ਅਮਰੀਕਾ 'ਚ ਭਾਰਤੀ ਮੂਲ ਦੇ ਵਿਦਿਆਰਥੀ ਦੀ ਦਰਦਨਾਕ ਮੌਤ
ਅਮਰੀਕਾ ਤੋਂ ਇਕ ਹੋਰ ਮੰਦਭਾਗੀ ਖ਼ਬਰ ਆਈ ਹੈ। ਇਥੇ ਭਾਰਤੀ ਮੂਲ ਦੇ ਵਿਦਿਆਰਥੀ ਦੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਕੁਝ ਦਿਨ ਪਹਿਲਾਂ ਬਹਾਮਾਸ ਵਿੱਚ ਇੱਕ ਹੋਟਲ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੌਰਵ ਜੈਸਿੰਘ ਵਜੋਂ ਹੋਈ ਹੈ, ਜੋ ਕਿ ਵਾਲਥਮ, ਮੈਸੇਚਿਉਸੇਟਸ ਵਿੱਚ ਬੈਂਟਲੇ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਅਤੇ ਕਾਲਜ ਦੇ ਵਿਦਿਆਰਥੀਆਂ ਨਾਲ ਸਾਲਾਨਾ ਯਾਤਰਾ ਲਈ ਬਹਾਮਾਸ ਗਿਆ ਸੀ। ਇਸ ਦੌਰਾਨ, ਐਤਵਾਰ ਨੂੰ ਉਸ ਦੀ ਮੌਤ ਹੋ ਗਈ। ਬੈਂਟਲੇ ਯੂਨੀਵਰਸਿਟੀ ਨੇ X 'ਤੇ ਇੱਕ ਪੋਸਟ ਵਿੱਚ ਕਿਹਾ ਕਿ 'ਸਾਡਾ ਭਾਈਚਾਰਾ ਗੌਰਵ ਜੈਸਿੰਘ (25) ਦੀ ਮੌਤ ਨਾਲ ਡੂੰਘੇ ਸਦਮੇ ਵਿਚ ਹੈ। ਸਾਡੀ ਹਮਦਰਦੀ ਗੌਰਵ ਦੇ ਪਰਿਵਾਰ ਅਤੇ ਦੋਸਤਾਂ ਨਾਲ ਹੈ। ਅਸੀਂ 17 ਮਈ ਨੂੰ ਹੋਣ ਵਾਲੇ ਅੰਡਰਗ੍ਰੈਜੁਏਟ ਸ਼ੁਰੂਆਤ ਸਮਾਰੋਹ ਵਿੱਚ ਗੌਰਵ ਦਾ ਸਨਮਾਨ ਕਰਨ ਦੀ ਯੋਜਨਾ ਬਣਾ ਰਹੇ ਹਾਂ।'