image caption: -ਭਗਵਾਨ ਸਿੰਘ ਜੌਹਲ

17 ਮਈ ਘੱਲੂਘਾਰਾ ਦਿਵਸ ਤੇ ਵਿਸ਼ੇਸ਼, ਛੋਟੇ ਘੱਲੂਘਾਰਾ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ

ਸਾਡੇ ਕੌਮੀ ਇਤਿਹਾਸ ਵਿੱਚ ਛੋਟੇ ਘੱਲੂਘਾਰੇ ਦੇ ਨਾਂਅ ਨਾਲ ਜਾਣਿਆਂ ਜਾਂਦਾ ਖੂਨੀ ਸਾਕਾ 1746 ਈ: ਦੇ ਮਈ-ਜੂਨ ਦੇ ਮਹੀਨਿਆਂ ਵਿੱਚ ਵਾਪਰਿਆ । ਇਤਿਹਾਸਕ ਤੱਥਾਂ ਮੁਤਾਬਕ 1745 ਈ: ਦੇ ਜੁਲਾਈ ਮਹੀਨੇ ਵਿੱਚ ਜ਼ਕਰੀਆ ਖਾਨ ਦੀ ਮੌਤ ਤੋਂ ਪਿੱਛੋਂ ਉਸ ਦਾ ਲੜਕਾ ਯਹੀਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ । ਉਹ ਆਪਣੇ ਪਿਉ ਨਾਲੋਂ ਵੀ ਵੱਧ ਕੇ ਜ਼ੁਲਮੀ ਸ਼ਾਸਕ ਸੀ । ਉਹ ਆਪਣੇ ਪਿਉ ਵਾਂਗ ਹੀ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਹਰ ਸਮੇਂ ਗੋਂਦਾ ਗੁੰਦਦਾ ਰਹਿੰਦਾ ਸੀ । ਉਸ ਨੇ ਲਖਪਤ ਰਾਏ ਨੂੰ ਆਪਣਾ ਦੀਵਾਨ ਨਿਯੁਕਤ ਕੀਤਾ । ਐਮਨਾਬਾਦ (ਸ਼ੈਦਪੁਰ) ਹੁਣ ਲਹਿੰਦਾ ਪੰਜਾਬ (ਪਾਕਿਸਤਾਨ) ਦੇ ਨੇੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ-ਛੋਹ ਪ੍ਰਾਪਤ ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨ ਲਈ ਇਕ ਸਿੱਖ ਜਥੇ ਦੀ ਆਮਦ ਦਾ ਲਖਪਤ ਰਾਏ ਨੂੰ ਪਤਾ ਲੱਗਾ । ਉਸ ਨੇ ਇਸ ਜਥੇ ਨੂੰ ਰੋਕਣ ਲਈ ਆਪਣੇ ਭਰਾ ਜਸਪਤ ਰਾਏ ਦੀ ਅਗਵਾਈ ਵਿੱਚ ਇਕ ਫੌਜੀ ਟੁਕੜੀ ਲਾਹੌਰ ਤੋਂ ਭੇਜੀ । ਇਸ ਸਿੱਖ ਜਥੇ ਨੂੰ ਐਮਨਾਬਾਦ ਤੋਂ 25 ਕੁ ਕਿਲੋਮੀਟਰ ਦੂਰ ਪਿੰਡ ਬਦੋਲੀ ਗੁਜਾਈਆਂ ਨੇੜੇ ਰੋਕਣ ਦਾ ਯਤਨ ਕੀਤਾ ਗਿਆ । ਇਹ ਘਟਨਾ 1746 ਈ: ਦੇ ਆਰੰਭਿਕ ਦਿਨਾਂ ਦੀ ਹੈ । ਸਿੱਖ ਜਥਾ ਲੜਨਾ ਨਹੀਂ ਸੀ ਚਾਹੁੰਦਾ, ਉਹ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਅਸਥਾਨ ਦੇ ਸ਼ਰਧਾ ਸਾਹਿਤ ਦਰਸ਼ਨ ਹੀ ਕਰਨਾ ਚਾਹੁੰਦਾ ਸੀ । ਪਰ ਜਸਪਤ ਰਾਏ ਨੇ ਜਥੇ ਦੇ ਜ਼ਿੰਮੇਦਾਰ ਸਿੰਘਾਂ ਦੀ ਇਕ ਵੀ ਨਾ ਸੁਣੀ । ਸ਼ਰਧਾਲੂ ਜਥੇ ਉੱਪਰ ਹਮਲਾ ਕਰ ਦਿੱਤਾ ਗਿਆ । ਇਸ ਝੜਪ ਵਿੱਚ ਭਾਈ ਨਿਭਾਹੂ ਸਿੰਘ ਦੇ ਨਾਂਅ ਦੇ ਇਕ ਸਿੱਖ ਯੋਧੇ ਨੇ ਹਾਜੀ ਦੀ ਪੂਛ ਫੜਦੇ ਹੋਏ ਵਿੱਚ ਬੈਠੇ ਦੀਵਾਨ ਜਸਪਤ ਰਾਏ ਦਾ ਸਿਰ ਕਲਮ ਕਰ ਦਿੱਤਾ । ਇਸ ਘਟਨਾ ਤੋਂ ਪਿੱਛੋਂ ਇਸ ਘੱਲੂਘਾਰੇ ਦਾ ਮੁੱਢ ਬਝਦਾ ਹੈ ।
ਲਖਪਤ ਰਾਏ ਨੂੰ ਜਦੋਂ ਭਰਾ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਸ ਨੇ ਕ੍ਰੋਧ ਵਿੱਚ ਆ ਕੇ ਫੌਜਦਾਰ ਯਹੀਆ ਖਾਨ ਦੀ ਹਾਜ਼ਰੀ ਵਿੱਚ ਪੱਗ ਲਾਹ ਕੇ ਸਹੁੰ ਖਾਧੀ ਕਿ ਹੁਣ ਮੇਰੀ ਹਕੂਮਤ ਸਿੱਖੀ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗੀ । ਉਸ ਨੇ ਲਾਹੌਰ ਦੇ ਸੂਬੇਦਾਰ ਯਹੀਆ ਖਾਨ ਦੀ ਸਹਿਮਤੀ ਨਾਲ ਲਾਹੌਰ ਦੀ ਫੌਜ ਤੋਂ ਇਲਾਵਾ ਮੁਲਤਾਨ, ਬਹਾਵਲਪੁਰ ਅਤੇ ਜਲੰਧਰ ਦੇ ਫੌਜਦਾਰਾਂ ਤੋਂ ਸਹਾਇਤਾ ਮੰਗੀ । ਨਾਲ ਹੀ ਪਹਾੜੀ ਰਾਜਿਆਂ ਨੂੰ ਵੀ ਸੁਚੇਤ ਕੀਤਾ ਕਿ ਸਿੱਖ ਕਿਧਰੇ ਪਹਾੜੀ ਰਿਆਸਤਾਂ ਵੱਲ ਕੂਚ ਨਾ ਕਰ ਜਾਣ । ਸਭ ਤੋਂ ਪਹਿਲਾਂ ਲਾਹੌਰ ਦੇ ਸਾਰੇ ਸਿੱਖਾਂ ਨੂੰ ਫੜ ਕੇ ਕਤਲ ਕਰਨ ਦਾ ਹੁਕਮ ਦਿੱਤਾ । ਲਾਹੌਰ ਦੇ ਮੁਖੀ ਸੱਜਣਾਂ ਨੇ ਲਖਪਤ ਰਾਏ ਨੂੰ ਬਹੁਤ ਸਮਝਾਇਆ, ਪਰ ਉਸ ਦੇ ਕੰਨ ਤੇ ਜੂੰ ਨਾ ਸਰਕੀ । ਉਸ ਨੇ ਢੋਲ ਵਜਾ ਕੇ ਡੌਂਡੀ ਪਿਟਵਾਈ ਅਤੇ ਐਲਾਨ ਕੀਤਾ, ਕੋਈ ਸਿੱਖ ਗੁਰਬਾਣੀ ਨਹੀਂ ਪੜ੍ਹੇਗਾ, ਗੁੜ ਸ਼ਬਦ ਦਾ ਉਚਾਰਨ ਨਹੀਂ ਕਰੇਗਾ । ਕਿਉਂਕਿ ਅਜਿਹਾ ਕਰਨ ਨਾਲ ਗੁਰੂ ਯਾਦ ਆਉਂਦਾ ਹੈ, ਗੁੜ ਦੀ ਰੋੜੀ ਕਿਹਾ ਜਾਵੇ । ਸਾਰੇ ਸਿੰਘਾਂ ਨੇ ਗੁਰਮਤਾ ਕਰਕੇ ਯੁੱਧ ਨੀਤੀ ਨੂੰ ਵਿਚਾਰਦਿਆਂ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਕਸਬੇ ਤੋਂ ਅੱਠ ਕਿਲੋਮੀਟਰ ਦੂਰ ਕਾਹਨੂੰਵਾਨ ਦੇ ਛੰਭ ਵਿੱਚ ਡੇਰੇ ਲਾ ਲਏ । ਇਸ ਛੰਭ ਦਾ ਸੰਘਣਾ ਜੰਗਲ ਪਹਿਲਾਂ ਵੀ ਮੁਸੀਬਤ ਸਮੇਂ ਸਿੰਘਾਂ ਦੀ ਲੁਕਣਗਾਹ ਸੀ । ਲਖਪਤ ਰਾਏ ਨੇ ਲਾਹੌਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ । ਹੁਣ ਉਸ ਨੇ ਕਾਹਨੂੰਵਾਨ ਦੇ ਛੰਭ ਨੂੰ ਘੇਰਨ ਦਾ ਹੁਕਮ ਦਿੱਤਾ । ਛੰਭ ਵਿੱਚ ਘਿਰੇ ਹੋਏ ਸਿੰਘ ਕੰਡਿਆਂ, ਝਾੜੀਆਂ ਦੇ ਜੰਗਲ ਵਿੱਚ ਭੁੱਖਣ-ਭਾਣੇ ਦੁਸ਼ਮਣ ਨਾਲ ਗੁਰੀਲਾ ਢੰਗ ਨਾਲ ਲੜਦੇ ਰਹੇ । ਸਿੰਘਾਂ ਕੋਲ ਲਖਪਤ ਰਾਏ ਦੇ ਮੁਕਾਬਲੇ ਦਾ ਕੋਈ ਤੋਪਖਾਨਾ ਵੀ ਨਹੀਂ ਸੀ, ਨਾ ਹੀ ਅਜਿਹੇ ਹਥਿਆਰ ਜਿਨ੍ਹਾਂ ਨਾਲ ਦੁਸ਼ਮਣ ਨੂੰ ਭਾਂਜ ਦਿੱਤੀ ਜਾ ਸਕੇ । ਸਿੰਘਾਂ ਨੂੰ ਜੰਗਲ ਵਿੱਚ ਰਹਿਣ ਦੀ ਜਾਚ ਸੀ ।
ਲਖਪਤ ਰਾਏ ਨੇ ਪਹਿਲਾਂ ਜੰਗਲ ਕੱਟ ਕੇ ਤੋਪਾਂ ਲਈ ਰਸਤਾ ਬਣਾਇਆ ਅਤੇ ਨਾਲ ਹੀ ਜੰਗਲ ਨੂੰ ਅੱਗ ਲਾ ਦਿੱਤੀ । ਛੰਭ ਵਿੱਚ ਪੰਜ ਹਜ਼ਾਰ ਸਿੱਖਾਂ &lsquoਤੇ ਮੁਸੀਬਤ ਦਾ ਪਹਾੜ ਟੱੁਟ ਪਿਆ । ਸਿੰਘਾਂ ਲਈ ਇਹ ਘੋਰ ਬਿਪਤਾ ਦਾ ਸਮਾਂ ਸੀ, ਪਰ ਫਿਰ ਵੀ ਮੁਗਲ ਸੈਨਾ ਦਾ ਟਾਕਰਾ ਉਨ੍ਹਾਂ ਬੜੀ ਬਹਾਦਰੀ ਨਾਲ ਕੀਤਾ । ਛੰਭ ਛੱਡ ਕੇ ਜਾਣ ਦਾ ਕੋਈ ਰਸਤਾ ਨਹੀਂ ਸੀ । ਲਖਪਤ ਰਾਏ ਦੀਆਂ ਫੌਜਾਂ ਮਾਰੋ-ਮਾਰ ਕਰਦੀਆਂ ਆ ਰਹੀਆਂ ਸਨ । ਇਸ ਘੇਰੇ ਵਿੱਚ ਮੁਖੀ ਜਰਨੈਲਾਂ ਵਿੱਚ ਬੁੱਢਾ ਦਲ ਦੇ ਮੁਖੀ ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸ। ਸੁੱਖਾ ਸਿੰਘ ਮਾੜੀ ਕੰਬੋਦੀ, ਸ। ਗੁਰਦਿਆਲ ਸਿੰਘ ਡੱਲੇਵਾਲ ਆਦਿ ਅਗਵਾਈ ਕਰ ਰਹੇ ਸਨ । ਲਖਪਤ ਰਾਏ ਦੇ ਨਾਮੀ ਜਰਨੈਲ ਇਸ ਯੁੱਧ ਵਿੱਚ ਮਾਰੇ ਗਏ । ਕੁਝ ਕੁ ਸਿੰਘਾਂ ਨੇ ਬਚ-ਬਚਾ ਕੇ ਲੰਮਾ ਸਫ਼ਰ ਤੈਅ ਕਰਕੇ ਰਾਵੀ ਦਰਿਆ ਪਾਰ ਕਰਕੇ ਕਠੂਆ ਤੋਂ ਬਸੌਲੀ ਵੱਲ ਮੂੰਹ ਕੀਤਾ । ਪਰ ਮੁੱਢ ਤੋਂ ਖ਼ਾਲਸੇ ਨਾਲ ਵੈਰ ਭਾਵ ਰੱਖਣ ਵਾਲੇ ਪਹਾੜੀ ਰਾਜਿਆਂ ਨੇ ਵੀ ਗੋਲੀਆਂ ਨਾਲ ਸਵਾਗਤ ਕੀਤਾ । ਇਸ ਲੜਾਈ ਵਿੱਚ ਸੱਤ ਹਜ਼ਾਰ ਤੋਂ ਦੱਸ ਹਜ਼ਾਰ ਤੱਕ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ । ਤਿੰਨ ਹਜ਼ਾਰ ਸਿੰਘਾਂ ਨੂੰ ਫੜ ਕੇ ਲਾਹੌਰ ਦੇ ਨਖਾਸ ਚੌਂਕ ਵਿੱਚ ਸ਼ਹੀਦ ਕੀਤਾ ਗਿਆ । ਕੁਝ ਕੁ ਸਿੰਘ ਮਾਲਵੇ ਵੱਲ ਤੇ ਕੁਝ ਕੁ ਸਿੰਘ ਪਹਾੜਾਂ ਵੱਲ ਨਿਕਲ ਗਏ । ਪਹਿਲਾਂ ਇਸ ਯੁੱਧ ਨੂੰ ਕੇਵਲ ਘੱਲੂਘਾਰਾ ਹੀ ਕਿਹਾ ਜਾਂਦਾ ਸੀ, ਪਰ ਇਸ ਯੁੱਧ ਤੋਂ 16 ਸਾਲ ਪਿੱਛੋਂ 1762 ਈ: ਵਿੱਚ ਕੁੱਪ-ਰੁਹੀੜਾ ਦੇ ਅਸਥਾਨ &lsquoਤੇ ਹੋਏ ਵੱਡੇ ਘੱਲੂਘਾਰੇ ਤੋਂ ਬਾਅਦ ਇਸ ਨੂੰ ਛੋਟਾ ਘੱਲੂਘਾਰਾ ਕਿਹਾ ਜਾਣ ਲੱਗਾ । ਇਸ ਤਰ੍ਹਾਂ ਪਹਿਲੀ ਵਾਰ ਸਿੱਖਾਂ ਦਾ ਏਨਾ ਜਾਨੀ ਨੁਕਸਾਨ ਹੋਇਆ । ਲਖਪਤ ਰਾਏ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਸਾੜਨ ਤੋਂ ਇਲਾਵਾ ਗੁਰਧਾਮਾਂ ਦਾ ਵੀ ਰੱਜ ਕੇ ਨੁਕਸਾਨ ਕੀਤਾ । ਘੱਲੂਘਾਰਾ ਦੇ ਇਸ ਅਸਥਾਨ ਉੱਪਰ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕੀਤੀ ਗਈ । ਹਰ ਸਾਲ ਸ਼ਹੀਦਾਂ ਦੀ ਯਾਦ ਵਿੱਚ ਪ੍ਰਬੰਧਕ ਕਮੇਟੀ ਸੁਚਾਰੂ ਢੰਗ ਨਾਲ ਤਿੰਨ ਦਿਨਾਂ ਸ਼ਹੀਦੀ ਜੋੜ ਮੇਲਾ ਮਨਾਉਂਦੀ ਹੈ । ਇਸ ਤੋਂ ਇਲਾਵਾ ਕੁਝ ਕੁ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਘੱਲੂਘਾਰੇ ਦੀ ਯਾਦਗਾਰ ਬਣਾਈ ਹੈ । ਘੱਲੂਘਾਰੇ ਦੇ ਸ਼ਹੀਦਾਂ ਨੂੰ ਸਾਡਾ ਪ੍ਰਣਾਮ । 
-ਭਗਵਾਨ ਸਿੰਘ ਜੌਹਲ