ਨਸ਼ਿਆਂ ਕਾਰਨ ਮੌਤਾਂ ਦੀ ਜਾਂਚ ਹੋਵੇ: ਔਜਲਾ
ਚੰਡੀਗੜ੍ਹ- ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਇੱਥੇ ਪੰਜਾਬ ਸਰਕਾਰ ਦੀ &lsquoਯੁੱਧ ਨਸ਼ੇ ਵਿਰੁੱਧ&rsquo ਮੁਹਿੰਮ &rsquoਤੇ ਉਂਗਲ ਚੁੱਕਦਿਆਂ ਕਿਹਾ ਕਿ ਮਜੀਠਾ ਦੁਖਾਂਤ ਨੇ ਸਰਕਾਰ ਦੇ ਦਾਅਵੇ ਬੇਪਰਦ ਕਰ ਦਿੱਤੇ ਹਨ। ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ 27 ਮੌਤਾਂ ਨੇ ਜ਼ਮੀਨੀ ਹਕੀਕਤ ਦਿਖਾ ਦਿੱਤੀ ਹੈ। ਇੱਥੇ ਪ੍ਰੈੱਸ ਕਾਨਫਰੰਸ &rsquoਚ ਸ੍ਰੀ ਔਜਲਾ ਨੇ ਕਿਹਾ ਕਿ ਪੰਜਾਬ &rsquoਚ ਵੱਡੇ ਨਸ਼ਾ ਤਸਕਰ ਬੇਨਕਾਬ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਅਤੇ ਜ਼ਿੰਮੇਵਾਰ ਸਰਕਾਰੀ ਅਫ਼ਸਰਾਂ ਤੋਂ ਅਸਤੀਫ਼ੇ ਲੈਣ।
ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਨਸ਼ਾ ਮਾਫ਼ੀਆ ਖ਼ਿਲਾਫ਼ ਕਾਰਵਾਈ ਲਈ ਡੀਜੀਪੀ ਅਤੇ ਸਰਕਾਰੀ ਅਧਿਕਾਰੀਆਂ ਨੂੰ ਵਾਰ-ਵਾਰ ਪੱਤਰ ਲਿਖੇ ਪਰ ਹਰ ਪੱਤਰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੀਨੀਅਰ ਪੁਲੀਸ ਅਫ਼ਸਰਾਂ, ਆਬਕਾਰੀ ਅਧਿਕਾਰੀਆਂ ਤੇ ਨਸ਼ਾ ਤਸਕਰਾਂ ਵਿਚਕਾਰ ਗੱਠਜੋੜ ਬਣਿਆ ਹੋਇਆ ਹੈ। ਸ੍ਰੀ ਔਜਲਾ ਨੇ ਮੰਗ ਕੀਤੀ ਕਿ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਉੱਚ-ਪੱਧਰੀ ਕਮੇਟੀ ਲੰਘੇ ਵਰ੍ਹਿਆਂ ਦੌਰਾਨ ਨਸ਼ਿਆਂ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਦੀ ਜਾਂਚ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਹੇਠ ਉੱਚ ਪੱਧਰੀ ਵਫ਼ਦ ਪੰਜਾਬ ਭੇਜਣਾ ਚਾਹੀਦਾ ਹੈ ਜੋ ਅੰਮ੍ਰਿਤਸਰ ਸਣੇ ਸਮੁੱਚੇ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਅਤੇ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਤੇ ਸਪਲਾਈ ਦੀ ਜਾਂਚ ਕਰੇ।