀਪਲ ਤੇਜਾ ਸਿੰਘ ਨੇ ਗੁਰਬਾਣੀ ਦੀ ਵਿਆਖਿਆ ਦੇ ਨਾਲ-ਨਾਲ ਪੰਜਾਬੀ ਵਾਰਤਕ ਨੂੰ ਉਸਾਰੂ ਲੀਹਾਂ ਤੇ ਪਾ ਕੇ ਨਵੇਂ ਲੇਖਕਾਂ ਦਾ ਮਾਰਗ ਦਰਸ਼ਨ ਕੀਤਾ । ਇਸੇ ਕਰਕੇ ਇਸ ਮਹਾਨ ਸ਼ਖ਼ਸ਼ੀਅਤ ਨੂੰ ਸਿੱਖ ਸਮਾਜ ਅਤੇ ਪੰਜਾਬੀ ਪਿਆਰਿਆਂ ਨੇ ਦਿਲੋਂ ਸਤਿਕਾਰਿਆ । 20ਵੀਂ ਸਦੀ ਦੇ ਪਹਿਲੇ 5-6 ਦਹਾਕਿਆਂ ਵਿੱਚ ਗੁਰਬਾਣੀ ਦੇ ਆਧੁਨਿਕ ਵਿਆਖਿਆਕਾਰ ਅਤੇ ਪੰਜਾਬੀ ਵਾਰਤਿਕ ਲੇਖਕ ਵਜੋਂ ਜਿਹੜਾ ਮਾਣ ਪ੍ਰਿੰਸੀਪਲ ਤੇਜਾ ਸਿੰਘ ਨੂੰ ਮਿਲਿਆ, ਉਹ ਵਿਰਲੇ ਲੇਖਕਾਂ ਦੇ ਹਿੱਸੇ ਆਇਆ ਹੈ । ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ 2 ਜੂਨ, 1894 ਈ: ਨੂੰ ਜ਼ਿਲ੍ਹਾ ਰਾਵਲਪਿੰਡੀ (ਲਹਿੰਦਾ ਪੰਜਾਬ) ਦੇ ਪਿੰਡ ਅਤਿਆਲਾ ਵਿਖੇ ਸ। ਭਲਾਕਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਸਰੁਸਤੀ ਦੀ ਕੁੱਖ ਤੋਂ ਹੋਇਆ । ਇਨ੍ਹਾਂ ਦਾ ਮੁੱਢਲਾ ਨਾਂਅ ਤੇਜ ਰਾਮ ਸੀ । ਇਨ੍ਹਾਂ ਗੁਰਮੁਖੀ ਦੀ ਮੁੱਢਲੀ ਸਿੱਖਿਆ ਪਿੰਡ ਦੇ ਗੁਰਦੁਆਰੇ ਤੋਂ ਅਤੇ ਫ਼ਾਰਸੀ ਦੀ ਸਿੱਖਿਆ ਮਸਜਿਦ ਤੋਂ ਪ੍ਰਾਪਤ ਕੀਤੀ । ਪਿੰ੍ਰਸੀਪਲ ਤੇਜਾ ਸਿੰਘ ਨੇ ਬਚਪਨ ਵਿੱਚ ਹੀ ਬਾਬਾ ਖੇਮ ਸਿੰਘ ਬੇਦੀ ਦੀ ਅਗਵਾਈ ਵਿੱਚ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ । ਹੁਣ ਆਪ ਤੇਜ ਦਾਸ ਤੋਂ ਤੇਜਾ ਸਿੰਘ ਬਣ ਗਏ ।
ਘਰ ਵਿੱਚ ਗਰੀਬੀ ਹੋਣ ਕਰਕੇ ਪਰਿਵਾਰ ਨਹੀਂ ਸੀ ਚਾਹੁੰਦਾ ਕਿ ਇਹ ਬੱਚਾ ਅੱਗੋਂ ਪੜ੍ਹਾਈ ਜਾਰੀ ਰੱਖੇ, ਪਰ ਪ੍ਰਿੰਸੀਪਲ ਤੇਜਾ ਸਿੰਘ ਦਾ ਬਾਲਪਨ ਅੱਗੋਂ ਪੜ੍ਹਾਈ ਜਾਰੀ ਰੱਖਣ ਲਈ ਉਤਸੁਕ ਰਹਿੰਦਾ ਸੀ । ਆਪਣੀ ਅੰਤਰ-ਆਤਮਾ ਅਤੇ ਲਗਨ ਇਨ੍ਹਾਂ ਨੂੰ ਪਹਿਲਾਂ ਰਾਵਲਪਿੰਡੀ ਤੇ ਪਿੱਛੋਂ ਸਰਗੋਧੇ ਦੇ ਸਕੂਲਾਂ ਵਿੱਚ ਲੈ ਗਈ । 1910 ਈ: ਵਿੱਚ ਇਨ੍ਹਾਂ ਖ਼ਾਲਸਾ ਕਾਲਜੀਏਟ ਸਕੂਲ ਤੋਂ ਦੱਸਵੀਂ ਅਤੇ ਪਿੱਛੋਂ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਐੱਫ।ਏ। ਪਾਸ ਕੀਤੀ । ਇਸ ਤੋਂ ਬਾਅਦ ਮਾਰਡਨ ਕਾਲਜ, ਰਾਵਲਪਿੰਡੀ ਵਿੱਚ ਦਾਖਲ ਹੋ ਗਏ । ਬੈਚੁਲਰ ਦੀ ਡਿਗਰੀ ਤੋਂ ਪਿੱਛੋਂ ਇਸੇ ਕਾਲਜ ਵਿੱਚ ਪ੍ਰਾ-ਅਧਿਆਪਕ ਵਜੋਂ ਡਿਊਟੀ ਨਿਭਾਈ । ਇਸ ਦੇ ਨਾਲ ਹੀ 1916 ਈ: ਵਿੱਚ ਐੱਮ।ਏ। ਅੰਗ੍ਰੇਜ਼ੀ ਵੀ ਕਰ ਲਈ । ਮਾਰਚ, 1919 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਬਤੌਰ ਲੈਕਚਰਾਰ ਨਿਯੁਕਤ ਹੋਏ । ਅੰਗ੍ਰੇਜ਼ੀ ਦੇ ਨਾਲ-ਨਾਲ ਧਾਰਮਿਕ ਅਧਿਐਨ ਦੇ ਵਿਸ਼ੇ ਵੀ ਪੜ੍ਹਾਏ । 1945 ਈ: ਤੱਕ ਇਸੇ ਕਾਲਜ ਵਿੱਚ ਲਗਾਤਾਰ ਸੇਵਾ ਨਿਭਾਈ ।
ਖ਼ਾਲਸਾ ਕਾਲਜ ਦੀ ਸੇਵਾ ਦੌਰਾਨ ਗੁਰਦੁਆਰਾ ਸੁਧਾਰ ਲਹਿਰ ਵਿੱਚ ਸਰਗਰਮ ਹਿੱਸਾ ਲੈਣ ਕਰਕੇ 1923 ਵਿੱਚ ਹਕੂਮਤ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ।
1925 ਈ: ਵਿੱਚ ਸਿਹਤ ਦੀ ਖਰਾਬੀ ਕਾਰਨ ਨੌਕਰੀ ਤੋਂ ਸੇਵਾ-ਮੁਕਤੀ ਲੈ ਲਈ । 1945 ਈ: ਵਿੱਚ ਖ਼ਾਲਸਾ ਕਾਲਜ ਮੁੰਬਈ ਦੀ ਸੇਵਾ ਵਿੱਚ ਚਲੇ ਗਏ । ਇਸ ਤੋਂ ਤਿੰਨ ਸਾਲ ਬਾਅਦ ਪੰਜਾਬ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੇ ਸਕੱਤਰ ਵਜੋਂ ਸੇਵਾ ਸੰਭਾਲੀ । 1949 ਈ: ਵਿੱਚ ਪੈਪਸੂ ਸਰਕਾਰ ਦੇ ਮਹਿੰਦਰਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਨਿਯੁਕਤ ਹੋਏ । ਇਸ ਕਾਲਜ ਦੇ ਨਾਲ-ਨਾਲ ਨਵੇਂ ਬਣੇ ਪੰਜਾਬੀ ਮਹਿਕਮੇ (ਭਾਸ਼ਾ ਵਿਭਾਗ) ਦੇ ਸਲਾਹਕਾਰ ਅਤੇ ਡਾਇਰੈਕਟਰ ਦੇ ਕਾਰਜ ਭਾਰ ਨੂੰ ਸੰਭਾਲਣਾ ਪਿਆ । 1951 ਈ: ਵਿੱਚ ਪੈਪਸੂ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ । 1956 ਈ: ਵਿੱਚ ਅਭਿਨੰਦਨ ਗ੍ਰੰਥ ਵੀ ਭੇਟ ਕੀਤਾ ਗਿਆ । 1951 ਵਿੱਚ ਹੀ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਆਪਣੀ ਰਿਹਾਇਸ਼ ਅੰਮ੍ਰਿਤਸਰ ਲੈ ਗਏ ।
ਇਹ ਮਾਣ ਕੇਵਲ ਪ੍ਰਿੰਸੀਪਲ ਤੇਜਾ ਸਿੰਘ ਨੂੰ ਮਿਲਦਾ ਹੈ, ਉਨ੍ਹਾਂ ਪੰਜਾਬੀ ਵਿੱਚ ਟਕਸਾਲੀ ਨਿਬੰਧ ਲਿਖਣ ਦੀ ਨਵੀਂ ਪਿਰਤ ਪਾਈ । ਇਨ੍ਹਾਂ ਦੇ ਲੇਖਾਂ ਦੀਆਂ ਪੁਸਤਕਾਂ ਵਿੱਚ ਨਵੀਆਂ ਸੋਚਾਂ, ਸਹਿਜ ਸੁਭਾਅ, ਸਾਹਿਤ ਦਰਸ਼ਨ, ਘਰ ਦਾ ਪਿਆਰ ਆਦਿ ਸੰਗ੍ਰਹਿ ਮਿਲਦੇ ਹਨ । 1952 ਈ: ਵਿੱਚ ਸਵੈ-ਜੀਵਨੀ ਆਰਸੀ ਵੀ ਪ੍ਰਕਾਸ਼ਿਤ ਹੋਈ । ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦਾਹਿਕ ਲਗਾਂ ਮਾਤਰਾ ਦੇ ਗੁੱਝੇ ਭੇਦ, ਪੰਜਾਬੀ ਕਿਵੇਂ ਲਿਖੀਏ ਅਤੇ ਅੰਗ੍ਰੇਜ਼ੀ ਪੰਜਾਬੀ ਡਿਕਸ਼ਨਰੀਆਂ ਵਰਗੀਆਂ ਰਚਨਾਵਾਂ ਨਾਲ ਪੰਜਾਬੀ ਮਾਂ-ਬੋਲੀ ਦੀ ਸੇਵਾ ਕੀਤੀ । ਇਸ ਮਹਾਨ ਲੇਖਕ ਤੇ ਸੁਹਿਰਦ ਵਿਦਵਾਨ ਨੇ 10 ਜਨਵਰੀ, 1958 ਈ: ਨੂੰ ਪੰਜਾਬੀ ਮਾਂ-ਬੋਲੀ ਦੇ ਪਿਆਰਿਆਂ ਨੂੰ ਸ੍ਰੀ ਅੰਮ੍ਰਿਤਸਰ ਦੀ ਧਰਤੀ &lsquoਤੇ ਸਦੀਵੀ ਵਿਛੋੜਾ ਦਿੱਤਾ । ਅੱਜ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਕੇ ਆਪਣਾ ਫਰਜ਼ ਨਿਭਾ ਰਹੇ ਹਾਂ । 
-ਭਗਵਾਨ ਸਿੰਘ ਜੌਹਲ