ਉਨਟਾਰੀਓ ਦੇ ਲੋਕਾਂ ਨੂੰ ਗੈਸ ਟੈਕਸ ਤੋਂ ਪੱਕੀ ਰਾਹਤ
ਟੋਰਾਂਟੋ : ਉਨਟਾਰੀਓ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਗੈਸ ਟੈਕਸ ਤੋਂ ਪੱਕੀ ਰਾਹਤ ਦੇਣ ਅਤੇ ਹਾਈਵੇਅ 407 ਈਸਟ ਤੋਂ ਟੋਲ ਹਟਾਉਣ ਦਾ ਐਲਾਨ ਕੀਤਾ ਹੈ। ਗੈਸ ਟੈਕਸ ਦੀ ਦਰ 9 ਸੈਂਟ ਪ੍ਰਤੀ ਲਿਟਰ ਬਣਦੀ ਹੈ ਅਤੇ ਇਸ ਦੇ ਪੱਕੇ ਤੌਰ &rsquoਤੇ ਮੁਆਫ਼ ਹੋਣ ਨਾਲ ਉਨਟਾਰੀਓ ਵਾਸੀਆਂ ਨੂੰ ਔਸਤਨ 115 ਡਾਲਰ ਸਾਲਾਨਾ ਦਾ ਫਾਇਦਾ ਹੋਵੇਗਾ ਜਦਕਿ ਹਾਈਵੇਅ 407 ਈਸਟ ਤੋਂ ਟੋਲ ਹਟਣ ਨਾਲ ਰੋਜ਼ਾਨਾ ਲੰਘਣ ਵਾਲਿਆਂ ਨੂੰ ਸਾਲਾਨਾ 7,200 ਡਾਲਰ ਦੀ ਬੱਚਤ ਹੋਵੇਗੀ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਦੋਹਾਂ ਤਜਵੀਜ਼ਾਂ ਨੂੰ ਲਾਗੂ ਕਰਨ ਲਈ ਕਾਨੂੰਨ ਪਾਸ ਕਰਨਾ ਹੋਵੇਗਾ ਜਿਸ ਨੂੰ ਬਜਟ ਦਾ ਹਿੱਸਾ ਬਣਾਇਆ ਜਾ ਰਿਹਾ ਹੈ।
ਵਿੱਤ ਮੰਤਰੀ ਪੀਟਰ ਬੈਥਲੈਨਫੌਲਵੀ 15 ਮਈ ਨੂੰ ਬਜਟ ਪੇਸ਼ ਕਰਨਗੇ। ਦੱਸ ਦੇਈਏ ਕਿ ਉਨਟਾਰੀਓ ਦੀ ਡਗ ਫੋਰਡ ਸਰਕਾਰ ਵੱਲੋਂ ਪਹਿਲੀ ਵਾਰ ਗੈਸੋਲੀਨ ਟੈਕਸ 1 ਜੁਲਾਈ 2022 ਤੋਂ ਹਟਾਇਆ ਗਿਆ ਅਤੇ ਹੁਣ ਤੱਕ ਚਾਰ ਵਾਰ ਇਸ ਛੋਟ ਨੂੰ ਅੱਗੇ ਵਧਾਇਆ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਸੂਬਾ ਸਰਕਾਰ ਗੈਸੋਲੀਨ &rsquoਤੇ 5.7 ਸੈਂਟ ਪ੍ਰਤੀ ਲਿਟਰ ਅਤੇ ਡੀਜ਼ਲ &rsquoਤੇ 5.3 ਸੈਂਟ ਪ੍ਰਤੀ ਲਿਟਰ ਟੈਕਸ ਵਸੂਲ ਰਹੀ ਸੀ। ਦੂਜੇ ਪਾਸੇ ਲੈਡਡ ਗੈਸੋਲੀਨ ਜਾਂ ਐਵੀਏਸ਼ਨ ਫਿਊਲ ਵਾਸਤੇ ਟੈਕਸ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ। ਉਧਰ ਹਾਈਵੇਅ 407 ਤੋਂ ਟੋਲ ਹਟਾਉਣ ਨਾਲ ਸਬੰਧਤ ਕਾਨੂੰਨ ਪਾਸ ਹੋਣ ਮਗਰੋਂ ਬਰੌਕ ਰੋਡ ਤੋਂ ਹਾਈਵੇਅ 35/115 ਤੱਕ ਟੋਲ ਖਤਮ ਹੋ ਜਾਣਗੇ ਅਤੇ ਬਗੈਰ ਟੋਲ ਵਾਲਾ ਸਫ਼ਰ 1 ਜੂਨ 2025 ਤੋਂ ਸ਼ੁਰੂ ਹੋਵੇਗਾ।