ਵਿਜੀਲੈਂਸ ਵੱਲੋਂ ਵਿਧਾਇਕ ਰਮਨ ਅਰੋੜਾ ਅਦਾਲਤ ‘ਚ ਪੇਸ਼, ਮਿਲਿਆ 5-ਰੋਜ਼ਾ ਰਿਮਾਂਡ
 ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਟੀਮ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਜ਼ਿਲ੍ਹਾ ਸੈਸ਼ਨ ਕੋਰਟ ਵਿਚ ਲੈ ਕੇ ਪਹੁੰਚੀ ਤੇ ਉਸ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ। ਅਦਾਲਤ ਤੋਂ ਵਿਜੀਲੈਂਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 5 ਦਿਨ ਦਾ ਰਿਮਾਂਡ ਦਿੱਤਾ ਹੈ। ਇਹ ਜਾਣਕਾਰੀ ਵਕੀਲ ਨਵੀਨ ਚੱਢਾ ਨੇ ਦਿੱਤੀ ਹੈ।
ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਸ਼ੁੱਕਰਵਾਰ ਸਵੇਰੇ 8.30 ਵਜੇ ਉਨ੍ਹਾਂ ਦੇ ਅਸ਼ੋਕ ਨਗਰ ਸਥਿਤ ਘਰ ਤੋਂ ਛਾਪੇਮਾਰੀ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ। ਦੋਸ਼ ਹੈ ਕਿ ਰਮਨ ਅਰੋੜਾ ਨੇ ਪਹਿਲਾਂ ਹੀ ਗ੍ਰਿਫ਼ਤਾਰ ਜਲੰਧਰ ਨਗਰ ਨਿਗਮ ਦੇ ਏਟੀਪੀ (ਅਸਿਸਟੈਂਟ ਟਾਊਨ ਪਲਾਨਰ) ਸੁਖਦੇਵ ਵਸ਼ਿਸ਼ਠ ਨਾਲ ਮਿਲੀਭੁਗਤ ਕਰ ਕੇ ਲੋਕਾਂ ਨੂੰ ਉਨ੍ਹਾਂ ਦੇ ਨਿਰਮਾਣ ਨਾਲ ਸਬੰਧਤ ਝੂਠੇ ਨੋਟਿਸ ਭਿਜਵਾਏ ਅਤੇ ਫਿਰ ਕਾਰਵਾਈ ਰੁਕਵਾਉਣ ਤੇ ਮਾਮਲਾ ਰਫਾ-ਦਫਾ ਕਰਨ ਦੇ ਬਦਲੇ ਮੋਟੀਆਂ ਰਕਮਕਾਂ ਵਸੂਲੀਆਂ।