ਸ਼ੁਭਮਨ ਗਿੱਲ ਬਣੇ ਭਾਰਤੀ ਟੈਸਟ ਟੀਮ ਦੇ ਕਪਤਾਨ
 ਸ਼ੁਭਮਨ ਗਿੱਲ ਨੂੰ ਸ਼ਨਿੱਚਰਵਾਰ ਨੂੰ ਭਾਰਤੀ ਕ੍ਰਿਕਟ ਟੈਸਟ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਰਿਸ਼ਭ ਪੰਤ ਟੀਮ ਦੇ ਉਪ ਕਪਤਾਨ ਹੋਣਗੇ। ਇਨ੍ਹਾਂ ਦੀ ਇਹ ਨਵੀਂ ਜ਼ਿੰਮੇਵਾਰੀ ਇੰਗਲੈਂਡ ਵਿੱਚ ਪੰਜ ਟੈਸਟ ਮੈਚਾਂ ਦੀ ਲੜੀ ਤੋਂ ਸ਼ੁਰੂ ਹੋਵੇਗੀ। ਟੀਮ ਦੀ ਅਗਵਾਈ ਬਾਰੇ ਚੋਣਕਾਰਾਂ ਦਾ ਫੈਸਲਾ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਉਮੀਦ ਅਨੁਸਾਰ ਹੀ ਆਇਆ ਹੈ। ਇਸ ਦੇ ਨਾਲ ਹੀ ਨੌਜਵਾਨ ਖੱਬੂ ਖਿਡਾਰੀ ਬੀ ਸਾਈ ਸੁਧਰਸਨ ਨੇ ਆਪਣਾ ਪਹਿਲਾ ਟੈਸਟ ਕਾਲ-ਅੱਪ ਹਾਸਲ ਕੀਤਾ ਹੈ।
ਟੀਮ ਵਿੱਚ ਕਰੁਣ ਨਾਇਰ ਵੀ ਹੈ, ਜੋ ਸੱਤ ਸਾਲਾਂ ਬਾਅਦ ਕੌਮੀ ਸੈੱਟਅੱਪ ਵਿੱਚ ਵਾਪਸੀ ਕਰ ਰਿਹਾ ਹੈ। ਇਸ ਦੇ ਨਾਲ ਹੀ ਇੱਕ ਅਹਿਮ ਛਾਂਟੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਰਹੀ ਹੈ, ਜਿਸਨੂੰ ਲੰਬੀ ਲੜੀ ਲਈ ਲੋੜ ਮੁਤਾਬਕ ਫਿੱਟ ਨਹੀਂ ਮੰਨਿਆ ਗਿਆ ਅਤੇ ਇਸ ਲੜੀ ਲਈ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ।