ਡੀਟੈਨਸ਼ਨ ਸੈਂਟਰਾਂ ਵਿਚ ਪ੍ਰਵਾਸੀਆਂ ਦੀ ਭੀੜ ਵਧਣ ਕਾਰਨ ਹੋਈਆਂ ਮੌਤਾਂ ਨੂੰ ਲੈ ਕੇ ਡੈਮੋਕਰੈਟਸ ਨੇ ਟਰੰਪ ਪ੍ਰਸ਼ਾਸਨ ਨੂੰ ਘੇਰਿਆ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਸਰੇ ਕਾਰਜਕਾਲ ਦੌਰਾਨ ਸਭ ਤੋਂ ਵਧ ਤਰਜੀਹ ਵਾਲੇ ਮੁੱਦੇ ਗੈਰ ਕਾਨੂੰਨੀ ਜਾਂ ਬਿਨਾਂ ਕਾਗਜ਼ ਪੱਤਰਾਂ ਵਾਲੇ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਨੂੰ ਲੈ ਕੇ ਡੈਮੋਕਰੈਟਿਕ ਕਾਂਗਰਸ ਮੈਂਬਰਾਂ ਨੇ ਸਵਾਲ ਖੜੇ ਕੀਤੇ ਹਨ। ਡੈਮੋਕਰੈਟਸ ਦਾ ਦੋਸ਼ ਹੈ ਕਿ ਫੰਡਾਂ ਦੀ ਘਾਟ ਕਾਰਨ ਡੀਟੈਨਸ਼ਨ ਕੇਂਦਰਾਂ ਵਿਚ ਪ੍ਰਵਾਸੀਆਂ ਦੀ ਭੀੜ ਵਧ ਗਈ ਹੈ ਜਿਸ ਕਾਰਨ ਹਾਲਾਤ ਬਹੁਤ ਖਰਾਬ ਹੋ ਗਏ ਹਨ ਤੇ ਮੌਤਾਂ ਹੋ ਰਹੀਆਂ ਹਨ। ਡੈਮੋਕਰੈਟ ਸਾਂਸਦ ਲੌਰੇਨ ਅੰਡਰਵੁੱਡ ਜੋ ਸਦਨ ਦੀ ਹੋਮਲੈਂਡ ਸਕਿਉਰਿਟੀ ਬਾਰੇ ਸਬ ਕਮੇਟੀ ਦੇ ਅਹਿਮ ਮੈਂਬਰ ਹਨ, ਨੇ ਦੋਸ਼ ਲਾਇਆ ਹੈ ਕਿ ਏਜੰਸੀ ਉਸ ਫੰਡ ਦੀ ਵਰਤੋਂ ਕਰ ਰਹੀ ਹੈ ਜੋ ਉਸ ਕੋਲ ਹੈ ਹੀ ਨਹੀਂ। ਉਨਾਂ ਕਿਹਾ ਕਿ ਕਾਂਗਰਸ ਨੇ 41500 ਪ੍ਰਵਾਸੀਆਂ ਨੂੰ ਰੱਖਣ ਲਈ ਫੰਡ ਦੀ ਪ੍ਰਵਾਨਗੀ ਦਿੱਤੀ ਸੀ ਜਦ ਕਿ ਆਈ ਸੀ ਈ ਨੇ 52000 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ਜਿਸ ਕਾਰਨ ਏਜੰਸੀ ਕੋਲ 2 ਮਹੀਨਿਆਂ ਵਿਚ ਹੀ ਫੰਡ ਖਤਮ ਹੋ ਜਾਵੇਗਾ। ਅੰਡਰਵਰਲਡ ਨੇ ਕਿਹਾ ਹੈ ਕਿ ਹਰ ਸਾਲ 10 ਲੱਖ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦਾ ਪ੍ਰੋਗਰਾਮ ਇਕ ਬਹੁਤ ਹੀ ਜੋਖਮ ਵਾਲੀ ਰਣਨੀਤੀ ਹੈ ਤੇ ਇਹ ਫੇਲ ਹੋਣ ਜਾ ਰਹੀ ਹੈ। ਦੂਸਰੇ ਪਾਸੇ ਆਈ ਸੀ ਈ ਦੇ ਕਾਰਜਕਾਰੀ ਡਾਇਰੈਕਟਰ ਟੌਡ ਲਿਓਨਜ ਨੇ ਕਿਹਾ ਹੈ ਕਿ ਏਜੰਸੀ ਕੋਲ ਫੰਡਾਂ ਦੀ ਘਾਟ ਨਹੀਂ ਹੋਵੇਗੀ ਕਿਉਂਕਿ ਹੋਰ ਏਜੰਸੀਆਂ ਜਿਵੇਂ ਫੈਡਰਲ ਐਮਰਜੰਸੀ ਮੈਨੇਜਮੈਂਟ ਏਜੰਸੀ ਜਾਂ ਸਾਈਬਰ ਸਕਿਉਰਿਟੀ ਐਂਡ ਇਨਫਰਾਸਟਰਕਚਰ ਸਕਿਉਰਿਟੀ ਏਜੰਸੀ ਦੇ ਫੰਡ ਵਰਤੇ ਜਾ ਸਕਦੇ ਹਨ। ਉਨਾਂ ਕਿਹਾ ਕਿ ਹੋਰ ਏਜੰਸੀਆਂ ਦੇ ਫੰਡ ਆਉਣ ਕਾਰਨ ਏਜੰਸੀ ਦਾ 60000 ਡੀਟੈਨਸ਼ਨ ਬੈੱਡਜ ਦੀ ਵਿਵਸਥਾ ਕਰਨ ਦਾ ਟੀਚਾ ਹੈ। ਇਥੇ ਜਿਕਰਯੋਗ ਹੈ ਕਿ 9 ਮਈ ਨੂੰ ਨਿਊ ਜਰਸੀ ਵਿਚ ਆਈ ਸੀ ਈ ਡੀਟੈਨਸ਼ਨ ਸੈਂਟਰ ਦੇ ਨਰੀਖਣ ਲਈ ਪੁੱਜੇ ਨਿਊਆਰਕ ਦੇ ਡੈਮੋਕਰੈਟਿਕ ਮੇਅਰ ਰਸ ਬਰਾਕਾ ਨੂੰ ਗ੍ਰਿ੍ਰਫਤਾਰ ਕਰ ਲਿਆ ਗਿਆ ਸੀ। ਉਸ ਦੀ ਗ੍ਰਿਫਤਾਰੀ ਉਸ ਸਮੇ ਹੋਈ ਸੀ ਜਦੋਂ ਨਿਊ ਜਰਸੀ ਦੇ ਡੈਮੋਕਰੈਟਿਕ ਸੰਸਦ ਮੈਂਬਰ ਬੋਨੀ ਵਾਟਸਨ ਕੋਲਮੈਨ, ਲਾਮੋਨਿਕਾ ਮੈਕਲਵਰ ਤੇ ਰਾਬ ਮੈਨਨਡੇਜ਼ ਨੇ ਨਿੱਜੀ ਤੌਰ &#39ਤੇ ਚਲਾਏ ਜਾ ਰਹੇ ਡੀਟੈਨਸ਼ਨ ਸੈਂਟਰ ਡੀਲੇਨੀ ਹਾਲ ਦੇ ਨਰੀਖਣ ਲਈ ਅਣਐਲਾਨਿਆ ਦੌਰਾ ਕੀਤਾ ਸੀ। ਅੰਡਰਵੁੱਡ ਤੇ ਟੈਕਸਾਸ ਤੋਂ ਡੈਮਕਰੈਟਿਕ ਸਾਂਸਦ ਵੇਰੋਨਿਕਾ ਐਸਕੋਬਰ ਨੇ ਮੰਗ ਕੀਤੀ ਹੈ ਕਿ ਡੋਨਾਲਡ ਟਰੰਪ ਵੱਲੋਂ 20 ਜਨਵਰੀ ਨੂੰ ਅਹੁੱਦਾ ਸੰਭਾਲਣ ਉਪਰੰਤ ਡੀਟੈਨਸ਼ਨ ਸੈਂਟਰਾਂ ਵਿਚ ਹੋਈਆਂ ਮੌਤਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਐਸਕੋਬਰ ਨੇ ਕਿਹਾ ਕਿ ਡੀਟੈਨਸ਼ਨ ਸੈਂਟਰਾਂ ਵਿਚ ਭੀੜ ਵਧਣ ਕਾਰਨ ਹਾਲਾਤ ਬਹੁਤ ਮਾੜੇ ਹੋ ਗਏ ਹਨ। ਇਸ ਦੇ ਜਵਾਬ ਵਿਚ ਡਾਇਰੈਕਟਰ ਟੌਡ ਲਿਓਨਜ ਨੇ ਕਿਹਾ ਹੈ ਕਿ ਹਿਰਾਸਤ ਵਿਚ 9 ਮੌਤਾਂ ਹੋਈਆਂ ਹਨ। ਉਨਾਂ ਵਾਅਦਾ ਕੀਤਾ ਹੈ ਕਿ ਏਜੰਸੀ ਦੀ ਵੈੱਬ ਸਾਈਟ &#39ਤੇ ਮੌਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਮੌਤਾਂ ਬਾਰੇ ਮੁਕੰਮਲ ਜਾਂਚ ਕੀਤੀ ਜਾਵੇਗੀ।