image caption:

ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਸਰਕਾਰ ’ਤੇ ਇਸ਼ਤਿਹਾਰ ’ਚ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਛੇੜਛਾੜ ਕਰਨ ਦਾ ਦੋਸ਼

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ &rsquoਤੇ ਦੋਸ਼ ਲਾਇਆ ਕਿ ਉਸ ਵੱਲੋਂ ਸ਼ਤਾਬਦੀਆਂ ਬਾਰੇ ਸੁਝਾਅ ਲੈਣ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ਼ਤਿਹਾਰ ਵਿੱਚ ਵਰਤੀ ਗਈ ਤਸਵੀਰ ਨੂੰ ਕੰਪਿਊਟਰ ਤਕਨੀਕ ਨਾਲ ਵਿਗਾੜ ਦਿੱਤਾ ਗਿਆ। ਇਸ ਦੀ ਸਖ਼ਤ ਨਿੰਦਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਇਹ ਹਰਕਤ ਸਿੱਖ ਭਾਵਨਾਵਾਂ ਨਾਲ ਵੱਡਾ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਕੋਈ ਵੀ ਤਸਵੀਰ ਛਾਪਣ ਤੋਂ ਪਹਿਲਾਂ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕਰਨਾ ਚਾਹੀਦਾ ਸੀ। ਸ੍ਰੀ ਦਰਬਾਰ ਸਾਹਿਬ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਅਤੇ ਵਿਸ਼ਵ ਭਰ ਦੇ ਸਿੱਖ ਆਪਣੇ ਮਨਾਂ ਅੰਦਰ ਇਸ ਪਾਵਨ ਅਸਥਾਨ ਦੇ ਸਰੂਪ ਨੂੰ ਵਸਾ ਕੇ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਏਆਈ ਤਕਨੀਕ ਨਾਲ ਬਣਾਈ ਗਈ ਗਲਤ ਤਸਵੀਰ ਵਿਚ ਨਾ ਸਿਰਫ਼ ਸਿੱਖਾਂ ਦੀ ਸ਼ਰਧਾ ਅਤੇ ਆਸਥਾ ਨਾਲ ਹੀ ਖਿਲਵਾੜ ਕੀਤਾ ਗਿਆ ਹੈ, ਬਲਕਿ ਸਿੱਖਾਂ ਦੀ ਆਤਮਾ ਵਿਚ ਵੱਸੇ ਸ੍ਰੀ ਦਰਬਾਰ ਸਾਹਿਬ ਦੀ ਰੂਹਾਨੀ ਆਭਾ ਨੂੰ ਵੀ ਖੰਡਤ ਕਰਨ ਦੀ ਕੋਝੀ ਹਰਕਤ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਦੇ ਇਸ ਜੀਵਨ ਦੇਣ ਵਾਲੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਇੰਟਰਨੈੱਟ ਉੱਤੇ ਸੈਂਕੜੇ ਤਸਵੀਰਾਂ ਮਿਲਣ ਦੇ ਬਾਵਜੂਦ ਵੀ ਕੰਪਿਊਟਰ ਦੁਆਰਾ ਛੇੜਛਾੜ ਕਰਕੇ ਇਸ ਨੂੰ ਵਿਗਾੜਨ ਦੀ ਹਰਕਤ ਬੇਹੱਦ ਦੁਖਦਾਈ ਹੈ, ਜਿਸ ਬਾਰੇ ਸਰਕਾਰ ਸਪੱਸ਼ਟ ਕਰੇ ਅਤੇ ਤੁਰੰਤ ਮੁਆਫ਼ੀ ਮੰਗੇ।