image caption: -ਭਗਵਾਨ ਸਿੰਘ ਜੌਹਲ
30 ਅਪ੍ਰੈਲ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼, ਸਿੱਖ ਰਾਜ ਦੇ ਥੰਮ੍ਹ ਸਨ - ਜਰਨੈਲ ਸ। ਹਰੀ ਸਿੰਘ ਨਲੂਆ
ਸਿੱਖ ਇਤਿਹਾਸ ਦੇ ਕੁਰਬਾਨੀ ਅਤੇ ਵੀਰਤਾ ਦੇ ਸੁਨਹਿਰੀ ਪੰਨਿਆਂ ਉੱਪਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸੂਰਬੀਰ ਜਰਨੈਲ ਸ। ਹਰੀ ਸਿੰਘ ਨਲੂਆ (ਨਲਵਾ) ਦੀ ਅਦੁੱਤੀ ਬਹਾਦਰੀ ਦਾ ਜ਼ਿਕਰ ਬੜੇ ਸਤਿਕਾਰ ਨਾਲ ਦਰਜ ਹੈ । ਇਸ ਮਹਾਨ ਜਰਨੈਲ ਅਤੇ ਅਦੁੱਤੀ ਯੋਧੇ ਦਾ ਜਨਮ 1791 ਈ: ਵਿੱਚ ਗੁਜਰਾਂਵਾਲਾ ਨਿਵਾਸੀ ਸ। ਗੁਰਦਿਆਲ ਸਿੰਘ ਦੇ ਗ੍ਰਹਿ ਵਿਖੇ ਬੀਬੀ ਧਰਮ ਕੌਰ ਦੀ ਕੁੱਖ ਤੋਂ ਹੋਇਆ । ਇਸ ਮਹਾਨ ਜਰਨੈਲ ਦੇ ਦਾਦਾ ਸ। ਹਰਦਾਸ ਸਿੰਘ 1762 ਈ: ਵਿੱਚ ਅਹਿਮਦ ਸ਼ਾਹ ਦੁਰਾਨੀ ਦੀ ਫੌਜ ਨਾਲ ਹੋਈ ਗਹਿਗੱਚ ਲੜਾਈ ਵਿੱਚ ਸ਼ਹੀਦੀ ਜਾਮ ਪੀ ਗਏ ਸਨ । ਸ। ਹਰੀ ਸਿੰਘ ਨੂੰ ਕੁਰਬਾਨੀ ਅਤੇ ਬਹਾਦਰੀ ਵਰਗੇ ਮਹਾਨ ਗੁਣ ਵਿਰਸੇ ਵਿੱਚੋਂ ਹੀ ਮਿਲੇ ਸਨ । ਆਪ ਜੀ ਦੇ ਪਿਤਾ ਸ। ਗੁਰਦਿਆਲ ਸਿੰਘ ਨੇ ਸ਼ੁਕਰਚੱਕੀ ਮਿਸਲ ਦੇ ਸਰਦਾਰਾਂ ਨਾਲ ਕਈ ਮੁਹਿੰਮਾਂ ਵਿੱਚ ਆਪਣੀ ਅਣਖ ਤੇ ਦਲੇਰੀ ਵਰਗੇ ਗੁਣਾਂ ਨੂੰ ਉਜਾਗਰ ਕੀਤਾ ਸੀ । ਇਹ ਗੱਲ ਇਸ ਬਹਾਦਰ ਯੋਧੇ ਦੀ ਅਣਖ, ਦਲੇਰੀ, ਸੂਰਬੀਰਤਾ, ਪਰਉਪਕਾਰ ਅਤੇ ਕੁਰਬਾਨੀ ਦੀ ਗਾਥਾ ਨੂੰ ਪ੍ਰਗਟ ਕਰਦੀ ਹੈ, ਜਿਸ ਨੂੰ ਅਜਿਹੀ ਗੁੜ੍ਹਤੀ ਵਿਰਾਸਤ ਵਿੱਚ ਹੀ ਪ੍ਰਾਪਤ ਹੋ ਗਈ ਸੀ । ਸੱਤ ਸਾਲ ਦੀ ਬਾਲੜੀ ਉਮਰ ਵਿੱਚ ਹੀ ਪਿਤਾ ਜੀ ਅਕਾਲ ਚਲਾਣਾ ਕਰ ਗਏ । ਨਾਨਕੇ ਪਰਿਵਾਰ ਵਿੱਚ ਮਾਮਾ ਜੀ ਕੋਲ ਰਹਿ ਕੇ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖੇ । ਸ। ਹਰੀ ਸਿੰਘ ਨੂੰ ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਹਾਸਲ ਕਰਨ ਦੀ ਤਮੰਨਾ ਬਚਪਨ ਤੋਂ ਹੀ ਸੀ । ਜਵਾਨੀ ਵਿੱਚ ਪੈਰ ਧਰਨ ਤੋਂ ਪਹਿਲਾਂ 15 ਸਾਲ ਦੀ ਉਮਰ ਵਿੱਚ ਬਿਨਾਂ ਕਿਸੇ ਚੰਗੀ ਸਿਖਲਾਈ ਤੋਂ ਯੁੱਧ ਨੀਤੀ ਵਿੱਚ ਨਿਪੁੰਨਤਾ ਹਾਸਲ ਕਰ ਲਈ ।
ਸਿੱਖ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਖ਼ਾਲਸਾ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਵਿਸ਼ੇਸ਼ ਦਰਬਾਰ ਲਾ ਕੇ ਹੋੋਣਹਾਰ ਨੌਜਵਾਨਾਂ ਦੀ ਸਰੀਰਕ ਤਾਕਤ ਨੂੰ ਪਰਖਣ ਲਈ ਬਹਾਦਰੀ, ਸ਼ਸ਼ਤਰ ਵਿੱਦਿਆ ਅਤੇ ਘੋੜ ਸਵਾਰੀ ਵਿੱਚ ਸਖਤ ਮਿਹਨਤ ਕਰਨ ਵਾਲੇ ਨੌਜਵਾਨਾਂ ਦੇ ਮੁਕਾਬਲੇ ਕਰਵਾਇਆ ਕਰਦੇ ਸਨ । 1805 ਈ: ਵਿੱਚ ਲਾਹੌਰ ਦੀ ਧਰਤੀ &lsquoਤੇ ਹੋਏ ਇਕ ਬਸੰਤ ਦਰਬਾਰ ਵਿੱਚ ਸ। ਹਰੀ ਸਿੰਘ ਨੂੰ ਵੀ ਆਪਣੀ ਤਾਕਤ ਅਤੇ ਹਥਿਆਰ ਚਲਾਉਣ ਦੀ ਕਲਾ ਦੇ ਕਰਤੱਬ ਦਿਖਾਉਣ ਦਾ ਮੌਕਾ ਮਿਲ ਗਿਆ । ਇਥੇ ਹੀ ਬਹਾਦਰੀ ਤੇ ਕਲਾ ਦੇ ਜੌਹਰ ਦਿਖਾਉਂਦਿਆਂ ਸ। ਹਰੀ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਛਾਤੀ ਨਾਲ ਲਾ ਕੇ ਬੱਚਿਆਂ ਵਾਂਗ ਪਿਆਰ ਦਿੱਤਾ ਅਤੇ ਬੇਸ਼ਕੀਮਤੀ ਕੈਂਠਾ ਪਹਿਨਾਇਆ । ਨਾਲ ਹੀ 15 ਕੁ ਸਾਲ ਦੀ ਉਮਰ ਵਿੱਚ ਹੀ ਆਪਣੀ ਨਿੱਜੀ ਫੌਜ ਵਿੱਚ ਸ਼ਾਮਿਲ ਕਰ ਲਿਆ । ਇਕ ਵਾਰ ਸ। ਹਰੀ ਸਿੰਘ ਮਹਾਰਾਜੇ ਨਾਲ ਸ਼ੇਰ ਦਾ ਸ਼ਿਕਾਰ ਕਰਨ ਗਿਆ । ਸ। ਹਰੀ ਸਿੰਘ ਨੇ ਸ਼ੇਰ ਦਾ ਸ਼ਿਕਾਰ ਕਰਨ ਸਮੇਂ ਬੜੀ ਫੁਰਤੀ ਨਾਲ ਸ਼ੇਰ ਨੂੰ ਮਾਰ ਮੁਕਾਇਆ । ਮਹਾਰਾਜੇ ਨੇ ਸ। ਹਰੀ ਸਿੰਘ ਦੀ ਬਹਾਦਰੀ ਅਤੇ ਸੂਰਬੀਰਤਾ ਨੂੰ ਦੇਖ ਕੇ ਉਸ ਨੂੰ ਨਲ ਦਾ ਖਿਤਾਬ ਦਿੱਤਾ । ਕਿਉਂਕਿ ਹਿੰਦੁਸਤਾਨ ਦੇ ਇਤਿਹਾਸ ਵਿੱਚ ਰਾਜਾ ਨਲ ਜਿਸ ਨਿਡਰਤਾ ਨਾਲ ਸ਼ੇਰ ਦਾ ਸ਼ਿਕਾਰ ਕਰਦਾ ਸੀ, ਉਹੋ ਜਿਹੀ ਨਿਡਰਤਾ ਤੇ ਸੂਰਬੀਰਤਾ ਸ। ਹਰੀ ਸਿੰਘ ਨੇ ਦਿਖਾਈ ਸੀ । ਇਸ ਘਟਨਾ ਤੋਂ ਪਿੱਛੋਂ ਨਲ ਜਾਂ ਨਲਵਾ ਸ਼ਬਦ ਪੱਕੇ ਤੌਰ &lsquoਤੇ ਇਸ ਮਹਾਨ ਜਰਨੈਲ ਨਾਲ ਜੁੜ ਗਿਆ । ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨਾਲ ਅਨੇਕਾਂ ਯੁੱਧਾਂ ਵਿੱਚ ਸ। ਹਰੀ ਸਿੰਘ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ । 1807 ਵਿੱਚ ਕਸੂਰ ਦੀ ਲੜਾਈ ਅਤੇ 1810 ਈ: ਵਿੱਚ ਸਿਆਲਕੋਟ ਦੀ ਲੜਾਈ ਵਿੱਚ ਆਪਣੀ ਯੁੱਧ ਕਲਾ ਵਾਲੀ ਪ੍ਰਪੱਕਤਾ ਦਾ ਸਬੂਤ ਸ। ਹਰੀ ਸਿੰਘ ਨੇ ਪ੍ਰਤੱਖ ਰੂਪ ਵਿੱਚ ਦਿੱਤਾ । 
ੇ ਇਸੇ ਸਾਲ ਮੁਲਤਾਨ ਨੂੰ ਫਤਹਿ ਕਰਨ ਸਮੇਂ ਉਸ ਨੂੰ ਗਹਿਰੇ ਜ਼ਖ਼ਮ ਵੀ ਲੱਗੇ । 1813 ਈ: ਵਿੱਚ ਹਜਰੋਂ ਵਿੱਚ ਪਠਾਣਾਂ ਨਾਲ ਯੁੱਧ ਹੋਇਆ । 1815 ਈ: ਵਿੱਚ ਪਹਾੜੀ ਇਲਾਕਿਆਂ ਨੂੰ ਫਤਹਿ ਕਰਨ ਤੋਂ ਪਿੱਛੋਂ ਕਸ਼ਮੀਰ ਵਿੱਚ ਜਿੱਤ ਦਾ ਪਰਚਮ ਲਹਿਰਾਇਆ । ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸ। ਹਰੀ ਸਿੰਘ ਨਲੂਆ ਨੂੰ ਇਥੋਂ ਦਾ ਗਵਰਨਰ ਨਿਯੁਕਤ ਕੀਤਾ । ਇਸ ਤੋਂ ਬਾਅਦ 1821 ਈ: ਵਿੱਚ ਹਜ਼ਾਰਾ ਇਲਾਕੇ ਦੇ ਖੂੰ-ਖਾਰ ਅਫ਼ਗਾਨਾਂ ਨੂੰ ਪੱਕੇ ਤੌਰ &lsquoਤੇ ਨੇਬਤੋ-ਨਾਬੂਦ ਕਰਕੇ ਗਵਰਨਰ ਬਣੇ । ਇਸ ਤੋਂ ਬਾਅਦ ਆਪਣੇ ਨਾਂਅ &lsquoਤੇ ਹਰੀ ਨਗਰ ਵੀ ਵਸਾਇਆ । ਹੁਣ ਅਟਕ ਦਰਿਆ ਦੇ ਪਾਰਲੇ ਇਲਾਕੇ ਨੂੰ ਫਤਹਿ ਕੀਤਾ । 1834 ਈ: ਵਿੱਚ ਪਿਸ਼ਾਵਰ ਨੂੰ ਜਿੱਤ ਕੇ ਇਥੇ ਵੀ ਸਥਾਈ ਤੌਰ &lsquoਤੇ ਸਿੱਖ ਰਾਜ ਕਾਇਮ ਕੀਤਾ । ਇਥੇ ਵੀ ਗਵਰਨਰ ਦੀ ਡਿਊਟੀ ਸ। ਨਲੂਆ ਨੇ ਹੀ ਨਿਭਾਈ । ਪਿਸ਼ਾਵਰ ਦੇ ਇਰਦ-ਗਿਰਦ ਕੱਟੜ ਸ਼ਰਈ ਪਠਾਣਾਂ ਨੂੰ ਸੋਧ ਕੇ ਈਨ ਮੰਨਣ ਲਈ ਮਜ਼ਬੂਰ ਕੀਤਾ । ਸ। ਹਰੀ ਸਿੰਘ ਨਲੂਆ ਦਾ ਨਾਂਅ ਸੁਣ ਕੇ ਪਠਾਨ ਭੱਜ ਜਾਂਦੇ ਸਨ । ਸ। ਨਲੂਆ ਦਾ ਡਰ ਪਠਾਣੀਆਂ ਦੇ ਮਨ ਵਿੱਚ ਏਨਾ ਘਰ ਕਰ ਗਿਆ ਕਿ ਇਹ ਆਪਣੇ ਬੱਚਿਆਂ ਨੂੰ ਨਲਵਾ ਰਾਂਗਲੇ ਭਾਵ ਨਲੂਆ ਆ ਗਿਆ ਕਹਿ ਕੇ ਸੁਆਉਂਦੀਆਂ ਸਨ । 
1837 ਈ: ਵਿੱਚ ਮੁਹੰਮਦ ਖਾਨ ਨੇ ਸਿੱਖਾਂ ਵਿਰੁੱਧ ਜਹਾਦ ਛੇੜਿਆ ਅਤੇ ਜਮਰੌਦ ਦੇ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ । ਇਸ ਹਮਲੇ ਦੀ ਅਗਵਾਈ ਇਸ ਦਾ ਸਪੁੱਤਰ ਅਕਬਰ ਖ਼ਾਨ ਕਰ ਰਿਹਾ ਸੀ । ਸਿੱਖ ਫੌਜਾਂ ਦੇ ਜਰਨੈਲ ਸ। ਹਰੀ ਸਿੰਘ ਸਨ । ਇਥੇ ਵੀ ਆਪਣੀ ਲਾਸਾਨੀ ਯੁੱਧ ਕਲਾ ਨਾਲ ਉਨ੍ਹਾਂ ਅਫ਼ਗਾਨਾਂ ਨੂੰ ਬੁਰੀ ਤਰ੍ਹਾਂ ਸ਼ਿਕਸਤ ਦਿੱਤੀ । ਅਫ਼ਗਾਨੀਆਂ ਦੀਆਂ 14 ਵੱਡੀਆਂ ਤੋਪਾਂ ਖੋਹ ਲਈਆਂ । ਸ। ਹਰੀ ਸਿੰਘ ਦਾ ਪਿੱਛਾ ਕਰਦਿਆਂ ਇਕ ਪਹਾੜੀ ਗੁਫਾ ਵਿੱਚ ਲੁਕੇ ਪਠਾਣਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਇਕ ਗੋਲੀ ਸ। ਹਰੀ ਸਿੰਘ ਨਲੂਆ ਦੀ ਛਾਤੀ ਵਿੱਚ ਤੇ ਦੂਜੀ ਵੱਖੀ ਵਿੱਚ ਲੱਗੀ । ਆਪਣੇ ਆਪ ਨੂੰ ਜ਼ਖਮੀ ਹਾਲਤ ਵਿੱਚ ਸੰਭਾਲ ਕੇ ਘੋੜਾ ਜਮਰੌਦ ਦੇ ਕਿਲ੍ਹੇ ਵਿੱਚ ਲੈ ਗਏ । ਅੰਤਿਮ ਸਮਾਂ ਨੇੜੇ ਆਇਆ ਜਾਣ ਕੇ ਕਿਲ੍ਹੇਦਾਰ ਸ। ਮਹਾਂ ਸਿੰਘ ਨੂੰ ਕਿਹਾ, ਜਦੋਂ ਤੱਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਹੀਂ ਪਹੁੰਚ ਜਾਂਦੇ, ਤਦ ਤੱਕ ਮੇਰੀ ਸ਼ਹੀਦੀ ਦੀ ਖਬਰ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ । ਇਸ ਤਰ੍ਹਾਂ ਇਸ ਮਹਾਨ ਜਰਨੈਲ ਨੇ 30 ਅਪ੍ਰੈਲ 1837 ਨੂੰ ਸ਼ਹਾਦਤ ਦਾ ਜਾਮ ਪੀਤਾ । 
ਇਸ ਅਦੁੱਤੀ ਸੂਰਬੀਰ ਯੋਧੇ ਦੀ ਸ਼ਹਾਦਤ ਸਮੇਂ ਮਹਾਰਾਜੇ ਨੇ ਅੱਥਰੂ ਕੇਰਦਿਆਂ ਕਿਹਾ ਅੱਜ ਮੈਨੂੰ ਸਿੱਖ ਰਾਜ ਦਾ ਥੰਮ੍ਹ ਡਿੱਗਣ ਦਾ ਅਹਿਸਾਸ ਹੋਇਆ ਹੈ । ਜਦੋਂ ਸ। ਹਰੀ ਸਿੰਘ ਨਲੂਆ ਸ਼ਹੀਦ ਹੋਇਆ, ਉਸ ਸਮੇਂ ਉਹ 3 ਲੱਖ 67 ਹਜ਼ਾਰ ਦੀ ਸਾਲਾਨਾ ਆਮਦਨ ਵਾਲੀ ਜਗੀਰ ਦਾ ਮਾਲਕ ਸੀ । ਕਲਗੀਧਰ ਪਾਤਸ਼ਾਹ ਦੇ ਸੱਚੇ ਸਿੱਖ, ਇਸ ਮਹਾਨ ਯੋਧੇ ਦੀ ਕੁਰਬਾਨੀ ਦਾ ਜ਼ਿਕਰ ਅੱਜ ਵੀ ਬੜੇ ਮਾਣ ਨਾਲ ਕੀਤਾ ਜਾਂਦਾ ਹੈ । ਅੱਜ ਸ਼ਹਾਦਤ ਦੇ ਦਿਹਾੜੇ &lsquoਤੇ ਉਸ ਦੀ ਮਹਾਨ ਸ਼ਹੀਦੀ ਸਾਡਾ ਮਾਰਗ ਦਰਸ਼ਨ ਕਰਦਿਆਂ ਸਮੁੱਚੀ ਕੌਮ ਨੂੰ ਪ੍ਰੇਰਿਤ ਕਰ ਰਹੀ ਹੈ । ਇਸ ਮਹਾਨ ਜਰਨੈਲ ਨੂੰ ਸਾਡਾ ਪ੍ਰਣਾਮ ।
-ਭਗਵਾਨ ਸਿੰਘ ਜੌਹਲ