image caption: -ਰਜਿੰਦਰ ਸਿੰਘ ਪੁਰੇਵਾਲ

ਸ਼੍ਰੋਮਣੀ ਕਮੇਟੀ ਦੀਆਂ ਨਕਲੀ ਵੋਟਾਂ ਦਾ ਮਸਲਾ ਤੇ ਬਾਦਲ ਦਲ ਦੀ ਕਾਰਵਾਈ

ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਵੋਟ ਸੂਚੀਆਂ ਲਈ 10 ਮਾਰਚ ਤੱਕ ਆਪਣੇ ਇਤਰਾਜ਼ ਦਰਜ ਕਰਵਾਏ ਜਾ ਸਕਣਗੇ| ਜਦੋਂ ਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 16 ਅਪ੍ਰੈਲ ਨੂੰ ਕੀਤੀ ਜਾਵੇਗੀ| ਵੋਟਰ ਸੂਚੀਆਂ ਡਿਪਟੀ ਕਮਿਸ਼ਨਰ, ਰਿਵਾਈਜ਼ਿੰਗ ਅਥਾਰਟੀ, ਰਿਟਰਨਿੰਗ ਅਫ਼ਸਰਾਂ, ਤਹਿਸੀਲ ਦਫ਼ਤਰਾਂ, ਪਟਵਾਰ ਸਰਕਲਾਂ ਅਤੇ ਸੂਚਿਤ ਗੁਰਦੁਆਰਿਆਂ ਵਿੱਚ ਉਪਲਬਧ ਹੋਣਗੀਆਂ| ਇਸ ਤੋਂ ਪਹਿਲਾਂ, ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਇਤਰਾਜ਼ ਦਾਇਰ ਕਰਨ ਲਈ ਸਮਾਂ ਵਧਾਉਣ ਦੀ ਅਪੀਲ ਕੀਤੀ ਸੀ| ਸੱਚ ਇਹੀ ਹੈ ਕਿ ਸਰਕਾਰ ਨਕਲੀ ਵੋਟਾਂ ਬਣਾਕੇ ਸ੍ਰੋਮਣੀ ਕਮੇਟੀ ਉਪਰ ਇਪਣੇ ਪਿਛਲਗ ਸਿਖਾਂ ਰਾਹੀਂ ਕਾਬਜ਼ ਹੋਣਾ ਚਾਹੁੰਦੀ ਹੈ|
ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਸੁਧਾਰ ਲਹਿਰ ਵਾਲਿਆਂ ਨੇ ਨਕਲੀ ਵੋਟਾਂ ਨੂੰ ਚੈਲਿੰਜ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ|ਅਕਾਲੀ ਦਲ ਨੇ ਗੁਰਦੁਆਰਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਸਬੰਧੀ ਚਾਰ ਮੁੱਦੇ ਉਠਾਏ ਸਨ| ਇਸ ਵਿੱਚ ਉਨ੍ਹਾਂ ਦਾ ਇਤਰਾਜ਼ ਇਹ ਸੀ ਕਿ ਪੰਜਾਬ ਵਿੱਚ ਕੋਈ ਵੀ ਵੋਟਰ ਅਜਿਹਾ ਨਹੀਂ ਹੈ ਜਿਸਦਾ ਆਪਣਾ ਘਰ ਨਾ ਹੋਵੇ| ਪਰ ਬਹੁਤ ਸਾਰੀਆਂ ਵੋਟਾਂ &lsquoਤੇ ਘਰ ਦੇ ਨੰਬਰ ਵੀ ਨਹੀਂ ਹੁੰਦੇ| ਇੱਕ ਤੋਂ ਸੌ ਤੱਕ ਦੇ ਅੰਕ ਗਾਇਬ ਹਨ, ਜੋ ਕਿ ਪੂਰੀ ਤਰ੍ਹਾਂ ਗਲਤ ਹੈ| ਵੋਟਾਂ ਸਿਰਫ਼ ਜ਼ੀਰੋ ਨੰਬਰ &lsquoਤੇ ਹੀ ਪਈਆਂ ਹਨ|
ਅਲੀਗੜ੍ਹ ਵਿਚ ਅੰਬੇਡਕਰ ਦੀ ਮੂਰਤੀ ਨੂੰ 
ਹਟਾਉਣ ਨੂੰ ਲੈ ਕੇ ਹੰਗਾਮਾ ਕਿਉਂ ਹੋਇਆ 
ਦੋ ਦਿਨ ਪਹਿਲਾਂ ਸਰਕਾਰੀ ਜ਼ਮੀਨ ਤੇ ਬਿਨਾਂ ਮਨਜ਼ੂਰੀ ਤੋਂ ਲਗਾਏ ਗਏ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਹਟਾਉਣ ਨੂੰ ਲੈ ਕੇ ਬੀਤੇ ਦਿਨੀਂ ਭਾਰੀ ਹੰਗਾਮਾ ਹੋਇਆ | ਬੁੱਤ ਚੁੱਕਦੇ ਹੀ ਲੋਕ ਭੜਕ ਗਏ| ਪਥਰਾਅ ਅਤੇ ਗੋਲੀਬਾਰੀ ਕਰਕੇ ਪੁਲਿਸ ਨੂੰ ਭਜਾ ਦਿੱਤਾ ਗਿਆ| ਪੁਲਿਸ ਅਤੇ ਆਮ ਲੋਕਾਂ ਦੇ ਕਈ ਵਾਹਨਾਂ ਦੀ ਭੰਨਤੋੜ ਕੀਤੀ ਗਈ| ਛੇ ਗੱਡੀਆਂ ਸਾੜ ਦਿੱਤੀਆਂ| ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਭੀੜ ਨੂੰ ਖਿੰਡਾਇਆ| ਪਥਰਾਅ ਵਿਚ ਛੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ| ਮੁਖੀ ਅਤੇ ਸਾਬਕਾ ਮੁਖੀ ਸਮੇਤ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ| 
ਦੋ ਦਿਨ ਪਹਿਲਾਂ ਪਿੰਡ ਇਬਰਾਹੀਮਪੁਰ (ਭੀਮਪੁਰ) ਵਿੱਚ ਬਘੇਲ ਬਰਾਦਰੀ ਦੇ ਲੋਕ ਪਿੰਡ ਦੀ ਸੁਸਾਇਟੀ ਦੀ ਜ਼ਮੀਨ ਤੇ ਮੰਦਰ ਬਣਵਾ ਰਹੇ ਸਨ| ਅਨੁਸੂਚਿਤ ਜਾਤੀ ਦੇ ਲੋਕਾਂ ਦੀ ਸ਼ਿਕਾਇਤ ਤੇ ਅਧਿਕਾਰੀਆਂ ਨੇ ਉਸਾਰੀ ਬੰਦ ਕਰਵਾ ਦਿੱਤੀ| ਐਤਵਾਰ ਰਾਤ ਨੂੰ ਅਨੁਸੂਚਿਤ ਜਾਤੀ ਦੇ ਲੋਕਾਂ ਨੇ ਇਕ ਹੋਰ ਖਾਲੀ ਥਾਂ ਤੇ ਡਾ: ਅੰਬੇਡਕਰ ਦਾ ਬੁੱਤ ਸਥਾਪਿਤ ਕਰ ਦਿੱਤਾ| ਬਘੇਲ ਭਾਈਚਾਰੇ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ| ਦੋਵਾਂ ਧਿਰਾਂ ਵਿੱਚ ਟਕਰਾਅ ਦੇ ਡਰ ਕਾਰਨ ਪੁਲੀਸ ਮੌਕੇ ਤੇ ਪੁੱਜ ਗਈ| ਸੋਮਵਾਰ ਨੂੰ ਵੀ ਦਿਨ ਭਰ ਦੀ ਗੱਲਬਾਤ ਤੋਂ ਬਾਅਦ ਅਨੁਸੂਚਿਤ ਜਾਤੀ ਦੇ ਲੋਕ ਮੂਰਤੀ ਦੇ ਕੋਲ ਹੀ ਬੈਠੇ ਰਹੇ| ਅਕਾਊਂਟੈਂਟ ਦੀਪਿਕਾ ਵਰਸ਼ਨੇ ਨੇ ਬਿਨਾਂ ਇਜਾਜ਼ਤ ਮੂਰਤੀ ਲਗਾਉਣ ਦਾ ਮਾਮਲਾ ਦਰਜ ਕਰਵਾਇਆ ਹੈ| ਸਾਬਕਾ ਮੁਖੀ ਛਤਰਪਾਲ, ਮੌਜੂਦਾ ਮੁਖੀ ਆਸ਼ਾ ਲੋਧੀ ਅਤੇ ਉਸ ਦੇ ਪਤੀ ਨਿਰਦੇਸ਼ ਲੋਧੀ ਨੂੰ ਹਿਰਾਸਤ ਚ ਲੈ ਲਿਆ ਗਿਆ| ਅਧਿਕਾਰੀਆਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸਿੱਟਾ ਨਹੀਂ ਨਿਕਲਿਆ| ਪੁਲਸ ਨੇ  ਮੂਰਤੀ ਨੂੰ ਚੁੱਕ ਲਿਆ| ਇਸ ਤੋਂ ਨਾਰਾਜ਼ ਲੋਕ ਹਿੰਸਕ ਹੋ ਗਏ|
ਅਸਲ ਵਿਚ ਕਿਸੇ ਸਖਸ਼ੀਅਤ ਦੀਆਂ ਮੂਰਤੀਆਂ ਜਨਤਕ ਥਾਵਾਂ, ਚੌਕਾਂ ਵਿਚ ਨਹੀਂ ਲਗਣੀਆਂ ਚਾਹੀਦੀਆਂ| ਸੱਚ ਇਹ ਹੈ ਕਿ ਇਸ ਪਿਛੇ ਸਿਆਸਤ ਕੰਮ ਕਰ ਰਹੀ ਹੁੰਦੀ ਹੈ| ਅੰਮ੍ਰਿਤਸਰ ਵਿਚ ਅੰਬੇਡਕਰ ਦੇ ਬੁਤ ਲਗਵਾਉਣ ਦੀ ਕੋਈ ਤੁਕ ਨਹੀਂ ਬਣਦੀ ਸੀ, ਕਿਉਂਕਿ ਅੰਮ੍ਰਿਤਸਰ  ਸ਼ਬਦ ਗੁਰੂ ਦੀ ਪਰੰਪਰਾ ਦਾ ਸਥਾਨ ਹੈ| ਪਰ ਹੁਣ ਅੰਬੇਡਕਰ ਦੇ ਬੁਤ ਦੀ ਬੇਅਦਬੀ ਫਿਰਕੂ ਸਿਆਸਤ ਤਹਿਤ ਹੋਈ ਤਾਂ ਜੋ ਸਿਖਾਂ ਤੇ ਦਲਿਤਾਂ ਦਾ ਟਕਰਾਅ ਕਰਾਇਆ ਜਾ ਸਕੇ| ਭਾਜਪਾ ਆਗੂ  ਵਿਜੈ ਸਾਂਪਲਾ ਨੇ ਜਥੇਦਾਰ ਅਕਾਲ ਤਖਤ ਤੇ ਸ੍ਰੋਮਣੀ ਕਮੇਟੀ ਨੂੰ ਜਿੰਮੇਵਾਰ ਠਹਿਰਾ ਦਿਤਾ ਕਿ ਅੰਬੇਡਕਰ ਦਾ ਬੁਤ ਦਰਬਾਰ ਸਾਹਿਬ ਦੀ ਜਮੀਨ ਉਪਰ ਹੈ| ਜਦ ਕਿ ਇਹ ਬੁਤ ਦਰਬਾਰ ਸਾਹਿਬ ਤੋਂ ਇਕ ਕਿਲੋਮੀਟਰ ਦੂਰ ਸੀ|  ਸੋ ਇਹ ਭਗਵੇਂ ਆਗੂ ਪੰਜਾਬ ਵਿਚ ਭੜਕਾਊ ਬਿਆਨਾਂ ਤੋਂ ਬਾਜ ਨਹੀਂ ਆਉਂਦੇ| ਤਲਣ ਗੁਰਦੁਆਰੇ ਮਾਮਲੇ ਵਿਚ ਇਸ ਦੰਗੇਬਾਜ ਵਾਲੀ ਭੂਮਿਕਾ ਰਹੀ ਹੈ| ਇਹ ਨਕਾਰਿਆ ਆਗੂ ਆਪਣੀ ਸਿਆਸੀ ਜਮੀਨ ਫਿਰਕੂ ਬਿਆਨ ਦੇਕੇ ਤਲਾਸ਼ ਰਿਹਾ ਹੈ| ਪੰਜਾਬੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ|
-ਰਜਿੰਦਰ ਸਿੰਘ ਪੁਰੇਵਾਲ