image caption:

ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੀ ਯੋਜਨਾ ਮੁੜ ਫ਼ੇਲ੍ਹ

ਪੰਜਾਬ ਸਰਕਾਰ ਨੇ ਨੰਗਲ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੀ ਯੋਜਨਾ ਅੱਜ ਦੂਜੀ ਵਾਰ ਫ਼ੇਲ੍ਹ ਕਰ ਦਿੱਤੀ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਕੱਲ੍ਹ ਹਾਈ ਕੋਰਟ ਦਾ ਫ਼ੈਸਲਾ ਨਸ਼ਰ ਹੋਣ ਮਗਰੋਂ ਨੰਗਲ ਡੈਮ ਤੋਂ ਹਰਿਆਣਾ ਨੂੰ 4500 ਕਿਊਸਕ ਵਾਧੂ ਪਾਣੀ ਛੱਡਣ ਲਈ ਸ਼ਡਿਊਲ ਤਿਆਰ ਕਰ ਲਿਆ ਸੀ। ਪੰਜਾਬ ਸਰਕਾਰ ਨੂੰ ਲਾਂਭੇ ਕਰਕੇ ਹਰਿਆਣਾ ਦੇ ਐਕਸੀਅਨ ਨੇ ਬੀਬੀਐੱਮਬੀ ਦੇ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਸੰਜੀਵ ਕੁਮਾਰ ਜੋ ਕਿ ਹਰਿਆਣਾ ਦੇ ਹਨ, ਨੂੰ ਵਾਧੂ ਪਾਣੀ ਛੱਡਣ ਦਾ ਇਨਡੈਂਟ ਦੇ ਦਿੱਤਾ ਸੀ। ਅੱਜ ਨੰਗਲ ਡੈਮ ਦੇ ਗੇਟ ਖੋਲ੍ਹੇ ਜਾਣੇ ਸਨ।
ਇਸ ਦਾ ਪਤਾ ਲੱਗਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੀਜੀ ਵਾਰ ਨੰਗਲ ਡੈਮ &rsquoਤੇ ਪੁੱਜ ਗਏ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਲੋਕਾਂ ਨੇ ਨੰਗਲ ਡੈਮ &rsquoਤੇ ਧਰਨਾ ਮਾਰ ਦਿੱਤਾ। ਬੀਬੀਐੱਮਬੀ ਤਰਫ਼ੋਂ ਨੰਗਲ ਡੈਮ ਦੇ ਗੇਟ ਖੋਲ੍ਹਣ ਦੀ ਜ਼ਿੰਮੇਵਾਰੀ ਹਿਮਾਚਲ ਪ੍ਰਦੇਸ਼ ਦੇ ਐਕਸੀਅਨ ਕੋਲ ਸੀ। ਲੋਕਾਂ ਦੀ ਭੀੜ ਨੂੰ ਦੇਖਦਿਆਂ ਗੇਟ ਖੋਲ੍ਹਣ ਵਾਲਾ ਸਟਾਫ਼ ਪਿਛਾਂਹ ਹਟ ਗਿਆ। ਬੀਬੀਐੱਮਬੀ ਨੇ ਅਧਿਕਾਰੀਆਂ &rsquoਤੇ ਦਬਾਅ ਵੀ ਪਾਇਆ ਕਿ ਉਨ੍ਹਾਂ ਲੋਕਾਂ ਦੇ ਨਾਮ ਦੱਸੇ ਜਾਣ ਜੋ ਡੈਮ ਦੇ ਗੇਟ ਖੋਲ੍ਹਣ &rsquoਚ ਅੜਿੱਕਾ ਬਣੇ ਹੋਏ ਹਨ ਤਾਂ ਸਬੰਧਿਤ ਸਟਾਫ਼ ਨੇ ਲੋਕਾਂ ਦੀ ਭੀੜ ਦਾ ਹਵਾਲਾ ਦਿੱਤਾ।