18 ਫਰਵਰੀ 2025 (ਮੰਗਲਵਾਰ ) ਅੱਜ ਦੀਆਂ ਮੁੱਖ ਖਬਰਾਂ
ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ਵਿੱਚ ਪਾਈ ਪਟੀਸ਼ਨ
ਚੰਡੀਗੜ੍ਹ : ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ, ਜੋ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ, ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਲੋਕ ਸਭਾ ਦੀ ਕਾਰਵਾਈ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਦੀ ਮੈਂਬਰਸ਼ਿਪ ਖ਼ਤਰੇ ਵਿੱਚ ਹੈ ਕਿਉਂਕਿ ਜੇਕਰ ਉਹ 60 ਦਿਨਾਂ ਤੱਕ ਲੋਕ ਸਭਾ ਦੀ ਕਾਰਵਾਈ ਤੋਂ ਗੈਰਹਾਜ਼ਰ ਰਹਿੰਦੇ ਹਨ, ਤਾਂ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾ ਸਕਦੀ ਹੈ। ਅੰਮ੍ਰਿਤਪਾਲ ਸਿੰਘ ਨੇ ਦਲੀਲ ਦਿੱਤੀ ਹੈ ਕਿ ਉਹ 46 ਦਿਨਾਂ ਤੋਂ ਲੋਕ ਸਭਾ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਸਕੇ ਹਨ। ਉਨ੍ਹਾਂ ਦੇ ਵਕੀਲ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਲੋਕ ਸਭਾ ਤੋਂ ਇੱਕ ਪੱਤਰ ਮਿਲਿਆ ਹੈ, ਜਿਸ ਕਾਰਨ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਹਨ। ਇਸ ਤੋਂ ਪਹਿਲਾਂ, ਉਨ੍ਹਾਂ ਦਾ ਪ੍ਰਤੀਨਿਧ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਵੀ ਦਿੱਤਾ ਗਿਆ ਸੀ, ਜਿਸਨੂੰ ਰੱਦ ਕਰ ਦਿੱਤਾ ਗਿਆ ਸੀ। ਹਾਈ ਕੋਰਟ ਇਸ ਪਟੀਸ਼ਨ &lsquoਤੇ ਸੁਣਵਾਈ ਕਰਨ ਦਾ ਫੈਸਲਾ ਆਉਣ ਵਾਲੇ ਦੋ ਦਿਨਾਂ ਵਿੱਚ ਕਰਨ ਵਾਲੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਰੋੜਾਂ ਦਾ ਘਪਲਾ ਕੀਤਾ ਉਜਾਗਰ
ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ &lsquoਤੇ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਸਤੀਫਾ ਦਬਾਅ ਹੇਠ ਦਿੱਤਾ ਗਿਆ ਹੈ ਅਤੇ ਇਸ ਦਾ ਉਦੇਸ਼ ਬਾਦਲ ਪਰਿਵਾਰ ਨੂੰ ਬਚਾਉਣਾ ਹੈ। ਇਹ ਵਿਚਾਰ ਗਿਆਨੀ ਹਰਪ੍ਰੀਤ ਸਿੰਘ ਨੇ ਚੀਫ਼ ਖ਼ਾਲਸਾ ਦੀਵਾਨ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਨੇ ਧਾਮੀ ਦੇ ਚਿਹਰੇ ਦੇ ਹਾਵ-ਭਾਵ ਨੂੰ ਦਰਸਾਉਂਦੇ ਹੋਏ ਕਿਹਾ ਕਿ ਉਹ ਕਿਸੇ ਤਰ੍ਹਾਂ ਦੇ ਦਬਾਅ ਹੇਠ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਐਸਜੀਪੀਸੀ ਦੇ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ &lsquoਤੇ ਵੀ ਗੰਭੀਰ ਦੋਸ਼ ਲਗਾਏ ਹਨ, ਕਹਿੰਦੇ ਹੋਏ ਕਿ ਜੇਕਰ ਸ਼੍ਰੋਮਣੀ ਕਮੇਟੀ ਜਾਂਚ ਕਰਵਾਉਣ ਦੀ ਗੱਲ ਕਰ ਰਹੀ ਹੈ ਤਾਂ ਸਭ ਤੋਂ ਪਹਿਲਾਂ ਰਘੂਜੀਤ ਸਿੰਘ ਵਿਰਕ ਦੀ ਜਾਂਚ ਹੋਣੀ ਚਾਹੀਦੀ ਹੈ, ਜਿਸਨੇ ਲੰਗਰ ਹਾਲ ਵਿੱਚ ਕਰੋੜਾਂ ਰੁਪਏ ਦੇ ਘੁਟਾਲੇ ਕੀਤੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਬਕਾ ਜਥੇਦਾਰ ਵੇਦਾਂਤੀ ਨੇ ਵੀ ਨਿਯੁਕਤੀ ਅਤੇ ਸੇਵਾ ਸਮਾਪਤੀ ਲਈ ਨਿਯਮ ਬਣਾਉਣ ਦੀ ਸੁਝਾਅ ਦਿੱਤੀ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਐਸਜੀਪੀਸੀ ਮੁਖੀ ਅਤੇ ਸੱਤ ਮੈਂਬਰੀ ਕਮੇਟੀ ਦੇ ਅਸਤੀਫੇ &lsquoਤੇ ਵੀ ਆਪਣਾ ਅਸਹਿਮਤੀ ਜਤਾਈ, ਕਹਿੰਦੇ ਹੋਏ ਕਿ ਇਹ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ।
ਧਾਮੀ ਅਤੇ ਬਡੂੰਗਰ ਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸੀ: ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ- ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇਥੇ ਚੀਫ ਖਾਲਸਾ ਦੀਵਾਨ ਦੇ ਦਫਤਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਅਕਾਲ ਤਖ਼ਤ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸੀ। ਇਹ ਅਕਾਲ ਤਖ਼ਤ ਵੱਲੋਂ ਸੌਂਪੀ ਹੋਈ ਸੇਵਾ ਹੈ ਅਤੇ ਇਸ ਤੋਂ ਪਿਛਾਂਹ ਨਹੀਂ ਹਟਣਾ ਚਾਹੀਦਾ। ਐਡਵੋਕੇਟ ਧਾਮੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਬਾਰੇ ਉਨ੍ਹਾਂ ਕਿਹਾ, &lsquo&lsquoਇਹ ਮੰਦਭਾਗਾ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਉਨ੍ਹਾਂ ਦੇ ਇਸ ਅਸਤੀਫੇ ਨੂੰ ਨਾਮਨਜ਼ੂਰ ਕਰ ਦੇਵੇਗੀ।&rsquo&rsquo ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਅਹੁਦੇ ਤੋਂ ਫਾਰਗ ਕਰਨ ਦੇ ਫੈਸਲੇ ਬਾਰੇ ਉਨ੍ਹਾਂ ਕਿਹਾ ਕਿ ਇਹ ਈਰਖਾ ਭਾਵਨਾ ਵਿਚ ਕੀਤਾ ਗਿਆ ਸਿਆਸੀ ਹਿੱਤਾਂ ਨਾਲ ਪ੍ਰੇਰਿਤ ਫੈਸਲਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਕੀਤਾ ਗਿਆ ਫੈਸਲਾ ਕਿਸੇ ਵੀ ਈਰਖਾ ਭਾਵਨਾ ਨਾਲ ਨਹੀਂ ਕੀਤਾ ਗਿਆ ਸੀ ਅਤੇ ਮਨ ਵਿੱਚ ਨਿੱਜੀ ਤੌਰ &rsquoਤੇ ਵੀ ਕੋਈ ਈਰਖਾ ਨਹੀਂ ਸੀ ਪਰ ਜਿਨ੍ਹਾਂ ਨੂੰ ਤਨਖਾਹ ਲਾਈ ਜਾ ਰਹੀ ਸੀ ਉਨ੍ਹਾਂ ਦੇ ਮਨ ਵਿੱਚ ਜ਼ਰੂਰ ਈਰਖਾ ਸੀ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਨਵੀਂ ਭਰਤੀ ਸਬੰਧਤ ਸੱਤ ਮੈਂਬਰੀ ਕਮੇਟੀ ਵੀ ਇਸੇ ਲਈ ਬਣਾਈ ਗਈ ਸੀ ਕਿ ਨਵੀਂ ਭਰਤੀ ਹੋਵੇ, ਨਵੀਂ ਲੀਡਰਸ਼ਿਪ ਆਵੇ ਅਤੇ ਪਾਰਟੀ ਵਿੱਚ ਰਵਾਨਗੀ ਬਣੇ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਇਸ ਵੇਲੇ ਬੋਗਸ ਭਰਤੀ ਹੋ ਰਹੀ ਅਤੇ ਅਜਿਹੀ ਭਰਤੀ ਨਾਲ ਪ੍ਰਧਾਨ ਵੀ ਬੋਗਸ ਹੀ ਚੁਣਿਆ ਜਾਵੇਗਾ।
ਕਿਰਪਾਲ ਸਿੰਘ ਬਡੂੰਗਰ ਵੱਲੋਂ ਸ਼੍ਰੋਮਣੀ ਅਕਾਲੀ &rsquoਚ ਭਰਤੀ ਸਬੰਧੀ ਸੱਤ ਮੈਂਬਰੀ ਕਮੇਟੀ &rsquoਚੋਂ ਅਸਤੀਫ਼ਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਹੈ। ਬਡੂੰਗਰ ਨੇ ਆਪਣਾ ਅਸਤੀਫਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਭੇਜ ਦਿੱਤਾ ਹੈ। ਚੇਤਾ ਰਹੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ੇ ਦਾ ਐਲਾਨ ਕਰਦਿਆਂ ਇਸ ਉਪਰੋਕਤ ਸੱਤ ਮੈਂਬਰੀ ਕਮੇਟੀ &rsquoਚੋਂ ਖ਼ੁਦ ਨੂੰ ਲਾਂਭੇ ਕੀਤੇ ਜਾਣ ਦੀ ਮੰਗ ਵੀ ਕੀਤੀ ਸੀ। ਅਕਾਲ ਤਖ਼ਤ ਦੀ ਫ਼ਸੀਲ ਤੋਂ ਸੁਖਬੀਰ ਬਾਦਲ ਤੇ ਹੋਰਨਾਂ ਅਕਾਲੀ ਆਗੂਆਂ ਨੂੰ ਪਿਛਲੇ ਸਾਲ 2 ਦਸੰਬਰ ਨੂੰ ਸੁਣਾਈ ਧਾਰਮਿਕ ਸਜ਼ਾ ਮੌਕੇ ਜਥੇਦਾਰ ਨੇ ਸ਼੍ਰੋਮਣੀ ਅਕਾਲੀ ਵਿਚ ਨਵੇਂ ਸਿਰੇ ਤੋਂ ਭਰਤੀ ਮੁਹਿੰਮ ਦੀ ਨਿਗਰਾਨੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਸੀ। ਇਸ ਕਮੇਟੀ ਵਿਚ ਧਾਮੀ ਤੇ ਬਡੂੰਗਰ ਤੋਂ ਇਲਾਵਾ ਇਕਬਾਲ ਸਿੰਘ ਝੂੰਦਾਂ, ਸੰਤਾ ਸਿੰਘ ਉਮੈਦਪੁਰੀ, ਸਤਵੰਤ ਕੌਰ, ਗੁਰਪ੍ਰਤਾਪ ਸਿੰਘ ਵਡਾਲਾ ਤੇ ਮਨਪ੍ਰੀਤ ਸਿੰਘ ਇਆਲੀ ਸ਼ਾਮਲ ਹਨ।
ਐੱਸ.ਜੀ.ਪੀ.ਸੀ. ਵੱਲੋਂ ਬਿਨਾਂ ਪਗੜੀ ਸਿੱਖ ਨੌਜਵਾਨ ਨੂੰ ਡਿਪੋਰਟ ਕਰਨ ਦੀ ਅਮਰੀਕਾ ਤੇ ਭਾਰਤ ਸਰਕਾਰ ਦੀ ਆਲੋਚਨਾ
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਹਵਾਈ ਅੱਡੇ ਪਹੁੰਚੇ ਨੌਜਵਾਨਾਂ ਦੇ ਪੈਰਾਂ ਵਿਚ ਹੱਥਕੜੀਆਂ ਅਤੇ ਬੇੜੀਆਂ ਲਗਾਉਣ ਲਈ ਅਮਰੀਕਾ ਅਤੇ ਭਾਰਤ ਸਰਕਾਰਾਂ ਦੀ ਆਲੋਚਨਾ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਨੌਜਵਾਨ ਨੂੰ ਬਿਨਾਂ ਦਸਤਾਰ ਤੋਂ ਇੱਥੇ ਲਿਆਉਣ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਲਦੀ ਹੀ ਦਸਤਾਰ ਦੀ ਬੇਅਦਬੀ ਦਾ ਮੁੱਦਾ ਅਮਰੀਕੀ ਸਰਕਾਰ ਕੋਲ ਉਠਾਏਗੀ ਅਤੇ ਇਸ ਸਬੰਧੀ ਇੱਕ ਪੱਤਰ ਭੇਜਿਆ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਗਰੇਵਾਲ ਨੇ ਹਵਾਈ ਅੱਡੇ &lsquoਤੇ ਸਿੱਖ ਨੌਜਵਾਨਾਂ ਦੇ ਸਿਰਾਂ &lsquoਤੇ ਦਸਤਾਰਾਂ ਬੰਨ੍ਹੀਆਂ।
ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਾਣਨਾ ਚਾਹੁੰਦੇ ਸਨ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਦੇ ਬਾਵਜੂਦ ਉਕਤ ਮੁੱਦਾ ਕਿਉਂ ਨਹੀਂ ਉਠਾਇਆ? ਤੁਸੀਂ ਦੇਸ਼ ਵਾਸੀਆਂ, ਖਾਸ ਕਰਕੇ ਪੰਜਾਬੀਆਂ ਦੇ ਪੈਰਾਂ ਵਿਚ ਬੇੜੀਆਂ ਪਾਉਣ ਦੇ ਅਣਮਨੁੱਖੀ ਕਾਰੇ ਬਾਰੇ ਕਿਉਂ ਨਹੀਂ ਗੱਲ ਕੀਤੀ?
ਦਸਤਾਰ ਦੀ ਬੇਅਦਬੀ ਨੂੰ ਰੋਕਣ ਲਈ, ਸ਼੍ਰੋਮਣੀ ਕਮੇਟੀ ਨੇ ਹਵਾਈ ਅੱਡੇ &lsquoਤੇ ਸੀ.ਆਈ.ਐੱਸ.ਐੱਫ. ਤੋਂ ਦਸਤਾਰਾਂ ਲੈ ਕੇ ਨੌਜਵਾਨਾਂ ਦੇ ਸਿਰਾਂ &lsquoਤੇ ਬੰਨ੍ਹੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਨੂੰ ਲੰਗਰ ਵੰਡਿਆ ਜਾ ਰਿਹਾ ਹੈ, ਉੱਥੇ ਹੀ ਜਿਹੜੇ ਲੋਕ ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਰਾਹੀਂ ਘਰ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ।
ਐਂਬੂਲੈਂਸਾਂ ਅਤੇ ਹੋਰ ਬੱਸਾਂ ਤੋਂ ਇਲਾਵਾ, ਸ਼੍ਰੋਮਣੀ ਕਮੇਟੀ ਨੇ ਨੌਜਵਾਨਾਂ ਦੀ ਮਦਦ ਲਈ ਕਰਮਚਾਰੀ ਵੀ ਤਾਇਨਾਤ ਕੀਤੇ ਹਨ। ਗਰੇਵਾਲ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਜਲਦੀ ਹੀ ਦਸਤਾਰ ਦੀ ਬੇਅਦਬੀ ਦਾ ਮੁੱਦਾ ਅਮਰੀਕੀ ਸਰਕਾਰ ਅੱਗੇ ਉਠਾਏਗੀ ਅਤੇ ਇਸ ਸਬੰਧੀ ਜਲਦੀ ਹੀ ਅਮਰੀਕੀ ਸਰਕਾਰ ਨੂੰ ਇੱਕ ਪੱਤਰ ਭੇਜਿਆ ਜਾਵੇਗਾ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਸਾਲਾਨਾ ਬਸੰਤ ਰਾਗ ਦਰਬਾਰ ਦੀ ਚੜਦੀਕਲਾ ਨਾਲ ਹੋਈ ਸੰਪੂਰਨਤਾ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੇਲਟਾ ਵਿਖੇ ਬੀਤੀ 15-16 ਫਰਵਰੀ ਨੂੰ ਸਾਲਾਨਾ ਬਸੰਤ ਰਾਗ ਕੀਰਤਨ ਦਰਬਾਰ ਜੋ ਕਿ ਹਰ ਸਾਲ ਉਲੀਕਿਆ ਜਾਂਦਾ ਹੈ, ਦੀ ਸੰਪੂਰਨਤਾ ਚੜਦੀਕਲਾ ਨਾਲ ਹੋਈ। ਦੱਸਣਯੋਗ ਹੈ ਕਿ ਇਸ ਸਾਲ ਕੀਰਤਨ ਅਕੈਡਮੀ ਭਾਈ ਹਰਦੀਪ ਸਿੰਘ ਨਿੱਝਰ ਗੁਰਮਤਿ ਸਕੂਲ ਦੀਆਂ 21 ਟੀਮਾਂ ਨੇ ਭਾਗ ਲਿਆ, ਇਸ ਦੇ ਨਾਲ-ਨਾਲ ਲੋਅਰ-ਮੇਨਲੈਂਡ ਦੀਆਂ ਵੱਖੋਂ-ਵੱਖ ਕੀਰਤਨ ਅਕੈਡਮੀਆਂ ਅਤੇ ਅਦਾਰਿਆਂ ਨੇ ਭਾਗ ਲਿਆ ਸੀ । ਇੰਨ੍ਹਾ ਵਿੱਚ ਕੌਰ ਇੰਸਟੀਟਿਊਟ ਆਫ ਮਿਊਜ਼ਿਕ, ਗੁਰੂ ਅੰਗਦ ਦੇਵ ਜੀ ਸਕੂਲ, ਅੰਮ੍ਰਿਤ ਗੁਰਮਤਿ ਸੰਗੀਤ ਅਕੈਡਮੀ, ਦਸਮੇਸ਼ ਦਰਬਾਰ ਗੁਰਮਤਿ ਅਕੈਡਮੀ, ਦੁੱਖ ਨਿਵਾਰਨ ਗੁਰਮਤਿ ਸਕੂਲ, ਸਪਿਰੀਚੂਅਲ ਇੰਸਟੀਟਿਊਟ ਆਫ ਮਿਊਜ਼ਿਕ, ਸਿੱਖ ਅਕੈਡਮੀ, ਗੁਰਦੁਆਰਾ ਸੁਖ ਸਾਗਰ ਕੀਰਤਨ ਅਕੈਡਮੀ, ਨਾਨਕ ਨਿਰਮਲ ਪੰਥ ਅਕੈਡਮੀ ਅਤੇ ਵਿਸ਼ੇਸ਼ ਤੌਰ ਤੇ ਮੈਂਟਿਕਾ (ਕੈਲੀਫੋਰਨੀਆ) ਤੋਂ ਸਰੀ ਗੁਰੂ ਘਰ ਵਿਖੇ ਹਾਜ਼ਰੀ ਲਵਾਉਣ ਪੁੱਜੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਗੁਰਮਤਿ ਅਕੈਡਮੀ ਦੇ ਵਿਦਿਆਰਥੀ ਅਤੇ ਉਸਤਾਦ ਭਾਈ ਮਨਬੀਰ ਸਿੰਘ ਜੀ, ਇਸ ਦੋ-ਰੋਜ਼ਾ ਕੀਰਤਨ ਦਰਬਾਰ ਦੇ ਵਿੱਚ ਬੱਚਿਆਂ ਨੇ ਤੰਤੀ ਸਾਜਾਂ ਤੇ ਗੁਰਮਤਿ ਸ਼ੈਲੀ ਵਿੱਚ ਬਸੰਤ ਰਾਗ ਵਿੱਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲੋ-ਨਿਹਾਲ ਕਰ ਦਿੱਤਾ । ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਬੱਚਿਆਂ, ਮਾਪਿਆਂ, ਪ੍ਰਬੰਧਕਾਂ ਅਤੇ ਉਸਤਾਦ ਸਾਹਿਬਾਂਨਾਂ ਦੀ ਕਈ-ਕਈ ਮਹੀਨਿਆਂ ਬੱਦੀ ਮਿਹਨਤ ਹੈ ਜਿਸ ਦਾ ਸਦਕਾ ਬੱਚੇਆਂ ਨੇ ਸਟੇਜ ਤੇ ਕੀਰਤਨ ਕਰਕੇ ਸਮਾਂ ਬੰਨ ਦਿੱਤਾ ਸੀ । ਜਿਕਰਯੋਗ ਹੈ ਕਿ ਕੌਮ ਦੇ ਮਹਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦਾ ਸੁਪਨਾ ਸੀ ਕਿ ਸਿੱਖ ਕੌਮ ਦੇ ਬੱਚੇ ਗੁਰੂ ਪੰਥ ਨਾਲ, ਕੀਰਤਨ ਨਾਲ, ਗੁਰਬਾਣੀ ਨਾਲ ਜੁੜਨ । ਪ੍ਰੋਗਰਾਮ ਦੇਖਦਿਆਂ ਲਗ ਰਿਹਾ ਸੀ ਉਨ੍ਹਾਂ ਦਾ ਸੁਪਨਾ ਸਾਕਾਰ ਹੁੰਦਾ ਵਿਖਾਈ ਦਿੰਦਾ ਹੈ ਜਦੋਂ ਇਸ ਤਰਾਂ ਦੇ ਰਾਗ ਦਰਬਾਰ ਕਰਵਾਏ ਜਾਂਦੇ ਹਨ ਜਿਨ੍ਹਾਂ ਵਿਚ ਬੱਚੇ ਬਹੁਤ ਮਿਹਨਤ ਅਤੇ ਭਾਵਨਾ ਨਾਲ ਕੀਰਤਨ ਕਰਦੇ ਹਨ ਤੇ ਨਾਲ ਹੀ ਗੁਰੂ ਸਾਹਿਬ ਜੀ ਅਤੇ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਬੱਚਿਆਂ ਦਾ ਸਨਮਾਨ ਗੁਰੂ ਘਰ ਦੇ ਪਹਿਲੇ ਹੈਡ-ਗ੍ਰੰਥੀ ਗਿਆਨੀ ਸਵਰਨ ਸਿੰਘ ਜੀ ਪਾਸੋਂ ਕਰਵਾਇਆ ਗਿਆ ਜਿੰਨਾਂ ਨੇ ਬੱਚਿਆਂ ਨੂੰ ਅਸੀਸਾਂ ਦਿੱਤੀਆਂ । ਇਸ ਦੌਰਾਨ ਗੁਰੂ ਘਰ ਦੇ ਪ੍ਰਬੰਧਕ ਵਾਇਸ ਪ੍ਰਧਾਨ ਭਾਈ ਗੁਰਮੀਤ ਸਿੰਘ ਗਿੱਲ , ਭਾਈ ਭਪਿੰਦਰ ਸਿੰਘ , ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ ਅਤੇ ਉਸਤਾਦ ਸਾਹਿਬਾਨ ਉਸਤਾਦ ਭਾਈ ਬਲਜਿੰਦਰ ਸਿੰਘ ਜੀ ਅਤੇ ਉਸਤਾਦ ਭਾਈ ਫ਼ਤਿਹ ਸਿੰਘ ਜੀ ਵੀ ਮੌਜੂਦ ਰਹੇ । ਗੁਰਮਤਿ ਸੰਗੀਤ ਅਕੈਡਮੀਆਂ ਤੋ ਪਹੁੰਚੇ ਸਮੂਹ ਉਸਤਾਦ ਸਾਹਿਬਾਨ ਦਾ ਵੀ ਸਨਮਾਨ ਕੀਤਾ ਗਿਆ ਜਿਹੜੇ ਸਾਡੀ ਅਮੀਰ ਵਿਰਾਸਤ ਗੁਰਮਤਿ ਸ਼ੈਲੀ ਜ਼ਿੰਦਾ ਰੱਖਣ ਅਤੇ ਪ੍ਰਚਾਰ ਪਸਾਰ ਵਾਸਤੇ ਯੋਗਦਾਨ ਪਾ ਰਹੇ ਹਨ । ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਚਾਰ ਵੱਡੇ ਯੂਥ ਰਾਗ ਦਰਬਾਰ ਕਰਵਾਏ ਜਾਂਦੇ ਹਨ ਜਿਸ ਵਿੱਚ ਬਸੰਤ ਰਾਗ, ਮਲਹਾਰ ਰਾਗ, ਸ਼੍ਰੀ ਗੁਰੂ ਸਾਹਿਬਾਨਾਂ ਜੀ ਦੀ ਪਾਵਨ ਤੇ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਗਏ 31 ਰਾਗਾਂ ਤੇ ਅਧਾਰਤ ਰਾਗ ਦਰਬਾਰ ਅਤੇ ਦਸਮ ਪਾਤਸ਼ਾਹ ਜੀ ਦੀ ਬਾਣੀ ਉਪਰ ਅਧਾਰਤ ਰਾਗ ਪੁਰਾਤਨ ਤਾਂਤੀ ਸਾਜਾਂ ਦੇ ਨਾਲ ਰਾਗ ਦਰਬਾਰ ਅਤੇ ਹਰ ਐਤਵਾਰ 4 ਤੋਂ 7 ਫੈਮਿਲੀ ਯੂਥ ਦਰਬਾਰ ਸਜਾਇਆ ਜਾਂਦਾ ਹੈ । ਜਿਸ ਸਦਕਾ ਅੱਜ ਸੈਂਕੜਿਆਂ ਦੀ ਤਾਦਾਦ ਵਿੱਚ ਬੱਚੇ ਰਾਗਾਂ ਵਿੱਚ ਸਮੁੱਚੀ ਮਰਿਯਾਦਾ ਨਿਭਾਉਣ ਦੇ ਯੋਗ ਬਣ ਗਏ ਹਨ।
ਅਮਰੀਕਾ ਵੱਲੋਂ ਭਾਰਤ ਨੂੰ ਝਟਕਾ: ਰੋਕੀ 22 ਮਿਲੀਅਨ ਡਾਲਰ ਦੀ ਫੰਡਿੰਗ
ਵਾਸ਼ਿੰਗਟਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਐਲੋਨ ਮਸਕ ਦੀ ਅਗਵਾਈ ਵਾਲੇ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੈਂਸੀ (DOGE) ਨੇ ਭਾਰਤ ਨੂੰ ਵੱਡਾ ਝਟਕਾ ਦਿੱਤਾ ਹੈ। DOGE ਨੇ ਸ਼ਨੀਵਾਰ ਨੂੰ ਭਾਰਤ ਵਿਚ &rdquoਵੋਟਰ ਭਾਗੀਦਾਰੀ&rdquo ਲਈ ਰੱਖੇ ਗਏ 22 ਮਿਲੀਅਨ ਡਾਲਰ ਨੂੰ ਰੱਦ ਕਰਨ ਦਾ ਐਲਾਨ ਕੀਤਾ। ਇਹ ਕਦਮ ਉਦੋਂ ਆਇਆ, ਜਦੋਂ DOGE ਨੇ ਯੂ.ਐੱਸ. ਟੈਕਸਦਾਤਾਵਾਂ ਦੁਆਰਾ ਖਰਚ ਕੀਤੇ ਜਾਣ ਵਾਲੇ ਕਈ ਹੋਰ ਫੰਡਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ।
DOGE ਦੇ ਟਵਿੱਟਰ ਹੈਂਡਲ &lsquoਤੇ ਇੱਕ ਪੋਸਟ ਵਿਚ ਦੱਸਿਆ ਗਿਆ ਕਿ ਕਿਵੇਂ ਯੂ.ਐੱਸ. ਟੈਕਸਦਾਤਾਵਾਂ ਦੇ ਪੈਸਿਆਂ ਦਾ ਖਰਚਾ ਰੱਦ ਕੀਤਾ ਗਿਆ ਹੈ, ਜਿਸ ਵਿਚ 21 ਮਿਲੀਅਨ ਡਾਲਰ ਵੀ ਸ਼ਾਮਲ ਹੈ, ਜੋ ਭਾਰਤ ਵਿਚ ਵੋਟਰਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਸੀ। ਇਸ ਰਾਸ਼ੀ ਨੂੰ ਰੱਦ ਕਰਨ ਦੀ ਘੋਸ਼ਣਾ ਨੇ ਮਹੱਤਵਪੂਰਨ ਧਿਆਨ ਖਿੱਚਿਆ ਹੈ, ਕਿਉਂਕਿ ਇਹ ਭਾਰਤੀ ਚੋਣ ਪ੍ਰਕਿਰਿਆ ਵਿਚ ਬਾਹਰੀ ਦਖਲਅੰਦਾਜ਼ੀ ਦਾ ਦੋਸ਼ ਲਗਾਉਂਦੇ ਹੋਏ ਕੁਝ ਲੋਕਾਂ ਲਈ ਵਿਵਾਦਪੂਰਨ ਬਣ ਗਿਆ ਸੀ।
ਭਾਜਪਾ ਦੇ ਬੁਲਾਰੇ ਅਮਿਤ ਮਾਲਵੀਆ ਨੇ ਟਵੀਟ ਕਰਕੇ ਇਸ ਫੈਸਲੇ &lsquoਤੇ ਪ੍ਰਤੀਕਿਰਿਆ ਦਿੱਤੀ, &rdquo21 ਮਿਲੀਅਨ ਡਾਲਰ ਦਾ ਖਰਚ? ਇਹ ਸਪੱਸ਼ਟ ਤੌਰ &lsquoਤੇ ਭਾਰਤ ਦੀ ਚੋਣ ਪ੍ਰਕਿਰਿਆ ਵਿਚ ਬਾਹਰੀ ਦਖਲਅੰਦਾਜ਼ੀ ਹੈ। ਇਸ ਦਾ ਫਾਇਦਾ ਕਿਸ ਨੂੰ ਹੋਵੇਗਾ? ਇਹ ਸਪੱਸ਼ਟ ਹੈ ਕਿ ਇਹ ਕੇਂਦਰ ਸਰਕਾਰ ਲਈ ਨਹੀਂ ਹੈ।&rdquo ਇਸ ਤੋਂ ਇਲਾਵਾ, DOGE ਨੇ ਕਈ ਹੋਰ ਸਕੀਮਾਂ ਲਈ ਰੱਖੇ ਫੰਡਿੰਗ ਨੂੰ ਵੀ ਰੱਦ ਕਰ ਦਿੱਤਾ। ਇਨ੍ਹਾਂ ਵਿਚ ਮੋਜ਼ਾਮਬੀਕ ਵਿਚ ਮਰਦਾਂ ਦੀ ਸਵੈ-ਇੱਛਤ ਡਾਕਟਰੀ ਸੁੰਨਤ (10 ਮਿਲੀਅਨ ਡਾਲਰ), ਮੋਲਡੋਵਾ ਵਿਚ ਇੱਕ ਸੰਮਲਿਤ ਅਤੇ ਭਾਗੀਦਾਰ ਰਾਜਨੀਤਿਕ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਲਈ 22 ਮਿਲੀਅਨ ਡਾਲਰ ਅਤੇ ਬੰਗਲਾਦੇਸ਼ ਵਿਚ ਰਾਜਨੀਤਿਕ ਦ੍ਰਿਸ਼ ਨੂੰ ਮਜ਼ਬੂਤ ਕਰਨ ਲਈ 29 ਮਿਲੀਅਨ ਡਾਲਰ ਸ਼ਾਮਲ ਹਨ।
DOGE ਨੇ ਇਹ ਵੀ ਘੋਸ਼ਣਾ ਕੀਤੀ ਕਿ ਉਸਨੇ ਵੱਖ-ਵੱਖ ਦੇਸ਼ਾਂ ਲਈ ਹੋਰ ਕਿਸਮਾਂ ਦੇ ਖਰਚਿਆਂ ਨੂੰ ਵੀ ਰੱਦ ਕਰ ਦਿੱਤਾ ਹੈ, ਜਿਵੇਂ ਕਿ ਲਾਇਬੇਰੀਆ ਵਿਚ ਵੋਟਰਾਂ ਦੇ ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਲਈ 1.5 ਮਿਲੀਅਨ ਡਾਲਰ, ਮਾਲੀ ਵਿਚ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨ ਲਈ 14 ਮਿਲੀਅਨ ਡਾਲਰ ਅਤੇ ਦੱਖਣੀ ਅਫਰੀਕਾ ਵਿਚ ਸੰਮਲਿਤ ਲੋਕਤੰਤਰ ਨੂੰ ਸਮਰਥਨ ਦੇਣ ਲਈ 2.5 ਮਿਲੀਅਨ ਡਾਲਰ ਦੀ ਫੰਡਿੰਗ ਨੂੰ ਰੱਦ ਕੀਤਾ ਗਿਆ ਹੈ। ਅਮਰੀਕੀ ਸਰਕਾਰ ਵੱਲੋਂ ਇਹ ਕਦਮ ਸਰਕਾਰੀ ਖਰਚਿਆਂ ਨੂੰ ਘਟਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਚੁੱਕਿਆ ਗਿਆ ਹੈ। DOGE ਦਾ ਉਦੇਸ਼ ਸਰਕਾਰੀ ਫੰਡਿੰਗ ਨੂੰ ਸੁਚਾਰੂ ਬਣਾਉਣਾ ਅਤੇ ਉਨ੍ਹਾਂ ਪ੍ਰੋਜੈਕਟਾਂ &lsquoਤੇ ਖਰਚ ਨੂੰ ਕੰਟਰੋਲ ਕਰਨਾ ਹੈ, ਜੋ ਪ੍ਰਭਾਵੀ ਨਤੀਜੇ ਨਹੀਂ ਦੇ ਰਹੇ ਹਨ।
ਮਹਾਂਕੁੰਭ &lsquoਮ੍ਰਿਤਯੂ ਕੁੰਭ&rsquo ਵਿਚ ਤਬਦੀਲ ਹੋਇਆ: ਮਮਤਾ ਬੈਨਰਜੀ
ਕੋਲਕਾਤਾ,- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ Mamata Banerjee ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਹੋਈਆਂ ਭਗਦੜ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਮਹਾਂਕੁੰਭ &lsquoਮ੍ਰਿਤਯੂ ਕੁੰਭ&rsquo ਵਿੱਚ ਬਦਲ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਧਾਰਮਿਕ ਆਸਥਾ ਦੇ ਇਸ ਵਿਸ਼ਾਲ ਇਕੱਠ ਦੌਰਾਨ ਭਗਦੜ ਕਰਕੇ ਮਰਨ ਵਾਲਿਆਂ ਦੀ ਅਸਲ ਗਿਣਤੀ ਨੂੰ ਦਬਾ ਦਿੱਤਾ ਗਿਆ ਹੈ। ਚੇਤੇ ਰਹੇ ਕਿ ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਭਗਦੜ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਸੀ ਅਤੇ 60 ਜ਼ਖਮੀ ਹੋ ਗਏ ਸਨ ਜਦੋਂ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ &rsquoਤੇ ਪਿਛਲੇ ਦਿਨੀਂ ਮਚੀ ਭਗਦੜ ਵਿੱਚ 18 ਲੋਕਾਂ ਦੀ ਜਾਨ ਜਾਂਦੀ ਰਹੀ ਸੀ। ਬੈਨਰਜੀ ਨੇ ਬੰਗਾਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ, &lsquo&lsquoਮਹਾਂਕੁੰਭ &lsquoਮ੍ਰਿਤਯੂ ਕੁੰਭ&rsquo ਵਿਚ ਬਦਲ ਗਿਆ ਹੈ। ਉਨ੍ਹਾਂ (ਭਾਜਪਾ ਸਰਕਾਰ) ਨੇ ਗਿਣਤੀ ਘਟਾਉਣ ਲਈ ਸੈਂਕੜੇ ਲਾਸ਼ਾਂ ਲੁਕਾਈਆਂ ਹਨ।&rsquo&rsquo ਉਨ੍ਹਾਂ ਭਗਵਾ ਪਾਰਟੀ ਦੇ ਵਿਧਾਇਕਾਂ ਨੂੰ ਨਿਸ਼ਾਨਾ ਬਣਾਉਂਦਿਆਂ ਦਾਅਵਾ ਕੀਤਾ ਕਿ, &lsquo&lsquoਭਾਜਪਾ ਵਿਧਾਇਕ ਮੇਰਾ ਸਾਹਮਣਾ ਕਰਨ ਤੋਂ ਡਰਦੇ ਹਨ ਅਤੇ ਇਸੇ ਲਈ ਜਦੋਂ ਵੀ ਮੈਂ ਬੋਲਦੀ ਹਾਂ ਤਾਂ ਉਹ ਸਦਨ ਦਾ ਬਾਈਕਾਟ ਕਰਦੇ ਹਨ।&rsquo&rsquo
ਦੀਵਾਨ ਟੋਡਰ ਮੱਲ ਦੇ ਨਾਂ &rsquoਤੇ ਮਖੌਲ: ਕਾਮੇਡੀਅਨ ਕਪਿਲ ਸ਼ਰਮਾ ਖਿਲਾਫ਼ ਪੁਲੀਸ ਨੂੰ ਸ਼ਿਕਾਇਤ
ਕਪਿਲ ਸ਼ਰਮਾ ਸ਼ੋਅ ਦੇ ਮੇਜ਼ਬਾਨ ਕਪਿਲ ਸ਼ਰਮਾ ਵੱਲੋਂ ਆਪਣੇ ਸ਼ੋਅ ਦੌਰਾਨ ਦੀਵਾਨ ਟੋਡਰ ਮੱਲ ਦੇ ਨਾਂ ਦਾ ਮਖੌਲ ਉਡਾਉਣ ਦੀ ਹਰ ਪਾਸਿਓਂ ਨਿਖੇਧੀ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਭੱਦਾ ਮਜ਼ਾਕ ਨਾ ਸਹਿਣਯੋਗ ਹੈ। ਇਸ ਦੇ ਵਿਰੋਧ ਵਿੱਚ ਲੁਧਿਆਣਾ ਦੇ ਸਿੱਖ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਕਪਿਲ ਸ਼ਰਮਾ ਖਿਲਾਫ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਕਪਿਲ ਸ਼ਰਮਾ ਜੋ ਇੱਕ ਕਾਮੇਡੀਅਨ ਕਲਾਕਾਰ ਹਨ, ਨੇ ਆਪਣੇ ਸ਼ੋਅ ਦੌਰਾਨ ਉਸ ਸ਼ਖਸੀਅਤ ਦਾ ਮਜ਼ਾਕ ਉਡਾਇਆ ਹੈ ਜਿਨ੍ਹਾਂ ਦੀ ਸਿੱਖ ਇਤਿਹਾਸ ਵਿੱਚ ਖਾਸ ਥਾਂ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਮਜ਼ਾਕ ਲਈ ਕਪਿਲ ਸ਼ਰਮਾ ਖਿਲਾਫ਼ ਕੇਸ ਦਰਜ ਕੀਤਾ ਜਾਵੇ। ਸ਼ਿਕਾਇਤਕਰਤਾਵਾਂ ਦਾ ਕਹਿਣਾ ਸੀ ਕਿ ਦੀਵਾਨ ਟੋਡਰ ਮੱਲ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਆਪਣੀ ਪੂਰੀ ਦੌਲਤ ਖਰਚ ਕਰਕੇ ਅਤੇ ਡੇਢ ਕੁਇੰਟਲ ਸੋਨੇ ਦੀਆਂ ਮੋਹਰਾਂ ਲਾ ਕੇ ਥਾਂ ਖਰੀਦੀ ਸੀ ਜੋ ਵਿਸ਼ਵ ਵਿੱਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਥਾਂ ਦੱਸੀ ਜਾ ਰਹੀ ਹੈ। ਸ਼ਿਕਾਇਤ ਦਰਜ ਕਰਵਾਉਣ ਵਾਲਿਆਂ ਨੇ ਸਿੱਖ ਭਾਈਚਾਰੇ ਅਤੇ ਹੋਰਨਾਂ ਨੂੰ ਇਸ ਮੁੱਦੇ &rsquoਤੇ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਅੱਗੇ ਤੋਂ ਵੀ ਕੋਈ ਅਜਿਹੀਆਂ ਸ਼ਖ਼ਸੀਅਤਾਂ ਵਿਰੁੱਧ ਭੱਦਾ ਮਜ਼ਾਕ ਨਾ ਕਰ ਸਕੇ।
ਸੱਜਣ ਕੁਮਾਰ ਦੀ ਸਜ਼ਾ ਦਾ ਫ਼ੈਸਲਾ ਵਕੀਲਾਂ ਦੀ ਹੜਤਾਲ ਹੋਣ ਕਰਕੇ ਟਲਿਆ, 21 ਫਰਵਰੀ ਨੂੰ ਹੋਵੇਗੀ ਸੁਣਵਾਈ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਸਰਸਵਤੀ ਵਿਹਾਰ ਮਾਮਲੇ ਵਿੱਚ ਕਾਂਗਰਸ ਨੇਤਾ ਸੱਜਣ ਕੁਮਾਰ ਦੀ ਸਜ਼ਾ ਬਾਰੇ ਫੈਸਲਾ ਅੱਜ ਰਾਊਸ ਐਵੇਨਿਊ ਅਦਾਲਤ ਵਿੱਚ ਵਕੀਲਾਂ ਦੀ ਹੜਤਾਲ ਹੋਣ ਕਰਕੇ ਨਹੀਂ ਹੋ ਸਕਿਆ ਹੈ। ਇਸ ਮਾਮਲੇ ਵਿਚ ਦਿੱਲੀ ਪੁਲਿਸ ਨੇ ਉਸ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ ਜਦਕਿ ਸੱਜਣ ਕੁਮਾਰ ਰਹਿਮ ਦੀ ਅਪੀਲ ਕਰ ਰਿਹਾ ਹੈ। ਜਿਕਰਯੋਗ ਹੈ ਕਿ ਬੀਤੀ 12 ਫਰਵਰੀ ਨੂੰ ਅਦਾਲਤ ਨੇ ਉਸਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਸੱਜਣ ਕੁਮਾਰ ਇਸ ਸਮੇਂ 1984 ਦੇ ਦਿੱਲੀ ਕੈਂਟ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਸਿੱਖ ਕਤਲੇਆਮ ਕੀਤੇ ਗਏ ਸਨ, ਸਿੱਖਾਂ ਦੀ ਜਾਇਦਾਦ ਸਾੜੀ, ਲੁੱਟੀ ਗਈ ਸੀ ਤੇ ਔਰਤਾਂ ਨਾਲ ਜਬਰਜਿਨਾਹ ਕੀਤਾ ਗਿਆ ਸੀ । ਇਸ ਸਮੇਂ ਦੌਰਾਨ, ਸੱਜਣ ਕੁਮਾਰ ਅਤੇ ਹੋਰ ਆਗੂਆਂ &lsquoਤੇ ਆਮ ਲੋਕਾਂ ਨੂੰ ਸਿੱਖਾਂ ਵਿਰੁੱਧ ਭੜਕਾਉਣ ਦਾ ਦੋਸ਼ ਲਗਾਇਆ ਗਿਆ ਹੈ । ਅਦਾਲਤ ਅੰਦਰ ਸਰਕਾਰੀ ਵਕੀਲ ਨੇ ਨਿਰਭਯਾ ਕੇਸ ਅਤੇ ਇਸ ਤਰ੍ਹਾਂ ਦੇ ਹੋਰ ਫੈਸਲਿਆਂ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਸੱਜਣ ਕੁਮਾਰ ਦੇ ਸੀਨੀਅਰ ਵਕੀਲ ਨੇ ਵੀ ਲਿਖਤੀ ਦਲੀਲਾਂ ਦਾਇਰ ਕੀਤੀਆਂ ਹਨ। ਅਦਾਲਤ ਨੇ ਸਜ਼ਾ ਸੁਣਾਉਣ ਲਈ 21 ਫਰਵਰੀ ਦੀ ਤਰੀਕ ਨਿਰਧਾਰਤ ਕੀਤੀ ਹੈ ।
ਟੋਰਾਂਟੋ ਡੈਲਟਾ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 17 ਜ਼ਖਮੀ, ਜਾਨੀ ਨੁਕਸਾਨ ਤੋਂ ਬਚਾਅ
ਸੋਮਵਾਰ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ &rsquoਤੇ ਉਤਰਨ ਦੀ ਕੋਸ਼ਿਸ਼ ਕਰਦੇ ਹੋਏ ਡੈਲਟਾ ਏਅਰਲਾਈਨਜ਼ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਘੱਟੋ-ਘੱਟ 17 ਯਾਤਰੀ ਜ਼ਖਮੀ ਹੋ ਗਏ, ਜਿਸ ਉਪਰੰਤ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਡੈਲਟਾ ਏਅਰ ਲਾਈਨਜ਼ ਨੇ ਇੱਕ ਬਿਆਨ ਵਿੱਚ ਕਿਹਾ, &ldquoਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਜ਼ਖਮੀ ਹੋਏ 17 ਸਵਾਰੀਆਂ ਨੂੰ ਖੇਤਰ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਜ਼ਖਮੀਆਂ ਵਿਚੋਂ ਇੱਕ ਬੱਚੇ ਸਮੇਤ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਅਮਰੀਕਾ ਦੇ ਸ਼ਹਿਰ ਮਿਨੀਆਪੋਲੀਸ (Minneapolis) ਤੋਂ ਆਏ ਜਹਾਜ਼ ਵਿੱਚ ਅਮਲੇ ਦੇ ਚਾਰ ਮੈਂਬਰ ਅਤੇ 76 ਯਾਤਰੀ ਸਵਾਰ ਸਨ। ਦੁਪਹਿਰ ਢਾਈ ਕੁ ਵਜੇ ਵਾਪਰੇ ਹਾਦਸੇ ਤੋਂ ਬਾਅਦ ਹਵਾਈ ਅੱਡਾ ਉਡਾਣਾਂ ਦੇ ਉੱਡਣ ਜਾਂ ਉਤਰਨ ਲਈ ਤਿੰਨ ਘੰਟੇ ਬੰਦ ਰੱਖਣਾ ਪਿਆ ਤਾਂ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਹੋ ਸਕੇ। ਇਸ ਦੌਰਾਨ 100 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਜਿਨ੍ਹਾਂ ਚੋਂ 48 ਵੱਡੇ ਜਹਾਜਾਂ ਨੂੰ ਮੌਟਰੀਅਲ ਅਤੇ ਓਟਵਾ ਹਵਾਈ ਅੱਡਿਆਂ ਵੱਲ ਭੇਜਿਆ ਗਿਆ ਤੇ ਛੋਟੇ ਜਹਾਜਾਂ ਨੂੰ ਲੰਡਨ, ਵਿੰਡਸਰ ਆਦਿ ਨੇੜਲੇ ਹਵਾਈ ਅੱਡਿਆਂ ਤੇ ਉਤਾਰਿਆ ਗਿਆ।
ਇਟਲੀ ਵਿੱਚ ਪਿਛਲੇ 30 ਸਾਲਾਂ ਦੌਰਾਨ ਜਲਵਾਯੂ ਘਟਨਾਵਾਂ ਨੇ 60 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਕਰਨ ਦੇ ਨਾਲ ਲਈ 38000 ਲੋਕਾਂ ਦੀ ਜਾਨ
ਰੋਮ- ਇਸ ਗੱਲ ਵਿੱਚ ਕੋਈ 2 ਰਾਵਾਂ ਨਹੀਂ ਕਿ ਦੁਨੀਆਂ ਭਰ ਵਿੱਚ ਬਦਲ ਰਿਹਾ ਜਲਵਾਯੂ ਮਨੁੱਖੀ ਜਿੰਦਗੀ ਲਈ ਦਿਨੋ-ਦਿਨ ਵੱਡਾ ਖਤਰਾ ਬਣਦਾ ਜਾ ਰਿਹਾ ਹੈ ਜਿਸ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਦੁਨੀਆਂ ਭਰ ਵਿੱਚ ਅਨੇਕਾਂ ਸੰਸਥਾਵਾਂ ਜੰਗੀ ਪੱਧਰ ਤੇ ਕੰਮ ਵੀ ਕਰ ਰਹੀਆਂ ਹਨ ।ਇਟਲੀ ਵਿੱਚ ਵੀ ਅਨੇਕਾਂ ਮੁਜ਼ਾਹਰੇ ਤੇ ਹੋਰ ਲੋਕ ਜਾਗੂਰਕਤਾ ਵਾਲੇ ਪ੍ਰੋਗਰਾਮ ਵੀ ਲਗਾਤਾਰ ਹੋ ਰਹੇ ਹਨ ਪਰ ਇਹਨਾਂ ਸਭ ਦੇ ਬਾਵਜੂਦ ਦੁਨੀਆਂ ਭਰ ਦੇ ਜਲਵਾਯੂ ਵਿੱਚ ਹੋ ਰਿਹਾ ਬਦਲਾਵ ਨਿਰੰਤਰ ਜਾ ਰਹੀ ਜਿਸ ਦਾ ਕਾਰਨ ਜਿੱਥੇ ਮਨੁੱਖ ਦਾ ਸੁਆਰਥੀ ਹੋਣਾ ਮੰਨਿਆ ਜਾ ਰਿਹਾ ਹੈ ਉੱਥੇ ਕੁਦਰਤ ਦੀ ਬੇਰੁੱਖੀ ਤੋਂ ਵੀ ਪਾਸਾ ਨਹੀਂ ਵੱਟਿਆ ਜਾ ਸਕਦਾ।ਦੁਨੀਆਂ ਭਰ ਵਿੱਚ ਜਲਵਾਯੂ ਦੇ ਬਦਲਾਵ ਹੇਠ ਹੋਈਆਂ ਅਤਿਅੰਤ ਘਟਨਾਵਾਂ ਕਾਰਨ ਪਿਛਲੇ 30 ਸਾਲਾਂ ਦੌਰਾਨ 7 ਲੱਖ 65 ਹਜ਼ਾਰ ਤੋਂ ਵੱਧ ਮੌਤਾਂ ਹੋਣ ਦਾ ਖੁਲਾਸਾ ਕੀਤਾ ਹੈ ਜਰਮਨੀ ਸੰਸਥਾ ਜਰਮਨਵਾਚ ਨੇ ਜਿਹੜੀ ਕਿ ਇੱਕ ਗੈਰ ਸਰਕਾਰੀ,ਗੈਰ ਮਨੁਾਫ਼ਾ ਸੰਸਥਾ ਹੈ ਜਿਹੜੀ ਕਿ 63 ਦੇਸ਼ਾਂ ਦੇ ਨਾਲ ਯੂਰਪੀ ਸੰਘ ਦੇ ਜਲਵਾਯੂ ਸੁੱਰਖਿਆ ਪ੍ਰਦਰਸ਼ਨ ਦਾ ਮੁਲਾਂਕਣ ਕਰਦੀ ਹੈ।ਜਿਸ ਅਨੁਸਾਰ 90 % ਤੋਂ ਵੱਧ ਵਿਸ਼ਵਵਿਆਪੀ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਕਾਰਨ ਹੈ।ਕੋਲਾ,ਤੇਲ ਅਤੇ ਕੁਦਰਤੀ ਗੈਸ ਵਰਗੇ ਜੈਵਿਕ ਇੰਧਨ ਨੂੰ ਸਾੜਨ ਤੋਂ ਕਾਰਬਨ ਡਾਈਆਕਸਾਈਡ(ਸੀ ਓ 2)ਅਜਿਹੀ ਗੈਸ ਹੈ ਜਿਹੜੀ ਜਲਵਾਯੂ ਦੇ ਪਰਿਵਰਤਨ ਦਾ ਮੁੱਖ ਕਾਰਨ ਹੈ।ਜਰਮਨਵਾਚ ਨੇ ਆਪਣੀ ਜਲਵਾਯੂ ਜੋਖ਼ਮ ਸੂਚਕਾਂਕ2025 ਰਿਪੋਰਟ ਵਿੱਚ ਕਿਹਾ ਹੈ ਜਲਵਾਯੂ ਸੰਕਟ ਨਾਲ ਜੁੜੀਆਂ ਅਤਿਅੰਤ ਮੌਸਮੀ ਘਟਨਾਵਾਂ ਨੇ ਸੰਨ 1993 ਤੋਂ ਸੰਨ 2022 ਦੇ ਵਿਚਕਾਰ ਦੁਨੀਆਂ ਭਰ ਵਿੱਚ 765,000 ਤੋਂ ਵੱਧ ਲੋਕਾਂ ਦੀ ਜਾਨ ਲਈ ਹੈ ਜਿਹਨਾਂ ਵਿੱਚ ਇਟਲੀ ਦੇ 38000 ਬਾਸਿੰਦੇ ਨੂੰ ਵੀ ਮੌਤ ਮਿਲੀ ਹੈ।ਵਿਕਾਸ,ਵਾਤਾਵਰਣ ਅਤੇ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਸਬੰਧੀ ਕਿਹਾ ਕਿ ਇਸ ਸਮੇਂ ਦੌਰਾਨ ਦੁਨੀਆਂ ਭਰ ਵਿੱਚ ਦਰਜ 9,400 ਤੋਂ ਵੱਧ ਅਤਿਅੰਤ ਮੌਸਮੀ ਘਟਨਾਵਾਂ ਨੇ ਲਗਭਗ 4,2 ਟ੍ਰਿਲੀਅਨ ਅਮਰੀਕੀ ਡਾਲਰ ਦਾ ਸਿੱਧਾ ਨੁਕਸਾਨ ਕੀਤਾ ਹੈ। ਉੁਹਨਾਂ ਕਿਹਾ ਕਿ ਇਟਲੀ ਦੋਮਿਨਿਕਾ,ਚੀਨ,ਹੋਂਡੂਰਸ ਤੇ ਮਿਆਂਮਾਰ ਤੋਂ ਬਾਅਦ 5 ਅਜਿਹਾ ਦੇਸ਼ ਹੈ ਜਿਹੜਾਂ ਜਲਵਾਯੂ ਬਦਲਾਵ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੈ।ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਟਲੀ ਨੇ ਕਈ ਅਤਿਅੰਤ ਘਟਨਾਵਾਂ ਦਾ ਸਾਹਮਣ੍ਹਾ ਪਿਛਲੇ 20 ਸਾਲਾਂ ਦੌਰਾਨ ਕੀਤਾ ਹੈ ਜਿਸ ਕਾਰਨ ਦੇਸ਼ ਨੂੰ ਜਾਨੀ ਤੇ ਮਾਲੀ ਨੁਕਸਾਨ ਝੱਲਣਾ ਪਿਆ।ਇਟਲੀ ਨੂੰ ਸੰਨ 2003 ਅਤੇ ਸਾਲ 2022 ਦੌਰਾਨ ਬਹੁਤ ਜਿ਼ਆਦਾ ਜਾਨੀ ਨੁਕਸਾਨ ਝੱਲਣਾ ਪਿਆ।ਇਹ ਘਟਨਾਵਾਂ ਜਿਵੇਂ ਸੋਕਾ,ਜੰਗਲੀ ਅੱਗ,ਖੇਤੀਬਾੜੀ ਉਤਪਾਦਕਤਾ ਵਿੱਚ ਕਮੀ,ਬੁਨਿਆਦੀ ਢਾਂਚੇ ਦੇ ਨੁਕਸਾਨ ਅਤੇ ਸਿਹਤ ਸੇਵਾਵਾਂ ਆਦਿ ਸ਼ਾਮਿਲ ਹਨ।ਭਾਰੀ ਹੜ੍ਹਾਂ ਨੇ ਦੇਸ਼ ਦਾ ਵਿਆਪਕ ਨੁਕਸਾਨ ਕੀਤਾ।ਕੁਲ ਮਿਲਾ ਕੇ ਇਟਲੀ ਨੂੰ ਇਹਨਾਂ ਘਟਨਾਵਾਂ ਕਾਰਨ 60 ਬਿਲੀਅਨ ਅਮਰੀਕੀ ਡਾਲ ਦਾ ਆਰਥਿਕ ਨੁਕਸਾਨ ਨਾਲ 38000 ਹਜ਼ਾਰ ਲੋਕਾਂ ਦੀ ਮੌਤ ਦਾ ਦਰਦ ਸਹੇੜਨਾ ਪਿਆ।ਵਿਗਿਆਨੀਆਂ ਦਾ ਕਹਿਣਾ ਹੈ ਕਿ ਮਨੁੱਖੀ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਕਾਰਨ ਪੈਦਾ ਹੋਇਆ ਜਲਵਾਯੂ ਸੰਕਟ ਗਰਮੀ ਦੀਆਂ ਲਹਿਰਾਂ,ਸੋਕੇ,ਸੁਪਰਚਾਰਜਡ ਤੂਫਾਨ ਅਤੇ ਹੜ੍ਹ ਵਰਗੀਆਂ ਅਤਿਅੰਤ ਮੌਸਮੀ ਘਟਨਾਵਾਂ ਨੂੰ ਵਧੇਰੇ ਵਾਰ-ਵਾਰ ਅਤੇ ਵਧੇਰੇ ਤੀਬਰ ਬਣਾ ਰਿਹਾ ਹੈ।ਹਾਲਾਂਕਿ ਗ੍ਰੀਨ ਹਾਊਸ ਗੈਸਾਂ ਦੇ ਬਹੁਤ ਸਾਰੇ ਜਰੀਏ ਹਨ ਜੋ ਗਲੋਬਲ ਹੀਟਿੰਗ ਦਾ ਕਾਰਨ ਬਣ ਰਹੇ ਹਨ ਮੁੱਖ ਚਾਲਕ ਤੇਲ,ਗੈਸ,ਕੋਲੇ ਵਰਗੇ ਜੈਵਿਕ ਇੰਧਨ ਨੂੰ ਸਾੜਨਾ ਹੈ ਜਿਹਨਾਂ ਦੀ ਵਿਕਰੀ ਦੁਨੀਆਂ ਦੇ ਊਰਜਾਂ ਧਨਾਢਾਂ ਲਈ ਭਾਰੀ ਮੁਨਾਫ਼ਾ ਪੈਦਾ ਕਰਦੀ ਹੈ।