ਮੁਗਲ, ਤੁਗਲਕ, ਅਕਬਰ ਅਤੇ ਔਰੰਗਜ਼ੇਬ ਦੇ ਨਾਵਾਂ ਨਾਲ ਹਿੰਦੂਤਵੀਆਂ ਦੀ ਸਮੱਸਿਆ ਕਿਉਂ?
ਫਿਰਕੂ ਤਾਕਤਾਂ ਇਤਿਹਾਸ ਤੋਂ ਸਬਕ ਨਹੀਂ ਲੈਣਾ ਚਾਹੁੰਦੀਆਂ, ਉਹ ਇਤਿਹਾਸ ਵਿਚ ਹੋਏ ਜ਼ੁਲਮਾਂ ਨੂੰ ਆਧਾਰ ਬਣਾ ਕੇ ਬਦਲੇ ਦੀ ਸਿਆਸਤ ਕਰਨਾ ਚਾਹੁੰਦੀਆਂ ਹਨ ਅਤੇ ਭਾਰਤੀ ਸਮਾਜ ਨੂੰ ਪਿੱਛੇ ਧੱਕਦਿਆਂ ਮੁੜ ਫਿਰਕੂ ਤੇ ਨਸਲਵਾਦ ਵਾਲੇ ਯੁੱਗ ਵਿੱਚ ਪਹੁੰਚਾਉਣਾ ਚਾਹੁੰਦੀਆਂ ਹਨ| ਭਾਜਪਾ ਮੁਸਲਮਾਨਾਂ ਨੂੰ ਅਜਿਹੇ ਕਾਲਪਨਿਕ ਦੁਸ਼ਮਣ ਵਜੋਂ ਪੇਸ਼ ਕਰਦੀ ਹੈ ਕਿ ਉਨ੍ਹਾਂ ਦਾ ਇੱਥੇ ਰਹਿਣਾ ਹੀ ਇਸ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ| 1857 ਤੋਂ ਪਹਿਲਾਂ ਇਸ ਦੇਸ਼ ਵਿੱਚ ਕਈ ਰਾਜਿਆਂ-ਬਾਦਸ਼ਾਹਾਂ, ਸਮਰਾਟਾਂ ਤੇ ਸ਼ਹਿਨਸ਼ਾਹਾਂ ਨੇ ਰਾਜ ਕੀਤਾ, ਆਪਣੇ ਰਾਜ ਦੌਰਾਨ ਉਨ੍ਹਾਂ ਮੰਦਰ ਤੇ ਮਸਜਿਦਾਂ ਤੋੜੀਆਂ ਤੇ ਲੁੱਟੀਆਂ, ਪਰ ਕਿਸੇ ਨੇ ਵੀ ਆਪਣੇ ਰਾਜ ਨੂੰ ਪੱਕਾ ਕਰਨ ਲਈ ਧਰਮ ਦੇ ਆਧਾਰ ਤੇ ਫੁੱਟ ਪਾਉਣ ਦਾ ਕੰਮ ਨਹੀਂ ਕੀਤਾ| ਰਾਜ-ਪਾਟ ਦੀ ਦੁਸ਼ਮਣੀ ਨੂੰ ਧਾਰਮਕ ਦੁਸ਼ਮਣੀ ਦੇ ਰੂਪ ਵਿੱਚ ਪੇਸ਼ ਕਰਕੇ ਇਤਿਹਾਸ ਨੂੰ ਨਕਾਰਨ ਦਾ ਕੰਮ ਅੱਜ ਸੰਘ-ਭਾਜਪਾ ਕਰ ਰਹੇ ਹਨ |
ਅਜੇ ਔਰੰਗਜ਼ੇਬ ਦਾ ਵਿਵਾਦ ਸ਼ਾਂਤ ਵੀ ਨਹੀਂ ਹੋਇਆ ਹੈ ਕਿ ਤੁਗਲਕ ਨੂੰ ਕਬਰ ਵਿੱਚੋਂ ਕੱਢ ਲਿਆ ਹੈ ਭਾਜਪਾ ਨੇ| ਇਸ ਦੇ ਰਾਜ ਸਭਾ ਦੇ ਮੈਂਬਰ ਡਾ. ਦਿਨੇਸ਼ ਸ਼ਰਮਾ, ਫਰੀਦਾਬਾਦ ਦੇ ਸਾਂਸਦ ਗੁਰਜਰ ਤੇ ਵਾਈਸ ਐਡਮਿਰਲ ਕਿਰਣ ਦੇਸ਼ਮੁਖ ਨੇ ਆਪਣੇ ਨਿਵਾਸਾਂ ਤੇ ਤੁਗਲਕ ਲੇਨ ਦੀ ਥਾਂ ਸਵਾਮੀ ਵਿਵੇਕਾਨੰਦ ਮਾਰਗ ਦੀਆਂ ਨੇਮ ਪਲੇਟਾਂ ਲਗਵਾ ਲਈਆਂ ਹਨ| ਹਾਲਾਂਕਿ, ਅਧਿਕਾਰਤ ਤੌਰ ਤੇ ਉਸ ਸੜਕ ਦਾ ਨਾਮ ਅਜੇ ਵੀ ਤੁਗਲਕ ਲੇਨ ਹੈ| ਇਹ ਸੱਚ ਹੈ ਕਿ ਮੋਦੀ ਰਾਜ ਵਿਚ ਕੁਝ ਇਸਲਾਮੀ ਨਾਮ ਵੀ ਬਦਲ ਦਿੱਤੇ ਗਏ ਹਨ| ਇੱਥੋਂ ਤੱਕ ਕਿ ਕਈ ਸ਼ਹਿਰਾਂ ਦੇ ਨਾਮ ਵੀ ਬਦਲ ਦਿੱਤੇ ਗਏ ਹਨ| ਇਹ ਨਾਮ ਭਾਰਤ ਵਿੱਚ ਮੁਗਲ ਸ਼ਾਸਨ ਦਾ ਪ੍ਰਤੀਕ ਹਨ|
ਜਿੱਥੋਂ ਤੱਕ ਮੁਗਲਾਂ ਜਾਂ ਦਿੱਲੀ ਸਲਤਨਤ ਦੇ ਹੋਰ ਰਾਜਵੰਸ਼ਾਂ ਦਾ ਸਵਾਲ ਹੈ ਜਿਨ੍ਹਾਂ ਨੇ 11ਵੀਂ ਸਦੀ ਤੋਂ 19ਵੀਂ ਸਦੀ ਤੱਕ ਭਾਰਤ &rsquoਤੇ ਰਾਜ ਕੀਤਾ, ਕੀ ਉਨ੍ਹਾਂ ਦੇ ਰਾਜ ਨੂੰ ਇਤਿਹਾਸ ਦੇ ਪੰਨਿਆਂ ਤੋਂ ਮਿਟਾਇਆ ਜਾ ਸਕਦਾ| ਤੁਗਲਕ ਰਾਜਵੰਸ਼ ਨੇ ਭਾਰਤ ਦੇ ਇਤਿਹਾਸ ਵਿੱਚ ਲਗਭਗ ਸੌ ਸਾਲ (1320-1413) ਰਾਜ ਕੀਤਾ| ਆਰਥਿਕ ਵਿਕਾਸ ਤੋਂ ਇਲਾਵਾ, ਤੁਗਲਕ ਰਾਜਵੰਸ਼ ਦੇ ਸ਼ਾਸਕਾਂ ਨੇ ਕਲਾ ਅਤੇ ਸੱਭਿਆਚਾਰ ਦੇ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ| ਤੁਗਲਕ ਰਾਜਵੰਸ਼ ਦੇ ਰਾਜ ਦੌਰਾਨ ਦਿੱਲੀ ਸਲਤਨਤ ਇੱਕ ਮਹੱਤਵਪੂਰਨ ਵਪਾਰਕ ਕੇਂਦਰ ਬਣ ਗਈ| ਖੇਤੀਬਾੜੀ ਨੂੰ ਬਿਹਤਰ ਬਣਾਉਣ ਲਈ ਵਿਗਿਆਨਕ ਯਤਨ ਕੀਤੇ ਗਏ|
ਇਤਿਹਾਸਕਾਰਾਂ ਅਨੁਸਾਰ ਜਾਤ, ਸੰਪਰਦਾ ਜਾਂ ਧਰਮ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ| ਇਲਾਹਾਬਾਦ ਯੂਨੀਵਰਸਿਟੀ ਵਿੱਚ ਮੱਧਕਾਲੀਨ ਅਤੇ ਆਧੁਨਿਕ ਇਤਿਹਾਸ ਵਿਭਾਗ ਦੇ ਮੁਖੀ ਡਾ. ਹਰੰਬ ਚਤੁਰਵੇਦੀ ਦਾ ਕਹਿਣਾ ਹੈ ਕਿ ਤੁਗਲਕ ਰਾਜਵੰਸ਼ ਦੇ ਸ਼ਾਸਕਾਂ ਕੋਲ ਸਭ ਤੋਂ ਵਧੀਆ ਧਾਰਮਿਕ ਅਤੇ ਪ੍ਰਸ਼ਾਸਨਿਕ ਨੀਤੀਆਂ ਸਨ| ਉਨ੍ਹਾਂ ਨੇ ਕਈ ਮੰਦਰਾਂ ਵਿੱਚ ਯਾਤਰਾ ਕਰਕੇ ਦਾਨ ਦਿੱਤਾ| ਉਸਦੇ ਸ਼ਾਸਨ ਦੌਰਾਨ, ਕੁੱਲ 36 ਬਗਾਵਤਾਂ ਹੋਈਆਂ ਪਰ ਇੱਕ ਵੀ ਹਿੰਦੂ ਬਗਾਵਤ ਨਹੀਂ ਹੋਈ| ਪਹਿਲੀ ਵਾਰ, ਹਿੰਦੂਆਂ ਨੂੰ ਉੱਚ ਅਹੁਦੇ ਦਿੱਤੇ ਗਏ| 
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤਾਂ ਔਰੰਗਾਬਾਦ ਵਿੱਚ ਔਰੰਗਜ਼ੇਬ ਦੇ ਮਕਬਰੇ ਨੂੰ ਹਟਾਉਣ ਦੀ ਗੱਲ ਵੀ ਕਰ ਰਹੇ ਹਨ, ਜੋ ਇਸ ਸਮੇਂ ਭਾਰਤੀ ਪੁਰਾਤੱਤਵ ਸਰਵੇਖਣ ਦੀ ਸੁਰੱਖਿਆ ਹੇਠ ਹੈ| ਔਰੰਗਾਬਾਦ ਸ਼ਹਿਰ ਦਾ ਨਾਮ ਪਹਿਲਾਂ ਹੀ ਬਦਲ ਕੇ ਸੰਭਾਜੀ ਨਗਰ ਕਰ ਦਿੱਤਾ ਗਿਆ ਹੈ| ਇਨ੍ਹਾਂ ਸ਼ਾਸਕਾਂ ਦੇ ਭਗਵੇਂਵਾਦੀਆਂ ਵਲੋਂ ਵਿਰੋਧ ਦਾ ਮੁੱਖ ਕਾਰਨ ਇਹ ਹੈ ਕਿ ਉਹ ਮੁਸਲਮਾਨ ਹਨ ਕਿਉਂਕਿ ਅਕਬਰ ਵਰਗੇ ਸਹਿਣਸ਼ੀਲ ਸ਼ਾਸਕ ਵੀ ਅਜਿਹੇ ਲੋਕਾਂ ਦੀ ਆਲੋਚਨਾ ਤੋਂ ਨਹੀਂ ਬਚੇ| 
ਜਿੱਥੋਂ ਤੱਕ ਤੁਗਲਕ ਲੇਨ ਦਾ ਨਾਮ ਬਦਲਣ ਦਾ ਸਵਾਲ ਹੈ, ਇਸ ਪੂਰੇ ਖੇਤਰ ਨੂੰ ਬਹੁਤ ਹੀ ਯੋਜਨਾਬੱਧ ਢੰਗ ਨਾਲ ਵਿਕਸਤ ਕੀਤਾ ਗਿਆ ਸੀ ਅਤੇ ਸੜਕਾਂ ਦੇ ਨਾਮ ਵੀ ਭਾਰਤ ਦੇ ਇਤਿਹਾਸ, ਸੱਭਿਆਚਾਰ ਅਤੇ ਪਰੰਪਰਾ ਨਾਲ ਜੁੜੇ ਲੋਕਾਂ ਦੇ ਨਾਮ ਤੇ ਰੱਖੇ ਗਏ ਸਨ| ਇੱਥੇ ਪ੍ਰਸ਼ਾਸਨ ਐਨਡੀਐਮਸੀ ਦਾ ਹੈ| ਇਸ ਇਲਾਕੇ ਦੇ ਕਈ ਨਾਮ ਬ੍ਰਿਟਿਸ਼ ਕਾਲ ਦੌਰਾਨ ਦਿੱਤੇ ਗਏ ਸਨ| ਜੋ ਵੀ ਨਾਮ ਦਿੱਤੇ ਗਏ ਹਨ, ਉਹ ਦਿੱਲੀ ਤੇ ਰਾਜ ਕਰਨ ਵਾਲਿਆਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੇ ਗਏ ਹਨ| ਆਜ਼ਾਦੀ ਅੰਦੋਲਨ ਨਾਲ ਜੁੜੇ ਲੋਕਾਂ ਦੇ ਨਾਮ ਵੀ ਹਨ| ਇੱਥੇ ਸੜਕਾਂ ਦੇ ਨਾਮ ਭਾਈ ਵੀਰ ਸਿੰਘ ਵਰਗੇ ਸਾਹਿਤ ਨਾਲ ਜੁੜੇ ਲੋਕਾਂ ਦੇ ਨਾਮ ਤੇ ਰੱਖੇ ਗਏ ਹਨ| ਹਾਂ, ਜਿਹੜੇ ਨਾਮ ਹਟਾਏ ਗਏ ਹਨ ਉਹ ਬ੍ਰਿਟਿਸ਼ ਕਾਲ ਨਾਲ ਜੁੜੇ ਲੋਕਾਂ ਦੇ ਨਾਮ ਸਨ, ਜਿਨ੍ਹਾਂ ਦੇ ਨਾਵਾਂ ਤੇ ਕਿਸੇ ਨੇ ਇਤਰਾਜ਼ ਨਹੀਂ ਕੀਤਾ| ਪਰ ਹੁਣ ਮੋਦੀ ਰਾਜ ਵਿਚ ਫਿਰਕੂ ਰਾਜਨੀਤੀ ਕੀਤੀ ਜਾ ਰਹੀ ਹੈ| ਔਰੰਗਜ਼ੇਬ, ਅਕਬਰ, ਬਾਬਰ ਤੇ ਹੁਣ ਤੁਗਲਕ ਦੀ ਵਾਰੀ ਹੈ, ਕਿਉਕਿ ਸੰਘ-ਭਾਜਪਾ ਦੀ ਫਿਰਕਾਪ੍ਰਸਤੀ ਨਾਲ ਆੜੀ ਹੈ| ਮੁੱਦਿਆਂ ਤੇ ਬਹਿਸ ਸ਼ੁਰੂ ਹੋ ਸਕੇ|
ਹਾਲਾਤ ਇਹ ਹੈ ਕਿ ਇਕੱਲੇ ਲੜ ਕੇ ਕੋਈ ਵੀ ਰਾਜਨੀਤਕ ਪਾਰਟੀ ਜਾਂ ਧੜਾ ਫਾਸ਼ੀਵਾਦੀ ਸ਼ਕਤੀਆਂ ਨੂੰ ਹਰਾਉਣ ਦੇ ਸਮਰੱਥ ਨਹੀਂ| ਇਸ ਲਈ ਵਿਸ਼ਾਲ ਅਗਾਂਹਵਧੂ ਲੋਕਤੰਤਰਿਕ ਅਤੇ ਧਰਮ ਨਿਰਪੱਖ ਮੋਰਚੇ ਦੀ ਜ਼ਰੂਰਤ ਹੈ| ਲੋਕਤੰਤਰ ਵਿਚ ਵਿਸ਼ਵਾਸ ਰੱਖਣ ਵਾਲੀਆਂ ਸਾਰੀਆਂ ਰਾਜਨੀਤਕ ਧਿਰਾਂ ਅਤੇ ਲੋਕਾਂ ਨੂੰ 1930-40ਵਿਆਂ ਦੇ ਯੂਰੋਪ ਦੇ ਇਤਿਹਾਸ ਤੋਂ ਸਬਕ ਸਿੱਖਣ ਦੀ ਲੋੜ ਹੈ|
-ਰਜਿੰਦਰ ਸਿੰਘ ਪੁਰੇਵਾਲ