ਅਮਰੀਕਾ ਦੀ ਸੁਰੱਖਿਆ ਲਈ 3 ਪਰਤੀ ਹਵਾਈ ਸੁਰੱਖਿਆ ਪ੍ਰਣਾਲੀ ਹੋਵੇਗੀ ਤਾਇਨਾਤ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦ੍ਰਿਸ਼ਟੀਕੋਨ ਅਨੁਸਾਰ ਅਮਰੀਕਾ ਦੀ ਸੁਰੱਖਿਆ ਲਈ 3 ਪਰਤੀ ਹਵਾਈ ਸੁਰੱਖਿਆ ਪ੍ਰਣਾਲੀ ਤਾਇਨਾਤ ਕਰਨ ਲਈ ਕੰਮ ਸ਼ੁਰੂ ਹੋ ਗਿਆ ਹੈ ਕਿਉਂਕਿ ਸਮਝਿਆ ਜਾਂਦਾ ਹੈ ਕਿ ਕਰੂਜ ,ਬਾਲਿਸਟਿਕ ਤੇ ਹਾਈਪਰਸੋਨਿਕ ਮਿਜਾਈਲਾਂ ਅਤੇ ਡਰੋਨ ਅਮਰੀਕਾ ਦੀ ਧਰਤੀ ਉਪਰ ਪ੍ਰਮਾਣੂ ਹਮਲਾ ਕਰਨ ਦੇ ਸਮਰੱਥ ਹਨ। ਰੱਖਿਆ ਸਕੱਤਰ ਪੇਟ ਹੇਗਸੇਠ ਨੇ ਅਮਰੀਕਨਾਂ ਲਈ ਸੁਰੱਖਿਆ ਛੱਤਰੀ ਕਾਇਮ ਕਰਨ ਲਈ ਗੋਲਡਨ ਯੋਜਨਾ ਵਿਚ ਸ਼ੁਰਆਤੀ 25 ਅਰਬ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਉਪਰ ਕੁੱਲ 175 ਅਰਬ ਡਾਲਰ ਖਰਚ ਆਉਣ ਦਾ ਅਨੁਮਾਨ ਹੈ। ਰਾਸ਼ਟਰਪਤੀ ਨੇ ਕਿਹਾ ਹੈ ਕਿ ਇਹ ਪ੍ਰਣਾਲੀ 2029 ਵਿਚ ਉਸ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਪੂਰੀ ਤਰਾਂ ਤਿਆਰ ਹੋ ਜਾਣੀ ਚਾਹੀਦੀ ਹੈ। ਨਾਰਦਨ ਕਮਾਂਡ ਆਗੂ ਏਅਰ ਫੋਰਸ ਜਨਰਲ ਗਰੇਗੋਰੀ ਗੁਇਲਟ ਨੇ ਸੈਨਟ ਨੂੰ ਦਿੱਤੇ ਇਕ ਲਿਖਤੀ ਬਿਆਨ ਵਿਚ ਕਿਹਾ ਹੈ ਕਿ ਗੋਲਡਨ ਡੋਮ ਯੋਜਨਾ ਦਾ ਮਕਸਦ 3 ਪਰਤੀ ਹਵਾਈ ਸੁਰੱਖਿਆ ਛੱਤਰੀ ਨਾਲ ਅਮਰੀਕਾ ਨੂੰ ਸੁਰੱਖਿਅਤ ਕਰਨਾ ਹੈ। ਸੈਂਸਰਜ ਖਤਰੇ ਬਾਰੇ ਸੁਚੇਤ ਕਰਨਗੇ ਜਦ ਕਿ ਜਮੀਨ ਉਪਰ ਤਾਇਨਾਤ ਇੰਟਰਸੈਪਟਰ ਮਿਜਾਈਲਾਂ ਤੇ ਨਵੀਂ ਪ੍ਰਣਾਲੀ ਅਮਰੀਕਾ ਉਪਰ ਦਾਗੀਆਂ ਗਈਆਂ ਬਾਲਿਸਟਿਕ ਮਿਜਾਈਲਾਂ ਨੂੰ ਨਸ਼ਟ ਕਰਨਗੇ। ਇਸ ਤੋਂ ਇਲਾਵਾ ਹੇਠਲੇ ਪੱਧਰ ਦੇ ਖਤਰਿਆਂ ਨਾਲ ਨਜਿੱਠਣ ਲਈ ਇਕ ਹੋਰ ਪ੍ਰਣਾਲੀ ਤਾਇਨਾਤ ਹੋਵੇਗੀ ਜੋ ਹਾਈਪਰਸੋਨਿਕ ਮਿਜਾਈਲਾਂ ਤੇ ਡਰੋਨ ਹਮਲੇ ਨਾਲ ਨਿਪਟੇਗੀ। ਗੋਲਡਨ ਡੋਮ ਯੋਜਨਾ ਦੀ ਅਗਵਾਈ ਸਪੇਸ ਫੋਰਸ ਜਨਰਲ ਮਾਈਕਲ ਗੁਏਟਲੀਨ ਕਰਨਗੇ ਜਿਨਾਂ ਨੇ ਰੂਸ ਤੇ ਚੀਨ ਵਰਗੇ ਦੇਸ਼ਾਂ ਤੋਂ ਖਤਰੇ ਦੇ ਮੁਕਾਬਲੇ ਲਈ ਇਸ ਪ੍ਰਾਜੈਕਟ ਨੂੰ ਵਿਸ਼ਾਲ ਤੇ ਹਮਲਾਵਰ ਕਰਾਰ ਦਿੱਤਾ ਹੈ।