image caption: -ਭਗਵਾਨ ਸਿੰਘ ਜੌਹਲ

10 ਫ਼ਰਵਰੀ ਸੱਤਵੇਂ ਪਾਤਸ਼ਾਹ ਦੇ ਆਗਮਨ ਗੁਰਪੁਰਬ ‘ਤੇ ਵਿਸ਼ੇਸ਼ ਸਿਮਰੌ ਸ੍ਰੀ ਹਰਿ ਰਾਇ

ਸਿੱਖ ਇਤਿਹਾਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦੇ ਸੱਤਵੇਂ ਸਰੂਪ ਸ੍ਰੀ ਗੁਰੂ ਹਰਿ ਰਾਇ ਸਾਹਿਬ ਬਾਰੇ ਇਕ ਸਾਖੀ ਆਮ ਪ੍ਰਚੱਲਿਤ ਹੈ ਕਿ ਆਪ ਆਪਣੇ ਸੁਭਾਅ ਮੁਤਾਬਕ ਹਰ ਰੋਜ਼ ਬਾਗ ਵਿੱਚ ਸੈਰ ਕਰਨ ਜਾਇਆ ਕਰਦੇ ਸਨ । ਸੈਰ ਕਰਨ ਸਮੇਂ ਆਪ ਆਮ ਤੌਰ ਤੇ ਖੁੱਲ੍ਹਾ ਤੇ ਲੰਮਾ ਚੋਲਾ ਪਹਿਨਦੇ ਸਨ, ਜਿਸ ਨੂੰ ਫ਼ਕੀਰ ਲੋਕ ਚੋਗਾ ਆਖਦੇ ਹਨ । ਆਪ ਜੀ ਇਕ ਦਿਨ ਪ੍ਰਭੂ ਦੀ ਸਿਫ਼ਤ ਸਲਾਹ ਤੇ ਬੰਦਗੀ ਵਿੱਚ ਜੁੜੇ ਚਹਿਲਕਦਮੀ ਕਰ ਰਹੇ ਸਨ ਕਿ ਅਚਾਨਕ ਇਨ੍ਹਾਂ ਦੇ ਚੋਗੇ ਨਾਲ ਛੂਹ ਕੇ ਫੁੱਲਾਂ ਫਲਾਂ ਨਾਲ ਭਰੇ ਬਾਗ ਵਿੱਚੋਂ ਕੁਝ ਫੁੱਲ ਆਪਣੇ ਅਸਲ ਨਾਲੋਂ ਟੁੱਟ ਕੇ ਪੱਤੀ-ਪੱਤੀ ਹੋ ਗਏ । ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਦਾ ਕੋਮਲ ਹਿਰਦਾ, ਉਨ੍ਹਾਂ ਫੁੱਲਾਂ ਨੂੰ ਆਪਣੇ ਅਸਲ ਨਾਲੋਂ ਟੱੁਟਾ ਦੇਖ ਕੇ ਇਕ ਦਮ ਉਦਾਸੀ ਤੇ ਗ਼ਮ ਵਿੱਚ ਗ਼ਮਗੀਨ ਹੋ ਗਿਆ । ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਵੀ ਸੈਰ ਕਰਦਿਆਂ ਅਚਾਨਕ ਮੌਕੇ &lsquoਤੇ ਪਹੁੰਚ ਗਏ । ਗੁਰੂ ਹਰਿ ਰਾਇ ਸਾਹਿਬ ਨੂੰ ਡੂੰਘੀ ਸੋਚ ਵਿੱਚ ਡੁੱਬਿਆਂ ਦੇਖ ਕੇ ਪੁੱਛਣ ਲੱਗੇ ਕਿ ਇਨ੍ਹਾਂ ਫੁੱਲਾਂ ਨੂੰ ਆਪਣੇ ਅਸਲ ਨਾਲੋਂ ਕਿਸ ਨੇ ਵੱਖ ਕੀਤਾ ਹੈ ? ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ ਦਾ ਜਵਾਬ ਸੀ ਕਿ ਇਹ ਫੁੱਲ ਮੇਰੇ ਚੋਗੇ ਨਾਲ ਖਹਿ ਕੇ ਪੱਤੀ-ਪੱਤੀ ਹੋਏ ਹਨ । ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ, ਜਦੋਂ ਵੀ ਸੰਸਾਰ ਰੂਪੀ ਬਾਗ ਵਿੱਚ ਵਿਚਰਨਾ ਹੈ ਤਾਂ ਆਪਾ ਸੰਭਾਲ ਕੇ ਰੱਖਣਾ ਹੈ । ਵੇਖਣਾ ਇਹ ਹੈ ਕਿ ਤੁਹਾਡੇ ਬਚਨਾਂ ਤੇ ਕਰਮਾਂ ਕਰਕੇ ਕਿਸੇ ਵੀ ਦੁਨਿਆਵੀਂ ਜੀਵ ਦੇ ਕੋਮਲ ਹਿਰਦੇ ਨੂੰ ਠੇਸ ਨਹੀਂ ਲੱਗਣੀ ਚਾਹੀਦੀ । ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਇਨ੍ਹਾਂ ਸਿੱਖਿਆ ਰੂਪੀ ਬਚਨਾਂ ਨੇ ਉਨ੍ਹਾਂ ਦੇ ਕੋਮਲ ਮਨ ਤੇ ਜੀਵਨ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ ।
ਗੁਰੂ ਨਾਨਕ ਸਾਹਿਬ ਜੀ ਦੇ ਸੱਤਵੇਂ ਸਰੂਪ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ 1630 ਈ: ਵਿੱਚ ਪਿਤਾ ਬਾਬਾ ਗੁਰਦਿੱਤਾ ਜੀ ਮਾਤਾ ਨਿਹਾਲ ਕੌਰ ਜੀ ਦੇ ਗ੍ਰਹਿ ਵਿਖੇ ਸ੍ਰੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ &lsquoਤੇ ਹੋਇਆ । ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ, ਜਿਨ੍ਹਾਂ ਦੀ ਉੱਚ ਅਵਸਥਾ ਨੂੰ ਵੇਖਦਿਆਂ ਸ੍ਰੀ ਗੁਰੂ ਨਾਨਕ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਉਦਾਸੀ ਸੰਪਰਦਾ ਦੀ ਜ਼ਿੰਮੇਵਾਰੀ ਵੀ ਸੰਭਾਲ ਦਿੱਤੀ ਸੀ । ਗੁਰੂ ਹਰਿ ਰਾਇ ਸਾਹਿਬ ਆਪਣੇ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ । ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਸਮੇਂ, ਸਿੱਖਾਂ ਅਤੇ ਪੁੱਤਰਾਂ ਤੇ ਪੋਤਰਿਆਂ ਵਿੱਚੋਂ ਗੁਰੂ ਹਰਿ ਰਾਇ ਸਾਹਿਬ ਨੂੰ ਹੀ ਯੋਗ ਸਮਝਿਆ । ਮਾਰਚ, 1644 ਈ: ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਆਪਣੇ ਪੋਤਰੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਉੱਤੇ ਭਰੇ ਦੀਵਾਨ ਵਿੱਚ ਗੁਰਗੱਦੀ ਦਾ ਛਤਰ ਝੁਲਾ ਕੇ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਉਨ੍ਹਾਂ ਤਾਬਿਆ ਵਿੱਚ ਰਹਿਣ ਦਾ ਹੁਕਮ ਕੀਤਾ । ਨਾਲ ਹੀ ਗੁਰੂ ਨਾਨਕ ਸਾਹਿਬ ਦੇ ਸੱਤਵੇਂ ਸਰੂਪ ਹੋਣ ਦੇ ਬਚਨ ਦ੍ਰਿੜ ਕਰਵਾਏ । 14 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਹਰਿ ਰਾਇ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਹੋਏ । ਗੁਰੂ ਹਰਿ ਰਾਇ ਸਾਹਿਬ ਨੇ ਪੂਰੇ ਹਿੰਦੁਸਤਾਨ ਵਿੱਚ 360 ਗੱਦੀਆਂ ਕਾਇਮ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ । ਇਕ ਵੈਰਾਗੀ ਸਾਧੂ ਭਗਤ ਭਗਵਾਨ ਨੂੰ ਗੁਰੂ ਨਾਨਕ ਦੇ ਮਿਸ਼ਨ ਨੂੰ ਪ੍ਰਚਾਰਨ ਲਈ ਪ੍ਰੇਰਨਾ ਦਿੱਤੀ । ਜੋ ਆਪਣੇ ਸਮੇਂ ਦਾ ਵੱਡਾ ਪ੍ਰਚਾਰਕ ਹੋ ਨਿਬੜਿਆ । ਕੀਰਤਪੁਰ ਸਾਹਿਬ ਵਿਖੇ ਹੀ ਭਾਈ ਸੰਗਤੀਆ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਇਆ, ਇਸ ਦਾ ਨਵਾਂ ਨਾਂਅ ਭਾਈ ਫੇਰੂ ਰੱਖ ਕੇ ਦੁਆਬੇ ਵਿੱਚ ਪ੍ਰਚਾਰ ਲਈ ਭੇਜਿਆ । ਭਾਈ ਗੋਂਦੇ ਨੂੰ ਕਾਬਲ ਵਿੱਚ ਪ੍ਰਚਾਰ ਲਈ ਭੇਜਿਆ ।
ਨਗਾਰੇ ਦੀ ਨਵੀਂ ਪ੍ਰਥਾ ਵੀ ਗੁਰੂ ਹਰਿ ਰਾਇ ਸਾਹਿਬ ਨੇ ਹੀ ਆਰੰਭ ਕੀਤੀ । ਨਗਾਰਾ ਹੁਣ ਗੁਰੂ ਕੇ ਲੰਗਰ ਦੇ ਆਰੰਭ ਸਮੇਂ ਵੀ ਵੱਜਣ ਲੱਗਾ । ਪਹਿਲਾਂ ਨਗਾਰਾ ਕੇਵਲ ਜੰਗ ਦੇ ਆਰੰਭ ਦਾ ਪ੍ਰਤੀਕ ਸੀ । ਗੁਰੂ ਸਾਹਿਬ ਨੇ ਸਿੱਖੀ ਨੂੰ ਵਿਰਸੇ ਵਿੱਚ ਮਿਲੀ ਸੰਗਤ ਤੇ ਪੰਗਤ ਦੀ ਰੀਤ ਨੂੰ ਨਵਾਂ ਰੂਪ ਦਿੱਤਾ । ਜਦੋਂ ਸ਼ਾਹ ਜਹਾਨ ਦੇ ਪੁੱਤਰਾਂ ਵਿੱਚ ਰਾਜ ਗੱਦੀ ਲਈ ਆਪਸੀ ਜੰਗ ਛਿੜੀ ਤਾਂ ਦਾਰ ਸ਼ਿਕੋਹ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਇਆ । ਗੁਰੂ ਸਾਹਿਬ ਨੇ ਮਾਨਵੀ ਰਿਸ਼ਤੇ ਦੇ ਨਾਤੇ ਦਾਰਾ ਦੀ ਜਿੰਨੀ ਵੀ ਹੋ ਸਕੀ ਮਦਦ ਕੀਤੀ । ਗੁਰੂ ਸਾਹਿਬ ਨਾਲ ਹਰ ਸਮੇਂ 2200 ਘੋੜ ਸਵਾਰ ਤਿਆਰ-ਬਰ-ਤਿਆਰ ਰਹਿੰਦੇ ਸਨ । ਵਾਹਿਗੁਰੂ ਅੱਗੇ ਅਰਦਾਸ ਨੂੰ ਖਲੋ ਕੇ ਕਰਨ ਦੀ ਮਰਿਯਾਦਾ ਨੂੰ ਵੀ ਕਾਇਮ ਕੀਤਾ । ਅੱਜ ਵੀ ਗੁਰੂ ਨਾਨਕ ਸਾਹਿਬ ਦੇ ਸੱਤਵੇਂ ਸਰੂਪ ਗੁਰੂ ਹਰਿ ਰਾਇ ਸਾਹਿਬ ਦਾ ਸਮੁੱਚਾ ਜੀਵਨ ਮਨੁੱਖਤਾ ਲਈ ਪੱਥ-ਪ੍ਰਦਰਸ਼ਨ ਹੈ । ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਸੱਤਵੇਂ ਪਾਤਸ਼ਾਹ ਦੇ ਸੰਪਰਕ ਵਿੱਚ ਆਉਣ ਵਾਲਾ ਹਰ ਰਾਜਾ ਤੇ ਰੰਕ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਇਸ ਵਾਰਸ ਤੋਂ ਇਨਸਾਨੀਅਤ ਦੇ ਭਲੇ ਦਾ ਅਜਿਹਾ ਸੁਨੇਹਾ ਲੈ ਕੇ ਗਿਆ ਜਿਸ ਸਦਕਾ ਗੁਰੂ-ਘਰ ਦੀ ਆਭਾ ਤੇ ਸ਼ੋਭਾ ਵਿੱਚ ਸਲਾਹੁਣ ਯੋਗ ਵਾਧਾ ਹੋਇਆ । ਕੋਮਲਤਾ, ਸੁਹਜ, ਸਹਿਜ ਤੇ ਦ੍ਰਿੜ੍ਹਤਾ ਵਰਗੇ ਗੁਣ ਗੁਰੂ ਹਰਿ ਰਾਇ ਸਾਹਿਬ ਦੇ ਜੀਵਨ ਦਾ ਸ਼ਿੰਗਾਰ ਸਨ । ਪੁੱਤਰ ਮੋਹ ਛੱਡ ਕੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਅੱਠਵੇਂ ਵਾਰਿਸ ਦੀ ਚੋਣ ਕਰਨੀ ਸੰਸਾਰੀ ਲੋਕਾਂ ਲਈ ਇਕ ਵਿਲੱਖਣ ਘਟਨਾ ਹੈ । ਗੁਰੂ ਹਰਿ ਰਾਇ ਸਾਹਿਬ ਦਾ ਜੀਵਨ ਸਮੁੱਚੇ ਸੰਸਾਰ ਲਈ ਪ੍ਰੇਰਨਾ ਦਾ ਸਰੋਤ ਹੈ ।
-ਭਗਵਾਨ ਸਿੰਘ ਜੌਹਲ