image caption:

ਬਰਤਾਨਵੀ ਸਮਰਾਟ ਵੱਲੋਂ ਕੈਨੇਡਾ ਦੀ 45ਵੀਂ ਪਾਰਲੀਮੈਂਟ ਦਾ ਉਦਘਾਟਨ

ਵਿਨੀਪੈਗ- ਬਰਤਾਨਵੀ ਸਮਰਾਟ ਚਾਰਲਸ ਤੀਜੇ ਨੇ ਓਟਵਾ ਵਿਚ ਕੈਨੇਡਾ ਦੀ ਪਾਰਲੀਮੈਂਟ ਦਾ ਉਦਘਾਟਨ ਕਰਦਿਆਂ ਕੈਨੇਡਾ ਦੀ ਵਿਲੱਖਣ ਪਛਾਣ ਅਤੇ ਆਰਥਿਕ ਖੇਤਰ ਵਿਚ ਨਵੀਂ ਤਬਦੀਲੀ ਦੀ ਸਮਰੱਥਾ ਦੇ ਮੌਕਿਆਂ ਅਤੇ ਕੈਨੇਡਾ ਦੀ ਕੌਮਾਂਤਰੀ ਮੰਚ ਉੱਤੇ ਸ਼ਾਨਦਾਰ ਭੂਮਿਕਾ ਨੂੰ ਦ੍ਰਿੜ੍ਹਾਇਆ। ਉਨ੍ਹਾਂ ਕੈਨੇਡਾ ਦੀ 45ਵੀਂ ਸੰਸਦ ਦਾ ਉਦਘਾਟਨ ਕਰਦਿਆਂ ਫੈਡਰਲ ਸਰਕਾਰ ਦੀ ਥਰੋਨ ਸਪੀਚ ਵਿਚ ਕੈਨੇਡਾ ਦੀ ਪ੍ਰਭੂਸੱਤਾ ਦੀ ਪੁਸ਼ਟੀ ਕਰਦਿਆਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੈਨੇਡੀਅਨ ਅਰਥਚਾਰੇ ਵਿੱਚ ਸਭ ਤੋਂ ਵੱਡੀ ਤਬਦੀਲੀ ਦੇ ਵਾਅਦੇ ਨੂੰ ਦੁਹਰਾਇਆ। ਇਹ ਤੀਜੀ ਵਾਰ ਹੈ ਜਦੋਂ ਕਿਸੇ ਬਰਤਾਨਵੀ ਸਮਰਾਟ ਨੇ ਥ੍ਰੋਨ ਸਪੀਚ ਦਿੱਤੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀਆਂ ਧਮਕੀਆਂ ਉਪਰੰਤ ਬਰਤਾਨਵੀ ਸਮਰਾਟ ਨੂੰ ਪਾਰਲੀਮੈਂਟ ਦੇ ਸੈਸ਼ਨ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ &rsquoਤੇ ਬੁਲਾਇਆ ਸੀ ਤਾਂ ਕਿ ਅਮਰੀਕਾ ਨੂੰ ਕੈਨੇਡਾ ਦੀ ਪ੍ਰਭੂਸੱਤਾ ਦਾ ਸਪਸ਼ਟ ਸੰਦੇਸ਼ ਦਿੱਤਾ ਜਾ ਸਕੇ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਵੱਲੋਂ ਕਿੰਗ ਚਾਰਲਸ ਦੇ ਦਫ਼ਤਰ ਨਾਲ ਸਲਾਹ-ਮਸ਼ਵਰੇ ਮਗਰੋਂ ਤਿਆਰ ਕੀਤੀ ਥਰੋਨ ਸਪੀਚ ਵਿਚ ਲਿਬਰਲ ਸਰਕਾਰ ਦੇ ਉਦਾਰਵਾਦੀ ਚੋਣ ਵਾਅਦਿਆਂ ਨੂੰ ਛੂਹਿਆ ਗਿਆ, ਜਿਸ ਵਿੱਚ ਮੱਧ-ਵਰਗ ਲਈ ਟੈਕਸ ਵਿੱਚ ਕਟੌਤੀ, ਅੰਤਰ-ਰਾਜ਼ੀ ਵਪਾਰ ਰੁਕਾਵਟਾਂ ਨੂੰ ਦੂਰ ਕਰਨਾ ਅਤੇ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀਆਂ ਤੇਜ਼ ਪ੍ਰਵਾਨਗੀਆਂ ਸ਼ਾਮਲ ਹਨ। ਸਰਕਾਰ ਦੇ ਭਾਸ਼ਣ ਨੂੰ ਪੜ੍ਹਦੇ ਹੋਏ, ਕਿੰਗ ਚਾਰਲਸ ਨੇ ਕਿਹਾ ਕਿ ਸਰਕਾਰੀ ਖ਼ਰਚ ਹਰ ਸਾਲ ਨੌਂ ਪ੍ਰਤੀਸ਼ਤ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਰਨੀ ਸਰਕਾਰ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਟਰਾਂਸਫ਼ਰ ਨੂੰ ਬਰਕਰਾਰ ਕਰਦੇ ਹੋਏ ਸਰਕਾਰੀ ਖ਼ਰਚ ਨੂੰ ਦੋ ਪ੍ਰਤੀਸ਼ਤ ਤੋਂ ਹੇਠਾਂ ਲਿਆਉਣ ਲਈ ਉਪਾਅ ਪੇਸ਼ ਕਰੇਗੀ।