ਵਿਵਾਦਾਂ ਵਿੱਚ ਘਿਰੀ ਸ਼੍ਰੋਮਣੀ ਕਮੇਟੀ ਮਨਮੋਹਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਸਥਾਪਿਤ ਕਰਨ ਦੀ ਕੋਝੀ ਹਰਕਤ ਤੋਂ ਬਾਜ਼ ਆਵੇ: ਜਲਾਵਤਨੀ ਸਿੰਘ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਪੰਥ ਦੀ ਆਜ਼ਾਦੀ ਲਈ ਜਲਾਵਤਨੀ ਕੱਟ ਰਹੇ ਭਾਈ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ, ਭਾਈ ਬਿਧੀ ਸਿੰਘ ਬੱਬਰ, ਭਾਈ ਬਲਜਿੰਦਰ ਸਿੰਘ ਬੱਬਰ ਅਤੇ ਭਾਈ ਰਾਜਿੰਦਰ ਸਿੰਘ ਬੱਬਰ ਆਦਿ ਸਿੰਘ ਜੋ ਕਿ ਜਰਮਨੀ ਰਹਿ ਰਹੇ ਹਨ, ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਦੇ ਸਾਬਕਾ ਪੀਐਮ ਮਨਮੋਹਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਾਉਣ ਦਾ ਪ੍ਰਸਤਾਵ ਲਿਆਉਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਗਿਆ ਹੈ ਕਿ ਇਹ ਸਿੱਖ ਕੌਮ ਦੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕਰੇਗਾ। ਜਿਸ ਪਾਰਟੀ ਵੱਲੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਿਆ ਉਸ ਪਾਰਟੀ ਨੇ ਇਸ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਸ ਦੀਆਂ ਅੱਖਾਂ ਸਾਹਮਣੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਅਕਾਲ ਤਖਤ ਸਾਹਿਬ ਢਹਿਢੇਰੀ ਕੀਤਾ, ਦਿੱਲੀ ਸਮੇਤ ਭਾਰਤ ਅੰਦਰ ਸਿੱਖਾਂ ਦੀ ਨਸ਼ਲਕੁਸ਼ੀ ਕੀਤੀ ਅਤੇ ਹਜ਼ਾਰਾਂ ਹੀ ਬੇਗੁਨਾਹ ਸਿੱਖ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ। ਕੀ ਇਸ ਨੇ ਕਦੇ ਸਿੱਖਾਂ ਦੇ ਹੱਕ ਵਿੱਚ ਹਾਂ ਦਾ ਨਾਹਰਾ ਮਾਰਿਆ। ਹੋਰ ਤੇ ਹੋਰ ਇਸਨੇ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਰਹਿੰਦਿਆਂ ਸਿੱਖਾਂ ਦਾ ਉਹ ਮੁੱਦਾ ਵੀ ਨਹੀ ਉਠਾਇਆ ਜਿਸ ਵਿੱਚ ਕਾਂਗਰਸ ਸਮੇਤ ਕਿਸੇ ਵੀ ਪਾਰਟੀ ਦਾ ਕੋਈ ਨੁਕਸਾਨ ਨਹੀ ਸੀ ਅਤੇ ਇਹ ਪ੍ਰਧਾਨ ਮੰਤਰੀ ਦੀ ਹੈਸੀਅਤ ਵਿੱਚ ਬਹੁਤ ਅਸਾਨੀ ਨਾਲ ਰੱਖ ਸਕਦਾ ਸੀ। ਇਹ ਮੁੱਦਾ ਸੀ ਫਰਾਂਸ ਅੰਦਰ ਸਿੱਖਾਂ ਦੀ ਦਸਤਾਰ ਦਾ। ਫਰਾਂਸ ਦੇ ਸਿੰਘਾਂ ਨੇ ਇੱਕ ਪ੍ਰਧਾਨ ਮੰਤਰੀ ਦੀ ਹੈਸੀਅਤ ਵਿੱਚ ਇਸ ਦੇ ਫਰਾਂਸ ਦੌਰੇ ਦੌਰਾਨ ਬਹੁਤ ਹੀ ਆਸ਼ਾਵਾਦੀ ਉਮੀਦ ਨਾਲ ਇਸ ਕੋਲ ਇਹ ਮੁੱਦਾ ਰੱਖਿਆ ਸੀ ਪਰ ਇਸਨੇ ਉਸ ਉਪਰ ਕੌਈ ਕੰਮ ਨਹੀਂ ਕੀਤਾ ਜਿਸ ਕਰਕੇ ਸਿੱਖਾਂ ਦੀ ਦਸਤਾਰ ਦਾ ਮਸਲਾ ਫਰਾਂਸ ਅੰਦਰ ਅੱਜ ਵੀ ਜਿਉਂ ਦਾ ਤਿਉਂ ਲਟਕ ਰਿਹਾ ਹੈ। ਮਨਮੋਹਨ ਸਿੰਘ ਨੇ ਭਾਰਤ ਲਈ ਬਹੁਤ ਕੁੱਝ ਕੀਤਾ ਹੋਵੇਗਾ ਇਸ ਲਈ ਭਾਰਤ ਸਰਕਾਰ ਆਪਣੀ ਪਾਰਲੀਮੈਂਟ ਵਿੱਚ ਉਸ ਦੀ ਤਸਵੀਰ ਲਗਾ ਸਕਦੀ ਹੈ। ਐਸਜੀਪੀਸੀ ਵਲੋਂ ਪੰਥ ਨੂੰ ਦਸਿਆ ਜਾਣਾ ਚਾਹੀਦਾ ਹੈ ਕਿ ਉਸਨੇ ਸਿੱਖਾਂ ਲਈ ਕਿਹੜਾ ਮਾਰਕਾ ਮਾਰਿਆ ਹੈ। ਕੱਲ੍ਹ ਨੂੰ ਗਿਆਨੀ ਜ਼ੈਲ ਸਿੰਘ ਦੀ ਤਸਵੀਰ ਲਾਉਣ ਦਾ ਮੁੱਦਾ ਉੱਠ ਪਵੇਗਾ।ਐਡਵੋਕੇਟ ਧਾਮੀ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖਣ ਦੀ ਸਖ਼ਤ ਲੋੜ ਹੈ ਕਿ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਕਿੰਨੇ ਯੋਧੇ ਕੌਮ ਲਈ ਸ਼ਹੀਦ ਹੋਏ ਹਨ ਤੇ ਉਨ੍ਹਾਂ ਯੋਧਿਆਂ ਦੀਆਂ ਤਸਵੀਰਾਂ ਅਜਾਇਬਘਰ ਅੰਦਰ ਲਗਣ । ਕੀ ਸ਼੍ਰੋਮਣੀ ਕਮੇਟੀ ਦਾ ਫਰਜ਼ ਨਹੀ ਸੀ ਬਣਦਾ ਕਿ ਉਹ ਆਪਣੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਡਿਊਟੀਆਂ ਲਗਾ ਕੇ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਵੇਰਵਾ ਇਕੱਠਾ ਕਰਕੇ ਸਿੱਖ ਕੌਮ ਅੱਗੇ ਪੇਸ਼ ਕਰਦੇ? ਅਜੇ ਵੀ ਤੁਹਾਡੇ ਕੋਲ ਕੁਝ ਕਰਨ ਦਾ ਮੌਕਾ ਹੈ। ਸਿੱਖ ਗੁਰੂਆਂ ਸਬੰਧੀ ਜਾਂ ਸਿੱਖ ਇਤਿਹਾਸ ਸਬੰਧੀ ਜੋ ਗਲਤ ਜਾਣਕਾਰੀ ਜਾਣੇ ਅਣਜਾਣੇ ਸ਼੍ਰੋਮਣੀ ਕਮੇਟੀ ਵਲੋਂ ਕਿਤਾਬਾਂ ਵਿਚ ਛਾਪੀ ਗਈ ਹੈ ਇੱਕ ਕਮੇਟੀ ਦਾ ਗਠਨ ਕਰ ਕੇ ਸਿੱਖ ਵਿਦਵਾਨਾਂ ਦੀ ਸਲਾਹ ਨਾਲ ਉਸ ਨੂੰ ਸਹੀ ਕਰ ਲਿਆ ਜਾਏ, ਤਾਂ ਕਿ ਸ਼੍ਰੋਮਣੀ ਕਮੇਟੀ ਤੇ ਲੱਗੇ ਕੁੱਝ ਦਾਗ ਸਾਫ ਹੋ ਸਕਣ। ਜਦਕਿ ਮਨਮੋਹਨ ਸਿੰਘ ਦੀ ਤਸਵੀਰ ਲਾ ਕੇ ਇੱਕ ਹੋਰ ਦਾਗ ਲਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ । ਅਗਰ ਸਮੇਂ ਸਿਰ ਸ਼੍ਰੋਮਣੀ ਕਮੇਟੀ ਨੇ ਆਪਣਾ ਫਰਜ਼ ਨਿਭਾਇਆ ਹੁੰਦਾ ਤਾਂ ਅੱਜ ਸਿੱਖ ਕੌਮ ਦੀ ਦਿਸ਼ਾ ਕੁੱਝ ਹੋਰ ਹੀ ਹੁੰਦੀ। ਨਾਹ ਹੀ ਦਿੱਲੀ, ਹਰਿਆਣਾ ਵਗੈਰਾ ਦੀਆਂ ਵੱਖਰੀਆਂ ਕਮੇਟੀਆਂ ਬਣਦੀਆਂ। ਭਾਰਤੀ ਪਾਰਲੀਮੈਂਟ ਦੇ ਬਰਾਬਰ ਸ਼੍ਰੋਮਣੀ ਕਮੇਟੀ ਸਿੱਖ ਪਾਰਲੀਮੈਂਟ ਦਾ ਦਰਜਾ ਰੱਖਦੀ ਸੀ। ਅਜੇ ਵੀ ਸੰਭਲੋ ਨਹੀਂ ਤਾਂ ਉਸ ਅਕਾਲਪੁਰਖ ਦੀ ਕਚਹਿਰੀ ਵਿੱਚ ਲੇਖਾ ਦੇਣਾ ਪੈਣਾ ਹੈ।