ਜੰਗਬੰਦੀ ਦੀ ਤਜਵੀਜ਼ ਨਕਾਰੇ ਜਾਣ ਬਾਅਦ ਰੂਸੀ ਡਰੋਨਾਂ ਦੇ ਹਮਲੇ
ਕੀਵ- ਕ੍ਰੈਮਲਿਨ ਵੱਲੋਂ ਬਿਨਾ ਸ਼ਰਤ 30 ਦਿਨਾਂ ਦੀ ਜੰਗਬੰਦੀ ਦੀ ਤਜਵੀਜ਼ ਨੂੰ ਖਾਰਜ ਕਰਨ ਬਾਅਦ ਰੂਸ ਨੇ ਰਾਤ ਨੂੰ ਯੂਕਰੇਨ &rsquoਤੇ 100 ਤੋਂ ਵੱਧ ਡਰੋਨ ਦਾਗੇ। ਯੂਕਰੇਨ ਦੀ ਹਵਾਈ ਫੌਜ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਦਰਮਿਆਨ ਕ੍ਰੈਮਲਿਨ ਵੱਲੋਂ ਇਸ ਹਫ਼ਤੇ ਤੁਰਕੀ ਵਿੱਚ ਆਹਮੋ-ਸਾਹਮਣੇ ਸ਼ਾਂਤੀ ਵਾਰਤਾ ਕਰਨ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਮਿਲਣ ਦੀ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਦੀ ਚੁਣੌਤੀ &rsquoਤੇ ਕੋਈ ਪ੍ਰਤੀਕਿਰਿਆ ਨਹੀਂ ਆਈ।
ਅਮਰੀਕਾ ਅਤੇ ਯੂਰਪੀ ਸਰਕਾਰਾਂ ਨੇ ਜੰਗ ਰੋਕਣ ਲਈ ਸਖ਼ਤ ਕੋਸ਼ਿਸ਼ਾਂ ਕੀਤੀਆਂ ਹਨ। ਪਿਛਲੇ ਤਿੰਨ ਸਾਲਾਂ ਤੋਂ ਜਾਰੀ ਇਸ ਜੰਗ ਵਿੱਚ ਦੋਵੇਂ ਧਿਰਾਂ ਦੇ ਹਜ਼ਾਰਾਂ ਫੌਜੀਆਂ ਦੇ ਨਾਲ-ਨਾਲ 10,000 ਤੋਂ ਵੱਧ ਯੂਕਰੇਨ ਨਾਗਰਿਕ ਮਾਰੇ ਗਏ ਹਨ। ਰੂਸ ਦੀਆਂ ਹਮਲਾਵਰ ਫੌਜਾਂ ਯੂਕਰੇਨ ਦੇ ਲਗਪਗ 20 ਫੀਸਦ ਹਿੱਸੇ &rsquoਤੇ ਕਬਜ਼ਾ ਕਰ ਚੁੱਕੀਆਂ ਹਨ। ਹਫ਼ਤੇ ਦੇ ਅਖ਼ੀਰ ਵਿੱਚ ਕੂਟਨੀਤਕ ਘਟਨਾਕ੍ਰਮ ਵਿੱਚ, ਰੂਸ ਨੇ ਅਮਰੀਕਾ ਅਤੇ ਯੂਰਪੀ ਆਗੂਆਂ ਵੱਲੋਂ ਪੇਸ਼ ਕੀਤੀ ਗਈ ਜੰਗਬੰਦੀ ਦੀ ਤਜਵੀਜ਼ ਨੂੰ ਖਾਰਜ ਕਰ ਦਿੱਤਾ ਪਰ ਵੀਰਵਾਰ ਨੂੰ ਯੂਕਰੇਨ ਨਾਲ ਸਿੱਧੀ ਗੱਲਬਾਤ ਦੀ ਪੇਸ਼ਕਸ਼ ਕੀਤੀ।