ਜੰਗਬੰਦੀ ਮਗਰੋਂ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ
ਚੰਡੀਗੜ੍ਹ- ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਉੱਤੇ ਅੱਜ ਤੋਂ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਹਨ। ਮੁੰਬਈ ਤੋਂ ਆਈ ਪਹਿਲੀ ਉਡਾਣ ਸਵੇਰੇ 8:11 ਵਜੇ ਪੁੱਜੀ ਤੇ ਸਵੇਰੇ 9:04 ਵਜੇ ਰਵਾਨਾ ਹੋਈ। ਦਿੱਲੀ ਲਈ ਉਡਾਣਾਂ ਬਾਅਦ ਦੁਪਹਿਰ ਤੇ ਸ਼ਾਮ ਲਈ ਤਜਵੀਜ਼ਤ ਹਨ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਸੰਚਾਲਨ ਆਮ ਵਾਂਗ ਚੱਲ ਰਿਹਾ ਹੈ।
ਇਸ ਤੋਂ ਪਹਿਲਾਂ ਇੰਡੀਗੋ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਜੰਮੂ ਤੇ ਅੰਮ੍ਰਿਤਸਰ ਸਣੇ ਛੇ ਹਵਾਈ ਅੱਡਿਆਂ ਤੋਂ ਤਜਵੀਜ਼ਤ ਉਡਾਣਾਂ ਬੁੱਧਵਾਰ ਤੋਂ ਸ਼ੁਰੂ ਹੋ ਜਾਣਗੀਆਂ। ਏਅਰਲਾਈਨ ਨੇ ਮੰਗਲਵਾਰ ਲਈ ਜੰਮੂ, ਅੰਮ੍ਰਿਤਸਰ, ਚੰਡੀਗੜ੍ਹ, ਲੇਹ, ਸ੍ਰੀਨਗਰ ਤੇ ਰਾਜਕੋਟ ਤੋਂ ਆਉਣ ਤੇ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ। ਇਹ ਛੇ ਹਵਾਈ ਅੱਡੇ ਉਨ੍ਹਾਂ 32 ਹਵਾਈ ਅੱਡਿਆਂ ਵਿਚ ਸ਼ੁਮਾਰ ਹਨ, ਜਿਨ੍ਹਾਂ ਨੂੰ ਭਾਰਤ ਤੇ ਪਾਕਿਸਤਾਨ ਦਰਮਿਆਨ ਫੌਜੀ ਟਕਰਾਅ ਕਰਕੇ ਆਰਜ਼ੀ ਤੌਰ &rsquoਤੇ ਬੰਦ ਕੀਤੇ ਜਾਣ ਮਗਰੋਂ ਸੋਮਵਾਰ ਨੂੰ ਸਿਵਲੀਅਨ ਉਡਾਣਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਸੀ। ਏਅਰ ਇੰਡੀਆ ਅਤੇ ਸਪਾਈਸਜੈੱਟ ਨੇ ਮੰਗਲਵਾਰ ਨੂੰ ਸ੍ਰੀਨਗਰ ਲਈ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਦੋਂ ਕਿ ਏਅਰ ਇੰਡੀਆ ਐਕਸਪ੍ਰੈਸ ਨੇ ਜੰਮੂ ਲਈ ਸੇਵਾਵਾਂ ਚਲਾਈਆਂ।