image caption: -ਰਜਿੰਦਰ ਸਿੰਘ ਪੁਰੇਵਾਲ

ਪੰਥਕ ਕਾਨਫਰੰਸ ਬਨਾਮ ਬਾਦਲ ਦਲ ਤੇ ਸੁਖਬੀਰ ਸਿੰਘ ਬਾਦਲ ਦੀ ਜ਼ਿੰਮੇਵਾਰੀ

ਇਸ ਵਾਰ ਮੇਲਾ ਮਾਘੀ ਮੌਕੇ ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ ਅੰਮ੍ਰਿਤਸਰ ਅਤੇ ਪੰਥਕ ਪਾਰਟੀ ਦੀਆਂ ਹੀ ਤਿੰਨ ਕਾਨਫਰੰਸਾਂ ਲੱਗੀਆਂ ਸਨ ਤੇ ਤਿੰਨਾਂ ਵਿਚ ਭਾਰੀ ਇਕੱੱਠ ਰਿਹਾ| ਪੰਡਾਲ ਵਿਚ ਲੋਕਾਂ ਲਈ ਕੁਰਸੀਆਂ ਤੇ ਸਟੇਜ ਉਪਰ ਆਗੂਆਂ ਲਈ ਸੋਫਿਆਂ ਦਾ ਪ੍ਰਬੰਧ ਕੀਤਾ ਗਿਆ ਸੀ| ਸਜਾਵਟ ਤੇ ਇਕੱਠ ਪੱਖੋਂ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਮੋਹਰੀ ਸੀ| ਨੀਲੇ, ਪੀਲੇ ਤੇ ਸਫੈਦ ਰੰਗ ਦੇ ਕੱਪੜਿਆਂ ਨਾਲ ਸ਼ਿੰਗਾਰੀ ਹੋਈ ਸੀ| ਟੈਲੀ ਮੀਡੀਆ ਉਪਰ ਸਿੱਧਾ ਪ੍ਰਸਾਰਣ ਹੋ ਰਿਹਾ ਸੀ| ਇਸ ਤੋਂ ਸਾਫ ਜਾਪਦਾ ਸੀ ਕਿ ਅਕਾਲੀ ਦਲ ਆਰਥਿਕ ਤੌਰ ਤੇ ਨੈਟਵਰਕ ਪਖੋਂ ਮਜਬੂਤ ਹੈ| ਸੰਗਤ ਤੇ ਪੰਜਾਬੀਆਂ ਨੂੰ ਜੋੜਨ ਲਈ ਬਾਦਲ ਅਕਾਲੀ ਦਲ ਨੂੰ ਹੋਰ ਮਿਹਨਤ ਕਰਨੀ ਪਵੇਗੀ| ਖੇਤਰੀ ਪਾਰਟੀ ਵਜੋਂ ਉਨ੍ਹਾਂ ਨੂੰ ਰਾਜਾਂ ਦੇ ਵਧ ਅਧਿਕਾਰਾਂ ਦਾ ਏਜੰਡਾ ਲਿਆਉਣਾ ਪਵੇਗਾ, ਜਿਵੇਂ ਤਾਮਿਲਨਾਡੂ, ਕੇਰਲਾ, ਨਾਗਾਲੈਂਡ, ਕਰਨਾਟਕਾ, ਜੰਮੂ-ਕਸ਼ਮੀਰ ਨੇ ਲਿਆਂਦਾ ਹੈ|
ਸੁਖਬੀਰ ਸਿੰਘ ਬਾਦਲ ਕਾਨਫਰੰਸ ਵਿਚ ਆ ਕੇ ਮੰਚ ਤੇ ਬੈਠਣ ਦੀ ਥਾਂ ਸਟੇਜ ਦੇ ਸਾਹਮਣੇ ਬਣੀ ਡੀ ਵਿੱਚ ਲੋਕਾਂ ਨਾਲ ਆ ਬੈਠੇ ਤਾਂ ਮੰਚ &rsquoਤੇ ਬੈਠੇ ਆਗੂਆਂ ਤੇ ਪੰਡਾਲ &rsquoਚ ਬੈਠੇ ਲੋਕ ਹੈਰਾਨ ਹੋ ਗਏ| ਡਾ. ਦਲਜੀਤ ਸਿੰਘ ਚੀਮਾ ਹੋਰਾਂ ਨੇ ਉਨ੍ਹਾਂ ਮੰਚ ਤੇ ਆ ਕੇ ਬੈਠਣ ਲਈ ਕਈ ਵਾਰ ਬੇਨਤੀ ਕੀਤੀ ਤਾਂ ਨਾਂਹ-ਨਾਂਹ ਕਰਦਿਆਂ ਅਖੀਰ ਸੁਖਬੀਰ ਬਾਦਲ ਮੰਚ &rsquoਤੇ ਜਾ ਕੇ ਬੈਠ ਗਏ| ਮੰਚ ਤੇ ਬੈਠਣ ਤੋਂ ਬਾਅਦ ਹਰ ਆਉਣ ਵਾਲਾ ਆਗੂ ਸਿੱਧਾ ਸੁਖਬੀਰ ਸਿੰਘ ਬਾਦਲ ਦੇ ਹੀ ਗੋਡੀਂ ਹੱਥ ਲਾਉਂਦਾ ਸੀ ਜਦਕਿ ਨਾਲ ਹੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੂੰਦੜ ਬੈਠੇ ਸਨ|
ਕਾਨਫਰੰਸ ਦੌਰਾਨ ਜਦੋਂ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ ਤਾਂ ਉਸ ਤੋਂ ਬਾਅਦ ਹੀ ਪੰਡਾਲ ਹਿੱਲ ਗਿਆ ਹਾਲਾਂਕਿ ਉਸ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਬੋਲਣਾ ਸੀ| ਭੂੰਦੜ ਨੇ ਰਸਮੀ ਤੌਰ ਤੇ ਕਾਰਜਕਾਰੀ ਪ੍ਰਧਾਨ ਵਜੋਂ ਸੰਬੋਧਨ ਤਾਂ ਕੀਤਾ ਪਰ ਉਸ ਦਾ ਕੋਈ ਅਸਰ ਸਰੋਤਿਆਂ ਉਪਰ ਵਿਖਾਈ ਨਹੀਂ ਦਿੱਤਾ| ਸਰੋਤਿਆਂ ਉਪਰ ਅਸਰ ਨਾਇਕ ਤੌਰ ਉਪਰ ਸੁਖਬੀਰ ਸਿੰਘ ਬਾਦਲ ਦਾ ਹੀ ਸੀ| ਜਾਪਦਾ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਸ੍ਰੋਮਣੀ ਅਕਾਲੀ ਦਲ ਦਾ ਚਿਹਰਾ ਬਣਨਗੇ| ਪਰ ਉਨ੍ਹਾਂ ਨੂੰ ਗੁਰਸਿੱਖ ਨੌਜਵਾਨਾਂ ਦੇ ਨਵੇਂ ਚਿਹਰੇ ਅਗੇ ਲਿਆਉਣ ਦੀ ਲੋੜ ਹੈ| ਨਵੀਂ ਲੀਡਰਸ਼ਿੱਪ, ਨਵੇਂ ਏਜੰਡੇ ਬਿਨਾਂ ਅਕਾਲੀ ਦਲ ਦਾ ਵਿਕਾਸ ਨਹੀਂ ਹੋਣਾ|
ਲੋੜ ਇਸ ਗੱਲ ਦੀ ਵੀ ਹੈ ਕਿ ਉਹ ਬਾਗੀ ਧੜੇ ਨੂੰ ਵੀ ਨਾਲ ਜੋੜਨ| ਅਜਿਹੀ ਬਿਆਨਬਾਜ਼ੀ ਤੋਂ ਪ੍ਰਹੇਜ਼ ਕੀਤਾ ਜਾਵੇ, ਜਿਸ ਨਾਲ ਪੰਥ ਵਿਚ ਵਿਵਾਦ ਪੈਦਾ ਹੁੰਦੇ ਹੋਣ| ਹੁਣ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਤੋਂ ਸਜ਼ਾ ਤਨਖਾਹ ਦੇ ਰੂਪ ਵਿਚ ਨਿਭਾਅ ਲਈ ਹੈ| ਇਸ ਲਈ ਉਨ੍ਹਾਂ ਨੂੰ ਇਹ ਘਟਨਾਵਾਂ ਨੂੰ ਭੁਲਾਕੇ ਪੰਜਾਬ ਤੇ ਪੰਥ ਪਖੀ ਏਜੰਡੇ ਵਲ ਤੁਰਨਾ ਚਾਹੀਦਾ ਹੈ| ਪੰਥਕ ਸੰਪਰਦਾਵਾਂ ਅਖੰਡ ਕੀਰਤਨੀ ਜਥਾ, ਸਿਖ ਮਿਸ਼ਨਰੀ ਕਾਲਜ,ਪੰਥ ਸਮਰਪਿਤ ਸੰਤ ਸਮਾਜ ਤੇ ਸੰਪਰਦਾਵਾਂ ਦੀ ਅਗਵਾਈ ਵਿਚ ਧਰਮ ਪ੍ਰਚਾਰ ਦੀ ਮੁਹਿੰਮ ਦੀ ਬੇਨਤੀ ਕਰਨੀ ਚਾਹੀਦੀ ਹੈ ਤਾਂ ਜੋ ਅਕਾਲੀ ਦਲ ਨਾਲ ਸਿਖ ਕੇਡਰ ਜੁੜ ਸਕੇ|
ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ, ਭਾਈ ਅੰਮ੍ਰਿਤਪਾਲ ਸਿੰਘ ਟੀਮ ਦੀ ਪਾਰਟੀ ਨੂੰ ਵਾਰ-ਵਾਰ ਦੁਕਾਨ ਕਹਿ ਕੇ ਸੰਬੋਧਨ ਕਰਦੇ ਰਹੇ| ਜਦਕਿ ਇਸ ਆਲੋਚਨਾ ਦੀ ਲੋੜ ਨਹੀਂ ਸੀ| ਉਨ੍ਹਾਂ ਨੂੰ ਪੰਜਾਬ ਪੱਖੀ ਏਜੰਡਾ ਪੇਸ਼ ਕਰਨ &rsquoਤੇ ਪਹਿਰਾ ਦੇਣ ਦੀ ਲੋੜ ਹੈ ਤਾਂ ਜੋ ਲੋਕਾਂ ਦੇ ਦਿਲ ਜਿੱਤ ਸਕਣ| ਹੋ ਸਕਦਾ ਹੈ ਕਿ ਅਗੇ ਜਾਕੇ ਪੰਥਕ ਧਿਰਾਂ ਨਾਲ ਹੀ ਗਠਜੋੜ ਕਰਨਾ ਪਵੇ|
ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਖੇਤਰੀ ਜਜ਼ਬਿਆਂ ਦੀ ਨੁਮਾਇੰਦਗੀ ਕਰਨ ਵਾਲਾ ਸਭ ਤੋਂ ਅਹਿਮ ਪਾਤਰ ਰਿਹਾ ਹੈ| ਅੱਜ ਇਹ ਚੁਰਾਹੇ ਤੇ ਖੜ੍ਹਾ ਜਾਪਦਾ ਹੈ ਜੋ ਬੇਮਿਸਾਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ| ਇਹ ਸੰਕਟ ਜ਼ਿਆਦਾਤਰ ਇਸ ਦੀ ਸਿੱਖ ਭਾਈਚਾਰੇ, ਪੰਜਾਬੀ ਸਮਾਜ ਤੇ ਸ਼ਾਇਦ ਸਭ ਤੋਂ ਮਹੱਤਵਪੂਰਨ, ਖੇਤਰ ਦੇ ਖੇਤੀ ਅਰਥਚਾਰੇ ਦੇ ਬਦਲ ਰਹੇ ਫ਼ਿਕਰਾਂ ਨੂੰ ਸਮਝਣ ਦੀ ਅਯੋਗਤਾ ਤੇ ਪਖੰਡੀ ਡੇਰੇਦਾਰ ਸੌਦਾ ਸਾਧ ਉਪਰ ਵਿਸ਼ਵਾਸ ਕਰਨ ਵਿਚੋਂ ਪੈਦਾ ਹੋਇਆ ਹੈ|
ਰਵਾਇਤੀ ਹਲਕਿਆਂ ਅੰਦਰ ਇਸ ਦਾ ਆਧਾਰ ਫਿੱਕਾ ਪੈਣ ਦੇ ਖੇਤਰ ਦੀ ਅਸਲ ਪਛਾਣ ਅਤੇ ਰੀਝਾਂ ਉੱਤੇ ਡੂੰਘੇ ਅਸਰ ਪੈਣਗੇ| ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਪੁਰਾਣੀਆਂ ਗਲਤੀਆਂ ਤੋਂ ਸਬਕ ਸਿਖਦੇ ਸ੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ| ਪੰਜਾਬ ਦਾ ਭਵਿੱਖ ਸਿਰਫ ਸ੍ਰੋਮਣੀ ਅਕਾਲੀ ਦਲ ਰਾਹੀਂ ਹੈ| ਹੋਰ ਕੋਈ ਰਾਜਨੀਤਕ ਪਾਰਟੀ ਪੰਜਾਬ ਦਾ ਭਵਿੱਖ ਨਹੀਂ ਸਿਰਜ ਸਕਦੀ|
-ਰਜਿੰਦਰ ਸਿੰਘ ਪੁਰੇਵਾਲ