ਭਾਰਤ ਨਾਲ ਚੱਲ ਰਹੇ ਤਣਾਅ ਵਿਚਾਲੇ ਪਾਕਿ ਨੂੰ ਝਟਕਾ! ਚੀਨ ਨੇ ਦਿੱਤਾ ਵੱਡਾ ਬਿਆਨ
ਭਾਰਤ ਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਵਿਚਾਲੇ ਚੀਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੀਨ ਨੇ ਕਿਹਾ ਹੈ ਕਿ ਅਸੀਂ ਅੱਤਵਾਦ ਦੇ ਖਿਲਾਫ਼ ਹਾਂ। ਇਸ ਦੇ ਨਾਲ ਹੀ ਚੀਨ ਨੇ ਦੋਵਾਂ ਮੁਲਕਾਂ ਨੂੰ ਸੰਜਮ ਵਰਤਣ ਤੇ ਸ਼ਾਂਤੀ ਨਾਲ ਕੰਮ ਲੈਣ ਦੀ ਅਪੀਲ ਕੀਤੀ। ਇਸ ਤਣਾਅ ਵਾਲੀ ਸਥਿਤੀ ਵਿਚਾਲੇ ਚੀਨ ਦਾ ਇਹ ਬਿਆਨ ਪਾਕਿਸਤਾਨ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਕਿਉਂਕਿ ਅੱਤਵਾਦ ਦੇ ਖਿਲਾਫ ਹੀ ਭਾਰਤ ਨੇ ਪਾਕਿਸਤਾਨ ਖਿਲਾਫ ਵੱਡਾ ਐਕਸ਼ਨ ਲਿਆ ਹੈ।
ਬੀਜਿੰਗ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦਾ ਹੈ। ਅਸੀਂ ਦੋਹਾਂ ਧਿਰਾਂ ਨੂੰ ਸ਼ਾਂਤੀ ਤੇ ਸਥਿਰਤਾ ਦੇ ਹਿੱਤ ਵਿਚ ਕੰਮ ਕਰਨ ਦੀ ਅਪੀਲ ਕਰਦੇ ਹਾਂ। ਕੋਈ ਵੀ ਅਜਿਹੀ ਕਾਰਵਾਈ ਨਾ ਕੀਤੀ ਜਾਵੇ, ਜਿਸ ਨਾਲ ਹਾਲਾਤ ਵਿਗੜਣ।
ਰਿਪੋਰਟਾਂ ਮੁਤਾਬਕ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਉਸ ਨੂੰ ਭਾਰਤ-ਪਾਕਿਸਤਾਨ ਤਣਾਅ ਵਿੱਚ ਚੀਨੀ ਜੈੱਟਾਂ ਦੀ ਕਿਸੇ ਭੂਮਿਕਾ ਬਾਰੇ ਜਾਣਕਾਰੀ ਨਹੀਂ ਹੈ। ਇਹ ਬਿਆਨ ਭਾਰਤ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਮਿਜ਼ਾਈਲਾਂ ਨਾਲ ਕੀਤੇ ਗਏ ਹਵਾਈ ਹਮਲੇ ਤੋਂ ਇੱਕ ਦਿਨ ਬਾਅਦ ਆਇਆ ਹੈ।