image caption: -ਭਗਵਾਨ ਸਿੰਘ ਜੌਹਲ

3 ਮਈ ਨੂੰ ਜਨਮ ਦਿਨ ਤੇ ਵਿਸ਼ੇਸ਼ ਬੰਦਗੀ ਤੇ ਤਿਆਗ ਦੇ ਮੁਜੱਸਮੇ-ਬਾਬਾ ਜਵਾਲਾ ਸਿੰਘ ਹਰਖੋਵਾਲ

ਅਜਿਹੀਆਂ ਬਹੁਤ ਵਿਰਲੀਆਂ ਸ਼ਖ਼ਸੀਅਤਾਂ ਹਨ, ਜਿਨ੍ਹਾਂ ਪੂਰਾ ਜੀਵਨ ਹੀ ਰੱਬੀ ਪ੍ਰੇਮ ਤੇ ਉਸ ਸੱਚੇ ਦੀ ਬੰਦਗੀ ਵਿੱਚ ਬਤੀਤ ਕੀਤਾ ਹੋਵੇ । ਪੰਜਾਬ ਦੀ ਧਰਤੀ ਤੇ ਅਜਿਹੇ ਨਾਮ ਰਸੀਏ ਅਤੇ ਆਤਮਿਕ ਤਿਆਗੀ ਮਹਾਂਪੁਰਸ਼ਾਂ ਵਿੱਚੋਂ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਨੂੰ ਦੇਸ਼-ਵਿਦੇਸ਼ ਵਿੱਚ ਵੱਸਣ ਵਾਲੀਆਂ ਲੱਖਾਂ ਸਿੱਖ ਸੰਗਤਾਂ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਯਾਦ ਕਰਦੀਆਂ ਹਨ । ਜ਼ਿਲ੍ਹਾ ਹੁਸ਼ਿਆਰਪੁਰ ਦੀ ਸਰਸਬਜ਼ ਧਰਤੀ ਨੇ ਭਾਵੇਂ ਅਨੇਕਾਂ ਰੰਗ-ਰਤੜੀਆਂ ਰੂਹਾਂ ਨੂੰ ਜਨਮ ਦਿੱਤਾ ਹੈ, ਪਰ ਸੰਤ ਬਾਬਾ ਜਵਾਲਾ ਸਿੰਘ ਵਰਗੇ ਆਤਮਿਕ ਖੋਜੀ ਅਤੇ ਪ੍ਰਭੂ ਨਾਲ ਇੱਕ ਮਿੱਕ ਹੋਏ ਮਹਾਂਪੁਰਸ਼ ਬਹੁਤ ਥੋੜ੍ਹੇ ਹਨ । ਸੰਤ ਬਾਬਾ ਜਵਾਲ ਸਿੰਘ ਦੀ ਯਾਦ ਵਿੱਚ ਦੇਸ਼-ਵਿਦੇਸ਼ ਵਿੱਚ ਸਾਰਾ ਸਾਲ ਹੀ ਸਮਾਗਮ ਚੱਲਦੇ ਰਹਿੰਦੇ ਹਨ । ਬਾਬਾ ਜਵਾਲਾ ਸਿੰਘ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਲੰਗੇਰੀ ਵਿਖੇ ਸ: ਨਾਰਾਇਣ ਸਿੰਘ ਦੇ ਗ੍ਰਹਿ ਵਿਖੇ ਬੀਬੀ ਰਾਜ ਕੌਰ ਦੀ ਕੁੱਖ ਤੋਂ 21 ਵਿਸਾਖ ਅਰਥਾਤ 3 ਮਈ, 1889 ਈ: ਨੂੰ ਹੋਇਆ । ਬਚਪਨ ਵਿੱਚ ਹੀ ਆਪ ਸਰੀਰਕ ਪੱਖ ਤੋਂ ਰਿਸ਼ਟ-ਪੁਸ਼ਟ ਸਨ, ਪ੍ਰਭੂ ਭਗਤੀ ਦੀ ਲਗਨ ਹੋਣ ਕਰਕੇ ਜ਼ਿਆਦਾ ਇਕਾਂਤ ਵਿੱਚ ਰਹਿਣਾ ਪਸੰਦ ਕਰਦੇ ਸਨ । 18 ਸਾਲ ਦੀ ਭਰ ਜਵਾਨੀ ਦੀ ਉਮਰ ਵਿੱਚ ਫੌਜ ਵਿੱਚ ਭਰਤੀ ਹੋ ਗਏ । ਫੌਜੀ ਨੌਕਰੀ ਦੌਰਾਨ ਆਪ ਦੀ ਪਲਟਨ ਰਾਵਲਪਿੰਡੀ ਛਾਉਣੀ (ਲਹਿੰਦੇ ਪੰਜਾਬ) ਵਿੱਚ ਤਾਇਨਾਤ ਸੀ । ਇਥੋਂ ਆਪ ਜੀ ਨੂੰ ਆਤਮਿਕ ਖੋਜੀ ਬਿਰਤੀ ਅਤੇ ਬੰਦਗੀ ਦੀ ਲਗਨ ਹੋਤੀ ਮਰਦਾਨ ਸੰਪਰਦਾ ਦੇ ਅਸਥਾਨ ਤੇ ਲੈ ਗਈ । ਇਸ ਸੰਪਰਦਾ ਦੇ ਤਿਆਗੀ ਤੇ ਵੈਰਾਗੀ ਮਹਾਂਪੁਰਸ਼ ਸੰਤ ਬਾਬਾ ਕਰਮ ਸਿੰਘ ਦੁਆਰਾ ਵਰੋਸਾਈ ਮਹਾਨ ਹਸਤੀ ਬਾਬਾ ਆਇਆ ਸਿੰਘ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ । ਇਸ ਮਹਾਨ ਹਸਤੀ ਦੀ ਮਿਕਨਾਤੀਸੀ ਖਿੱਚ ਨੇ ਹਮੇਸ਼ਾ ਲਈ ਬਾਬਾ ਜਵਾਲਾ ਸਿੰਘ ਨੂੰ ਆਪਣਾ ਸੇਵਾਦਾਰ ਬਣਾ ਕੇ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦੀ ਮਹਾਨ ਸੇਵਾ ਲਈ ਸਮਰਪਿਤ ਕਰ ਦਿੱਤਾ ।
1917 ਈ: ਵਿੱਚ ਦੱਸ ਸਾਲ ਦੀ ਫੌਜ ਦੀ ਨੌਕਰੀ ਪੂਰੀ ਹੋਣ ਤੋਂ ਪਹਿਲਾਂ ਹੀ ਪੱਕੇ ਤੌਰ ਤੇ ਹੋਤੀ ਮਰਦਾਨ ਦੇ ਅਸਥਾਨ ਤੇ ਪਹੁੰਚ ਗਏ । ਹੁਣ ਉਹ ਸਿਪਾਹੀ ਨਹੀਂ, ਸੰਤ ਬਣ ਚੁੱਕੇ ਸਨ । ਬਾਬਾ ਆਇਆ ਸਿੰਘ ਦੀ ਸੰਗਤ ਵਿੱਚ ਰਹਿ ਕੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ, ਤਿਆਗ, ਲੋਕ ਭਲਾਈ ਅਤੇ ਪਰਉਪਕਾਰ ਵਰਗੇ ਮਹਾਨ ਗੁਣਾਂ ਦਾ ਏਨਾ ਵਿਸਥਾਰ ਹੋਇਆ ਕਿ ਸਮੁੱਚੇ ਸੰਸਾਰ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਲੋਕ ਭਲੇ ਲਈ ਉਮਾਹ ਤੇ ਉਤਸ਼ਾਹ ਪੈਦਾ ਹੋ ਗਿਆ । ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਕੇ ਤੇਰ-ਮੇਰ ਹਮੇਸ਼ਾ ਲਈ ਮਿੱਟ ਗਿਆ । ਕਣ-ਕਣ ਵਿੱਚ ਵੱਸੇ ਪ੍ਰਭੂ ਪਿਆਰ ਵਿੱਚ ਰੰਗੇ ਗਏ । ਸਾਡਾ ਸਮਾਜ ਜਿਨ੍ਹਾਂ ਲੋਕਾਂ ਨੂੰ ਬਉਰੇ ਜਾਂ ਮਸਤ ਕਹਿੰਦਾ ਸੀ, ਅਜਿਹੇ ਅਨੇਕਾਂ ਰੱਬ ਦੇ ਪਿਆਰਿਆਂ ਵਿੱਚੋਂ ਉਨ੍ਹਾਂ ਨੂੰ ਪ੍ਰਭੂ-ਪਿਆਰ ਦੇ ਝਲਕਾਰੇ ਦਿਖਾਈ ਦਿੱਤੇ । ਦੋ ਸਾਲ ਤੱਕ ਹੋਤੀ ਮਰਦਾਨ ਸੰਪਰਦਾ ਦੇ ਬਾਬਾ ਆਇਆ ਸਿੰਘ ਦੀ ਸੰਗਤ ਵਿੱਚ ਰਹਿਣ ਤੋਂ ਬਾਅਦ ਉਨ੍ਹਾਂ ਦੇ ਹੁਕਮ ਮੁਤਾਬਿਕ ਇਸ ਰੱਬੀ ਰੰਗ ਵਿੱਚ ਰੰਗੀ ਆਤਮਾ ਨੂੰ ਵਾਪਸ ਪਿੰਡ ਲੰਗੇਰੀ (ਹੁਸ਼ਿਆਰਪੁਰ) ਆਉਣਾ ਪਿਆ । ਹੁਣ ਪਿੰਡ ਪਹੁੰਚ ਘਰੇਲੂ ਅਤੇ ਖੇਤੀਬਾੜੀ ਕੰਮ ਵਿੱਚ ਕੋਈ ਰੁਚੀ ਨਹੀਂ ਸੀ । ਰੱਬੀ ਰੰਗ ਵਿੱਚ ਰਹਿੰਦਿਆਂ ਮਨੁੱਖਤਾ ਵਿੱਚੋਂ ਹਰ ਸਮੇਂ ਕਾਦਰ ਦੀ ਕੁਦਰਤ ਦੇ ਨਜ਼ਾਰੇ ਮਾਣਦਿਆਂ ਹੁਸ਼ਿਆਰਪੁਰ ਦੇ ਦੱਖਣ-ਪੱਛਮ ਵੱਲ ਫਗਵਾੜਾ ਰੋਡ &lsquoਤੇ ਹਰਖੋਵਾਲ ਦੇ ਸਥਾਨ &lsquoਤੇ ਸਿੱਖੀ ਦਾ ਪ੍ਰਚਾਰ ਕੇਂਦਰ ਸਥਾਪਤ ਕੀਤਾ । ਉਸ ਸਮੇਂ ਸਿੱਖੀ ਨੂੰ ਦਰਪੇਸ਼ ਚੁਣੌਤੀਆਂ ਮੌਕੇ ਆਪ ਪੰਥਕ ਕਾਰਜਾਂ ਲਈ ਮੂਹਰਲੀ ਕਤਾਰ ਦੀਆਂ ਸਿੱਖ ਧਾਰਮਿਕ ਸ਼ਖ਼ਸੀਅਤਾਂ ਵਜੋਂ ਸਹਿਯੋਗ ਦਿੰਦੇ ਰਹੇ ।
ਹਰਖੋਵਾਲ ਦੇ ਇਸ ਅਸਥਾਨ ਨੂੰ ਦੂਰ-ਦੁਰਾਡੇ ਵੱਸਣ ਵਾਲੀਆਂ ਸਿੱਖ ਸੰਗਤਾਂ ਗੁਰਦੁਆਰਾ ਸੰਤਗੜ੍ਹ ਦੇ ਨਾਂਅ ਨਾਲ ਸਤਿਕਾਰ ਦਿੰਦੀਆਂ ਹਨ । ਸਾਰਾ ਸਾਲ ਸਿੱਖ ਸੰਗਤ ਇਸ ਅਸਥਾਨ ਦੇ ਦਰਸ਼ਨਾਂ ਲਈ ਸੰਗਤ ਪੁੱਜਦੀ ਹੈ । ਅਨੇਕਾਂ ਭੱੁਲੀਆਂ-ਭਟਕੀਆਂ ਰੂਹਾਂ ਨੂੰ ਗੁਰਮਤਿ ਸਿਧਾਂਤਾਂ ਦੀ ਸੋਝੀ ਦਿੰਦਿਆਂ ਆਪ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਡੁਮੇਲੀ (ਤਹਿਸੀਲ ਫਗਵਾੜਾ) ਵਿਖੇ ਬਾਬਾ ਦਲੀਪ ਸਿੰਘ ਦੇ ਅਸਥਾਨ &lsquoਤੇ 13 ਨਵੰਬਰ, 1957 ਨੂੰ ਸੱਚਖੰਡ ਜਾ ਬਿਰਾਜੇ । 
3 ਮਈ ਨੂੰ ਸੰਤ ਬਾਬਾ ਜਵਾਲਾ ਸਿੰਘ ਦੇ ਜਨਮ ਦਿਨ ਤੇ ਉਨ੍ਹਾਂ ਦੀ ਯਾਦ ਵਿੱਚ ਪਿੰਡ ਲੰਗੇਰੀ ਵਿਖੇ ਮਹਾਨ ਗੁਰਮਤਿ ਸਮਾਗਮ ਹੋ ਰਿਹਾ ਹੈ । ਇਸ ਤੋਂ ਇਲਾਵਾ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਤੇ ਸਤਿਕਾਰ ਰੱਖਣ ਵਾਲੀਆਂ ਗੁਰਸਿੱਖ ਸਿੱਖ ਸੰਗਤਾਂ ਵੱਖ-ਵੱਖ ਥਾਵਾਂ &lsquoਤੇ ਦੇਸ਼-ਵਿਦੇਸ਼ ਵਿੱਚ ਵੀ ਉਨ੍ਹਾਂ ਦੇ ਜਨਮ ਦਿਨ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾ ਰਹੀਆਂ ਹਨ ।
-ਭਗਵਾਨ ਸਿੰਘ ਜੌਹਲ