image caption: -ਰਜਿੰਦਰ ਸਿੰਘ ਪੁਰੇਵਾਲ
ਮਾਮਲਾ ਗਿਆਨੀ ਹਰਪ੍ਰੀਤ ਸਿੰਘ ਦੀ ਬਰਖਾਸਤੀ ਦਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਬੀਤੇ ਸੋਮਵਾਰ ਨੂੰ ਇਥੇ ਹੋਈ ਮੀਟਿੰਗ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ| ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਿਲ ਵਿਰੋਧੀ ਧਿਰ ਨਾਲ ਸਬੰਧਤ ਤਿੰਨ ਮੈਂਬਰਾਂ ਵੱਲੋਂ ਇਸ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਸੀ ਪਰ ਮੀਟਿੰਗ ਵਿੱਚ ਇਹ ਫ਼ੈਸਲਾ ਬਹੁਮਤ ਦੇ ਆਧਾਰ ਤੇ ਕੀਤਾ ਗਿਆ| ਇਸ ਸਬੰਧ ਵਿੱਚ ਤਿੰਨ ਮੈਂਬਰੀ ਜਾਂਚ ਕਮੇਟੀ ਵੱਲੋਂ ਆਪਣੀ ਜਾਂਚ ਰਿਪੋਰਟ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਪੇਸ਼ ਕੀਤੀ ਗਈ ਸੀ, ਜਿਸ ਤੇ ਵਿਚਾਰ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨੂੰ ਖਤਮ ਕੀਤਾ ਗਿਆ|
ਦੱਸਣਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਇੱਕ ਸਾਬਕਾ ਰਿਸ਼ਤੇਦਾਰ ਵੱਲੋਂ ਉਨ੍ਹਾਂ ਦੇ ਖਿਲਾਫ ਗੰਭੀਰ ਦੋਸ਼ ਲਾਏ ਗਏ ਸਨ| ਇਸ ਵਿਅਕਤੀ ਨੇ ਆਪਣੇ ਦੋਸ਼ਾਂ ਸਬੰਧੀ ਇੱਕ ਸ਼ਿਕਾਇਤ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵੀ ਸੌਂਪਿਆ ਸੀ| ਇਸ ਸ਼ਿਕਾਇਤ ਪੱਤਰ ਦੇ ਅਧਾਰ ਤੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਵਾਸਤੇ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਨੂੰ ਪਹਿਲਾਂ 15 ਦਿਨ ਦਾ ਸਮਾਂ ਅਤੇ ਬਾਅਦ ਵਿੱਚ ਇੱਕ ਮਹੀਨੇ ਦਾ ਹੋਰ ਸਮਾਂ ਵਧਾ ਦਿੱਤਾ ਗਿਆ ਸੀ| ਜਾਂਚ ਦੇ ਮੱਦੇਨਜ਼ਰ ਹੀ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਰੋਕ ਦਿੱਤੀਆਂ ਗਈਆਂ ਸਨ ਅਤੇ ਉਨ੍ਹਾਂ ਦੀ ਥਾਂ ਇਹ ਸੇਵਾਵਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਨੂੰ ਸੌਂਪ ਦਿੱਤੀਆਂ ਗਈਆਂ ਸਨ|
ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਇਸ ਵਿਅਕਤੀ ਵੱਲੋਂ ਲਾਏ ਦੋਸ਼ਾਂ ਦਾ ਖੰਡਨ ਕਰ ਚੁੱਕੇ ਹਨ ਅਤੇ ਇਨ੍ਹਾਂ ਨੂੰ ਬੇਬੁਨਿਆਦ ਆਖ ਚੁੱਕੇ ਹਨ| ਉਨ੍ਹਾਂ ਲੱਗੇ ਦੋਸ਼ਾਂ ਸਬੰਧੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਸਾਹਿਬ ਦੀ ਹਜ਼ੂਰੀ ਅਤੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਸੰਗਤ ਦੇ ਸਾਹਮਣੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਸੀ| ਗਿਆਨੀ ਹਰਪ੍ਰੀਤ ਸਿੰਘ ਦੀ ਪੰਜ ਸਾਹਿਬਾਨ ਦੀ ਇਹ ਇੱਕ ਮੀਟਿੰਗ ਦੌਰਾਨ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨਾਲ ਤਿੱਖੀ ਬਹਿਸ ਵੀ ਹੋਈ ਸੀ| ਇਸ ਵਿਚ ਗਿਆਨੀ ਹਰਪ੍ਰੀਤ ਸਿੰਘ ਵਿਰਸਾ ਸਿੰਘ ਵਲਟੋਹੇ ਨੂੰ ਮੰਦੀ ਸ਼ਬਦਾਵਲੀ ਵਰਤਕੇ ਆਪਣੇ ਅਹੁਦੇ ਦੀ ਆਪ ਹੀ ਤੌਹੀਨ ਕਰਦੇ ਦਿਖਾਈ ਦੇ ਰਹੇ ਹਨ|
ਕੁਝ ਪੰਥਕ ਧਿਰਾਂ ਵਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਫ਼ਾਰਗ ਕਰਨਾ ਅਤੇ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮੀਅਤ ਤੋਂ ਬਰਤਰਫ਼ ਕਰਨਾ ਇਕ ਮੰਦਭਾਗਾ ਫ਼ੈਸਲਾ ਦਸਿਆ  ਜਾ ਰਿਹਾ ਹੈ| ਪਰ ਅਸਲੀਅਤ ਇਹ ਹੈ ਕਿ ਜਥੇਦਾਰ ਦੀ ਨਿਯੁਕਤੀ ਸ੍ਰੋਮਣੀ ਕਮੇਟੀ ਕਰਦੀ ਹੈ| ਇਸ ਲਈ ਜਥੇਦਾਰ ਨੂੰ ਬਰਖਾਸਤ ਕਰਨ ਦਾ ਅਧਿਕਾਰ ਸ੍ਰੋਮਣੀ ਕਮੇਟੀ ਕੋਲ ਹੈ| ਗਿਆਨੀ ਹਰਪ੍ਰੀਤ ਸਿੰਘ ਵਿਵਾਦਿਤ ਹਸਤੀ ਹਨ, ਇਸ ਬਾਰੇ ਦੋ-ਰਾਵਾਂ ਨਹੀਂ| ਉਹ ਇਕ ਸਮੇਂ ਬਾਦਲ ਪਰਿਵਾਰ ਦੇ ਨੇੜੇ ਸਨ ਅਤੇ ਇਸੇ ਨੇੜਤਾ ਸਦਕਾ ਦਰਬਾਰ ਸਾਹਿਬ, ਸ੍ਰੀ ਮੁਕਤਸਰ ਦੇ ਹੈੱਡ ਗਰੰਥੀ ਦੇ ਅਹੁਦੇ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਰੁਤਬੇ ਤੇ ਪਹੁੰਚੇ| ਉਨ੍ਹਾਂ ਦੇ ਨੁਕਤਾਚੀਨ ਉਨ੍ਹਾਂ ਨੂੰ ਸਿਆਸੀ ਨੈਟਵਰਕਿੰਗ ਦਾ ਮਾਹਿਰ ਦੱਸਦੇ ਆਏ ਹਨ| ਜਦੋਂ ਬਾਦਲ ਪ੍ਰਵਾਰ ਨੂੰ ਲੋੜ ਸੀ ਤਾਂ ਉਸ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਦਾ ਕਾਰਜਕਾਰੀ ਜਥੇਦਾਰ ਵੀ ਥਾਪ ਦਿਤਾ ਅਤੇ ਨਾਲ ਹੀ ਤਖ਼ਤ ਦਮਦਮਾ ਸਾਹਿਬ ਵਾਲਾ ਰੁਤਬਾ ਵੀ ਬਰਕਰਾਰ ਰੱਖਿਆ| 
ਅਕਾਲ ਤਖ਼ਤ ਦੇ ਜਥੇਦਾਰ ਦਾ ਕਾਰਜ-ਖੇਤਰ, ਸੰਜਮੀ ਤੇ ਬਾਜ਼ਬਤ ਆਚਾਰ-ਵਿਹਾਰ ਦੀ ਮੰਗ ਕਰਦਾ ਹੈ| ਅਜਿਹੀ ਸਖਸ਼ੀਅਤ ਨੂੰ ਜਥੇਦਾਰ ਨਹੀਂ ਲਗਾਉਣਾ ਚਾਹੀਦਾ ਸੀ ਜੋ ਅਕਾਲੀ ਦਲ ਵਿਚ ਪਾਟੋਧਾੜ ਪੈਦਾ ਕਰੇ ਤੇ ਭਾਜਪਾ ਹਾਈਕਮਾਂਡ ਨਾਲ ਵੀ ਮੀਟਿੰਗਾਂ ਕਰੇ| ਮੀਡੀਆ ਵਿਚ ਛਾਏ ਰਹਿਣ ਦੀ ਪ੍ਰਵਿਰਤੀ ਵੀ ਉਨ੍ਹਾਂ ਦੇ ਨਿੰਦਕਾਂ-ਆਲੋਚਕਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਤੋਹਮਤਾਂ ਦੀ ਸਮੱਗਰੀ ਪ੍ਰਦਾਨ ਕਰਦੀ ਗਈ| ਇਹੋ ਸਮੱਗਰੀ ਪਿਛਲੇ ਸਾਲ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਲਈ ਵਰਤੀ ਗਈ| ਇਸ ਤੋਂ ਬਾਅਦ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਤਨਖ਼ਾਹ ਲਾਉਣ ਵਾਲਾ ਘਟਨਾਕ੍ਰਮ, ਉਸ ਘਟਨਾਕ੍ਰਮ ਦਾ ਪਿਛੋਕੜ ਅਤੇ 2 ਦਸੰਬਰ ਤੋਂ ਬਾਅਦ ਦੇ ਹਾਲਾਤ ਲਈ ਗਿਆਨੀ ਹਰਪ੍ਰੀਤ ਸਿੰਘ ਹੀ ਬਾਦਲ ਧੜੇ ਦੀਆਂ ਅੱਖਾਂ ਵਿਚ ਰੜਕਦੇ ਰਹੇ| ਇਹੋ ਕਾਰਣ ਬਰਖਾਸਤੀ ਦਾ ਬਣਿਆ ਹੈ|
ਜਥੇਦਾਰਾਂ ਨੂੰ ਇਨ੍ਹਾਂ ਮਾਮਲਿਆਂ ਵਿਚ ਨਿਰਪਖ ਰਹਿਕੇ ਧਾਰਮਿਕ ਸਜ਼ਾ ਲਗਾਉਣੀ ਚਾਹੀਦੀ ਸੀ| ਆਪਣਾ ਧਿਆਨ ਡੇਰਿਆਂ ਵਿਚ ਜਾਣ ਦੀ ਥਾਂ ਗਰੀਬ ਸਿਖ ਬਸਤੀਆਂ ਵਿਚ ਪ੍ਰਚਾਰ ਕਰਨਾ ਚਾਹੀਦਾ ਤਾਂ ਜੋ ਧਰਮ ਬਦਲੀਆਂ ਰੁਕ ਸਕਣ| ਨਾਲ ਹੀ ਤਖ਼ਤਾਂ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਨੂੰ ਪੰਥ ਪ੍ਰਵਾਨਿਤ ਬਣਾਉਣ ਹਿੱਤ ਨਵਾਂ ਵਿਧੀ-ਵਿਧਾਨ ਬਣਾਉਣਾ ਚਾਹੀਦਾ ਹੈ ਤਾਂ ਜੋ ਅਜਿਹੇ ਸੰਕਟ ਪੈਦਾ ਨਾ ਹੋਣ| ਦੋ ਦਹਾਕੇ ਪਹਿਲਾਂ ਇਹ ਤਜਵੀਜ਼ ਕਈ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਸਮੇਤ ਪੰਥਕ ਹਸਤੀਆਂ ਨੇ ਉਠਾਈ ਸੀ ਕਿ ਅਜਿਹੀਆਂ ਨਿਯੁਕਤੀਆਂ ਲਈ ਪੰਜ ਮੈਂਬਰੀ ਬੋਰਡ ਦੀ ਸਥਾਪਨਾ ਦੀ ਮੱਦ, ਸਿੱਖ ਗੁਰਦੁਆਰਾ ਐਕਟ, 1925 ਵਿਚ ਸ਼ਾਮਲ ਕਰਵਾਈ ਜਾਵੇ| ਬੋਰਡ ਵਿਚ ਸ਼੍ਰੋਮਣੀ ਕਮੇਟੀ ਦੇ ਦੋ, ਪੰਜਾਬ ਤੋਂ ਬਾਹਰਲੇ ਤਖ਼ਤਾਂ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਰਗੀਆਂ ਸੰਸਥਾਵਾਂ ਦੇ ਦੋ ਪ੍ਰਵਾਸੀ ਸਿੱਖਾਂ ਦੇ ਦੋ ਤੇ ਸਿੰਘ ਸਭਾਵਾਂ ਦਾ ਇਕ ਪ੍ਰਤੀਨਿਧ ਸ਼ਾਮਲ ਕੀਤਾ ਜਾਵੇ ਤਾਂ ਜੋ ਪੰਜਾਬ ਅੰਦਰਲੇ ਤਿੰਨ ਤਖ਼ਤਾਂ, ਖ਼ਾਸ ਕਰ ਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਕੋਈ ਵਿਵਾਦ ਖੜ੍ਹਾ ਨਾ ਹੋਵੇ|
-ਰਜਿੰਦਰ ਸਿੰਘ ਪੁਰੇਵਾਲ